Latest News
ਮੁਦੱਬਰੀ ਦਾ ਸਵਾਲ

Published on 17 Jun, 2020 11:16 AM.


ਲੱਦਾਖ ਨਾਲ ਲਗਦੀ ਲਾਈਨ ਆਫ ਐਕਚੁਅਲ ਕੰਟਰੋਲ 'ਤੇ ਚੀਨ ਤੇ ਭਾਰਤ ਵਿਚਾਲੇ ਚੱਲ ਰਹੇ ਰੱਫੜ ਨੂੰ ਹੱਲ ਕਰਨ ਲਈ 6 ਜੂਨ ਨੂੰ ਦੋਹਾਂ ਦੇਸ਼ਾਂ ਦੇ ਕੋਰ ਕਮਾਂਡਰਾਂ ਦੀ ਮੀਟਿੰਗ ਤੋਂ ਬਾਅਦ ਦੇ 10 ਦਿਨਾਂ ਵਿਚ ਭਾਰਤ ਵੱਲੋਂ ਦਿੱਤੇ ਛੇ ਤੇ ਚੀਨ ਵੱਲੋਂ ਦਿੱਤੇ ਤਿੰਨ ਬਿਆਨਾਂ ਦੀ ਸੁਰ ਇਹੀ ਸੀ ਕਿ ਦੋਨੋਂ ਦੇਸ਼ ਮਸਲਾ ਨਬੇੜਨ ਲਈ ਨਿਰੰਤਰ ਗੱਲਬਾਤ ਕਰ ਰਹੇ ਹਨ। ਭਾਰਤ ਵੱਲੋਂ ਇਹ ਬਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰਾਲੇ ਤੇ ਥਲ ਸੈਨਾ ਮੁਖੀ ਜਨਰਲ ਐੱਮ ਐੱਮ ਨਰਵਾਣੇ ਨੇ ਦਿੱਤੇ, ਜਦਕਿ ਚੀਨ ਵੱਲੋਂ ਉਸ ਦੇ ਵਿਦੇਸ਼ ਮੰਤਰਾਲੇ ਨੇ। ਜਨਰਲ ਨਰਵਾਣੇ ਨੇ 13 ਜੂਨ ਨੂੰ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਵਿਚ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲੈਣ ਤੋਂ ਬਾਅਦ ਇਥੋਂ ਤੱਕ ਕਿਹਾ ਸੀ ਕਿ ਉਹ ਦੇਸ਼ ਨੂੰ ਯਕੀਨ ਦਿਵਾਉਣਾ ਚਾਹੁੰਦੇ ਹਨ ਕਿ ਚੀਨ ਨਾਲ ਲਗਦੀ ਸਮੁੱਚੀ ਸਰਹੱਦ 'ਤੇ ਸਥਿਤੀ ਕੰਟਰੋਲ ਵਿਚ ਹੈ, ਗਲਵਾਨ ਵਾਦੀ ਵਿਚ ਦੋਨੋਂ ਪਾਸਿਆਂ ਦੀਆਂ ਫੌਜਾਂ ਟਕਰਾਅ ਵਾਲੀ ਹਾਲਤ ਤੋਂ ਪਿੱਛੇ ਮੁੜ ਰਹੀਆਂ ਹਨ ਤੇ ਗੱਲਬਾਤ ਨਾਲ ਸਾਰੇ ਮਸਲੇ ਹੱਲ ਹੋ ਜਾਣਗੇ। ਇਸ ਦੇ ਬਾਵਜੂਦ ਚੀਨ ਨਾਲ ਵਧਦੇ ਖਿਚਾਅ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਾਮੋਸ਼ੀ ਸਭ ਨੂੰ ਹੈਰਾਨ ਕਰਦੀ ਰਹੀ। ਚੀਨੀ ਰਾਸ਼ਟਰਪਤੀ ਜ਼ੀ ਫਿੰਗ ਨਾਲ ਪਿਛਲੇ ਛੇ ਸਾਲਾਂ ਵਿਚ 18 ਵਾਰ ਜੱਫੀਆਂ ਪਾਉਣ ਵਾਲੇ ਅਤੇ ਡੋਕਲਾਮ ਤੇ ਹੋਰਨੀਂ ਥਾਈਂ ਪੈਦਾ ਹੋਏ ਖਿਚਾਅ ਦੇ ਬਾਵਜੂਦ ਉਨ੍ਹਾ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਲੇ ਪ੍ਰਧਾਨ ਮੰਤਰੀ ਵੱਲੋਂ ਸੋਮਵਾਰ ਉਨ੍ਹਾ ਨੂੰ ਜਨਮ ਦਿਨ ਦੀ ਵਧਾਈ ਨਾ ਦੇਣ ਤੋਂ ਲੱਗ ਗਿਆ ਸੀ ਕਿ ਮਾਮਲਾ ਜ਼ਿਆਦਾ ਹੀ ਵਧ ਗਿਆ ਹੈ। ਸੋਮਵਾਰ ਦੀ ਝੜਪ, ਜਿਸ ਵਿਚ ਕਰਨਲ ਸਮੇਤ ਘੱਟੋ-ਘੱਟ 20 ਜਵਾਨ ਸ਼ਹੀਦ ਹੋ ਗਏ, ਨੇ ਇਸ ਦੀ ਤਸਦੀਕ ਕਰ ਦਿੱਤੀ। ਏਨੇ ਜਵਾਨਾਂ ਦੇ ਸ਼ਹੀਦ ਹੋਣ ਨੇ ਦੇਸ਼ ਵਾਸੀਆਂ ਵਿਚ ਕਾਫੀ ਰੋਹ ਪੈਦਾ ਕੀਤਾ ਹੈ, ਪਰ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਤੱਤੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਇਹ ਜ਼ਰੂਰ ਖਿਆਲ ਵਿਚ ਰੱਖਣਾ ਪੈਣਾ ਕਿ ਪੰਗਾ ਐਤਕੀਂ ਚੀਨ ਨਾਲ ਹੈ, ਪਾਕਿਸਤਾਨ ਨਾਲ ਨਹੀਂ। ਉਸ ਨੂੰ ਤਾਂ 'ਘਰ ਮੇਂ ਘੁਸਕੇ ਮਾਰੇਂਗੇ' ਕਹਿ ਸਕਦੇ ਹਾਂ, ਪਰ ਚੀਨ ਨਾਲ ਝਗੜਾ ਵਧਾਉਣਾ ਅਕਲਮੰਦੀ ਨਹੀਂ ਹੋਵੇਗੀ, ਜਦੋਂ ਕਿ ਦੇਸ਼ ਕੋਰੋਨਾ ਵਾਇਰਸ ਵਿਰੁੱਧ ਇਕ ਵੱਡੀ ਜੰਗ ਵਿਚ ਉਲਝਿਆ ਹੋਇਆ ਹੈ। ਹੁਕਮਰਾਨਾਂ ਨੂੰ ਠਰੰ੍ਹਮੇ ਨਾਲ ਇਹ ਸੋਚਣਾ ਚਾਹੀਦਾ ਹੈ ਕਿ ਗਵਾਂਢੀਆਂ ਨਾਲ ਝਗੜੇ ਕਿਉਂ ਵਧ ਰਹੇ ਹਨ। ਪਾਕਿਸਤਾਨ ਨਾਲ ਤਾਂ ਸਾਡੀ ਬਣਦੀ ਨਹੀਂ, ਪਿਛਲੇ ਦਿਨਾਂ ਤੋਂ ਨੇਪਾਲ ਨਾਲ ਵੀ ਇਲਾਕਿਆਂ ਦਾ ਰੌਲਾ ਪਿਆ ਹੋਇਆ ਹੈ ਤੇ ਹੁਣ ਚੀਨ ਨਾਲ ਫੌਜੀ ਝੜਪ ਹੋ ਗਈ ਹੈ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਰੁਤਬਾ ਖਤਮ ਕਰਕੇ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਤੋਂ ਹੀ ਚੀਨ ਤਿੱਖੇ ਤੇਵਰ ਦਿਖਾ ਰਿਹਾ ਸੀ। ਉਸ ਦਾ ਦਾਅਵਾ ਹੈ ਕਿ ਭਾਰਤ ਨੇ ਲੱਦਾਖ ਦੀ ਭੂਗੋਲਿਕ ਸਥਿਤੀ ਨਾਲ ਛੇੜਛਾੜ ਕੀਤੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀਆਂ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਜੱਫੀਆਂ ਵੀ ਚੀਨ ਨੂੰ ਰਾਸ ਨਹੀਂ ਆ ਰਹੀਆਂ। ਉਸ ਨੂੰ ਲੱਗਦਾ ਹੈ ਕਿ ਭਾਰਤ ਉਸ ਨੂੰ ਘੇਰਨ ਦਾ ਜਤਨ ਕਰ ਰਹੇ ਅਮਰੀਕਾ ਤੇ ਹੋਰਨਾਂ ਪੱਛਮੀ ਦੇਸ਼ਾਂ ਨਾਲ ਅੱਖ-ਮਟੱਕਾ ਕਰ ਰਿਹਾ ਹੈ। ਗਲਵਾਨ ਦੀ ਝੜਪ ਨੇ ਹਾਲਾਤ ਬਦਲ ਦਿੱਤੇ ਹਨ। ਕਾਰਗਿਲ ਦੀ ਲੜਾਈ ਵੇਲੇ ਤਾਂ ਪਾਕਿਸਤਾਨ ਤੋਂ ਭਾਰਤੀ ਇਲਾਕਾ ਖਾਲੀ ਕਰਵਾ ਲਿਆ ਗਿਆ ਸੀ ਤੇ ਉਸ ਨੂੰ ਕੌਮਾਂਤਰੀ ਪੱਧਰ 'ਤੇ ਨਿਖੇੜ ਵੀ ਦਿੱਤਾ ਗਿਆ ਸੀ, ਪਰ ਚੀਨ ਦਾ ਮਾਮਲਾ ਵੱਖਰਾ ਹੈ। ਭਾਰਤ ਪੱਛਮੀ ਦੇਸ਼ਾਂ ਤੋਂ ਬਹੁਤੀ ਆਸ ਨਹੀਂ ਰੱਖ ਸਕਦਾ, ਕਿਉਂਕਿ ਉਨ੍ਹਾਂ ਦੇ ਚੀਨ ਨਾਲ ਵੱਡੇ ਵਪਾਰਕ ਰਿਸ਼ਤੇ ਹਨ। ਉਹ ਸੰਜਮ ਤੋਂ ਕੰਮ ਲੈਣ ਤੇ ਗੱਲਬਾਤ ਜਾਰੀ ਰੱਖਣ ਦੀ ਸਲਾਹ ਦੇਣ ਤੋਂ ਵਧ ਕੁਝ ਨਹੀਂ ਕਹਿਣਗੇ। ਭਾਰਤ ਨੂੰ ਇਸ ਮਾਮਲੇ ਵਿਚ ਆਤਮਨਿਰਭਰ ਹੀ ਹੋਣਾ ਪੈਣਾ। ਦੁਨੀਆ ਦੇ ਸਭ ਤੋਂ ਵੱਧ ਗੇੜੇ ਲਾਉਣ ਵਾਲੇ ਪ੍ਰਧਾਨ ਮੰਤਰੀ ਮੋਦੀ ਨੂੰ ਘਰੇਲੂ ਸਿਆਸੀ ਲਾਹਾ ਲੈਣ ਵਾਲੀ ਵਿਦੇਸ਼ ਨੀਤੀ ਘੜਨ ਦੀ ਥਾਂ ਗਵਾਂਢੀਆਂ ਨਾਲ ਰਿਸ਼ਤੇ ਸੁਧਾਰ ਕੇ ਸਰਹੱਦਾਂ ਸ਼ਾਂਤ ਕਰਨ ਵਾਲੀ ਸਟੇਟਸਮੈਨਸ਼ਿਪ (ਮੁਦੱਬਰੀ) ਦਾ ਸਬੂਤ ਦੇਣਾ ਪੈਣਾ। ਟਕਰਾਅ ਦਾ ਕਿਸੇ ਨੂੰ ਕਦੇ ਫਾਇਦਾ ਨਹੀਂ ਹੁੰਦਾ। ਜੇ ਚੀਨ ਨੇ ਸਾਡੇ 20 ਜਵਾਨ ਸ਼ਹੀਦ ਕੀਤੇ ਹਨ ਤਾਂ ਅਸੀਂ ਵੀ ਉਸ ਦੇ 43 ਮਾਰ ਦਿੱਤੇ ਹਨ। ਇਸ ਨੂੰ ਇਕ ਤਰ੍ਹਾਂ ਦਾ ਬਦਲਾ ਮੰਨ ਕੇ ਸਥਿਤੀ ਨੂੰ ਛੇਤੀ ਤੋਂ ਛੇਤੀ ਸ਼ਾਂਤ ਕਰਨ ਦੇ ਜਤਨ ਕਰਨਾ ਹੀ ਚੰਗੀ ਮੁਦੱਬਰੀ ਹੋਵੇਗੀ।

677 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper