Latest News
ਅੰਨ ਸਕੀਮਾਂ ਦੀ ਮਿਆਦ ਵਧਾਉਣੀ ਜ਼ਰੂਰੀ

Published on 10 Jun, 2020 10:40 AM.


ਕਰਨਾਟਕ ਦੇ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਨੇ ਕੇਂਦਰੀ ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਮਹਿਕਮੇ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ 80 ਹਜ਼ਾਰ ਕਾਰਡ ਹੋਲਡਰਾਂ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ, ਜਿਸ ਤਹਿਤ ਹਰੇਕ ਘਰ ਨੂੰ ਪ੍ਰਤੀ ਮਹੀਨਾ ਪੰਜ ਕਿਲੋ ਚੌਲ ਜਾਂ ਕਣਕ ਤੇ ਇਕ ਕਿਲੋ ਦਾਲ ਮਿਲਦੀ ਹੈ, ਦੀ ਮਿਆਦ ਵਧਾ ਦਿੱਤੀ ਜਾਵੇ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਏ ਗਏ ਲਾਕਡਾਊਨ ਕਾਰਨ ਗਰੀਬਾਂ ਦਾ ਬੁਰਾ ਹਾਲ ਹੋ ਗਿਆ ਤੇ ਇਸੇ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਨੂੰ ਰਾਸ਼ਨ ਤਹਿਤ ਮਿਲਦੇ ਅਨਾਜ ਨਾਲੋਂ ਕੁਝ ਵੱਧ ਦੇਣ ਲਈ 30 ਜੂਨ ਤੱਕ ਲਈ ਦੋ ਕੇਂਦਰੀ ਸਕੀਮਾਂ ਦਾ ਐਲਾਨ ਕੀਤਾ ਗਿਆ ਸੀ। ਇਕ ਤਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਸੀ ਤੇ ਦੂਜੀ ਸਕੀਮ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਦੀ 20 ਲੱਖ ਕਰੋੜੀ ਪੈਕੇਜ ਦਾ ਖੁਲਾਸਾ ਕਰਦਿਆਂ ਐਲਾਨੀ ਸੀ, ਜਿਸ ਵਿਚ ਬਿਨਾਂ ਰਾਸ਼ਨ ਕਾਰਡ ਵਾਲੇ 8 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਪੰਜ ਕਿਲੋ ਚੌਲ ਜਾਂ ਕਣਕ ਤੇ ਇਕ ਕਿਲੋ ਛੋਲੇ ਜਾਂ ਕੋਈ ਹੋਰ ਦਾਲ ਦਿੱਤੀ ਜਾਣੀ ਸੀ। ਸਰਕਾਰੀ ਅੰਕੜਿਆਂ ਮੁਤਾਬਕ ਅਪ੍ਰੈਲ ਵਿਚ 74 ਕਰੋੜ ਰਾਸ਼ਨ ਕਾਰਡ ਹੋਲਡਰਾਂ, ਮਈ ਵਿਚ 71 ਕਰੋੜ ਕਾਰਡ ਹੋਲਡਰਾਂ ਤੇ ਜੂਨ ਵਿਚ ਹੁਣ ਤੱਕ ਕਰੀਬ 8 ਲੱਖ ਕਾਰਡ ਹੋਲਡਰਾਂ ਨੇ ਵਾਧੂ ਅਨਾਜ ਹਾਸਲ ਕੀਤਾ ਹੈ।
ਦੋਹਾਂ ਸਕੀਮਾਂ ਦੀ ਮਿਆਦ 30 ਜੂਨ ਤੱਕ ਹੈ, ਪਰ ਲਾਕਡਾਊਨ ਵਿਚ ਦਿੱਤੀਆਂ ਗਈਆਂ ਢਿੱਲਾਂ ਦੇ ਬਾਵਜੂਦ ਕਰੋੜਾਂ ਦੀ ਗਿਣਤੀ ਵਿਚ ਰੁਜ਼ਗਾਰ ਗੁਆ ਚੁੱਕੇ ਗਰੀਬ ਅਜੇ ਵੀ ਬੇਰੁਜ਼ਗਾਰੀ ਨਾਲ ਘੁਲ ਰਹੇ ਹਨ। ਅਜਿਹੇ ਵਿਚ ਉਨ੍ਹਾਂ ਦੇ ਪਰਵਾਰਾਂ ਲਈ ਇਹ ਵਾਧੂ ਅਨਾਜ ਹੀ ਇੱਕੋ-ਇਕ ਸਹਾਰਾ ਹੈ। ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤਕ ਕੋਈ ਸੰਕੇਤ ਨਹੀਂ ਮਿਲੇ ਹਨ ਕਿ ਇਨ੍ਹਾਂ ਸਕੀਮਾਂ ਦੀ ਮਿਆਦ ਵਧਾਈ ਜਾਣੀ ਹੈ ਕਿ ਨਹੀਂ। ਬੇਤਰਤੀਬੇ ਲਾਕਡਾਊਨ ਨੇ ਬਹੁਤ ਬੁਰੀ ਮਾਰ ਮਾਰੀ ਹੈ ਤੇ ਆਰਥਕਤਾ ਛੇਤੀ ਕੀਤੇ ਤਾਬੇ ਆਉਂਦੀ ਨਜ਼ਰ ਨਹੀਂ ਆ ਰਹੀ। ਆਰਥਕ ਮਾਹਰਾਂ ਦਾ ਕਹਿਣਾ ਹੈ ਕਿ ਜੇ ਹੋਰ ਛੇ ਮਹੀਨੇ ਨਹੀਂ ਤਾਂ ਘੱਟੋ-ਘੱਟ ਤਿੰਨ ਮਹੀਨਿਆਂ ਲਈ ਤਾਂ ਦੋਹਾਂ ਸਕੀਮਾਂ ਨੂੰ ਵਧਾ ਦੇਣਾ ਚਾਹੀਦਾ ਹੈ। ਇਹ ਨਹੀਂ ਦੇਖਣਾ ਚਾਹੀਦਾ ਕਿ ਕਿਸੇ ਕੋਲ ਰਾਸ਼ਨ ਕਾਰਡ ਹੈ ਕਿ ਨਹੀਂ। ਸਰਕਾਰ ਕੋਲ ਅਪ੍ਰੈਲ ਵਿਚ 8 ਕਰੋੜ ਟਨ ਵਾਧੂ ਅਨਾਜ ਪਿਆ ਸੀ, ਜੋ ਕਿ ਬਫਰ ਸਟਾਕ ਨਾਲੋਂ ਕਾਫੀ ਵੱਧ ਸੀ। ਇਸ ਵਾਰ ਕਣਕ ਦੀ ਪੈਦਾਵਾਰ ਵੀ ਚੰਗੀ ਹੋਈ ਹੈ, ਜਿਸ ਨਾਲ ਸਟਾਕ ਹੋਰ ਵਧ ਜਾਣਾ ਹੈ। ਦੁਨੀਆ ਦੇ ਕਈ ਦੇਸ਼ਾਂ ਨੇ ਕੋਰੋਨਾ ਕਾਰਨ ਬੇਰੁਜ਼ਗਾਰ ਹੋਏ ਆਪਣੇ ਲੋਕਾਂ ਨੂੰ ਤਨਖਾਹ ਦਾ ਚੋਖਾ ਹਿੱਸਾ ਆਪਣੇ ਕੋਲੋਂ ਪਾਇਆ ਹੈ ਜਾਂ ਬੇਰੁਜ਼ਗਾਰੀ ਭੱਤਾ ਵੀ ਦਿਲ ਖੋਲ੍ਹ ਕੇ ਦਿੱਤਾ ਹੈ। ਭਾਰਤ ਸਰਕਾਰ ਨੇ ਤਾਂ ਬੇਰੁਜ਼ਗਾਰ ਹੋਣ ਵਾਲਿਆਂ ਲਈ ਸਿਰਫ ਪੰਜ ਕਿਲੋ ਚੌਲ-ਕਣਕ ਦਾ ਹੀ ਪ੍ਰਬੰਧ ਕੀਤਾ ਹੈ। ਅੰਨਦਾਤਾ ਨੇ ਔਖੀਆਂ ਹਾਲਤਾਂ ਵਿਚ ਵੀ ਭੜੋਲੇ ਭਰੇ ਹਨ। ਬਿਹਤਰ ਹੋਵੇਗਾ ਕਿ ਖੁੱਲ੍ਹੇ ਅਸਮਾਨ ਥੱਲੇ ਅਨਾਜ ਬਰਬਾਦ ਕਰਨ ਦੀ ਥਾਂ ਸਰਕਾਰ ਵਾਧੂ ਅਨਾਜ ਨੂੰ ਉਦੋਂ ਤੱਕ ਵੰਡਦੀ ਰਹੇ, ਜਦੋਂ ਤੱਕ ਗਰੀਬਾਂ ਦਾ ਕੰਮਕਾਜ ਦਾ ਜੁਗਾੜ ਨਹੀਂ ਹੋ ਜਾਂਦਾ।

652 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper