ਫਿਰੋਜ਼ਪੁਰ (ਸਤਬੀਰ ਬਰਾੜ)-ਲੁਧਿਆਣਾ ਦੇ ਸਿਵਲ ਹਸਪਤਾਲ 'ਚ ਕੋਰੋਨਾ ਪੌਜ਼ਟਿਵ ਹੋਣ ਦੀ ਪੁਸ਼ਟੀ ਤੋਂ ਬਾਅਦ ਦਾਖਲ ਕੀਤੇ ਗਏ ਫਿਰੋਜ਼ਪੁਰ ਦੇ ਵਾਸੀ ਕਰਨ ਕੁਮਾਰ ਦੇ ਰਿਹਾਇਸ਼ੀ ਇਲਾਕੇ ਜਲੰਧਰ ਕਲੋਨੀ 'ਚ ਸ਼ਨੀਵਾਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਉਸ ਦੇ ਸੰਪਰਕ 'ਚ ਰਹੇ ਲੋਕਾਂ ਦੇ ਸੈਂਪਲ ਲਏ ਤੇ ਜਾਂਚ ਲਈ ਭੇਜੇ।ਇਸ ਦੌਰਾਨ ਕਰਨ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ ਘਰ 'ਚ ਇਕਾਂਤਵਾਸ ਕਰਦੇ ਹੋਏ ਉਨ੍ਹਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਕਰਨ ਕੁਮਾਰ ਆਪਣੇ ਇਕ ਦੋਸਤ ਬਬਲੂ ਵਾਸੀ ਬਸਤੀ ਟੈਂਕਾਂ ਵਾਲੀ ਦੇ ਨਾਲ ਵੀ ਲੁਧਿਆਣਾ ਗਿਆ ਸੀ, ਜਿਸ ਕਾਰਨ ਬਬਲੂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਕਰਨ ਕੁਮਾਰ ਦੇ ਪਰਿਵਾਰਕ ਮੈਂਬਰਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਉਹ ਕੁਝ ਦਿਨ ਪਹਿਲਾਂ ਚੰਡੀਗੜ੍ਹ ਪਟਿਆਲਾ ਹੁੰਦੇ ਹੋਏ ਫਿਰੋਜ਼ਪੁਰ ਪਰਤਿਆ ਸੀ। 3 ਜੂਨ ਉਹ ਲੁਧਿਆਣਾ ਗਿਆ ਤਾਂ ਪੇਟ ਦਰਦ ਦੀ ਸ਼ਿਕਾਇਤ ਕਾਰਨ ਦੀਪਕ ਹਸਪਤਾਲ 'ਚ ਆਪਣਾ ਚੈੱਕਅੱਪ ਕਰਵਾ ਕੇ ਦਵਾਈ ਲੈ ਕੇ ਆ ਗਿਆ ਅਤੇ ਠੀਕ ਨਾ ਹੋਣ ਕਾਰਨ ਦੋ ਦਿਨ ਤੱਕ ਉਹ ਜ਼ੀਰਾ ਗੇਟ 'ਚ ਇਕ ਕਲੀਨਿਕ 'ਚ ਵੀ ਦਾਖਲ ਰਿਹਾ।ਫਿਰ ਵੀ ਅਰਾਮ ਨਾ ਆਉਣ ਕਰਕੇ ਉਹ ਦੁਬਾਰਾ ਆਪਣੇ ਦੋਸਤ ਬਬਲੂ ਨੂੰ ਨਾਲ ਲੈ ਕੇ ਲੁਧਿਆਣਾ ਗਿਆ, ਜਿੱਥੇ ਸਿਵਲ ਹਸਪਤਾਲ 'ਚ ਜਦ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਸ ਦੀ ਰਿਪੋਰਟ ਪੌਜ਼ਟਿਵ ਆਈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਨੀਵਾਰ ਕਰਨ ਕੁਮਾਰ ਦੀ ਜਲੰਧਰ ਕਾਲੋਨੀ ਸਥਿਤ ਰਿਹਾਇਸ਼ 'ਤੇ ਉਸ ਦੀ ਪਤਨੀ, ਦੋ ਬੱਚਿਆਂ, ਭੈਣ, ਭਾਣਜੇ ਤੇ ਭਾਣਜੀ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ, ਜਦਕਿ ਉਸ ਦੇ ਮਾਤਾ-ਪਿਤਾ ਉਸ ਦੇ ਨਾਲ ਲੁਧਿਆਣਾ 'ਚ ਹੀ ਹਨ। ਬੱਬਲੂ ਦੇ ਤਿੰਨ ਪਰਿਵਾਰਕ ਮੈਂਬਰਾਂ ਨੂੰ ਵੀ ਹੋਮ ਕੁਆਰੰਟਾਈਨ ਕੀਤਾ ਗਿਆ ਹੈ।ਟੀਮਾਂ ਵੱਲੋਂ ਜਲੰਧਰ ਕਾਲੋਨੀ ਤੇ ਬਸਤੀ ਟੈਂਕਾਂਵਾਲੀ 'ਚ ਉਕਤ ਦੋਹਾਂ ਦੇ ਸੰਪਰਕ 'ਚ ਰਹੇ ਕਰੀਬ 70 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ।
ਜ਼ੀਰਾ ਗੇਟ ਸਥਿਤ ਕਲੀਨਿਕ ਦੇ ਸਟਾਫ ਦੇ ਲਏ ਜਾ ਰਹੇ ਹਨ ਸੈਂਪਲ-ਪੂਰੇ ਮਾਮਲੇ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾ. ਅਵਿਨਾਸ਼ ਜਿੰਦਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾ ਕਿਹਾ ਕਿ ਕੋਰੋਨਾ ਪੌਜ਼ਟਿਵ ਮਰੀਜ਼ ਦਾ ਸ਼ਹਿਰ ਦੇ ਇਕ ਕਲੀਨਿਕ 'ਚ ਦੋ ਦਿਨ ਤੱਕ ਇਲਾਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦਾ ਪਤਾ ਚੱਲਦਿਆਂ ਹੀ ਵਿਭਾਗ ਵੱਲੋਂ ਕਲੀਨਿਕ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਤੇ ਕਲੀਨਿਕ ਦੇ ਸਾਰੇ ਸਟਾਫ ਦੇ ਨਮੂਨੇ ਲਏ ਜਾ ਰਹੇ ਹਨ।