Latest News
ਕੋਰੋਨਾ ਕਾਲ 'ਚ ਮਜ਼ਦੂਰੀ ਲਈ ਮਜਬੂਰ ਗਰੀਬ ਪਰਵਾਰ ਦੇ ਮੁੰਡੇ ਦੀ ਕਰੰਟ ਨਾਲ ਮੌਤ

Published on 05 Jun, 2020 08:54 AM.

ਧਾਰੀਵਾਲ (ਮਨਦੀਪ ਵਿੱਕੀ)
ਪੁਲਸ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਸੋਹਲ ਦੇ ਇਕ 18 ਸਾਲਾ ਲੜਕੇ ਦੀ ਟੀਨਾਂ ਵਾਲੇ ਕਮਰੇ ਉਪਰੋਂ ਲੰਘਦੀਆਂ 11 ਕੇ ਵੀ ਬਿਜਲੀ ਦੀਆਂ ਤਾਰਾਂ ਤੋਂ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਅਮਨਦੀਪ ਸਿੰਘ ਉਰਫ ਮੰਨਾ ਪੁੱਤਰ ਸੱਤਪਾਲ ਸਿੰਘ ਆਪਣੇ ਪਿੰਡ ਸੋਹਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਜਮਾਤ ਦਾ ਵਿਦਿਆਰਥੀ ਹੈ। ਪਿੰਡ ਸੋਹਲ ਦੇ ਨੰਬਰਦਾਰ ਦਿਲਬਾਗ ਸਿੰਘ, ਮੌਜੂਦਾ ਸਰਪੰਚ ਦੇ ਪਤੀ ਜਸਵਿੰਦਰ ਸਿੰਘ ਨੰਬਰਦਾਰ, ਬਾਬਾ ਬੰਦਾ ਬਹਾਦਰ ਸੇਵਾ ਸੁਸਾਇਟੀ ਸੋਹਲ ਦੇ ਆਗੂ ਕਰਮਬੀਰ ਸਿੰਘ ਤੇ ਬਲਰਾਜ ਸਿੰਘ ਨੇ ਦੱਸਿਆ ਕਿ ਪਿੰਡ ਕੋਲੋਂ ਲੰਘਦੇ ਕੌਮੀ ਮਾਰਗ ਦੇ ਕਿਨਾਰੇ ਕੋਲ ਰਜਵਾਹੇ ਨੇੜੇ ਪਿੰਡ ਦੇ ਹੀ ਰਾਜ ਮਿਸਤਰੀ ਰਣਜੀਤ ਸਿੰਘ ਨੇ ਮਜ਼ਦੂਰਾਂ ਸਮੇਤ ਬੀਤੇ ਕੱਲ੍ਹ ਅਤਰ ਸਿੰਘ ਪੁੱਤਰ ਸੰਤਾ ਸਿੰਘ ਦੀਆਂ ਕੁਝ ਦੁਕਾਨਾਂ ਦਾ ਲੈਂਟਰ ਪਾਇਆ ਸੀ। ਕੋਰੋਨਾ ਸੰਕਟ ਕਾਰਨ ਸਕੂਲ ਤੋਂ ਛੁੱਟੀਆਂ ਹੋਣ ਕਰਕੇ ਗਰੀਬ ਪਰਵਾਰ ਨਾਲ ਸੰਬੰਧਤ ਲੜਕਾ ਅਮਨਦੀਪ ਸਿੰਘ ਵੀ ਇਨ੍ਹਾਂ ਨਾਲ ਕੁਝ ਦਿਨ ਤੋਂ ਮਜ਼ਦੂਰੀ ਦਾ ਕੰਮ ਕਰਨ ਲਈ ਜਾਂਦਾ ਸੀ। ਦੁਕਾਨਾਂ ਦੇ ਉਪਰ ਬਨੇਰਾ ਬੰਨ੍ਹਣ ਮਗਰੋਂ ਰਾਜ ਮਿਸਤਰੀ ਸਮੇਤ ਬਾਕੀ ਮਜ਼ਦੂਰ ਆਪਣਾ ਸਾਮਾਨ ਧੋ ਰਹੇ ਸਨ ਕਿ ਲੜਕਾ ਅਮਨਦੀਪ ਸਿੰਘ ਬਿਨਾਂ ਕਿਸੇ ਨੂੰ ਦੱਸੇ ਲੈਂਟਰ ਵਾਲੀ ਛੱਤ ਉਪਰ ਆਪਣੇ ਰਹਿ ਗਏ ਰੁਮਾਲ ਨੂੰ ਲੈਣ ਲਈ ਦੁਕਾਨਾਂ ਦੇ ਪਿਛਲੇ ਪਾਸੇ ਟੀਨਾਂ ਦੀ ਛੱਤ ਵਾਲੇ ਪੁਰਾਣੇ ਕਮਰੇ ਨੂੰ ਪੌੜੀ ਲਾ ਕੇ ਜਦੋਂ ਉਪਰ ਚੜ੍ਹਿਆ ਤਾਂ ਕਮਰੇ ਉਪਰੋਂ ਲੰਘਦੀਆਂ 11 ਕੇ ਵੀ ਬਿਜਲੀ ਦੀਆਂ ਤਾਰਾਂ ਤੋਂ ਜ਼ਬਰਦਸਤ ਕਰੰਟ ਲੱਗਣ ਨਾਲ ਟੀਨਾਂ ਦੀ ਛੱਤ 'ਤੇ ਡਿੱਗ ਪਿਆ। ਉਸ ਦੇ ਡਿੱਗਣ ਦਾ ਖੜਾਕ ਸੁਣ ਕੇ ਜਦੋਂ ਜਾ ਕੇ ਉਸ ਨੂੰ ਹੇਠਾਂ ਲਾਹ ਕੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ। ਥਾਣਾ ਧਾਰੀਵਾਲ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਸੱਤਪਾਲ ਸਿੰਘ ਦੇ ਬਿਆਨਾਂ 'ਤੇ ਏ ਐੱਸ ਆਈ ਜਗਜੀਤ ਸਿੰਘ ਨੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਪੋਸਟ-ਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀ ਹੈ।

139 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper