Latest News
ਕੋਰੋਨਾ ਤਾਂ ਬਹਾਨਾ ਹੈ

Published on 14 Jun, 2020 10:16 AM.

ਦੁਨੀਆ ਭਰ 'ਚ ਮਹਾਂਮਾਰੀਆਂ ਦਾ ਇਤਿਹਾਸ ਬੜਾ ਪੁਰਾਣਾ ਹੈ। ਪਿਛਲੀ ਇੱਕ ਸਦੀ ਦੌਰਾਨ ਅਨੇਕਾਂ ਮਹਾਂਮਾਰੀਆਂ ਫੈਲੀਆਂ ਹਨ। ਇਨ੍ਹਾਂ ਵਿੱਚੋਂ ਤਿੰਨ ਮਹਾਂਮਾਰੀਆਂ ਏਡਜ਼ ਮਹਾਂਮਾਰੀ (1981), ਰਿਸਪੇਟਰੀ ਸਿੰਡਰੋਮ ਕੋਰੋਨਾ ਵਾਇਰਸ ਮਹਾਂਮਾਰੀ (2012) ਤੇ ਈਬੋਲਾ ਮਹਾਂਮਾਰੀ (2013) ਹੁਣ ਤੱਕ ਵੀ ਜਾਰੀ ਹਨ ਤੇ ਇਨ੍ਹਾਂ ਦਾ ਕੋਈ ਟੀਕਾ ਲੱਭਿਆ ਨਹੀਂ ਜਾ ਸਕਿਆ। ਕੋਵਿਡ-19 ਚੌਥੀ ਮਹਾਂਮਾਰੀ ਹੈ। ਪਹਿਲੀਆਂ ਤਿੰਨਾਂ ਮਹਾਂਮਾਰੀਆਂ ਸਮੇਂ ਨਾ ਕੋਈ ਲਾਕਡਾਊਨ ਕੀਤਾ ਗਿਆ ਸੀ ਤੇ ਨਾ ਹੀ ਅੱਜ ਜਿੰਨੀ ਅਫ਼ਰਾ-ਤਫ਼ਰੀ ਮਚੀ ਸੀ। ਫਿਰ ਕੀ ਕਾਰਨ ਹੈ ਕਿ ਕੋਰੋਨਾ ਦੇ ਨਾਂਅ ਨਾਲ ਮਸ਼ਹੂਰ ਹੋ ਚੁੱਕੀ ਇਸ ਮਹਾਂਮਾਰੀ ਦੌਰਾਨ ਸਾਰੇ ਸੰਸਾਰ ਨੂੰ ਅਜਿਹੇ ਲਾਕਡਾਊਨ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਸੰਸਾਰ ਅਰਥ-ਵਿਵਸਥਾ ਨੂੰ ਤਬਾਹੀ ਕੰਢੇ ਲਿਆ ਖੜ੍ਹਾ ਕੀਤਾ ਹੈ। ਜੇਕਰ ਅਸੀਂ ਗਹੁ ਨਾਲ ਵਾਚੀਏ ਤਾਂ ਪਤਾ ਲੱਗੇਗਾ ਮਹਾਂਮਾਰੀ ਦੇ ਡਰ ਕਾਰਨ ਜਦੋਂ ਸਭ ਕੰਪਨੀਆਂ ਦੇ ਸ਼ੇਅਰ ਡੁੱਬ ਰਹੇ ਸਨ ਤਾਂ ਸੂਚਨਾ ਤਕਨੀਕੀ ਕੰਪਨੀਆਂ ਗੂਗਲ, ਮਾਈਕਰੋਸਾਫਟ, ਫੇਸਬੁਕ ਤੇ ਟਵਿੱਟਰ ਆਦਿ ਦੇ ਸ਼ੇਅਰ ਸਿਖਰਾਂ ਛੂਹ ਰਹੇ ਸਨ। ਇਸ ਸਾਰੇ ਸਮੇਂ ਦੌਰਾਨ ਇਨ੍ਹਾਂ ਕੰਪਨੀਆਂ ਨੇ ਅਥਾਹ ਮੁਨਾਫ਼ਾ ਕਮਾਇਆ। ਇਸ ਸਮੇਂ ਅਸੀਂ ਜੋ ਮਹਿਸੂਸ ਨਹੀਂ ਕਰ ਰਹੇ ਉਹ ਇਹ ਹੈ ਕਿ ਕੋਰੋਨਾ ਮਹਾਂਮਾਰੀ ਦੇ ਬਹਾਨੇ ਸਾਨੂੰ ਤੀਜੇ ਵਿਸ਼ਵ ਯੁੱਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਯੁੱਧ ਸੂਚਨਾ ਤਕਨੀਕੀ ਯੋਧਿਆਂ ਤੇ ਦਵਾਈ ਕੰਪਨੀਆਂ ਦੇ ਮੁਹਰੈਲਾਂ ਦੇ ਗੱਠਜੋੜ ਵੱਲੋਂ ਸ਼ੁਰੂ ਕੀਤਾ ਗਿਆ ਹੈ। ਇਸ ਲੜਾਈ ਦਾ ਮੁੱਖ ਸਰਗਣਾ ਦੁਨੀਆ ਵਿੱਚ ਸਭ ਤੋਂ ਵੱਡਾ ਦਾਨੀ ਗਿਣਿਆ ਜਾਂਦਾ ਬਿਲ ਗੇਟਸ ਹੈ। ਕੋਰੋਨਾ ਮਹਾਂਮਾਰੀ ਦਾ ਟਾਕਰਾ ਕਰਨ ਵਾਲੀ ਸੰਸਾਰ ਸਿਹਤ ਸੰਸਥਾ ਨੂੰ ਸਭ ਤੋਂ ਵੱਧ ਧਨ ਉਸ ਦੀ ਬਿਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਤੇ ਉਸ ਦੀ ਸਹਾਇਕ ਕੰਪਨੀ ਵੈਕਸੀਨ ਐਂਡ ਟੀਕਾਕਰਨ ਲਈ ਗਲੋਬਲ ਅਲਾਇੰਸ ਵੱਲੋਂ ਮਿਲਦਾ ਹੈ। ਸੰਸਾਰ ਸਿਹਤ ਸੰਸਥਾ ਕਹਿਣ ਨੂੰ ਤਾਂ ਸੰਯੁਕਤ ਰਾਸ਼ਟਰ ਦੀ ਸੰਸਥਾ ਹੈ, ਪਰ ਅਸਲੀ ਸਰਵੇ-ਸਰਵਾ ਉਸ ਦਾ ਬਿਲ ਗੇਟਸ ਹੈ। ਬਿਲ ਗੇਟਸ ਹਰ ਸਾਲ ਸਭ ਦੇਸ਼ਾਂ ਦੀਆਂ ਸਿਹਤ ਕਾਰਜਾਂ ਸੰਬੰਧੀ ਸਰਕਾਰੀ ਸੰਸਥਾਵਾਂ ਸਮੇਤ ਸਾਡੀ ਮੈਡੀਕਲ ਖੋਜ ਕੌਂਸਲ ਉੱਤੇ ਲੱਖਾਂ ਡਾਲਰ ਖਰਚਦਾ ਹੈ। ਇਸ ਲਈ ਕੋਰੋਨਾ ਮਹਾਂਮਾਰੀ ਵਿਰੁੱਧ ਲੜਨ ਦੇ ਨਾਂਅ ਉੱਤੇ ਪਿਛਲੇ ਚਾਰ ਮਹੀਨੇ ਤੋਂ ਚੱਲ ਰਿਹਾ ਨਾਟਕ ਉਸ ਕੜੀ ਦਾ ਹਿੱਸਾ ਹੈ, ਜਿਸ ਦਾ ਜਾਲ ਪਿਛਲੇ ਕਈ ਸਾਲਾਂ ਤੋਂ ਵਿਛਾਇਆ ਜਾ ਰਿਹਾ ਸੀ। ਸੰਸਾਰ ਸਿਹਤ ਸੰਸਥਾ ਨੇ 11 ਮਾਰਚ ਨੂੰ ਕੋਵਿਡ-19 ਨੂੰ ਮਹਾਂਮਾਰੀ ਐਲਾਨਿਆ ਸੀ, ਪਰ ਉਸ ਤੋਂ ਇੱਕ ਮਹੀਨਾ ਪਹਿਲਾਂ 15 ਫ਼ਰਵਰੀ ਨੂੰ ਸਿਹਤ ਸੰਸਥਾ ਦੇ ਨੁਮਾਇੰਦੇ ਡਾ. ਟੇਡਰੋਸ ਨੇ ਇਹ ਬਿਆਨ ਦਿੱਤਾ ਕਿ ਕੋਰੋਨਾ ਵਾਇਰਸ ਦੀ ਤੁਲਨਾ ਵਿੱਚ ਫੇਕ ਨਿਊਜ਼ ਵੱਧ ਤੇਜ਼ੀ ਨਾਲ ਫੈਲਦੀ ਹੈ, ਇਸ ਲਈ ਅਸੀਂ ਮੀਡੀਆ ਕੰਪਨੀਆਂ ਗੂਗਲ, ਫੇਸਬੁੱਕ, ਟਵਿੱਟਰ, ਯੂ ਟਿਊਬ ਤੇ ਟਿਕਟਾਕ ਆਦਿ ਨਾਲ ਮਿਲ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ। ਮਹਾਂਮਾਰੀ ਐਲਾਨਣ ਦੇ ਤਿੰਨ ਦਿਨ ਬਾਅਦ 17 ਮਾਰਚ ਨੂੰ ਫੇਸਬੁੱਕ, ਗੂਗਲ, ਟਵਿੱਟਰ ਤੇ ਯੂ ਟਿਊਬ ਸਮੇਤ ਸਭ ਮੀਡੀਆ ਕੰਪਨੀਆਂ ਵੱਲੋਂ ਇਹ ਸਾਂਝਾ ਬਿਆਨ ਜਾਰੀ ਕੀਤਾ ਗਿਆ ਕਿ ਉਹ ਦੁਨੀਆ ਦੇ ਲੋਕਾਂ ਦੀ ਸਿਹਤ ਦੇ ਹਿੱਤ ਵਿੱਚ ਕੋਵਿਡ-19 ਸੰਬੰਧੀ ਸੰਸਾਰ ਸਿਹਤ ਸੰਸਥਾ ਦੇ ਵਿਰੋਧ ਕਰਨ ਵਾਲੀ ਕਿਸੇ ਵੀ ਸੂਚਨਾ ਨੂੰ ਥਾਂ ਨਹੀਂ ਦੇਣਗੇ। ਇਸ ਦੇ ਨਾਲ ਹੀ ਇਨ੍ਹਾਂ ਕੰਪਨੀਆਂ ਨੇ ਆਪਣੀਆਂ ਕੰਪਨੀਆਂ ਦੇ ਪਲੇਟਫਾਰਮਾਂ ਉੱਤੇ ਪ੍ਰਕਾਸ਼ਤ ਹੋਣ ਵਾਲੀ ਸਮਗਰੀ ਦੀ ਨਜ਼ਰਸਾਨੀ ਸ਼ੁਰੂ ਕਰ ਦਿੱਤੀ। ਬਹੁਤ ਸਾਰੇ ਮੈਡੀਕਲ ਨਾਲ ਸੰਬੰਧਤ ਮਾਹਰਾਂ ਤੇ ਵਿਗਿਆਨੀਆਂ ਦੇ ਕੋਵਿਡ-19 ਸੰਬੰਧੀ ਛਪੇ ਲੇਖਾਂ ਨੂੰ ਹਟਾ ਦਿੱਤਾ ਗਿਆ। ਸ਼ੁਰੂ ਤੋਂ ਹੀ ਇਹ ਕੋਸ਼ਿਸ਼ ਕੀਤੀ ਗਈ ਕਿ ਕੋਵਿਡ-19 ਨੂੰ ਭਿਅੰਕਰ ਮਹਾਂਮਾਰੀ ਵਜੋਂ ਪੇਸ਼ ਕੀਤਾ ਜਾਵੇ। ਇਸ ਸੰਬੰਧੀ ਸੂਚਨਾ ਤਕਨੀਕ ਦੀ ਪੂਰੀ ਵਰਤੋਂ ਕੀਤੀ ਗਈ। ਸੰਸਾਰ ਸਿਹਤ ਸੰਸਥਾ ਨੇ ਇਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 50 ਲੱਖ ਪੇਸ਼ ਕਰ ਦਿੱਤਾ। ਇਸ ਨੇ ਇੰਟਰਨੈੱਟ ਦੇ ਵੱਡੇ ਉਪਭੋਗਤਾ ਮੱਧ ਵਰਗ ਨੂੰ ਹਿਲਾ ਕੇ ਰੱਖ ਦਿੱਤਾ। ਸਾਡੇ ਦੇਸ਼ ਵਿੱਚ ਫੇਸਬੁਕ ਦੇ 28 ਕਰੋੜ ਤੇ ਵਟਸਅੱਪ ਦੇ 40 ਕਰੋੜ ਗਾਹਕ ਹਨ। ਸਭ ਪਾਸੇ ਕੋਰੋਨਾ-ਕੋਰੋਨਾ ਹੋਣੀ ਸ਼ੁਰੂ ਹੋ ਗਈ। ਅੰਕੜੇ ਇਸ ਤਰ੍ਹਾਂ ਪੇਸ਼ ਕੀਤੇ ਜਾ ਰਹੇ ਹਨ ਕਿ ਦੇਖਣ ਵਾਲੇ ਦਾ ਤਰਾਹ ਨਿਕਲ ਜਾਵੇ। ਅੱਜ ਵੀ ਜਦੋਂ ਕੋਰੋਨਾ ਨਾਲ ਪੀੜਤਾਂ ਦਾ ਅੰਕੜਾ ਪੇਸ਼ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਕੀਤੇ ਜਾਂਦੇ ਹਨ, ਜਿਹੜੇ ਠੀਕ ਹੋ ਕੇ ਘਰੀਂ ਪੁੱਜ ਚੁੱਕੇ ਹਨ। ਇਹ ਸਾਰੇ ਜਾਣਦੇ ਹਨ ਕਿ ਮਰਨ ਵਾਲੇ 80 ਫ਼ੀਸਦੀ ਉਹ ਲੋਕ ਹਨ, ਜਿਹੜੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ, ਪਰ ਸਭ ਨੂੰ ਕੋਰੋਨਾ ਦੇ ਖਾਤੇ ਵਿੱਚ ਪਾ ਕੇ ਬਿਮਾਰੀ ਦੀ ਭਿਆਨਕਤਾ ਵਧਾ ਕੇ ਜ਼ਾਹਰ ਕੀਤੀ ਜਾ ਰਹੀ ਹੈ। ਹੁਣ ਸਾਡੀ ਮੈਡੀਕਲ ਖੋਜ ਕੌਂਸਲ ਨੇ ਸਭ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਬਾਰੇ ਦੁਬਿਧਾ ਹੈ, ਪਰ ਜੇਕਰ ਉਸ ਨੂੰ ਖਾਂਸੀ, ਬੁਖਾਰ ਦੇ ਚਿੰਨ੍ਹ ਹਨ ਤਾਂ ਉਸ ਨੂੰ ਕੋਰੋਨਾ ਦੇ ਖਾਤੇ ਪਾਇਆ ਜਾਵੇ। ਜੇਕਰ ਕੋਰੋਨਾ ਰਿਪੋਰਟ ਨਹੀਂ ਆਈ ਤੇ ਵਿਅਕਤੀ ਮਰ ਜਾਵੇ, ਤਦ ਵੀ ਉਸ ਨੂੰ ਕੋਰੋਨਾ ਦੇ ਖਾਤੇ ਪਾਇਆ ਜਾਵੇ ਤੇ ਜੇਕਰ ਰਿਪੋਰਟ ਨੈਗੇਟਿਵ ਹੈ ਤੇ ਲੱਛਣ ਕੋਰੋਨਾ ਵਰਗੇ ਹਨ ਤਾਂ ਉਸ ਨੂੰ ਵੀ ਸੰਭਾਵਤ ਕੋਰੋਨਾ ਗਿਣਿਆ ਜਾਵੇ। ਇਹੋ ਨਹੀਂ, ਨਮੋਨੀਆ ਜਾਂ ਦਿਲ ਦੀ ਬਿਮਾਰੀ ਵਾਲੇ ਮਰੀਜ਼ਾਂ ਵਿੱਚ ਵੀ ਜੇਕਰ ਲੱਛਣ ਕੋਰੋਨਾ ਵਰਗੇ ਹਨ ਤਾਂ ਉਨ੍ਹਾਂ ਨੂੰ ਵੀ ਕੋਰੋਨਾ ਨਾਲ ਹੋਈ ਮੌਤ ਗਿਣਿਆ ਜਾਵੇ। ਉਪਰੋਕਤ ਤੋਂ ਸਪੱਸ਼ਟ ਹੈ ਕਿ ਕੋਰੋਨਾ ਸੰਬੰਧੀ ਹੁੰਦੀ ਜਾਂਚ ਵੀ ਪੂਰੀ ਭਰੋਸੇਯੋਗ ਨਹੀਂ ਹੈ। ਇਸ ਸੰਬੰਧੀ ਇੱਕ ਉਦਾਹਰਣ ਪੇਸ਼ ਹੈ। ਤਨਜ਼ਾਨੀਆ ਦਾ ਰਾਸ਼ਟਰਪਤੀ ਜਾਨ ਮੈਗੁਫੁਲੀ ਰਸਾਇਣ ਸ਼ਾਸਤਰ ਵਿੱਚ ਪੀ ਐੱਚ ਡੀ ਹੈ। ਜਦੋਂ ਉਸ ਦੇ ਦੇਸ਼ ਵਿੱਚ ਇੱਕ ਮਹੀਨੇ ਵਿੱਚ ਕੋਰੋਨਾ ਕੇਸ 20 ਤੋਂ 480 ਹੋਏ ਤਾਂ ਉਸ ਨੂੰ ਸ਼ੱਕ ਹੋਇਆ। ਉਸ ਨੇ ਕੁਝ ਫਲਾਂ ਤੇ ਜਾਨਵਰਾਂ ਦੇ ਮਨੁੱਖਾਂ ਵਾਲੇ ਨਾਂਅ ਰੱਖ ਕੇ ਸੈਂਪਲ ਲੈ ਕੇ ਕੌਮੀ ਸਿਹਤ ਪ੍ਰਯੋਗਸ਼ਾਲਾ ਨੂੰ ਭੇਜ ਦਿੱਤੇ। ਪ੍ਰਯੋਗਸ਼ਾਲਾ ਵੱਲੋਂ ਭੇਜੇ ਨਤੀਜੇ ਵਿੱਚ ਇੱਕ ਪਪੀਤੇ ਤੇ ਇੱਕ ਬੱਕਰੀ ਦੇ ਸੈਂਪਲ ਨੂੰ ਪਾਜ਼ੀਟਿਵ ਦਿਖਾਇਆ ਗਿਆ। ਰਾਸ਼ਟਰਪਤੀ ਨੇ ਤੁਰੰਤ ਪ੍ਰਯੋਗਸ਼ਾਲਾ ਦੇ ਮੁਖੀ ਨੂੰ ਬਰਖਾਸਤ ਕਰ ਦਿੱਤਾ ਤੇ ਨਾਲ ਸੰਸਾਰ ਸਿਹਤ ਸੰਸਥਾ ਦੀ ਟੀਮ ਨੂੰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ। ਯਾਦ ਕਰੋ, ਜਦੋਂ ਸੰਸਾਰ ਪੱਧਰ ਉੱਤੇ ਹਾਈਡ੍ਰੋਕਲੋਰੋਕੁਈਨ ਨੂੰ ਕੋਰੋਨਾ ਰੋਗ 'ਚ ਉਪਯੋਗੀ ਕਿਹਾ ਗਿਆ ਸੀ ਤਾਂ ਡੋਨਾਲਡ ਟਰੰਪ ਨੇ ਭਾਰਤ ਤੋਂ ਇਸ ਦੀ ਮੰਗ ਕੀਤੀ ਸੀ, ਪਰ ਕੁਝ ਦਿਨਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੇ ਸਾਈਡ ਇਫੈਕਟ ਦੇ ਮਾਰੂ ਹੋਣ ਦੇ ਚਰਚੇ ਚੱਲ ਪਏ ਤੇ ਸੰਸਾਰ ਸਿਹਤ ਸੰਸਥਾ ਨੇ ਉਸ ਦੀ ਵਰਤੋਂ ਉੱਤੇ ਰੋਕ ਲਾ ਦਿੱਤੀ ਸੀ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਉੱਤੇ ਮੜ੍ਹੀ ਗਈ ਸੂਚਨਾ ਕਰਾਂਤੀ ਦੀ ਮੌਜੂਦਾ ਜੰਗ ਲੰਮੀ ਚੱਲਣ ਵਾਲੀ ਹੈ। ਇਸ ਜੰਗ ਦੇ ਸਿੱਟੇ ਵਜੋਂ ਕਿੰਨੇ ਗੰਭੀਰ ਬਿਮਾਰੀਆਂ ਤੋਂ ਪੀੜਤ ਇਲਾਜ ਖੁਣੋਂ ਮਰ ਗਏ ਤੇ ਕਿੰਨੇ ਹੋਰ ਭੁੱਖ ਦੁੱਖੋਂ ਮਰ ਜਾਣੇ ਹਨ, ਇਸ ਦਾ ਕਿਸੇ ਨੇ ਹਿਸਾਬ ਨਹੀਂ ਰੱਖਣਾ। ਇਸ ਨਵੇਂ ਯੁੱਧ ਨੇ ਸਾਥੋਂ ਬਹੁਤ ਕੁਝ ਖੋਹ ਲਿਆ ਹੈ। ਇਸ ਨੇ ਲੋਕਾਂ ਵਿੱਚੋਂ ਭਾਈਚਾਰੇ ਤੇ ਦਯਾ ਦਾ ਖਾਤਮਾ ਕਰ ਦਿੱਤਾ ਹੈ। ਇਸ ਨੇ ਡਰ ਦਾ ਅਜਿਹਾ ਮਾਹੌਲ ਸਿਰਜ ਦਿੱਤਾ ਹੈ, ਜਿਸ ਨੇ ਸਾਡੇ ਅਵਚੇਤਨ ਮਨਾਂ ਉੱਤੇ ਗਹਿਰੀ ਸੱਟ ਮਾਰੀ ਹੈ। ਸਾਡੇ ਪੇਂਡੂ ਭਾਈਚਾਰੇ ਦੇ ਲੋਕ ਜਿਹੜੇ ਜਾਤੀਵਾਦੀ ਮਾਹੌਲ 'ਚੋਂ ਨਿਕਲ ਕੇ ਸ਼ਹਿਰਾਂ ਦੇ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿੱਚ ਆਏ ਸਨ, ਮੁੜ ਉਸੇ ਜਾਤੀਵਾਦ ਦੀ ਜਿੱਲ੍ਹਣ ਵਿੱਚ ਫਸਣ ਲਈ ਮਜਬੂਰ ਹੋ ਗਏ ਹਨ। ਇਸ ਨਵੇਂ ਯੁੱਧ ਵਿੱਚ ਮਾਰੇ ਜਾਣ ਵਾਲੇ ਤਾਂ ਗਰੀਬ-ਗੁਰਬਾ ਹਨ, ਪਰ ਮਾਨਸਿਕ ਤੌਰ ਉੱਤੇ ਜ਼ਖ਼ਮੀ ਹੋਣ ਵਾਲਾ ਮੱਧ ਵਰਗ ਹੈ। -ਚੰਦ ਫਤਿਹਪੁਰੀ

1595 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper