Latest News
ਆਤਮ-ਸਮਰਪਣ

Published on 21 Jun, 2020 10:06 AM.


ਪੂਰਬੀ ਲੱਦਾਖ ਦੀ ਸਰਹੱਦ 'ਤੇ ਚੀਨ ਵੱਲੋਂ ਘੁਸਪੈਠ ਕਰਨ ਦਾ ਮਾਮਲਾ ਪਿਛਲੇ ਲੱਗਭੱਗ ਡੇਢ ਮਹੀਨੇ ਤੋਂ ਸੁਰਖੀਆਂ ਵਿੱਚ ਰਿਹਾ ਹੈ। ਵੱਖ-ਵੱਖ ਫੌਜੀ ਮਾਹਰ ਤੇ ਸਾਬਕਾ ਜਰਨੈਲ ਲਗਾਤਾਰ ਕਹਿੰਦੇ ਰਹੇ ਸਨ ਕਿ ਚੀਨ ਨੇ ਸਾਡੇ 60 ਵਰਗ ਕਿਲੋਮੀਟਰ ਇਲਾਕੇ ਨੂੰ ਹੜੱਪ ਲਿਆ ਹੈ। ਹਰ ਪਾਸਿਓਂ ਹੁੰਦੀ ਨੁਕਤਾਚੀਨੀ ਤੋਂ ਬਾਅਦ 6 ਜੂਨ ਨੂੰ ਦੋਹਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਦੀ ਮੀਟਿੰਗ ਹੋਈ ਤੇ ਕਹਿ ਦਿੱਤਾ ਗਿਆ ਕਿ ਗੱਲਬਾਤ ਸੁਖਾਵੀਂ ਰਹੀ ਹੈ ਤੇ ਸਾਰਾ ਮਸਲਾ ਨਿਬੇੜ ਲਿਆ ਜਾਵੇਗਾ, ਪਰ ਇਹ ਝੂਠ ਸੀ, ਕਿਉਂਕਿ ਗੱਲਬਾਤ ਦੌਰਾਨ ਚੀਨੀ ਪੱਖ ਨੇ ਬਾਕੀ ਸਭ ਬਿੰਦੂਆਂ ਉਤੋਂ ਤਾਂ ਪਿੱਛੇ ਹਟਣ ਦੀ ਹਾਮੀ ਭਰ ਦਿੱਤੀ ਪਰ ਗਲਵਾਨ ਘਾਟੀ ਨੂੰ ਆਪਣੀ ਕਹਿ ਕੇ ਉਸ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਜਗ੍ਹਾ 'ਤੇ ਹੀ 15-16 ਜੂਨ ਦੀ ਰਾਤ ਨੂੰ ਹੋਈ ਝੜਪ ਵਿੱਚ ਸਾਡੇ 20 ਸੈਨਿਕ ਸ਼ਹੀਦ ਹੋ ਗਏ ਤੇ 80 ਦੇ ਕਰੀਬ ਜ਼ਖ਼ਮੀ ਹੋ ਗਏ। ਇੱਕ ਅਫ਼ਸਰ ਸਮੇਤ 10 ਜਵਾਨਾਂ ਨੂੰ ਚੀਨੀਆਂ ਵੱਲੋਂ ਬੰਦੀ ਬਣਾ ਲਿਆ ਗਿਆ। ਇਸ ਸਮੇਂ ਇੱਕ ਹੋਰ ਝੂਠ ਫੌਜੀ ਅਧਿਕਾਰੀਆਂ ਤੋਂ ਬੁਲਾ ਦਿੱਤਾ ਗਿਆ ਕਿ ਸਾਡਾ ਕੋਈ ਵੀ ਜਵਾਨ ਲਾਪਤਾ ਨਹੀਂ ਹੈ, ਪਰ ਫੌਜੀ ਅਧਿਕਾਰੀਆਂ ਦੀਆਂ ਚੀਨੀਆਂ ਨਾਲ ਲਗਾਤਾਰ ਹੋਈਆਂ ਮੀਟਿੰਗਾਂ ਤੋਂ ਬਾਅਦ ਜਦੋਂ 18 ਜੂਨ ਨੂੰ ਬੰਦੀ ਬਣਾਏ ਜਵਾਨਾਂ ਨੂੰ ਛੁਡਾਇਆ ਗਿਆ ਤਾਂ ਸਾਰਾ ਝੂਠ ਬੇਪਰਦ ਹੋ ਗਿਆ।
ਹੁਣ ਅਗਲਾ ਝੂਠ ਬੋਲਣ ਦੀ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੀ। ਸ਼ੁੱਕਰਵਾਰ ਰਾਤ ਨੂੰ ਹੋਈ ਸਰਬ ਪਾਰਟੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਕਿ, ''ਪੂਰਬੀ ਲੱਦਾਖ ਵਿੱਚ ਨਾ ਤਾਂ ਕੋਈ ਸਾਡੀ ਸਰਹੱਦ ਵਿੱਚ ਘੁੱਸ ਆਇਆ ਹੈ, ਨਾ ਹੀ ਕੋਈ ਘੁਸਿਆ ਹੋਇਆ ਹੈ ਤੇ ਨਾ ਹੀ ਸਾਡੀ ਕੋਈ ਪੋਸਟ ਕਿਸੇ ਦੂਸਰੇ ਦੇ ਕਬਜ਼ੇ ਵਿੱਚ ਹੈ। ਸਾਡੇ ਸੈਨਿਕ ਮਾਰ-ਮਾਰ ਕੇ ਮਰ ਗਏ'' ਹਾਲਾਤ ਨੂੰ ਹੀ ਪੁੱਠਾ ਗੇੜ ਦੇਣ ਦੀ ਕੋਸ਼ਿਸ਼ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਆਪਣੇ ਸਾਰੇ ਭਾਸ਼ਣ ਵਿੱਚ ਚੀਨ ਦਾ ਨਾਂਅ ਤੱਕ ਲੈਣ ਦੀ ਹਿੰਮਤ ਨਾ ਦਿਖਾਈ। ਇਸੇ ਤਰ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਝੜਪ ਵਿੱਚ ਮਾਰੇ ਗਏ ਜਵਾਨਾਂ ਨੂੰ ਸ਼ਰਧਾਂਜ਼ਲੀ ਦੇਣ ਸਮੇਂ ਵੀ ਚੀਨ ਦਾ ਨਾਂਅ ਤੱਕ ਨਹੀਂ ਲਿਆ। ਪ੍ਰਧਾਨ ਮੰਤਰੀ ਦੇ ਇਸ ਬੇਤੁਕੇ ਬਿਆਨ ਤੋਂ ਬਾਅਦ ਇਹ ਸਵਾਲ ਉਠਣੇ ਲਾਜ਼ਮੀ ਸਨ ਕਿ ਉਹ ਬੋਲ ਕਿਸ ਵੱਲੋਂ ਰਹੇ ਸਨ, ਚੀਨ ਵੱਲੋਂ ਜਾਂ ਭਾਰਤ ਵੱਲੋਂ। ਫੌਜੀ ਮਾਮਲਿਆਂ ਦੇ ਮਾਹਰ ਕਰਨਲ ਅਜੈ ਸ਼ੁਕਲਾ ਨੇ ਕਿਹਾ, ''ਕੀ ਅੱਜ ਅਸੀਂ ਨਰਿੰਦਰ ਮੋਦੀ ਨੂੰ ਟੀ ਵੀ ਉੱਤੇ ਭਾਰਤ-ਚੀਨ ਦੀ ਸਰਹੱਦ ਨੂੰ ਨਵੇਂ ਸਿਰੇ ਤੋਂ ਖਿੱਚਦੇ ਹੋਏ ਨਹੀਂ ਦੇਖਿਆ? ਮੋਦੀ ਨੇ ਕਿਹਾ ਕਿ ਭਾਰਤ ਦੀ ਸਰਹੱਦ ਅੰਦਰ ਕੋਈ ਦਾਖਲ ਨਹੀਂ ਹੋਇਆ। ਕੀ ਉਨ੍ਹਾ ਗਲਵਾਨ ਨਦੀ ਘਾਟੀ ਤੇ ਪੈਂਗੋਂਗ ਸੋ ਦੀ ਫਿੰਗਰ 4 ਤੋਂ 8 ਤੱਕ ਦਾ ਸਾਰਾ ਇਲਾਕਾ ਚੀਨ ਨੂੰ ਸੌਂਪ ਦਿੱਤਾ ਹੈ? ਫਿਰ ਫੌਜੀ ਅਧਿਕਾਰੀਆਂ ਵਿਚਾਲੇ ਗੱਲਬਾਤ ਕਿਸ ਲਈ ਹੋ ਰਹੀ ਹੈ? ਭਾਰਤ ਦੇ 20 ਫ਼ੌਜੀ ਜਵਾਨਾਂ ਨੇ ਘੁਸਪੈਠੀਆਂ ਨੂੰ ਖਦੇੜਣ ਦੌਰਾਨ ਆਪਣੇ ਪ੍ਰਾਣ ਗੁਆਏ ਹਨ, ਪ੍ਰੰਤੂ ਮੋਦੀ ਕਹਿ ਰਹੇ ਹਨ ਕਿ ਕੋਈ ਘੁਸਪੈਠੀਆ ਆਇਆ ਹੀ ਨਹੀਂ, ਫਿਰ ਇਨ੍ਹਾਂ ਜਵਾਨਾਂ ਨੇ ਆਪਣੀ ਜਾਨ ਕਿੱਥੇ ਗੁਆਈ? ਇਹੋ ਤਾਂ ਚੀਨ ਕਹਿ ਰਿਹਾ ਹੈ ਕਿ ਉਸ ਨੇ ਘੁਸਪੈਠ ਕੀਤੀ ਹੀ ਨਹੀਂ ਤੇ ਉਹੀ ਬੋਲੀ ਮੋਦੀ ਬੋਲ ਰਹੇ ਹਨ।''
ਲੈਫਟੀਨੈਂਟ ਜਨਰਲ ਪ੍ਰਕਾਸ਼ ਮੈਨਿਨ ਨੇ ਕਿਹਾ, ''ਮੋਦੀ ਨੇ ਸਮੱਰਪਣ ਕਰ ਦਿੱਤਾ ਹੈ ਤੇ ਕਹਿ ਰਿਹਾ ਹੈ ਕੁਝ ਹੋਇਆ ਹੀ ਨਹੀਂ। ਖੁਦਾ ਬਚਾਏ, ਉਸ ਨੇ ਚੀਨ ਦੀ ਗੱਲ ਨੂੰ ਹੀ ਦੁਹਰਾ ਕੇ ਕੀ ਦੇਸ਼ਧ੍ਰੋਹ ਨਹੀਂ ਕੀਤਾ ਹੈ?''
ਮੇਜਰ ਜਨਰਲ ਸੈਂਡੀ ਥਾਪਰ ਨੇ ਕਿਹਾ ਹੈ, ''ਨਾ ਘੁਸਪੈਠ ਹੋਈ, ਨਾ ਕਿਸੇ ਚੌਕੀ 'ਤੇ ਕਬਜ਼ਾ ਹੋਇਆ, ਸਾਡੇ ਲੜਕੇ ਤਾਂ ਚੀਨ ਦੀ ਸਰਹੱਦ ਵਿੱਚ ਉਨ੍ਹਾਂ ਨੂੰ ਖਦੇੜਣ ਲਈ ਘੁਸੇ ਸਨ, ਇਹੋ ਤਾਂ ਚੀਨ ਵਾਲੇ ਕਹਿ ਰਹੇ ਹਨ। ਸਾਡੇ 20 ਜਵਾਨਾਂ ਦੀ ਸ਼ਹਾਦਤ ਉੱਤੇ ਸਿਰਫ਼ 48 ਘੰਟਿਆਂ ਵਿੱਚ ਪਾਣੀ ਫੇਰ ਦਿੱਤਾ ਗਿਆ।'' ਮੇਜਰ ਬੀਰੇਂਦਰ ਧਨੋਆ ਨੇ ਪੁੱਛਿਆ, ''ਕੀ ਅਸੀਂ ਪੁੱਛ ਸਕਦੇ ਹਾਂ ਕਿ ਮਾਰ-ਮਾਰ ਕੇ ਕਿੱਥੇ ਮਰੇ?''
ਸੱਚ ਹੈ ਕਿ ਭਾਰਤ ਦੇ ਇਤਿਹਾਸ ਵਿੱਚ 19 ਜੂਨ ਦੀ ਰਾਤ ਇੱਕ ਕਲੰਕਿਤ ਰਾਤ ਗਿਣੀ ਜਾਵੇਗੀ, ਜਦੋਂ ਅਖੌਤੀ ਰਾਸ਼ਟਰਵਾਦੀਆਂ ਨੇ ਸਮੁੱਚੇ ਰਾਸ਼ਟਰ ਨਾਲ ਧੋਖਾ ਕੀਤਾ। ਇਸ ਰਾਤ ਨੇ 1962 ਦੀ ਜੰਗ ਵਿੱਚ ਹਾਰ ਲਈ ਜ਼ਿੰਮੇਵਾਰ ਗਿਣੇ ਜਾਂਦੇ ਪੰਡਤ ਨਹਿਰੂ ਦੇ ਦਾਗ ਨੂੰ ਵੀ ਧੋ ਦਿੱਤਾ ਹੈ। ਹੁਣ ਨਹਿਰੂ ਦੇ ਨਾਲ ਮੋਦੀ ਦਾ ਨਾਂਅ ਵੀ ਲਿਆ ਜਾਵੇਗਾ। ਨਹਿਰੂ ਦੇ ਸਮਰੱਥਕ ਇਹ ਕਹਿ ਸਕਦੇ ਹਨ ਕਿ ਉਹ ਤਾਂ ਲੜਕੇ ਹਾਰੇ ਸਨ, ਪਰ ਮੋਦੀ ਨੇ ਤਾਂ ਬਿਨਾਂ ਲੜਿਆਂ ਹੀ ਸਮੱਰਪਣ ਕਰ ਦਿੱਤਾ ਹੈ। ਇਹ ਗਲਵਾਨ ਨਦੀ ਘਾਟੀ ਹੀ ਸੀ, ਜਿਥੋਂ 1962 ਦੀ ਜੰਗ ਸ਼ੁਰੂ ਹੋਈ ਸੀ। ਸਾਡੇ ਜਵਾਨਾਂ ਨੇ ਉਸ ਸਮੇਂ ਚੀਨੀਆਂ ਦਾ ਡਟ ਕੇ ਮੁਕਾਬਲਾ ਕੀਤਾ ਸੀ। ਉਸ ਸਮੇਂ ਸਾਡਾ ਦੇਸ਼ ਅੰਗਰੇਜ਼ਾਂ ਦੀ ਲੁੱਟ ਤੋਂ ਹਾਲੇ ਉਭਰ ਹੀ ਰਿਹਾ ਸੀ ਕਿ ਸਾਡੇ ਸਿਰ ਜੰਗ ਪੈ ਗਈ, ਪਰ ਸਾਡੇ ਜਵਾਨਾਂ ਨੇ ਆਤਮ-ਸਮਰਪਣ ਨਹੀਂ ਸੀ ਕੀਤਾ। ਯੁੱਧ ਦੇ ਬਾਅਦ ਵੀ ਦੇਸ਼ ਚੁੱਪ ਨਹੀਂ ਬੈਠਾ, ਉਸ ਨੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਰੱਖਿਆ ਮੰਤਰੀ ਕ੍ਰਿਸ਼ਨਾ ਮੈਨਨ ਨੂੰ ਅਸਤੀਫ਼ਾ ਦੇਣਾ ਪਿਆ। ਲੈਫਟੀਨੈਂਟ ਜਨਰਲ ਬੀ ਐੱਸ ਕੌਲ ਤੇ ਫੌਜ ਮੁਖੀ ਜਨਰਲ ਥਾਪਰ ਨੂੰ ਵੀ ਆਪਣੇ ਅਹੁਦੇ ਛੱਡਣੇ ਪਏ ਸਨ। ਅੱਜ ਉਸੇ ਸੁੰਦਰ ਗਲਵਾਨ ਘਾਟੀ, ਜਿੱਥੇ ਫ਼ਿਲਮਾਂ ਦੀ ਸ਼ੂਟਿੰਗ ਹੋਇਆ ਕਰਦੀ ਸੀ, ਨੂੰ ਮੌਜੂਦਾ ਹਾਕਮਾਂ ਨੇ ਤਸ਼ਤਰੀ ਵਿੱਚ ਪਾ ਕੇ ਚੀਨ ਨੂੰ ਸੌਂਪ ਦਿੱਤਾ ਹੈ। ਦੇਸ਼ ਵਾਸੀਆਂ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਦੇਸ਼ ਇਸ ਸਮੇਂ ਗਲਤ ਹੱਥਾਂ ਵਿੱਚ ਹੈ। ਜਿੰਨਾ ਛੇਤੀ ਹੋ ਸਕੇ, ਇਨ੍ਹਾਂ ਹਾਕਮਾਂ ਤੋਂ ਛੁਟਕਾਰਾ ਹਾਸਲ ਕਰਨ ਵਿੱਚ ਹੀ ਸਾਡੇ ਦੇਸ਼ ਦਾ ਭਲਾ ਹੈ।
-ਚੰਦ ਫਤਿਹਪੁਰੀ

731 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper