Latest News
ਕੋਰੋਨਾ ਖ਼ਿਲਾਫ਼ ਲੜਾਈ ਸਹੀ ਲੀਹ 'ਤੇ

Published on 19 Jun, 2020 10:37 AM.


ਪੰਜਾਬ ਨੇ ਸ਼ੁਰੂ ਤੋਂ ਹੀ ਕੋਰੋਨਾ ਖ਼ਿਲਾਫ਼ ਲੜਾਈ ਸ਼ਿੱਦਤ ਨਾਲ ਵਿੱਢੀ ਹੋਈ ਹੈ ਤੇ ਇਸਦੇ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ। ਸਭ ਤੋਂ ਪਹਿਲਾਂ ਕਰਫਿਊ ਤੇ ਲਾਕਡਾਊਨ ਵਰਗਾ ਸਖਤ ਕਦਮ ਚੁੱੱਕਣ ਵਾਲੇ ਪੰਜਾਬ ਨੇ ਸਥਿਤੀ ਕਦੇ ਵੀ ਹੱਥੋਂ ਬਾਹਰ ਨਹੀਂ ਜਾਣ ਦਿੱਤੀ, ਹਾਲਾਂਕਿ ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂਆਂ ਕਰਕੇ ਕੇਸਾਂ 'ਚ ਇਕ ਵਾਰ ਤੇਜ਼ੀ ਦਿਖਾਈ ਦਿੱਤੀ ਸੀ। ਉਨ੍ਹਾਂ ਸ਼ਰਧਾਲੂਆਂ ਦੇ ਵੀ ਛੇਤੀ ਠੀਕ ਹੋ ਜਾਣ ਨਾਲ ਚਿੰਤਾ ਕਾਫੀ ਹੱਦ ਤੱਕ ਦੂਰ ਹੋ ਗਈ ਸੀ। ਲਾਕਡਾਊਨ ਤੇ ਕਰਫਿਊ ਖਤਮ ਹੋਣ ਤੋਂ ਬਾਅਦ ਕੇਸਾਂ ਵਿਚ ਕੁਝ ਵਾਧਾ ਹੋਣਾ ਸ਼ੁਰੂ ਹੋਇਆ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਠੱਲ੍ਹ ਪਾਉਣ ਲਈ ਜਿਥੇ ਸ਼ਨੀਵਾਰ ਤੇ ਐਤਵਾਰ ਫਿਰ ਲਾਕਡਾਊਨ ਦਾ ਹਥਿਆਰ ਵਰਤਣ ਦਾ ਫੈਸਲਾ ਕੀਤਾ, ਉਥੇ ਟੈਸਟਿੰਗ ਦੀ ਗਿਣਤੀ ਵਿੱਚ ਚੋਖਾ ਵਾਧਾ ਕਰਕੇ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਦਾ ਇਕ ਹੋਰ ਚੰਗਾ ਕਦਮ ਵੀ ਚੁੱਕਿਆ ਹੈ। ਜਿੱਥੇ ਬੁਰੀ ਤਰ੍ਹਾਂ ਪ੍ਰਭਾਵਤ ਗੁਜਰਾਤ ਤੇ ਦਿੱਲੀ ਵਿਚ ਟੈਸਟਿੰਗ 'ਚ ਕਮੀ ਆਈ ਹੈ, ਉਥੇ ਪੰਜਾਬ ਨੇ ਟੈਸਟਿੰਗ ਵਿਚ ਤੇਜ਼ੀ ਫੜੀ ਹੈ। 18 ਜੂਨ ਤੱਕ 215000 ਟੈੱਸਟ ਕੀਤੇ ਜਾ ਚੁੱਕੇ ਸਨ, ਜਦਕਿ 3 ਜੂਨ ਨੂੰ ਇਨ੍ਹਾਂ ਦੀ ਗਿਣਤੀ 101036 ਸੀ। ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਕਰੀਬ 10 ਹਜ਼ਾਰ ਟੈੱਸਟ ਹੋ ਰਹੇ ਹਨ, ਜਦਕਿ ਮਹੀਨੇ ਦੇ ਸ਼ੁਰੂ ਵਿੱਚ ਚਾਰ-ਪੰਜ ਹਜ਼ਾਰ ਹੁੰਦੇ ਸਨ। ਇਹ ਟੈੱਸਟ ਕੋਰੋਨਾ ਪਾਜ਼ੀਟਿਵ ਪਾਏ ਜਾਣ ਵਾਲਿਆਂ ਦੇ ਸੰਪਰਕ ਵਿਚ ਆਉਣ ਵਾਲਿਆਂ, ਬਾਹਰੋਂ ਆਉਣ ਵਾਲਿਆਂ, ਸਿਹਤ ਤੇ ਪੁਲਸ ਮਹਿਕਮਿਆਂ ਦੇ ਫਰੰਟ 'ਤੇ ਜੂਝ ਰਹੇ ਮੁਲਾਜ਼ਮਾਂ, ਗਰਭਵਤੀਆਂ, ਹਾਈ ਰਿਸਕ ਰੋਗੀਆਂ ਅਤੇ ਨਜ਼ਲੇ ਦੇ ਸ਼ਿਕਾਰ ਲੋਕਾਂ ਦੇ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਲਾਕਡਾਊਨ ਦੌਰਾਨ ਸਬਜ਼ੀਆਂ ਵੇਚਣ ਵਾਲਿਆਂ ਤੇ ਹੋਰ ਜ਼ਰੂਰੀ ਸੇਵਾਵਾਂ ਮੁਹੱਈਆ ਕਰਾਉਣ ਵਾਲਿਆਂ ਦੇ ਕੀਤੇ ਜਾਣੇ ਹਨ। ਇਸ ਵੇਲੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਮੁਹਾਲੀ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਸਥਿਤੀ ਕੁਝ ਚਿੰਤਾਜਨਕ ਹੈ। ਸਰਕਾਰ ਨੇ ਇਨ੍ਹਾਂ ਸ਼ਹਿਰਾਂ ਦੇ ਨਿਸ਼ਚਿਤ ਇਲਾਕਿਆਂ ਵਿੱਚ ਕੋਰੋਨਾ ਨੂੰ ਕੰਟਰੋਲ ਕਰਨ ਲਈ ਜ਼ਿਲ੍ਹਾ ਡਿਜ਼ਾਸਟਰ ਮੈਨੇਜਮੈਂਟ ਕਮੇਟੀ ਦੀਆਂ ਸਬ ਕਮੇਟੀਆਂ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ, ਤਾਂ ਜੋ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਸਕੇ।
18 ਜੂਨ ਤੱਕ ਸੂਬੇ ਵਿੱਚ ਕੋਰੋਨਾ ਦੀ ਸਥਿਤੀ ਇਹ ਸੀ ਕਿ ਕੁੱਲ 3649 ਮਾਮਲੇ ਦਰਜ ਹੋਏ ਸਨ। ਇਨ੍ਹਾਂ ਵਿੱਚੋਂ 88 ਦੀ ਮੌਤ ਹੋਈ ਤੇ 2658 ਠੀਕ ਹੋ ਚੁੱਕੇ ਹਨ। ਇਸ ਤਰ੍ਹਾਂ ਐਕਟਿਵ ਕੇਸ 903 ਸਨ, ਜਿਹੜੇ ਜ਼ੇਰੇ-ਇਲਾਜ ਸਨ। ਮਹਾਰਾਸ਼ਟਰ ਵਿੱਚ ਕੇਸਾਂ ਦੀ ਗਿਣਤੀ ਇਕ ਲੱਖ ਤੇ ਦਿੱਲੀ ਵਿਚ 50 ਹਜ਼ਾਰ ਟੱਪ ਚੁੱਕੀ ਹੈ। ਇਸ ਨੂੰ ਦੇਖਦਿਆਂ ਪੰਜਾਬ ਦੀ ਸਥਿਤੀ ਠੀਕ-ਠਾਕ ਕਹੀ ਜਾ ਸਕਦੀ ਹੈ। ਇਸੇ ਦਰਮਿਆਨ ਮੁੰਬਈ ਦੀ ਸੰਸਥਾ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪਾਪੂਲੇਸ਼ਨ ਸਾਇੰਸਿਜ਼ ਵੱਲੋਂ 14 ਮਾਰਚ ਤੋਂ 8 ਜੂਨ ਤੱਕ ਦੇ ਅੰਕੜਿਆਂ ਦੇ ਆਧਾਰ 'ਤੇ ਕੀਤਾ ਗਿਆ ਅਧਿਐਨ ਵੀ ਹੌਸਲਾ ਬਨ੍ਹਾਉਣ ਵਾਲਾ ਹੈ। ਅਧਿਐਨ ਮੁਤਾਬਕ ਹਾਲਾਂਕਿ ਕੋਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ, ਪੰਜਾਬ ਸਭ ਤੋਂ ਘੱਟ ਪ੍ਰਭਾਵਤ ਸੂਬਾ ਰਹੇਗਾ। ਸੂਬੇ ਵਿੱਚ 15 ਜੁਲਾਈ ਤੱਕ ਕੇਸਾਂ ਦੀ ਗਿਣਤੀ 5165 ਤੱਕ ਪੁੱਜਣ ਦੀ ਸੰਭਾਵਨਾ ਹੈ ਤੇ ਇਨ੍ਹਾਂ ਵਿੱਚੋਂ ਐਕਟਿਵ ਕੇਸ 525 ਹੋਣਗੇ। 30 ਜੁਲਾਈ ਨੂੰ ਕੇਸ ਵੱਧ ਕੇ 6524 ਹੋ ਜਾਣਗੇ, ਪਰ ਐਕਟਿਵ ਕੇਸ ਘਟ ਕੇ 500 ਰਹਿ ਜਾਣਗੇ। ਅਧਿਐਨ ਮੁਤਾਬਕ ਪੰਜਾਬ ਵਿਚ ਸਿਹਤ ਢਾਂਚਾ ਵੀ ਠੀਕ ਹੈ। ਇਸ ਕੋਲ ਲੱਗਭੱਗ ਪੰਜਾਹ ਹਜ਼ਾਰ ਆਈਸੋਲੇਸ਼ਨ ਬੈੱਡਾਂ, 1916 ਆਈ ਸੀ ਯੂ ਬੈੱਡਾਂ ਤੇ 197 ਵੈਂਟੀਲੇਟਰਾਂ ਦਾ ਪ੍ਰਬੰਧ ਹੈ। ਕੋਰੋਨਾ ਖ਼ਿਲਾਫ਼ ਪੰਜਾਬ ਵਿਚ ਲੜਾਈ ਇਕ ਤਰ੍ਹਾਂ ਨਾਲ ਸਰਕਾਰੀ ਮਹਿਕਮਿਆਂ, ਖਾਸਕਰ ਸਿਹਤ ਤੇ ਪੁਲਸ ਮਹਿਕਮੇ ਨੇ ਹੀ ਲੜੀ ਹੈ। ਨਿੱਜੀ ਹਸਪਤਾਲਾਂ ਨੂੰ ਜਦੋਂ ਇਸ ਦੇ ਰੋਗੀਆਂ ਨੂੰ ਸੰਭਾਲਣ ਦੀ ਛੋਟ ਦਿੱਤੀ ਗਈ ਤਾਂ ਉਨ੍ਹਾਂ ਇਸ ਨੂੰ ਬਿਪਤਾ ਵਜੋਂ ਨਾ ਲੈਂਦਿਆਂ ਆਪਣੀ ਕਮਾਈ ਦੇ ਮੌਕੇ ਵਜੋਂ ਹੀ ਲਿਆ। ਇਸ ਦੀ ਮਿਸਾਲ ਇਥੋਂ ਹੀ ਮਿਲ ਜਾਂਦੀ ਹੈ ਕਿ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਟਰੱਸਟ ਅੰਮ੍ਰਿਤਸਰ ਜਿੱਥੇ ਦੋ ਮਰੀਜ਼ਾਂ ਦੇ ਏ ਸੀ ਕਮਰੇ ਦਾ ਹਫਤੇ ਦਾ ਕਿਰਾਇਆ 50 ਹਜ਼ਾਰ ਰੁਪਏ ਤੇ ਨਾਨ-ਏ ਸੀ ਕਮਰੇ ਦਾ 35 ਹਜ਼ਾਰ ਰੁਪਏ ਲੈ ਰਿਹਾ ਹੈ, ਉਥੇ ਕੁਝ ਨਿੱਜੀ ਹਸਪਤਾਲ ਦਿਹਾੜੀ ਦੇ 30 ਤੋਂ 50 ਹਜ਼ਾਰ ਤੱਕ ਭੋਟ ਰਹੇ ਹਨ। ਮੁੱਖ ਮੰਤਰੀ ਨੂੰ ਇਸ ਲੁੱਟ ਨੂੰ ਨੱਥ ਪਾਉਣ ਲਈ ਫੌਰੀ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਮਰੀਜ਼ ਕੋਰੋਨਾ ਤੋਂ ਤਾਂ ਬਚ ਜਾਣਗੇ, ਪਰ ਨਿੱਜੀ ਹਸਪਤਾਲਾਂ ਦੇ ਬਿੱਲਾਂ ਦੇ ਭੁਗਤਾਨ ਲਈ ਚੁੱਕੇ ਕਰਜ਼ਿਆਂ ਦਾ ਵਿਆਜ ਜ਼ਿੰਦਗੀ-ਭਰ ਚੁਕਾਉਂਦੇ ਰਹਿਣ ਲਈ ਮਜਬੂਰ ਹੋ ਜਾਣਗੇ।

690 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper