Latest News
ਮੱਲਾਪੁਰਮ ਕਲਚਰ

Published on 16 Jun, 2020 10:49 AM.


ਇਹ ਖਬਰ ਬਹੁਤ ਘੱਟ ਲੋਕਾਂ ਦੀ ਨਜ਼ਰੀਂ ਪਈ ਹੋਵੇਗੀ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਵਿਚ ਮਿਸਾਲ ਬਣਨ ਵਾਲੇ ਕੇਰਲਾ ਦੇ ਮੱਲਾਪੁਰਮ ਜ਼ਿਲ੍ਹੇ ਦੇ ਧਾਰਮਕ ਮੁਖੀਆਂ ਨੇ ਕੇਂਦਰ ਦੀ ਮਨਜ਼ੂਰੀ ਦੇ ਬਾਵਜੂਦ ਧਰਮ ਸਥਾਨ ਨਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸੂਬੇ ਦੇ ਇੱਕੋ-ਇਕ ਮੁਸਲਮ ਬਹੁਗਿਣਤੀ ਵਾਲੇ ਜ਼ਿਲ੍ਹੇ, ਜਿਥੇ ਮੁਸਲਮਾਨਾਂ ਦੀ ਆਬਾਦੀ 75 ਫੀਸਦੀ ਹੈ, ਵਿਚ ਸਾਰੀਆਂ ਦੀਆਂ ਸਾਰੀਆਂ ਲਗਭਗ ਪੰਜ ਹਜ਼ਾਰ ਮਸਜਿਦਾਂ ਨੂੰ ਨਾ ਖੋਲ੍ਹਣ ਦਾ ਸਰਬਸੰਮਤ ਫੈਸਲਾ ਕੀਤਾ ਗਿਆ ਹੈ। ਇਹੀ ਨਹੀਂ, ਕਈ ਮੰਦਰਾਂ ਤੇ ਚਰਚਾਂ ਨੇ ਵੀ ਅਜਿਹਾ ਹੀ ਫੈਸਲਾ ਲਿਆ ਹੈ। ਮੱਲਾਪੁਰਮ ਉਹੀ ਜ਼ਿਲ੍ਹਾ ਹੈ, ਜਿਸ ਨੂੰ ਭਾਜਪਾ ਦੀ ਸਾਬਕਾ ਕੇਂਦਰੀ ਮੰਤਰੀ ਤੇ ਜਾਨਵਰਾਂ ਨਾਲ ਬਹੁਤ ਮੋਹ ਜਤਾਉਣ ਵਾਲੀ ਮੇਨਕਾ ਗਾਂਧੀ ਨੇ ਮੁਲਕ ਦਾ ਸਭ ਤੋਂ ਹਿੰਸਕ ਜ਼ਿਲ੍ਹਾ ਗਰਦਾਨਦਿਆਂ ਕਿਹਾ ਸੀ ਕਿ ਉਥੇ ਇਸਤਰੀਆਂ ਤੇ ਬੱਚਿਆਂ ਨੂੰ ਰਾਹ ਚਲਦਿਆਂ ਮਾਰ ਦਿੱਤਾ ਜਾਂਦਾ ਹੈ। ਉਸ ਨੇ ਇਹ ਵੀ ਕਿਹਾ ਸੀ ਕਿ ਇਹ ਜ਼ਿਲ੍ਹਾ ਫਿਰਕੂ ਵਿਵਾਦਾਂ ਦਾ ਕੇਂਦਰ ਹੈ। ਇਹ ਤੁਹਮਤ ਉਸ ਨੇ ਇਕ ਗਰਭਵਤੀ ਹਥਨੀ ਦੀ ਮੌਤ ਤੋਂ ਬਾਅਦ ਲਾਈ ਸੀ, ਹਾਲਾਂਕਿ ਬਾਅਦ ਵਿਚ ਉਹ ਝੂਠੀ ਸਾਬਤ ਹੋਈ ਸੀ, ਕਿਉਂਕਿ ਪਟਾਕਿਆਂ ਵਾਲਾ ਪੇੜਾ ਖਾ ਕੇ ਹਥਨੀ ਮੱਲਾਪੁਰਮ ਨਹੀਂ, ਪਲੱਕੜ ਜ਼ਿਲ੍ਹੇ ਵਿਚ ਮਰੀ ਸੀ। ਕੇਂਦਰ ਵਿਚ ਹਕੂਮਤ ਕਰਨ ਵਾਲੀ ਭਾਜਪਾ ਨੇ ਕੋਰੋਨਾ ਨੂੰ ਉਦੋਂ ਤੋਂ 'ਕੋਰੋਨਾ ਜਿਹਾਦ' ਦਾ ਰੂਪ ਦੇਣਾ ਸ਼ੁਰੂ ਕਰ ਦਿੱਤਾ ਸੀ, ਜਦੋਂ ਦਿੱਲੀ ਵਿਚ ਤਬਲੀਗੀ ਮਰਕਜ਼ ਦੇ ਕੁਝ ਲੋਕ ਆਪਣੀ ਗਲਤੀ ਕਾਰਨ ਕੋਰੋਨਾ ਪੀੜਤ ਪਾਏ ਗਏ ਸਨ। ਗੋਦੀ ਮੀਡੀਆ ਨੇ ਵੀ ਇਸ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਸੀ। ਮੱਲਾਪੁਰਮ ਦੇ ਧਾਰਮਕ ਆਗੂਆਂ ਦੇ ਫੈਸਲੇ ਨੂੰ ਗੋਦੀ ਮੀਡੀਆ ਨੇ ਇਸੇ ਕਰਕੇ ਦਫਨ ਕਰ ਦਿੱਤਾ ਕਿ ਉਸਾਰੂ ਤਸਵੀਰ ਪੇਸ਼ ਕਰਨ ਵਾਲੀ ਇਹ ਖਬਰ ਸੱਤਾ ਦੇ ਗਲਿਆਰਿਆਂ ਨੂੰ ਪਸੰਦ ਨਹੀਂ ਆਏਗੀ, ਹਾਲਾਂਕਿ ਮੰਦਰਾਂ ਨੂੰ ਵੀ ਨਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।
ਧਰਮ ਸਥਾਨ ਖੋਲ੍ਹਣ ਦੇ ਹਮਾਇਤੀਆਂ ਤੇ ਖੁਦ ਸਰਕਾਰ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਧਾਰਮਕ ਆਗੂ ਸਾਰੀਆਂ ਸਾਵਧਾਨੀਆਂ ਯਕੀਨੀ ਬਣਾ ਸਕਦੇ ਹਨ, ਜਿਨ੍ਹਾਂ ਵਿਚ ਬਹੁਤੇ ਲੋਕਾਂ ਦੇ ਇਕੱਠੇ ਨਾ ਹੋਣਾ ਸ਼ਾਮਲ ਹੈ, ਪਰ ਭਾਰਤ ਦੀ ਵਿਸ਼ਾਲ ਆਬਾਦੀ ਨੂੰ ਦੇਖਦਿਆਂ ਇਸ 'ਤੇ ਅਮਲ ਨਾਮੁਮਕਿਨ ਹੋਵੇਗਾ। ਗਵਾਂਢੀ ਪਾਕਿਸਤਾਨ ਦੀ ਮਿਸਾਲ ਤੋਂ ਵੀ ਸਿੱਖਿਆ ਜਾ ਸਕਦਾ ਹੈ। ਉਥੇ ਰਾਸ਼ਟਰਪਤੀ ਅਲਵੀ ਨੇ ਰੂੜ੍ਹੀਵਾਦੀਆਂ ਤੇ ਮੌਲਾਣਿਆਂ ਦੇ ਦਬਾਅ ਵਿਚ ਇਕ 20 ਸੂਤਰੀ ਯੋਜਨਾ ਤਹਿਤ ਇਬਾਦਤਗਾਹਾਂ ਖੁਲ੍ਹਵਾ ਦਿੱਤੀਆਂ, ਜਿਸ ਵਿਚ ਮਾਸਕ ਪਾਉਣ, ਗਲੇ ਨਾ ਮਿਲਣ ਆਦਿ ਪਾਬੰਦੀਆਂ ਦੀ ਪਾਲਣਾ ਜ਼ਰੂਰੀ ਸੀ, ਪਰ ਦੇਸ਼ ਦੀਆਂ 80 ਫੀਸਦੀ ਮਸਜਿਦਾਂ ਤੋਂ ਇਹ ਰਿਪੋਰਟਾਂ ਮਿਲੀਆਂ ਕਿ ਪਾਬੰਦੀਆਂ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ। ਪਾਬੰਦੀਆਂ ਲਾਗੂ ਕਰਾਉਣ ਵਾਲੇ ਪੁਲਸ ਵਾਲਿਆਂ ਨੂੰ ਅਤਾਬ ਦਾ ਸ਼ਿਕਾਰ ਬਣਾਇਆ ਗਿਆ। ਭਾਰਤ ਵਿਚ ਢਾਈ ਮਹੀਨਿਆਂ ਤੱਕ ਧਾਰਮਕ ਆਗੂਆਂ ਨੇ ਲਾਕਡਾਊਨ ਦੀ ਪੂਰੀ ਪਾਲਣਾ ਕੀਤੀ। ਲਾਕਡਾਊਨ ਖੁੱਲ੍ਹਣ ਤੋਂ ਬਾਅਦ ਮਾਮਲਿਆਂ ਵਿਚ ਯਕਦਮ ਵਾਧਾ ਹੋਣਾ ਸ਼ੁਰੂ ਹੋ ਗਿਆ। ਲੋੜ ਤਾਂ ਇਹ ਸੀ ਕਿ ਸਰਕਾਰ ਧਾਰਮਕ ਆਗੂਆਂ ਨੂੰ ਕਾਇਲ ਕਰਦੀ ਕਿ ਰੱਬ ਨੂੰ ਸਰਬਸ਼ਕਤੀਮਾਨ, ਹਰ ਥਾਂ ਮੌਜੂਦ ਰਹਿਣ ਵਾਲਾ ਤੇ ਸਭ ਨੂੰ 'ਰੱਬ ਦੀ ਸੰਤਾਨ' ਮੰਨਣ ਵਾਲੇ ਲੋਕ ਹੋਰਨਾਂ ਦੇ ਭਲੇ ਵਿਚ ਆਸਥਾ ਦੇ ਜਨਤਕ ਪ੍ਰਦਰਸ਼ਨ ਤੋਂ ਕੁਝ ਸਮਾਂ ਹੋਰ ਰੁਕ ਲੈਣ। ਡਾਕਟਰ ਰੋਜ਼ ਖਬਰਦਾਰ ਕਰ ਰਹੇ ਹਨ ਕਿ ਜਦੋਂ ਮਨੁੱਖ ਖੰਘਦਾ ਹੈ, ਛਿੱਕਦਾ ਹੈ, ਗਾਉਂਦਾ ਹੈ ਜਾਂ ਜ਼ੋਰ ਨਾਲ ਬੋਲਦਾ ਹੈ ਤਾਂ ਹਵਾ ਵਿਚ ਉਡਣ ਵਾਲੀਆਂ ਨਿੱਕੀਆਂ-ਨਿੱਕੀਆਂ ਬੂੰਦਾਂ ਨਾਲ ਕੋਰੋਨਾ ਵਾਇਰਸ ਫੈਲਦਾ ਹੈ। ਇਸ ਦੀਆਂ ਬੂੰਦਾਂ ਸਤਹ ਨਾਲ ਚਿੰਬੜਦੀਆਂ ਹਨ, ਜਿਹੜੀਆਂ ਹੱਥ ਲੱਗਣ 'ਤੇ ਮੂੰਹ, ਨੱਕ ਤੇ ਅੱਖਾਂ ਤੱਕ ਪੁੱਜ ਕੇ ਸਰੀਰ ਵਿਚ ਦਾਖਲ ਹੁੰਦੀਆਂ ਹਨ। ਮਸ਼ਹੂਰ ਸਰਜਨ ਅਤੇ ਡਾਕਟਰੀ ਨਾਲ ਸੰਬੰਧਤ ਸਮਾਜੀ ਮਾਮਲਿਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਾਲੇ ਪ੍ਰੋਫੈਸਰ ਅਤੁਲ ਗਾਵੰਡੇ ਨੇ ਪਿਛਲੇ ਦਿਨੀਂ ਨਿਊਯਾਰਕਰ ਰਸਾਲੇ ਵਿਚ ਲਿਖੇ ਲੇਖ ਵਿਚ ਹੱਥਾਂ ਦੀ ਸਫਾਈ, ਸਕਰੀਨਿੰਗ, ਜਿਸਮਾਨੀ ਦੂਰੀ ਤੇ ਮਾਸਕ ਦੇ ਚਾਰ ਤੱਤਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਇਨ੍ਹਾਂ ਵਿਚੋਂ ਇਕ ਮਾਮਲੇ ਵਿਚ ਵੀ ਕੁਤਾਹੀ ਹੋਣ 'ਤੇ ਵਾਇਰਸ ਨੂੰ ਫੈਲਣੋਂ ਨਹੀਂ ਰੋਕਿਆ ਜਾ ਸਕਦਾ। ਇਨ੍ਹਾਂ ਡਾਕਟਰੀ ਤੱਤਾਂ ਦੇ ਨਾਲ ਉਨ੍ਹਾ ਇਕ ਗੈਰ-ਡਾਕਟਰੀ ਤੱਤ ਸੰਸਕ੍ਰਿਤੀ (ਕਲਚਰ) ਦਾ ਵੀ ਜ਼ਿਕਰ ਕੀਤਾ ਸੀ। ਦੂਜਿਆਂ ਦਾ ਭਲਾ ਸੋਚਣ ਵਾਲਾ ਇਹੀ ਉਹ ਚੰਗਾ ਕਲਚਰ ਹੈ, ਜਿਹੜਾ ਕਈ ਮਹਾਂਕਵੀਆਂ ਦੀ ਧਰਤੀ ਤੇ ਕੇਰਲਾ ਦੇ ਮੁੱਖ ਮੰਤਰੀ ਰਹੇ ਨੰਬੂਦਰੀਪਾਦ ਦੀ ਜਨਮ-ਸਥੱਲੀ ਮੱਲਾਪੁਰਮ ਨੇ ਦਰਸਾਇਆ ਹੈ। ਕੋਰੋਨਾ ਵਾਇਰਸ ਦੀ ਚੇਨ ਤੋੜਨ ਲਈ ਡਾਕਟਰਾਂ ਦੀ ਸਲਾਹ ਮੰਨਣ ਦੇ ਨਾਲ-ਨਾਲ ਮੱਲਾਪੁਰਮ ਕਲਚਰ ਅਪਨਾਉਣਾ ਹੀ ਕਾਰਗਰ ਸਾਬਤ ਹੋਵੇਗਾ।

681 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper