Latest News
ਸਮੱਸਿਆ ਦਿੱਲੀ 'ਚ ਹੈ

Published on 18 Jun, 2020 11:07 AM.


ਨਰਿੰਦਰ ਮੋਦੀ ਨੂੰ ਜਦੋਂ ਭਾਜਪਾ ਨੇ ਆਪਣਾ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ ਤਾਂ ਉਨ੍ਹਾ 15 ਸਤੰਬਰ 2013 ਨੂੰ ਹਰਿਆਣਾ ਦੇ ਰੇਵਾੜੀ ਵਿੱਚ ਸਾਬਕਾ ਫੌਜੀਆਂ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਸੀ, ''ਸਮੱਸਿਆ ਸਰਹੱਦ 'ਤੇ ਨਹੀਂ, ਦਿੱਲੀ ਵਿੱਚ ਹੈ ਅਤੇ ਹੱਲ ਵੀ ਦਿੱਲੀ ਵਿੱਚ ਹੀ ਲੱਭਣਾ ਹੋਵੇਗਾ। ਜਦੋਂ ਤੱਕ ਦਿੱਲੀ ਵਿੱਚ ਸਮਰੱਥ ਸਰਕਾਰ ਨਹੀਂ ਬਣਦੀ, ਉਦੋਂ ਤੱਕ ਫੌਜ ਕਿੰਨੀ ਵੀ ਸਮਰੱਥ ਹੋਵੇ, ਸੁਰੱਖਿਆ ਦੀ ਗਰੰਟੀ ਨਹੀਂ ਹੋ ਸਕਦੀ।'' ਉਸ ਸਮੇਂ ਕਾਂਗਰਸ ਦੀ ਅਗਵਾਈ ਵਿੱਚ ਯੂ ਪੀ ਏ ਦੀ ਸਰਕਾਰ ਸੀ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਨ।
ਸਮਾਂ ਬਦਲਿਆ ਤੇ ਇਹ 'ਮਹਾਨ ਸਿਆਸੀ ਪੰਡਤ' ਦਿੱਲੀ ਦੀ ਰਾਜਗੱਦੀ 'ਤੇ ਬਿਰਾਜਮਾਨ ਹੋ ਗਏ। ਅੱਜ ਉਨ੍ਹਾ ਦੇ ਰੇਵਾੜੀ ਦੀ ਰੈਲੀ ਵਿੱਚ ਕਹੇ ਹੋਏ ਸ਼ਬਦ ਉਨ੍ਹਾ ਦੇ ਹੀ ਸਨਮੁੱਖ ਖੜ੍ਹੇ ਹਨ। ਪਾਕਿਸਤਾਨ ਨਾਲ ਸਾਡਾ ਸਰਹੱਦੀ ਝਗੜਾ ਪੁਰਾਣਾ ਹੈ, ਪਰ ਮੋਦੀ ਸਰਕਾਰ ਆਉਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਲਖੀ ਸਿਖਰਾਂ 'ਤੇ ਹੈ। ਨੇਪਾਲ ਨਾਲ ਸਾਡੇ ਸੰਬੰਧ ਸਦਾ ਹੀ ਸੁਖਾਵੇਂ ਰਹੇ ਹਨ। ਭਾਰਤ ਦੀ ਨੇਪਾਲ ਨਾਲ 1750 ਕਿਲੋਮੀਟਰ ਲੰਮੀ ਸਰਹੱਦ ਹੈ। ਇਹ ਸਿਰਫ਼ ਕਹਿਣ ਨੂੰ ਹੀ ਸਰਹੱਦ ਰਹੀ ਹੈ, ਦੋਵਾਂ ਦੇਸ਼ਾਂ ਦੇ ਲੋਕ ਖੁੱਲ੍ਹੇਆਮ ਇਧਰ-ਉਧਰ ਆਉਂਦੇ-ਜਾਂਦੇ ਰਹੇ ਹਨ। ਨੇਪਾਲ ਦਾ ਸਾਰਾ ਆਯਾਤ ਭਾਰਤੀ ਬੰਦਰਗਾਹਾਂ 'ਤੇ ਆ ਕੇ ਭਾਰਤ ਵਿਚਦੀ ਸੜਕੀ ਰਸਤੇ ਨੇਪਾਲ ਪੁੱਜਦਾ ਹੈ। ਯੂ ਪੀ ਤੇ ਬਿਹਾਰ ਦੇ ਲੋਕਾਂ ਦੇ ਨੇਪਾਲ ਦੇ ਤਰਾਈ ਵਿੱਚ ਵਸਦੇ ਲੋਕਾਂ ਨਾਲ ਪਰਵਾਰਕ ਰਿਸ਼ਤੇ ਹਨ। ਭਾਰਤੀ ਫੌਜ ਵਿੱਚ 5 ਫ਼ੀਸਦੀ ਤੱਕ ਨੇਪਾਲੀ ਗੋਰਖੇ ਹਨ ਤੇ ਉਨ੍ਹਾਂ ਦੀ ਵੱਖਰੀ ਗੋਰਖਾ ਰੈਜਮੈਂਟ ਹੈ । ਨੇਪਾਲ ਦੇ ਗੋਰਖਿਆਂ ਲਈ ਨੇਪਾਲ ਦੇ ਧਰਾਨ ਤੇ ਪੋਖਰਾ ਵਿੱਚ ਭਾਰਤੀ ਫ਼ੌਜ ਦੇ ਬਾਕਾਇਦਾ ਭਰਤੀ ਸੈਂਟਰ ਹਨ, ਪਰ ਮੌਜੂਦਾ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਨੇਪਾਲ ਨਾਲ ਸਾਡੇ ਸੰਬੰਧ ਲਗਾਤਾਰ ਵਿਗੜਦੇ ਰਹੇ ਹਨ। ਇਸ ਦੀ ਸ਼ੁਰੂਆਤ ਮੋਦੀ ਦੇ ਪਿਛਲੇ ਕਾਰਜਕਾਲ ਦੌਰਾਨ ਨੇਪਾਲ ਦੀ ਨਾਕਾਬੰਦੀ ਕਰਨ ਨਾਲ ਹੋਈ ਸੀ। ਇਸ ਨੇ ਨੇਪਾਲ ਦੇ ਚੀਨ ਵੱਲ ਝੁਕਾਅ ਦੀ ਸ਼ੁਰੂਆਤ ਕਰ ਦਿੱਤੀ। ਭਾਰਤ ਵੱਲੋਂ ਕੀਤੀ ਗਈ ਨਾਕਾਬੰਦੀ ਨੇ ਉਸ ਨੂੰ ਬਦਲਵੇਂ ਪ੍ਰਬੰਧਾਂ ਲਈ ਚੀਨ ਦੀ ਚੀਨ ਤੋਂ ਬੰਗਲਾਦੇਸ਼ ਤੇ ਮਿਆਂਮਾਰ ਤੱਕ ਕੱਢੀ ਜਾਣ ਵਾਲੀ ਸੜਕ ਦਾ ਹਿੱਸਾ ਬਣਨ ਲਈ ਮਜਬੂਰ ਕਰ ਦਿੱਤਾ। ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਝਗੜੇ ਨੇ ਉਸ ਵੇਲੇ ਨਵਾਂ ਰੂਪ ਲੈ ਲਿਆ, ਜਦੋਂ ਨੇਪਾਲ ਦੀ ਸੰਸਦ ਨੇ ਇੱਕ ਨਵੇਂ ਨਕਸ਼ੇ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਵਿੱਚ ਕੁਝ ਭਾਰਤੀ ਇਲਾਕਿਆਂ ਉੱਤੇ ਵੀ ਦਾਅਵਾ ਜਤਾਇਆ ਗਿਆ। ਇਸ ਸਾਰੇ ਘਟਨਾਕ੍ਰਮ ਦੌਰਾਨ ਦਿੱਲੀ ਬੈਠੇ ਸਾਡੇ ਹਾਕਮ ਹਿੰਦੂ-ਮੁਸਲਿਮ ਦੀ ਫਿਰਕੂ ਖੇਡ ਵਿੱਚ ਮਸਤ ਰਹੇ ਤੇ ਮਸਲੇ ਦੇ ਹੱਲ ਲਈ ਕੋਈ ਰਾਜਨੀਤਕ ਪਹਿਲ ਨਹੀਂ ਕੀਤੀ। ਆਖਰ ਸਥਿਤੀ ਏਨੀ ਗੰਭੀਰ ਹੋ ਗਈ ਕਿ ਪਿਛਲੇ ਦਿਨੀਂ ਨੇਪਾਲ ਆਰਮਡ ਪੁਲਸ ਫੋਰਸ ਦੀ ਗੋਲੀ ਨਾਲ ਇੱਕ ਭਾਰਤੀ ਮਾਰਿਆ ਗਿਆ ਤੇ ਦੋ ਜ਼ਖ਼ਮੀ ਹੋ ਗਏ।
ਚੀਨ ਨਾਲ ਸਾਡੀ 3488 ਕਿਲੋਮੀਟਰ ਲੰਮੀ ਸਰਹੱਦ ਹੈ। ਪਿਛਲੇ 45 ਸਾਲਾਂ ਦੌਰਾਨ ਇਸ ਸਰਹੱਦ 'ਤੇ ਛਿਟਪੁੱਟ ਘਟਨਾਵਾਂ ਤੋਂ ਇਲਾਵਾ ਸ਼ਾਂਤੀ ਬਣੀ ਰਹੀ ਹੈ, ਪਰ 15-16 ਜੂਨ ਦੀ ਰਾਤ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਹੋਈ ਝੜਪ ਨੇ ਖ਼ੂਨੀ ਸੰਘਰਸ਼ ਦਾ ਰੂਪ ਲੈ ਲਿਆ, ਜਿਸ ਵਿੱਚ ਸਾਡੇ 20 ਸੈਨਿਕ ਸ਼ਹੀਦ ਹੋ ਗਏ। ਇਹ ਵੀ ਕਿਹਾ ਜਾ ਰਿਹਾ ਕਿ ਕੁਝ ਹੋਰ ਜਵਾਨ ਚੀਨੀ ਫ਼ੌਜੀਆਂ ਦੇ ਕਬਜ਼ੇ ਵਿੱਚ ਹਨ। ਇਹ ਘਟਨਾਕ੍ਰਮ ਚਾਣਚੱਕ ਨਹੀਂ ਵਾਪਰਿਆ। ਸੂਤਰਾਂ ਮੁਤਾਬਕ ਅਪ੍ਰੈਲ ਦੇ ਸ਼ੁਰੂ ਵਿੱਚ ਹੀ ਚੀਨੀ ਫ਼ੌਜੀਆਂ ਨੇ ਝਗੜੇ ਵਾਲੇ ਖੇਤਰ ਵਿੱਚ ਜਮਾਵੜਾ ਸ਼ੁਰੂ ਕਰ ਦਿੱਤਾ ਸੀ। ਕਾਰਗਿਲ ਵਾਂਗ ਇਸ ਵਾਰ ਵੀ ਸਾਡੇ ਹਾਕਮ ਸੁੱਤੇ ਰਹੇ। ਇਸ ਵਾਰ ਚੀਨ ਨੇ ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਫ਼ੌਜੀਆਂ ਦੀ ਨਫ਼ਰੀ ਹੀ ਨਹੀਂ ਵਧਾਈ, ਬੰਕਰ ਬਣਾ ਕੇ ਫ਼ੌਜੀ ਸਾਜ਼ੋ-ਸਮਾਨ ਦੀ ਤਾਇਨਾਤੀ ਵੀ ਕੀਤੀ ਹੈ। ਉਸ ਨੇ ਗਲਵਾਨ ਘਾਟੀ ਦੇ ਉਸ ਇਲਾਕੇ ਉੱਤੇ ਵੀ ਕਬਜ਼ਾ ਕਰ ਲਿਆ ਹੈ, ਜਿਹੜਾ ਹਮੇਸ਼ਾ ਸ਼ਾਂਤ ਰਿਹਾ ਹੈ। ਗਲਵਾਨ ਨਦੀ ਘਾਟੀ ਦਾ ਇਲਾਕਾ ਸਾਡੇ ਲਈ ਬੇਹੱਦ ਅਹਿਮ ਹੈ। ਇਸ ਜਗ੍ਹਾ 'ਤੇ ਕਬਜ਼ੇ ਨਾਲ ਚੀਨ ਸਾਡੀ ਲੇਹ ਤੇ ਕਰਾਕੁਰਮ ਨੂੰ ਜੋੜਨ ਵਾਲੀ ਦਰਬੁਕ-ਸਿਓਕ-ਦੌਲਤ ਬੇਗ ਓਲਡੀ (ਡੀ ਐੱਸ ਡੀ ਬੀ ਓ) ਸੜਕ ਦੀ ਸਥਿਤੀ ਉੱਤੇ ਹਾਵੀ ਹੋ ਜਾਂਦਾ ਹੈ।
ਮਈ ਵਿੱਚ ਜਦੋਂ ਇੱਕ ਵਾਰ ਚੀਨੀ ਤੇ ਭਾਰਤੀ ਫ਼ੌਜੀ ਆਹਮੋ-ਸਾਹਮਣੇ ਹੋ ਗਏ, ਤਾਂ ਚੀਨ ਵੱਲੋਂ ਕੀਤੀ ਘੁਸਪੈਠ ਦਾ ਮਸਲਾ ਤੂਲ ਫੜ ਗਿਆ, ਤਦ ਵੀ ਦਿੱਲੀ ਬੈਠੇ ਹਾਕਮ ਮਸਲੇ ਉੱਤੇ ਮਿੱਟੀ ਪਾਉਂਦੇ ਰਹੇ। ਜਦੋਂ ਦੇਸ਼ ਦੀਆਂ ਵਿਰੋਧੀ ਪਾਰਟੀਆਂ ਤੇ ਰੱਖਿਆ ਮਾਹਰਾਂ ਨੇ ਇਸ ਮਾਮਲੇ ਉੱਤੇ ਸਰਕਾਰ ਦੀ ਖਿਚਾਈ ਕਰਨੀ ਸ਼ੁਰੂ ਕੀਤੀ ਤਾਂ ਜਾ ਕੇ 6 ਜੂਨ ਨੂੰ ਦੋਹਾਂ ਦੇਸ਼ਾਂ ਦੇ ਫ਼ੌਜੀ ਅਫ਼ਸਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਦੇ ਬਾਹਰ ਆਏ ਵੇਰਵਿਆਂ ਮੁਤਾਬਕ ਚੀਨੀ ਪੱਖ ਨੇ ਗਲਵਾਨ ਘਾਟੀ ਉੱਤੇ ਕੀਤੇ ਕਬਜ਼ੇ ਸੰਬੰਧੀ ਗੱਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਸੀ, ਪਰ ਸਰਕਾਰ ਲਗਾਤਾਰ ਸੱਚਾਈ ਨੂੰ ਛੁਪਾਉਂਦੀ ਰਹੀ ਹੈ। ਚੀਨ ਦਾ ਡੋਕਲਾਮ ਤੋਂ ਸ਼ੁਰੂ ਹੋਇਆ ਹਮਲਾ ਗਲਵਾਨ ਤੱਕ ਪਹੁੰਚ ਗਿਆ ਹੈ।
ਇਸ ਸਮੇਂ ਇਹ ਮਾਮਲਾ ਫ਼ੌਜੀ ਅਧਿਕਾਰੀਆਂ ਦੀਆਂ ਮੀਟਿੰਗਾਂ ਨਾਲ ਸੁਲਝਣ ਵਾਲਾ ਨਹੀਂ। ਦੇਸ਼ ਦੇ ਮਾਮਲੇ ਵਿੱਚ ਸਰਹੱਦਾਂ ਦਾ ਮਤਲਬ ਰਿਸ਼ਤੇ ਹੁੰਦਾ ਹੈ। ਇਸ ਸੰਬੰਧ ਵਿੱਚ ਬਦਨੀਅਤੀ, ਬਦਮਜ਼ਗੀ, ਬਦਜ਼ੁਬਾਨੀ ਤੇ ਭਾਈਚਾਰਾ ਸਭ ਕੁਝ ਹੁੰਦਾ, ਜਿਸ ਨੂੰ ਕੂਟਨੀਤੀ ਕਹਿੰਦੇ ਹਨ। ਕੂਟਨੀਤੀ ਦਾ ਕੰਮ ਫ਼ੌਜੀਆਂ ਨੇ ਨਹੀਂ, ਰਾਜਨੀਤਕ ਆਗੂਆਂ ਨੇ ਕਰਨਾ ਹੁੰਦਾ ਹੈ । ਇਸ ਲਈ ਸਾਡੇ ਹਾਕਮਾਂ ਨੂੰ ਰਾਜਨੀਤਕ ਪੱਧਰ ਉੱਤੇ ਗੁਆਂਢੀਆਂ ਨਾਲ ਮਸਲੇ ਦੇ ਨਿਬੇੜੇ ਲਈ ਅੱਗੇ ਵਧਣਾ ਚਾਹੀਦਾ ਹੈ, ਸਰਹੱਦੀ ਝਗੜੇ ਬੱਚਿਆਂ ਦੀ ਖੇਡ ਨਹੀਂ ਹੁੰਦੀ, ਇਨ੍ਹਾਂ ਦੀਆਂ ਗੰਢਾਂ ਨੂੰ ਰਾਜਨੀਤਕ ਪੱਧਰ 'ਤੇ ਹੀ ਖੋਲ੍ਹਿਆ ਜਾ ਸਕਦਾ ਹੈ। ਇਸ ਲਈ 56 ਇੰਚੀ ਛਾਤੀ ਦੀ ਨਹੀਂ, ਇੱਕ ਚੌਕਸ ਤੇ ਚੇਤੰਨ ਸਿਰ ਦੀ ਲੋੜ ਹੁੰਦੀ ਹੈ। ਇਸ ਲਈ ਲੰਮਿਆਂ ਝਗੜਿਆਂ ਨੂੰ ਹੱਲ ਕਰਨ ਲਈ ਆਪਣੇ ਤੋਂ ਪਹਿਲਿਆਂ ਵੱਲੋਂ ਵਰਤੇ ਗਏ ਦਾਅਪੇਚਾਂ ਤੋਂ ਵੀ ਸਿਖਣਾ ਪੈਂਦਾ ਹੈ, ਪਰ ਮੌਜੂਦਾ ਹਾਕਮਾਂ ਨੂੰ ਤਾਂ ਪਹਿਲਿਆਂ ਨਾਲ ਨਫ਼ਰਤ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਕਹੇ ਸ਼ਬਦ ਜ਼ਰੂਰ ਯਾਦ ਰੱਖਣੇ ਚਾਹੀਦੇ ਹਨ ਕਿ ''ਸਮੱਸਿਆ ਸਰਹੱਦ ਉੱਤੇ ਨਹੀਂ, ਦਿੱਲੀ 'ਚ ਹੈ।''
-ਚੰਦ ਫਤਿਹਪੁਰੀ

746 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper