Latest News
ਪੱਛਮ ਦੀ ਰੀਸ ਮਹਿੰਗੀ ਪਈ

Published on 04 Jun, 2020 10:52 AM.


ਨਵੀਂ ਦਿੱਲੀ : ਉੱਘੇ ਸਨਅਤਕਾਰ ਰਾਜੀਵ ਬਜਾਜ ਨੇ ਵੀਰਵਾਰ ਕਿਹਾ ਕਿ ਭਾਰਤ ਨੇ ਕੋਰੋਨਾ ਵਾਇਰਸ ਨਾਲ ਨਿਬੜਨ ਲਈ ਪੱਛਮ ਵੱਲ ਦੇਖ ਕੇ ਸਖਤ ਲਾਕਡਾਊਨ ਕਰਕੇ ਗਲਤੀ ਕੀਤੀ। ਇਸ ਨਾਲ ਅਰਥ-ਵਿਵਸਥਾ ਤਬਾਹ ਹੋ ਗਈ ਤੇ ਕੋਰੋਨਾ ਦੇ ਕੇਸ ਵੀ ਨਹੀਂ ਘਟੇ। ਪੂਰਬ ਦੇ ਕਈ ਦੇਸ਼ ਹਨ, ਜਿਹੜੇ ਕੋਰੋਨਾ ਨਾਲ ਬਿਹਤਰ ਢੰਗ ਨਾਲ ਨਿਬੜੇ, ਭਾਰਤ ਇਨ੍ਹਾਂ ਤੋਂ ਸਿਖ ਸਕਦਾ ਸੀ। ਉਨ੍ਹਾ ਇਹ ਵੀ ਕਿਹਾ ਕਿ ਬਹੁਤ ਸਾਰੇ ਅਹਿਮ ਲੋਕ ਬੋਲਣ ਤੋਂ ਡਰਦੇ ਹਨ।
ਰਾਹੁਲ ਗਾਂਧੀ ਨਾਲ ਗੱਲਬਾਤ ਦੌਰਾਨ ਬਜਾਜ ਨੇ ਕਿਹਾ, 'ਮੈਨੂੰ ਸਮਝ ਨਹੀਂ ਆਉਂਦਾ ਕਿ ਏਸ਼ੀਆਈ ਦੇਸ਼ ਹੋਣ ਦੇ ਬਾਵਜੂਦ ਅਸੀਂ ਇਹ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪੂਰਬ ਵਿਚ ਕੀ ਹੋ ਰਿਹਾ ਹੈ। ਅਸੀਂ ਅਮਰੀਕਾ, ਫਰਾਂਸ, ਇਟਲੀ ਤੇ ਇੰਗਲੈਂਡ ਆਦਿ ਵਰਗੇ ਦੇਸ਼ਾਂ ਵੱਲ ਦੇਖ ਕੇ ਸਖਤ ਲਾਕਡਾਊਨ ਕਰ ਦਿੱਤਾ। ਇਹ ਕਿਸੇ ਵੀ ਪੱਖੋਂ ਸਹੀ ਨਹੀਂ ਸੀ।' ਬਜਾਜ ਨੇ ਕਿਹਾ ਕਿ ਇਹ ਧਾਰਨਾ ਹੈ ਕਿ ਜੇ ਅਮਰੀਕਾ ਵਰਗਾ ਵਿਕਸਤ ਦੇਸ਼ ਜਾਂ ਯੂਰਪ ਵਰਗਾ ਵਿਕਸਤ ਮਹਾਂਦੀਪ ਕੋਰੋਨਾ ਦਾ ਸ਼ਿਕਾਰ ਹੋ ਸਕਦਾ ਹੈ ਤਾਂ ਹਰ ਕੋਈ ਹੋ ਸਕਦਾ ਹੈ। ਜਦੋਂ ਅਮੀਰ ਤੇ ਪ੍ਰਸਿੱਧ ਬੰਦਾ ਪ੍ਰਭਾਵਤ ਹੁੰਦਾ ਹੈ ਤਾਂ ਸੁਰਖੀਆਂ ਬਣਦੀਆਂ ਹਨ। ਅਫਰੀਕਾ ਵਿਚ ਰੋਜ਼ਾਨਾ ਭੁੱਖ ਨਾਲ 8 ਹਜ਼ਾਰ ਬੱਚੇ ਮਰ ਜਾਂਦੇ ਹਨ, ਪਰ ਕੋਈ ਪ੍ਰਵਾਹ ਨਹੀਂ ਕਰਦਾ। ਭਾਰਤ ਨੂੰ ਜਾਪਾਨ ਤੇ ਦੱਖਣੀ ਕੋਰੀਆ ਤੋਂ ਸਿੱਖਣਾ ਚਾਹੀਦਾ ਸੀ।
ਬਜਾਜ ਨੇ ਕਿਹਾ ਕਿ 2019-20 ਦੀ ਆਖਰੀ ਤਿਮਾਹੀ ਵਿਚ ਵਿਕਾਸ ਦਰ 11 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ। ਮਾਰਚ ਦੇ ਆਖਰੀ ਹਫਤੇ ਵਿਚ ਲਾਕਡਾਊਨ ਕਾਰਨ ਅਜਿਹਾ ਹੋਇਆ। ਲਾਕਡਾਊਨ 25 ਮਾਰਚ ਨੂੰ ਲਾਗੂ ਕੀਤਾ ਗਿਆ, ਪਰ ਕਾਰੋਬਾਰ ਉਸ ਤੋਂ ਪਹਿਲਾਂ ਹੀ ਪ੍ਰਭਾਵਤ ਸੀ। ਬਜਾਜ ਗਰੁੱਪ ਦੇ ਐੱਮ ਡੀ ਨੇ ਕਿਹਾ ਕਿ ਕਾਰੋਬਾਰੀ ਹਾਲਤਾਂ ਨਾਰਮਲ ਹੋਣ ਵਿਚ ਖਾਸਾ ਵਕਤ ਲੱਗੇਗਾ। ਭਾਰਤ ਇਹ ਸੰਕਟ ਤੋਂ ਬਚਦਾ ਨਹੀਂ ਲੱਗ ਰਿਹਾ, ਉਸ ਨੂੰ ਇਸ ਸੰਕਟ ਵਿਚੋਂ ਲੰਘਣਾ ਹੀ ਪੈਣਾ। ਉਨ੍ਹਾ ਲਾਕਡਾਊਨ ਹਟਾਉਣ ਦੇ ਢੰਗ 'ਤੇ ਵੀ ਸਵਾਲ ਕੀਤਾ। ਉਨ੍ਹਾ ਕਿਹਾ ਕਿ ਇਹ ਹੌਲੀ-ਹੌਲੀ ਖੋਲ੍ਹਣਾ ਚਾਹੀਦਾ ਸੀ। ਸਹੀ ਢੰਗ ਨਾਲ ਲਾਕਡਾਊਨ ਖੋਲ੍ਹਣਾ ਔਖਾ ਕੰਮ ਹੈ। ਉਨ੍ਹਾ ਕਿਹਾ, 'ਪਹਿਲੀ ਸਮੱਸਿਆ ਲੋਕਾਂ ਦੇ ਦਿਲਾਂ ਵਿਚੋਂ ਡਰ ਕੱਢਣ ਦੀ ਹੈ। ਇਸ ਨੂੰ ਲੈ ਕੇ ਸਪੱਸ਼ਟ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ। ਮੈਨੂੰ ਲਗਦਾ ਹੈ ਕਿ ਲੋਕ ਪ੍ਰਧਾਨ ਮੰਤਰੀ ਜੀ ਦੀ ਸੁਣਦੇ ਹਨ। ਅਜਿਹੇ ਵਿਚ ਉਨ੍ਹਾ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਅੱਗੇ ਵਧ ਰਹੇ ਹਾਂ, ਸਭ ਕੰਟਰੋਲ ਵਿਚ ਹੈ ਅਤੇ ਲਾਗ ਤੋਂ ਡਰੋਂ ਨਾ।' ਸਰਕਾਰ ਵੱਲੋਂ ਐਲਾਨੇ ਆਰਥਕ ਪੈਕੇਜ ਦੇ ਸੰਬੰਧ ਵਿਚ ਉਨ੍ਹਾ ਕਿਹਾ ਕਿ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਜੋ ਦਿੱਤਾ, ਉਸ ਵਿਚੋਂ ਦੋ-ਤਿਹਾਈ ਲੋਕਾਂ ਦੇ ਹੱਥਾਂ ਵਿਚ ਗਿਆ ਹੈ, ਪਰ ਭਾਰਤ ਵਿਚ ਸਿਰਫ 10 ਫੀਸਦੀ ਹੀ ਲੋਕਾਂ ਦੇ ਹੱਥਾਂ ਵਿਚ ਆ ਗਿਆ ਹੈ।' ਰਾਹੁਲ ਗਾਂਧੀ ਨੇ ਕੋਰੋਨਾ ਕਾਰਨ ਪੈਦਾ ਆਰਥਕ ਹਾਲਾਤ 'ਤੇ 30 ਅਪ੍ਰੈਲ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨਾਲ ਗੱਲ ਕੀਤੀ ਸੀ। ਇਸ ਤੋਂ ਬਾਅਦ ਨੋਬੇਲ ਇਨਾਮ ਜੇਤੂ ਅਭਿਜੀਤ ਬੈਨਰਜੀ ਨਾਲ ਕੀਤੀ ਸੀ। ਉਨ੍ਹਾ ਸੰਸਾਰ ਪ੍ਰਸਿੱਧ ਜਨ ਸਿਹਤ ਮਾਹਰਾਂ ਪ੍ਰੋਫੈਸਰ ਅਸ਼ੀਸ਼ ਝਾਅ ਤੇ ਜੌਹਨ ਗੀਸੇਕੇ ਨਾਲ ਵੀ ਗੱਲਬਾਤ ਕੀਤੀ ਸੀ।

380 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper