Latest News
ਫਿਕਰ ਲੋਕਾਂ ਦੀ ਨਹੀਂ ਵੋਟਾਂ ਦੀ

Published on 11 Jun, 2020 10:55 AM.


ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਘਰ ਵਿੱਚ ਜਵਾਨ ਪੁੱਤਰ ਦੀ ਲਾਸ਼ ਪਈ ਹੋਵੇ, ਸਾਰਾ ਪਰਵਾਰ ਅੰਤਮ ਸੰਸਕਾਰ ਦੀਆਂ ਤਿਆਰੀਆਂ ਕਰ ਰਿਹਾ ਹੋਵੇ, ਪਰ ਘਰ ਦਾ ਮੁਖੀ ਬੂਹੇ ਅੱਗੇ ਭੰਗੜਾ ਪਾਉਣ ਲੱਗ ਪਵੇ, ਪਰ ਇਹ ਹੋ ਰਿਹਾ ਹੈ, ਕਿਸੇ ਇੱਕ ਘਰ ਨਹੀਂ, ਸਾਡੇ ਪੂਰੇ ਦੇਸ਼ ਵਿੱਚ।
ਪਿਛਲੇ 4 ਮਹੀਨੇ ਤੋਂ ਸਾਰਾ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝਲਦਾ ਆ ਰਿਹਾ ਹੈ। ਹਰ ਦਿਨ ਮੌਤਾਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ ਤੇ ਪੀੜਤਾਂ ਦੀ ਗਿਣਤੀ ਵੀ। ਪਿਛਲੇ ਕੁਝ ਦਿਨਾਂ ਦੌਰਾਨ ਹੀ ਅਸੀਂ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿੱਚ ਦਸਵੇਂ ਥਾਂ ਤੋਂ ਛੇਵੇਂ ਉੱਤੇ ਪੁੱਜ ਚੁੱਕੇ ਹਾਂ। ਜੇਕਰ ਰਫ਼ਤਾਰ ਇਹੋ ਰਹੀ ਤਾਂ ਹੋਰ ਦੋ ਦਿਨਾਂ ਨੂੰ ਅਸੀਂ ਸਪੇਨ ਤੇ ਯੂ ਕੇ ਨੂੰ ਪਿੱਛੇ ਛੱਡ ਕੇ ਚੌਥੀ ਥਾਂ ਮੱਲ ਲਵਾਂਗੇ। ਮੁੰਬਈ, ਅਹਿਮਦਾਬਾਦ ਤੇ ਦਿੱਲੀ ਸਮੇਤ ਵੱਡੇ ਸ਼ਹਿਰਾਂ ਵਿੱਚ ਹਾਲਤ ਏਨੀ ਤਰਸਯੋਗ ਹੋ ਚੁੱਕੀ ਹੈ ਕਿ ਲੋਕ ਇਲਾਜ ਲਈ ਇੱਕ ਹਸਪਤਾਲ ਤੋਂ ਦੂਜੇ ਤੱਕ ਦੌੜ ਰਹੇ ਹਨ, ਪਰ ਕਿਤੇ ਵੀ ਦਾਖ਼ਲਾ ਨਹੀਂ ਮਿਲ ਰਿਹਾ। ਪਿਛਲੇ ਦਿਨ ਖ਼ਬਰ ਆਈ ਸੀ ਕਿ ਬੀ ਬੀ ਸੀ ਦਾ ਇੱਕ ਪੱਤਰਕਾਰ ਅਹਿਮਦਾਬਾਦ ਵਿੱਚ ਆਪਣੇ ਜੀਜੇ ਨੂੰ ਲੈ ਕੇ ਤਿੰਨ ਦਿਨ ਹਸਪਤਾਲਾਂ ਦੇ ਗੇੜੇ ਮਾਰਦਾ ਰਿਹਾ, ਪਰ ਕਿਸੇ ਨੇ ਵੀ ਦਾਖ਼ਲ ਨਾ ਕੀਤਾ। ਉਸ ਨੇ ਹਰ ਛੋਟੇ-ਵੱਡੇ ਅਧਿਕਾਰੀਆਂ ਤੱਕ ਪਹੁੰਚ ਕੀਤੀ, ਇਥੋਂ ਤੱਕ ਕਿ ਉਪ ਮੁੱਖ ਮੰਤਰੀ ਨੂੰ ਵੀ ਤਰਲਾ ਮਾਰਿਆ, ਪਰ ਇਸ ਦੇ ਬਾਵਜੂਦ ਉਹ ਆਪਣੇ ਜੀਜੇ ਦਾ ਸਮੇਂ ਸਿਰ ਇਲਾਜ ਨਾ ਕਰਵਾ ਸਕਿਆ ਤੇ ਉਸ ਨੇ ਦਮ ਤੋੜ ਦਿੱਤਾ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਤਾਂ ਅਜਿਹੀਆਂ ਖ਼ਬਰਾਂ ਨਿੱਤ ਆ ਰਹੀਆਂ ਹਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੌਰਾਨ ਦਿੱਲੀ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5 ਲੱਖ ਤੋਂ ਟੱਪ ਜਾਵੇਗੀ ਤੇ ਗੰਭੀਰ ਮਰੀਜ਼ਾਂ ਲਈ ਡੇਢ ਲੱਖ ਬੈੱਡਾਂ ਦੀ ਲੋੜ ਪਵੇਗੀ। ਹਾਲਤ ਇਹ ਹੈ ਕਿ ਲੋਕਾਂ ਦਾ ਹਸਪਤਾਲਾਂ ਤੋਂ ਭਰੋਸਾ ਉਠ ਰਿਹਾ ਹੈ। ਆਈਸੋਲੇਸ਼ਨ ਵਾਰਡਾਂ ਦੀ ਦੁਰਦਸ਼ਾ ਤੋਂ ਤੰਗ ਆ ਕੇ ਮਰੀਜ਼ਾਂ ਦੇ ਭੱਜ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਪ੍ਰਾਈਵੇਟ ਹਸਪਤਾਲਾਂ ਨੇ 'ਆਪਦਾ ਨੂੰ ਅਵਸਰ' ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਉਹ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ 10-10 ਲੱਖ ਰੁਪਏ ਦਾ ਬਿੱਲ ਬਣਾ ਰਹੇ ਹਨ।
ਇਸ ਭਿਆਨਕ ਸਥਿਤੀ ਲਈ ਸਿਰਫ਼ ਤੇ ਸਿਰਫ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਵਾਰ ਹੈ। ਇਸ ਸਮੇਂ ਦੇਸ਼ ਵਿੱਚ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਐਕਟ ਲਾਗੂ ਹੈ। ਇਹ ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਇਸੇ ਦੇ ਅਧੀਨ ਹੀ ਕੋਰੋਨਾ ਮਹਾਂਮਾਰੀ ਵਿਰੁੱਧ ਸਾਰੇ ਪ੍ਰਬੰਧ ਕੀਤੇ ਜਾਣੇ ਸਨ। ਇਸ ਦਾ ਸਿੱਧਾ ਮਤਲਬ ਹੈ ਕਿ ਕੋਰੋਨਾ ਮਹਾਂਮਾਰੀ ਵਿਰੁੱਧ ਯੁੱਧ ਦਾ ਜਰਨੈਲ ਅਮਿਤ ਸ਼ਾਹ ਸੀ ਤੇ ਹੈ, ਪਰ ਇਹ ਜਰਨੈਲ ਕਰਦਾ ਕੀ ਰਿਹਾ? ਪਹਿਲਾਂ ਤਾਂ ਕੋਰੋਨਾ ਮਹਾਂਮਾਰੀ ਦਾ ਮੁਸਲਿਮ ਐਂਗਲ ਲੱਭਣ ਦੇ ਜਤਨ ਕਰਦਾ ਰਿਹਾ ਤੇ ਫਿਰ ਨਾਗਰਿਕ ਸੋਧ ਕਾਨੂੰਨ ਦੇ ਵਿਰੋਧੀ ਪ੍ਰਦਰਸ਼ਨਕਾਰੀ ਆਗੂਆਂ ਨੂੰ ਦਿੱਲੀ ਦੰਗਿਆਂ ਦੇ ਕੇਸਾਂ ਵਿੱਚ ਫਸਾ ਕੇ ਉਨ੍ਹਾਂ ਦਾ ਸ਼ਿਕਾਰ ਕਰਦਾ ਰਿਹਾ, ਜੋ ਹਾਲੇ ਤੱਕ ਜਾਰੀ ਹੈ। ਲਾਕਡਾਊਨ ਦੌਰਾਨ ਭੁੱਖਮਰੀ ਦੇ ਸਤਾਏ ਜਦੋਂ ਘਰੀਂ ਪੁੱਜਣ ਲਈ ਪੈਦਲ ਹੀ ਨਿਕਲ ਤੁਰੇ ਅਨੇਕਾਂ ਪ੍ਰਵਾਸੀ ਮਜ਼ਦੂਰ ਰਾਹ ਵਿੱਚ ਹੀ ਦਮ ਤੋੜਦੇ ਰਹੇ ਤਾਂ ਗ੍ਰਹਿ ਮੰਤਰੀ ਨੇ ਉਨ੍ਹਾਂ ਬਾਰੇ ਹਾਅ ਦਾ ਨਾਅਰਾ ਮਾਰਨ ਦੀ ਵੀ ਲੋੜ ਨਾ ਸਮਝੀ। ਗ੍ਰਹਿ ਮੰਤਰੀ ਦੇ ਆਪਣੇ ਸੂਬੇ ਦੀ ਹਾਲਤ ਵੀ ਏਨੀ ਨਿਘਰ ਚੁੱਕੀ ਹੈ ਕਿ ਹਾਈ ਕੋਰਟ ਦੀ ਬੈਂਚ ਨੂੰ ਕੋਰੋਨਾ ਦੇ ਇਲਾਜ ਲਈ ਐਲਾਨੇ ਅਹਿਮਦਾਬਾਦ ਵਿਚਲੇ ਮੁੱਖ ਹਸਪਤਾਲ ਨੂੰ ਕਾਲ ਕੋਠੜੀ ਕਹਿਣਾ ਪਿਆ। ਹਾਕਮਾਂ ਦੀ ਬੇਸ਼ਰਮੀ ਦੇਖੋ, ਮਸਲਾ ਹੱਲ ਕਰਨ ਦੀ ਥਾਂ ਅਦਾਲਤ ਦੀ ਬੈਂਚ ਨੂੰ ਬਦਲ ਕੇ ਉਸ ਦਾ ਮੂੰਹ ਬੰਦ ਕਰ ਦਿੱਤਾ ਗਿਆ। ਗ੍ਰਹਿ ਮੰਤਰੀ ਦੀ ਇਹ ਜ਼ਿੰਮੇਵਾਰੀ ਸੀ ਕਿ ਉਹ ਆਪਣੇ ਸੂਬੇ ਗੁਜਰਾਤ ਸਮੇਤ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਮਹਾਰਾਸ਼ਟਰ ਤੇ ਦਿੱਲੀ ਵੱਲ ਧਿਆਨ ਦਿੰਦੇ, ਪਰ ਉਹ ਤਾਂ ਬਿਹਾਰ ਦੀ ਜਨਤਾ ਤੋਂ ਵੋਟਾਂ ਮੰਗਣ ਤੁਰੇ ਹੋਏ ਹਨ। ਅੱਜ ਜਦੋਂ ਬਿਹਾਰ ਦੇ ਬੇਰੁਜ਼ਗਾਰ ਹੋਏ ਲੱਖਾਂ ਮਜ਼ਦੂਰ ਭੁੱਖ ਦੁੱਖੋਂ ਤੜਫ ਰਹੇ ਹਨ, ਗ੍ਰਹਿ ਮੰਤਰੀ 72 ਹਜ਼ਾਰ ਐੱਲ ਈ ਡੀ ਟੀ ਵੀ ਲਾ ਕੇ ਵਰਚੁਅਲ ਰੈਲੀ ਰਾਹੀਂ ਜਸ਼ਨ ਮਨਾ ਰਹੇ ਹਨ। ਵੱਡੇ ਪਰਦੇ ਵਾਲੀ ਐੱਲ ਈ ਡੀ ਦਾ ਇੱਕ ਦਿਨ ਦਾ ਕਿਰਾਇਆ 25 ਹਜ਼ਾਰ ਰੁਪਏ ਹੈ। ਇਸ ਹਿਸਾਬ ਨਾਲ ਇਸ ਰੈਲੀ ਦਾ ਸਿਰਫ਼ ਐੱਲ ਈ ਡੀ ਦਾ ਖ਼ਰਚ ਹੀ 180 ਕਰੋੜ ਬਣਦਾ ਹੈ। ਰੈਲੀ ਦੇ ਬਾਕੀ ਪ੍ਰਬੰਧਾਂ ਦਾ ਖਰਚਾ ਜੋੜ ਲਿਆ ਜਾਵੇ ਤਾਂ ਇਹ ਦੋ ਸੌ ਕਰੋੜ ਤੱਕ ਬਣ ਜਾਵੇਗਾ।
ਇਹੋ ਨਹੀਂ, ਅੱਜ ਜਦੋਂ ਪੂਰੇ ਪ੍ਰਵਾਸੀ ਮਜ਼ਦੂਰ ਘਰਾਂ ਵਿੱਚ ਵੀ ਨਹੀਂ ਅੱਪੜੇ ਤੇ ਸੁਪਰੀਮ ਕੋਰਟ ਨੂੰ ਵੀ ਕਹਿਣਾ ਪਿਆ ਹੈ ਕਿ ਇਨ੍ਹਾਂ ਨੂੰ 15 ਦਿਨਾਂ ਅੰਦਰ ਘਰੀਂ ਪੁਚਾਓ, ਗ੍ਰਹਿ ਮੰਤਰੀ ਸਾਹਿਬ ਨੇ ਆਪਣਾ ਵਪਾਰੀਆਂ ਵਾਲਾ ਕਿੱਤਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਗੁਜਰਾਤ ਦੇ ਕਾਂਗਰਸੀ ਵਿਧਾਇਕਾਂ ਤੋਂ ਅਸਤੀਫ਼ੇ ਦਿਵਾਉਣ ਤੋਂ ਬਾਅਦ ਹੁਣ ਰਾਜਸਥਾਨ ਵੱਲ ਮੂੰਹ ਕਰ ਲਿਆ ਹੈ, ਤਾਂ ਜੋ ਰਾਜ ਸਭਾ ਵਿੱਚ ਭਾਜਪਾ ਨੂੰ ਬਹੁਗਿਣਤੀ ਵਿੱਚ ਲਿਆਂਦਾ ਜਾ ਸਕੇ।
ਪਿਛਲੇ 4 ਮਹੀਨਿਆਂ ਦੇ ਕੋਰੋਨਾ ਕਾਲ ਨੂੰ ਦੇਖਿਆ ਜਾਵੇ ਤਾਂ ਲੜਾਈ ਦਾ ਜਰਨੈਲ ਅਮਿਤ ਸ਼ਾਹ ਕਿਸੇ ਦੇ ਨਜ਼ਰ ਵੀ ਨਹੀਂ ਪਿਆ। ਜਦੋਂ ਸੋਸ਼ਲ ਮੀਡੀਆ 'ਤੇ ਗੁੰਮਸ਼ੁਦਗੀ ਦੀਆਂ ਅਫ਼ਵਾਹਾਂ ਉਡਣ ਲੱਗੀਆਂ ਤਾਂ ਉਸ ਨੂੰ ਆਪਣੇ ਜ਼ਿੰਦਾ ਹੋਣ ਦੀ ਸਫ਼ਾਈ ਦੇਣੀ ਪਈ ਸੀ। ਇਹੋ ਨਹੀਂ ਪਾਕਿਸਤਾਨ ਨਾਲ ਯੁੱਧ ਕਰਨ ਦੇ ਦਮਗਜ਼ੇ ਮਾਰਨ ਵਾਲੇ ਖਾਕੀ ਪੈਂਟ ਧਾਰੀਏ ਵੀ ਇਹ ਸਾਰਾ ਸਮਾਂ ਆਪਣੀਆਂ ਖੁੱਡਾਂ ਵਿੱਚ ਹੀ ਲੁਕੇ ਰਹੇ। ਅਸਲ ਵਿੱਚ ਇਨ੍ਹਾਂ ਲੋਕਾਂ ਨੂੰ ਨਾ ਦੇਸ਼ ਨਾਲ ਪ੍ਰੇਮ ਹੈ, ਨਾ ਇਸ ਵਿੱਚ ਵਸਦੇ ਲੋਕਾਂ ਨਾਲ। ਇਹ ਲੋਕ ਪ੍ਰੇਮ ਨਹੀਂ, ਨਫ਼ਰਤ ਦੇ ਵਣਜਾਰੇ ਹਨ। ਇਸ ਸਾਰੇ ਸਮੇਂ ਦੌਰਾਨ ਲੋਕਾਂ ਨੇ ਜੋ ਦੁੱਖ ਭੋਗਿਆ ਹੈ, ਜਿਨ੍ਹਾਂ ਨੇ ਰਾਹਾਂ ਵਿੱਚ ਦਮ ਤੋੜਿਆ ਹੈ ਤੇ ਜਿਹੜੇ ਅੱਜ ਭੁੱਖ ਦੁੱਖੋਂ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ, ਇਨ੍ਹਾਂ ਸਭ ਲਈ ਮੌਜੂਦਾ ਹਾਕਮ ਜ਼ਿੰਮੇਵਾਰ ਹਨ। ਇਹ ਹਾਕਮ ਜਿੰਨਾ ਚਿਰ ਹੋਰ ਹਕੂਮਤ ਕਰਦੇ ਰਹਿਣਗੇ, ਸਮਾਜ ਨੂੰ ਓਨੀ ਹੋਰ ਤਬਾਹੀ ਸਹਿਣੀ ਪਵੇਗੀ।
-ਚੰਦ ਫਤਿਹਪੁਰੀ

698 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper