Latest News
ਭਵਿੱਖ ਦੀ ਚਿੰਤਾ ਨਹੀਂ

Published on 15 Jun, 2020 09:52 AM.


ਭਾਰਤ 'ਚ ਕੋਰੋਨਾ ਮਹਾਂਮਾਰੀ ਦੀ ਆਮਦ ਨੂੰ ਪੰਜ ਮਹੀਨੇ ਬੀਤ ਚੁੱਕੇ ਹਨ। ਹੁਣ ਤੱਕ 10 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਇਸ ਸਮੇਂ ਦੌਰਾਨ ਕਿੰਨੇ ਲੋਕ ਦਿਲ ਦੇ ਰੋਗ, ਕਿਡਨੀ ਦੇ ਰੋਗ, ਲਿਵਰ ਦੇ ਰੋਗ, ਨਮੋਨੀਆ ਤੇ ਟੀ ਬੀ ਵਰਗੀਆਂ ਬਿਮਾਰੀਆਂ ਨਾਲ ਮਰੇ, ਇਸ ਦੇ ਕੋਈ ਅੰਕੜੇ ਉਪਲੱਬਧ ਨਹੀਂ ਹਨ। ਭਾਰਤ ਵਿੱਚ ਹਰ ਸਾਲ ਲੱਖਾਂ ਲੋਕ ਟੀ ਬੀ ਦੀ ਬਿਮਾਰੀ ਨਾਲ ਮਰ ਜਾਂਦੇ ਹਨ। ਸੰਨ 2018 ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਟੀ ਬੀ ਦੀ ਬਿਮਾਰੀ ਨਾਲ 4.4 ਲੱਖ ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਬਿਨਾਂ ਹੋਰ ਵੀ ਬਿਮਾਰੀਆਂ ਹਨ, ਜਿਨ੍ਹਾਂ ਨਾਲ ਹਰ ਸਾਲ ਲੱਖਾਂ ਭਾਰਤੀ ਮਰ ਜਾਂਦੇ ਹਨ। ਸੰਨ 2016 ਦੇ ਉਪਲੱਬਧ ਅੰਕੜਿਆਂ ਮੁਤਾਬਕ ਉਸ ਸਾਲ ਦਿਲ ਦੀਆਂ ਬਿਮਾਰੀਆਂ ਨਾਲ 17 ਲੱਖ, ਫੇਫੜਿਆਂ ਦੇ ਰੋਗਾਂ ਨਾਲ ਸਾਢੇ 8 ਲੱਖ, ਸਿਰ ਦੀ ਨਾੜੀ ਫਟਣ (ਬਰੇਨ ਹੈਮਰੇਜ) ਨਾਲ 7 ਲੱਖ ਤੇ ਸ਼ੂਗਰ ਨਾਲ ਪੌਣੇ ਦੋ ਲੱਖ ਮੌਤਾਂ ਹੋਈਆਂ ਸਨ। ਮੌਤਾਂ ਦਾ ਇਹ ਸਿਲਸਿਲਾ ਹਰ ਸਾਲ ਥੋੜ੍ਹੇ-ਬਹੁਤ ਵਾਧੇ-ਘਾਟੇ ਨਾਲ ਲਗਾਤਾਰ ਜਾਰੀ ਹੈ। ਇਸ ਤੋਂ ਬਿਨਾਂ ਹਰ ਸਾਲ ਸੜਕ ਹਾਦਸਿਆਂ ਵਿੱਚ ਹੀ ਢਾਈ ਲੱਖ ਮੌਤਾਂ ਹੋ ਜਾਂਦੀਆਂ ਹਨ। ਇਨ੍ਹਾਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਹੁੰਦੀਆਂ ਮੌਤਾਂ ਨੇ ਆਮ ਰਫ਼ਤਾਰ ਨਾਲ ਚੱਲ ਰਹੀ ਜ਼ਿੰਦਗੀ 'ਤੇ ਕਦੇ ਵੀ ਅਜਿਹਾ ਅਸਰ ਨਹੀਂ ਪਾਇਆ ਕਿ ਸਾਰਾ ਸਿਸਟਮ ਹੀ ਤਹਿਸ-ਨਹਿਸ ਹੋ ਜਾਵੇ,ਪਰ ਕੋਰੋਨਾ ਮਹਾਂਮਾਰੀ ਦੌਰਾਨ ਫੈਲਾਈ ਦਹਿਸ਼ਤ ਨੇ ਹੋਰ ਕਈ ਖੇਤਰਾਂ ਵਿੱਚ ਮਹਾਂਮਾਰੀ ਵਰਗੀ ਹਾਲਤ ਪੈਦਾ ਕਰ ਦਿੱਤੀ ਹੈ। ਇਸ ਸਮੇਂ ਦੇਸ਼ ਦੀ ਸਮੁੱਚੀ ਅਰਥ ਵਿਵਸਥਾ ਹੁਣ ਤੱਕ ਦੇ ਸਭ ਤੋਂ ਬੁਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਬੇਰੁਜ਼ਗਾਰੀ ਨੇ 10 ਕਰੋੜ ਪਰਵਾਰਾਂ ਨੂੰ ਭੁੱਖਮਰੀ ਦੀ ਹਾਲਤ ਵਿੱਚ ਪੁਚਾ ਦਿੱਤਾ ਹੈ। ਕੋਰੋਨਾ ਮਹਾਂਮਾਰੀ ਦੇ ਨਾਂਅ ਉੱਤੇ ਕੀਤੇ ਗਏ ਲਾਕਡਾਊਨ ਨੇ ਹਾਲੇ ਬਹੁਤ ਸਾਰੇ ਰੰਗ ਦਿਖਾਉਣੇ ਹਨ। ਜਾਨ ਹਾਪਕਿਨਜ਼ ਯੂਨੀਵਰਸਿਟੀ ਨੇ ਭਾਰਤ ਸੰਬੰਧੀ ਇੱਕ ਅਧਿਐਨ ਰਿਪੋਰਟ ਛਾਪੀ ਹੈ, ਜਿਸ ਦੇ ਸਿੱਟੇ ਚਿੰਤਾ ਪੈਦਾ ਕਰਨ ਵਾਲੇ ਹਨ। ਇਸ ਰਿਪੋਰਟ ਅਨੁਸਾਰ ਭਾਰਤ ਵਿੱਚ ਅਗਲੇ ਛੇ ਮਹੀਨਿਆਂ ਦੌਰਾਨ ਕੁਪੋਸ਼ਣ ਕਾਰਨ ਤਿੰਨ ਲੱਖ ਬੱਚਿਆਂ ਦੀ ਮੌਤ ਹੋ ਸਕਦੀ ਹੈ। ਲੋਕਾਂ ਦਾ ਰੁਜ਼ਗਾਰ ਖੁਸ ਜਾਣ ਦਾ ਸਭ ਤੋਂ ਵੱਧ ਅਸਰ ਬੱਚਿਆਂ ਤੇ ਗਰਭਵਤੀ ਔਰਤਾਂ ਦੀ ਸਿਹਤ ਉੱਤੇ ਪੈਣ ਵਾਲਾ ਹੈ। ਰਿਪੋਰਟ ਮੁਤਾਬਕ ਇੱਕ ਸਾਲ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਵਿੱਚੋਂ ਹਰ ਪੰਜਵਾਂ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ। ਸਿਰਫ਼ ਕੁਪੋਸ਼ਣ ਹੀ ਨਹੀਂ, ਕੋਰੋਨਾ ਦੀ ਮਹਾਂਮਾਰੀ ਦੌਰਾਨ ਟੀਕਾਕਰਨ ਵੀ ਨਹੀਂ ਹੋ ਰਿਹਾ। ਵੈਕਸੀਨ ਮਿਲ ਨਹੀਂ ਰਹੇ। ਕੋਰੋਨਾ ਦੀ ਦਹਿਸ਼ਤ ਕਾਰਨ ਲੋਕ ਲਾਗ ਦੇ ਡਰੋਂ ਆਪਣੇ ਬੱਚਿਆਂ ਨੂੰ ਟੀਕਾ ਲਵਾ ਨਹੀਂ ਰਹੇ। ਇਸ ਹਾਲਤ ਕਾਰਨ ਬੱਚਿਆਂ ਵਿੱਚ ਚੇਚਕ, ਹੈਜ਼ਾ, ਖਸਰਾ ਤੇ ਗਲ ਘੋਟੂ ਵਰਗੀਆਂ ਬਿਮਾਰੀਆਂ ਦੇ ਫੈਲਣ ਦਾ ਸ਼ੱਕ ਵਧ ਗਿਆ ਹੈ। ਰਿਪੋਰਟ ਮੁਤਾਬਕ ਲਾਕਡਾਊਨ ਕਾਰਣ ਟੀਕਾਕਰਨ ਨਾ ਹੋਣ ਦੇ ਨਤੀਜੇ ਵਜੋਂ ਦੱਖਣੀ ਏਸ਼ੀਆ ਵਿੱਚ ਆਉਣ ਵਾਲੇ ਦਿਨੀਂ ਰੋਜ਼ਾਨਾ 6 ਹਜ਼ਾਰ ਬੱਚੇ ਮੌਤ ਦੇ ਮੂੰਹ ਵਿੱਚ ਜਾ ਸਕਦੇ ਹਨ। ਕੋਰੋਨਾ ਦੇ ਡਰ ਕਾਰਨ ਦੇਸ਼ ਵਿੱਚ ਇਸ ਸਮੇਂ ਆਂਗਣਵਾੜੀ ਕੇਂਦਰ ਬੰਦ ਪਏ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਬੱਚਿਆਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਾਉਣ ਦੀ ਹੈ।
ਇਸ ਤੋਂ ਇਲਾਵਾ ਪੰਜ ਮੈਂਬਰਾਂ ਦੇ ਰੁਜ਼ਗਾਰ ਗੁਆ ਚੁੱਕੇ ਪਰਵਾਰ ਲਈ ਹਰ ਮਹੀਨੇ 65 ਕਿਲੋ ਅਨਾਜ ਦੀ ਜ਼ਰੂਰਤ ਹੈ, ਪਰ ਸਰਕਾਰ 25 ਕਿਲੋ ਦੇ ਰਹੀ ਹੈ। ਅੱਠਵੀਂ ਤੱਕ ਦੇ ਬੱਚਿਆਂ ਨੂੰ ਮਿਲਣ ਵਾਲਾ 'ਮਿਡ ਡੇ ਮੀਲ' ਵੀ ਨਹੀਂ ਮਿਲ ਰਿਹਾ, ਕਿਉਂਕਿ ਸਕੂਲ ਬੰਦ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਭੁੱਖਮਰੀ ਤੇ ਬੱਚਿਆਂ ਦੇ ਕੁਪੋਸ਼ਣ ਨੂੰ ਤਦ ਹੀ ਰੋਕਿਆ ਜਾ ਸਕਦਾ ਹੈ, ਜਦੋਂ 'ਭੋਜਨ ਦਾ ਅਧਿਕਾਰ ਕਾਨੂੰਨ' ਤੇ 'ਕੌਮੀ ਪੌਸ਼ਟਿਕ ਅਹਾਰ ਮਿਸ਼ਨ' ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ ਤੇ ਕੋਈ ਪਰਵਾਰ ਜਾਂ ਬੱਚਾ ਇਸ ਤੋਂ ਵਾਂਝਾ ਨਹੀਂ ਰਹੇਗਾ।
ਪਰ ਹਾਕਮਾਂ ਨੇ ਕੋਰੋਨਾ ਨਾਲ ਨਜਿੱਠਣ ਦੇ ਨਾਂਅ ਉੱਤੇ ਜਿਸ ਤਰ੍ਹਾਂ ਸਾਰੇ ਸਿਸਟਮ ਵਿੱਚ ਉਥਲ-ਪੁਥਲ ਮਚਾ ਰੱਖੀ ਹੈ, ਉਸ ਤੋਂ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਇਸ ਗੰਭੀਰ ਪ੍ਰਸਥਿਤੀ ਨਾਲ ਨਜਿੱਠਣ ਦੀ ਕੋਈ ਚਿੰਤਾ ਹੈ। ਕੋਰੋਨਾ ਨੂੰ ਭੁਲਾ ਕੇ ਉਹ ਬਿਹਾਰ ਸਮੇਤ ਦੂਜੇ ਸੂਬਿਆਂ ਦੀਆਂ ਚੋਣਾਂ ਲਈ ਤਾਂ ਸਮਾਂ ਕੱਢ ਸਕਦੇ ਹਨ, ਪਰ ਦੇਸ਼ ਦੇ ਭਵਿੱਖ ਦੀ ਸਾਰ ਲੈਣ ਦਾ ਉਨ੍ਹਾਂ ਕੋਲ ਕੋਈ ਵਕਤ ਨਹੀਂ ਹੈ।
-ਚੰਦ ਫਤਿਹਪੁਰੀ

753 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper