Latest News
ਝੂਠ ਦਾ ਸਹਾਰਾ

Published on 05 Jun, 2020 09:04 AM.

ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅਮਰੀਕਾ ਦੀ ਜਾਨਜ਼ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆ ਭਰ ਵਿੱਚ ਮਹਾਂਮਾਰੀ ਦੀ ਲਾਗ ਤੋਂ ਪ੍ਰਭਾਵਤ ਮਰੀਜ਼ਾਂ ਦੀ ਗਿਣਤੀ 66 ਲੱਖ ਤੋਂ ਟੱਪ ਚੁੱਕੀ ਹੈ। ਮਰਨ ਵਾਲਿਆਂ ਦਾ ਅੰਕੜਾ 4 ਲੱਖ ਹੋਣ ਵਾਲਾ ਹੈ। ਈਰਾਨ ਤੋਂ ਬੁਰੀ ਖ਼ਬਰ ਆ ਰਹੀ ਹੈ ਕਿ ਉੱਥੇ ਇੱਕ ਵਾਰ ਠੱਲ੍ਹ ਪੈਣ ਤੋਂ ਬਾਅਦ ਮਹਾਂਮਾਰੀ ਫਿਰ ਸਿਰ ਚੁੱਕਣ ਲੱਗੀ ਹੈ। ਵਿਗਿਆਨੀ ਇਸ ਨੂੰ ਮਹਾਂਮਾਰੀ ਦੇ ਦੂਜੇ ਦੌਰ ਦਾ ਸੰਕੇਤ ਮੰਨ ਰਹੇ ਹਨ।
ਸਾਡੇ ਆਪਣੇ ਦੇਸ਼ ਵਿੱਚ ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਦਾ ਸਿਲਸਿਲਾ ਹਰ ਦਿਨ ਵਧ ਰਿਹਾ ਹੈ। ਪਿਛਲੇ ਚਾਰ ਦਿਨ ਇਹ ਹਰ ਰੋਜ਼ 8 ਹਜ਼ਾਰ ਤੋਂ ਵੱਧ ਸੀ। ਪਿਛਲੇ 24 ਘੰਟਿਆਂ ਦੌਰਾਨ ਇਹ ਰਿਕਾਰਡ ਵੀ ਟੁੱਟ ਗਿਆ ਹੈ ਤੇ ਇਹ ਗਿਣਤੀ 9851 ਤੱਕ ਪੁੱਜ ਗਈ ਹੈ। ਇਸ ਦਿਨ 273 ਮੌਤਾਂ ਨੇ ਵੀ ਪਿਛਲੇ ਇੱਕ ਦਿਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮਾਮਲਿਆਂ ਦੇ ਵਧਣ ਦੀ ਰਫ਼ਤਾਰ ਵਿੱਚ ਅਸੀਂ ਅਮਰੀਕਾ ਤੇ ਬਰਾਜ਼ੀਲ ਤੋਂ ਬਾਅਦ ਤੀਜੇ ਨੰਬਰ ਉੱਤੇ ਪਹੁੰਚ ਚੁੱਕੇ ਹਾਂ।
ਕੋਰੋਨਾ ਦੇ ਕਹਿਰ ਕਾਰਣ ਦੇਸ਼ ਦੀ ਅਰਥ ਵਿਵਸਥਾ ਰਸਾਤਲ 'ਚ ਪਹੁੰਚ ਚੁੱਕੀ ਹੈ। ਲਾਕਡਾਊਨ ਨੇ ਦਸ ਕਰੋੜ ਮਜ਼ਦੂਰ ਬੇਰੁਜ਼ਗਾਰ ਕਰ ਦਿੱਤੇ ਹਨ। ਇਨ੍ਹਾਂ ਮਜ਼ਦੂਰਾਂ ਉੱਤੇ ਨਿਰਭਰ ਪਰਿਵਾਰਕ ਮੈਂਬਰਾਂ ਦੀ ਗਿਣਤੀ ਕਰੀਏ ਤਾਂ 50 ਕਰੋੜ ਲੋਕ ਭੁੱਖਮਰੀ ਦੀ ਕਗਾਰ ਤੱਕ ਪੁੱਜ ਚੁੱਕੇ ਹਨ।
ਅਜਿਹੇ ਸੰਕਟ ਦੇ ਸਮੇਂ ਵਿੱਚ ਜਦੋਂ ਸਭ ਦੇਸ਼ਾਂ ਦੀਆਂ ਸਰਕਾਰਾਂ ਦਾ ਸਾਰਾ ਧਿਆਨ ਆਪਣੇ ਲੋਕਾਂ ਨੂੰ ਮੁਸੀਬਤ ਵਿੱਚੋਂ ਕੱਢਣ ਉੱਤੇ ਲੱਗਾ ਹੋਇਆ ਹੈ, ਸਾਡੇ ਹਾਕਮ ਚੋਣ ਮੋਡ ਵਿੱਚੋਂ ਬਾਹਰ ਨਹੀਂ ਨਿਕਲ ਰਹੇ। ਅੱਜ ਜਦੋਂ ਸਮੁੱਚੇ ਦੇਸ਼ ਵਾਸੀਆਂ ਨੂੰ ਮਹਾਂਮਾਰੀ ਤੋਂ ਪੈਦਾ ਹੋਏ ਸੰਕਟ ਵਿਰੁੱਧ ਇੱਕਜੁੱਟ ਕਰਨ ਦੀ ਲੋੜ ਹੈ, ਹਾਕਮ ਹਰ ਛੋਟੀ-ਵੱਡੀ ਘਟਨਾ ਨੂੰ ਫਿਰਕੂ ਰੰਗਤ ਦੇਣ ਲਈ ਜਤਨਸ਼ੀਲ ਹਨ।
ਪਿਛਲੇ ਦਿਨੀਂ ਕੇਰਲਾ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ, ਜਿਸ ਵਿੱਚ ਪਟਾਕਿਆਂ ਦਾ ਭਰਿਆ ਅਨਾਨਾਸ ਖਾਣ ਤੋਂ ਬਾਅਦ ਇੱਕ ਗਰਭਵਤੀ ਹਥਣੀ ਦੀ ਮੌਤ ਹੋ ਗਈ। ਹਰ ਰਹਿਮ ਦਿਲ ਵਿਅਕਤੀ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟ ਕੀਤਾ ਹੈ ਤੇ ਹਰ ਪਾਸਿਉਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਹੋ ਰਹੀ ਹੈ, ਪਰ ਭਾਜਪਾ ਆਗੂ ਇਸ ਹਥਨੀ ਦੀ ਮੌਤ ਨੂੰ ਵੀ ਰਾਜਨੀਤਕ ਤੇ ਫਿਰਕੂ ਰੰਗ ਦੇਣ ਵਿੱਚ ਲੱਗ ਗਏ ਹਨ। ਕੋਰੋਨਾ ਮਹਾਂਮਾਰੀ ਵਿਰੁੱਧ ਲੜਨ ਲਈ ਕੇਰਲਾ ਦੀ ਖੱਬੇ-ਪੱਖੀ ਸਰਕਾਰ ਨੇ ਇੱਕ ਮਾਡਲ ਪੇਸ਼ ਕੀਤਾ ਹੈ, ਸਾਰੀ ਦੁਨੀਆ ਉਸ ਮਾਡਲ ਦੀ ਸ਼ਲਾਘਾ ਕਰ ਰਹੀ ਹੈ। ਇੱਕ ਘੋਰ ਦੱਖਣਪੰਥੀ ਪਾਰਟੀ ਨੂੰ ਇਹ ਕਿਵੇਂ ਹਜ਼ਮ ਹੋ ਸਕਦਾ ਸੀ, ਇਸ ਲਈ ਉਸ ਨੂੰ ਹਥਨੀ ਦੇ ਬਹਾਨੇ ਕੇਰਲਾ ਦੀ ਸਰਕਾਰ ਨੂੰ ਬਦਨਾਮ ਕਰਨ ਦਾ ਮੁੱਦਾ ਮਿਲ ਗਿਆ ਹੈ। ਹਰ ਵਾਰ ਵਾਂਗ ਇਸ ਵਾਰ ਵੀ ਭਾਜਪਾ ਨੇ ਹਥਨੀ ਦੀ ਮੌਤ ਦੇ ਮੁੱਦੇ ਨੂੰ ਅੱਗੇ ਵਧਾਉਣ ਲਈ ਆਪਣੇ ਪਰਖੇ ਹੋਏ ਹਥਿਆਰ ਝੂਠ ਦਾ ਸਹਾਰਾ ਲੈ ਕੇ ਫਿਰਕੂ ਰੰਗ ਦੇਣਾ ਸ਼ੁਰੂ ਕਰ ਦਿੱਤਾ। ਹਥਨੀ ਦੀ ਮੌਤ ਦੀ ਘਟਨਾ 23 ਮਈ ਨੂੰ ਕੇਰਲਾ ਦੇ ਪਲਕੜ ਜ਼ਿਲ੍ਹੇ ਵਿੱਚ ਵਾਪਰੀ ਸੀ। ਇਸ ਘਟਨਾ ਦੀ ਨਿੰਦਾ ਕਰਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਨੂੰ ਮੱਲਾਪੁਰਮ ਜ਼ਿਲ੍ਹੇ ਨਾਲ ਜੋੜ ਦਿੱਤਾ। ਇਸ ਦੇ ਨਾਲ ਹੀ ਭਾਜਪਾ ਆਗੂ ਮੇਨਕਾ ਗਾਂਧੀ ਨੇ ਇਹ ਵਾਧਾ ਕਰ ਦਿੱਤਾ ਕਿ ਮੱਲਾਪੁਰਮ ਉਹ ਜ਼ਿਲ੍ਹਾ ਹੈ, ਜਿਹੜਾ ਸਭ ਤੋਂ ਵੱਧ ਹਿੰਸਕ ਹੈ। ਯਾਦ ਰਹੇ ਕਿ ਮੱਲਾਪੁਰਮ ਜ਼ਿਲ੍ਹਾ ਮੁਸਲਿਮ ਅਬਾਦੀ ਦੀ ਬਹੁਗਿਣਤੀ ਵਾਲਾ ਜ਼ਿਲ੍ਹਾ ਹੈ। ਪਿਛਲੇ ਦੋ ਮਹੀਨਿਆਂ ਦੌਰਾਨ ਘਰਾਂ ਵਿੱਚ ਪੁੱਜਣ ਲਈ ਸੈਂਕੜੇ ਮੀਲਾਂ ਦੇ ਸਫ਼ਰ ਦੌਰਾਨ ਕਿੰਨੇ ਮਜ਼ਦੂਰਾਂ ਨੇ ਆਪਣੀ ਜਾਨ ਗੁਆ ਦਿੱਤੀ, ਉਸ ਬਾਰੇ ਇਨ੍ਹਾਂ ਭਾਜਪਾ ਆਗੂਆਂ ਨੇ ਕਦੇ ਮੂੰਹ ਤੱਕ ਨਹੀਂ ਖੋਲ੍ਹਿਆ। ਇਨ੍ਹਾਂ ਆਗੂਆਂ ਨੂੰ ਜੇਕਰ ਹਥਣੀ ਦੇ ਮਾਰੇ ਜਾਣ ਦਾ ਕੋਈ ਦੁੱਖ ਹੁੰਦਾ ਤਾਂ ਉਹ 2 ਹਜ਼ਾਰ ਹਾਥੀਆਂ ਦੇ ਕਾਤਲ ਚੰਦਨ ਤਸਕਰ ਵੀਰੱਪਨ ਦੀ ਧੀ ਨੂੰ ਭਾਜਪਾ ਵਿੱਚ ਸ਼ਾਮਲ ਨਾ ਕਰਦੇ। ਜੇਕਰ ਇਨ੍ਹਾਂ ਨੂੰ ਹਥਣੀ ਦੇ ਪੇਟ ਵਿੱਚ ਪਲ ਰਹੇ ਬੱਚੇ ਦੇ ਮਾਰੇ ਜਾਣ ਦਾ ਦਰਦ ਸਤਾ ਰਿਹਾ ਹੈ, ਤਦ ਇਨ੍ਹਾਂ ਦੀ ਸੰਵੇਦਨਾ ਸੀ ਏ ਏ ਵਿਰੋਧੀ ਕਾਰਕੁੰਨ ਸਫੂਰਾ ਜਰਗਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਉੱਤੇ ਕਿਉਂ ਨਹੀਂ ਜਾਗ ਰਹੀ, ਜਿਹੜੀ ਤਿੰਨ ਮਹੀਨੇ ਦੀ ਗਰਭਵਤੀ ਹੈ। ਸਫੂਰਾ ਜਰਗਰ ਨਾਲ ਹਮਦਰਦੀ ਤਾਂ ਕੀ ਪ੍ਰਗਟ ਕਰਨੀ ਸੀ, ਸਗੋਂ ਭਾਜਪਾ ਦੀ ਸੋਸ਼ਲ ਮੀਡੀਆ ਸੈਨਾ ਉਸ ਵਿਰੁੱਧ ਬੇਹੂਦਾ ਇਲਜ਼ਾਮਤਰਾਸ਼ੀ ਕਰਨ ਲੱਗੀ ਹੋਈ ਹੈ ਕਿ ਉਹ ਬਿਨਾਂ ਸ਼ਾਦੀ ਦੇ ਗਰਭਵਤੀ ਹੈ।
ਇਸ ਸਮੇਂ ਭਾਜਪਾ ਰਾਜਨੀਤਕ ਤੇ ਨੈਤਿਕ ਤੌਰ ਉੱਤੇ ਆਪਣੀ ਸਾਖ ਗੁਆ ਚੁੱਕੀ ਹੈ। ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਮਾਮਲੇ ਤੇ ਅਰਥ ਵਿਵਸਥਾ ਨੂੰ ਸੰਭਾਲਣ ਦੇ ਮੁੱਦੇ ਉੱਤੇ ਉਹ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਅੱਜ ਉਸ ਦੇ ਪੱਲੇ ਸਿਰਫ਼ ਝੂਠ ਹੀ ਬਚਿਆ ਹੈ, ਜਿਸ ਨੇ ਲੰਮੇ ਸਮੇਂ ਤੱਕ ਉਸ ਨੂੰ ਠੁੰਮ੍ਹਣਾ ਨਹੀਂ ਦੇ ਸਕਣਾ।
-ਚੰਦ ਫਤਿਹਪੁਰੀ

719 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper