Latest News
ਚੀਨੀ ਮਾਲ ਦਾ ਬਾਈਕਾਟ

Published on 22 Jun, 2020 10:55 AM.


ਲੱਦਾਖ ਵਿਚ ਚੀਨੀ ਤੇ ਭਾਰਤੀ ਫੌਜੀਆਂ ਵਿਚਾਲੇ ਝੜਪ ਤੋਂ ਬਾਅਦ ਭਾਰਤ ਸਰਕਾਰ ਨੇ ਚੀਨ ਨੂੰ ਵਪਾਰਕ ਢਾਹ ਲਾ ਕੇ ਨੁਕਸਾਨ ਪਹੁੰਚਾਉਣ ਦੀ ਸੋਚੀ ਹੈ। ਮੋਦੀ ਭਗਤਾਂ ਨੇ ਚੀਨ ਨੂੰ ਸਬਕ ਸਿਖਾਉਣ ਲਈ ਚੀਨੀ ਮਾਲ ਦੇ ਬਾਈਕਾਟ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੋਂ ਤੱਕ ਕਿ ਕੇਂਦਰ ਸਰਕਾਰ ਦੇ ਇਕ ਮੰਤਰੀ ਰਾਮਦਾਸ ਅਠਾਵਲੇ ਨੇ ਚੀਨੀ ਖਾਣਾ ਪਰੋਸਣ ਵਾਲੇ ਰੈਸਟੋਰੈਂਟ ਤੱਕ ਬੰਦ ਕਰਨ ਦਾ ਸੱਦਾ ਦੇ ਦਿੱਤਾ ਹੈ, ਇਹ ਸੋਚੇ ਬਿਨਾਂ ਕਿ ਇਨ੍ਹਾਂ ਰੈਸਟੋਰੈਂਟਾਂ ਵਿਚ ਕੰਮ ਕਰਨ ਵਾਲੇ ਭਾਰਤੀ ਹਨ ਅਤੇ ਉਥੇ ਖਾਣਾ ਦੇਸ਼ ਦੇ ਖੇਤਾਂ ਵਿਚ ਪੈਦਾ ਹੁੰਦੇ ਉਤਪਾਦਾਂ ਤੋਂ ਬਣਦਾ ਹੈ। ਬਾਈਕਾਟੀਏ ਇਹ ਦਲੀਲ ਦਿੰਦੇ ਹਨ ਕਿ ਚੀਨ ਸਾਡੇ ਤੋਂ 16752.20 ਮਿਲੀਅਨ ਡਾਲਰ ਦਾ ਸਮਾਨ ਖਰੀਦਦਾ ਹੈ ਤੇ ਸਾਨੂੰ ਵੇਚਦਾ 70319.64 ਮਿਲੀਅਨ ਡਾਲਰ ਦਾ ਹੈ। ਵਪਾਰ ਦਾ ਤੋਲ ਉਸ ਦੇ ਕਾਫੀ ਹੱਕ ਵਿਚ ਹੈ। ਇਥੇ ਨੋਟ ਕਰਨ ਵਾਲੀ ਗੱਲ ਹੈ ਕਿ ਅਮਰੀਕਾ, ਇੰਗਲੈਂਡ ਤੇ ਹਾਲੈਂਡ ਦੇ ਮਾਮਲੇ ਵਿਚ ਤੋਲ ਸਾਡੇ ਹੱਕ ਵਿਚ ਹੈ, ਪਰ ਕੀ ਸਾਡਾ ਅਰਥਚਾਰਾ ਇਨ੍ਹਾਂ ਮੁਲਕਾਂ ਨਾਲੋਂ ਤਕੜਾ ਹੈ? ਇਸੇ ਤਰ੍ਹਾਂ ਚੀਨ, ਜਰਮਨੀ, ਦੱਖਣੀ ਅਫਰੀਕਾ ਤੇ ਇੰਡੋਨੇਸ਼ੀਆ ਆਦਿ ਕਈ ਦੇਸ਼ ਹਨ, ਜਿਨ੍ਹਾਂ ਤੋਂ ਭਾਰਤ ਖਰੀਦਦਾ ਵੱਧ ਹੈ ਤੇ ਉਨ੍ਹਾਂ ਨੂੰ ਵੇਚਦਾ ਘੱਟ ਹੈ। ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਸਾਡਾ ਅਰਥਚਾਰਾ ਦੱਖਣੀ ਅਫਰੀਕਾ ਨਾਲੋਂ ਕਮਜ਼ੋਰ ਹੈ। ਚੀਨੀ ਮਾਲ 'ਤੇ ਪਾਬੰਦੀ ਦਾ ਨੁਕਸਾਨ ਸਧਾਰਨ ਲੋਕਾਂ 'ਤੇ ਪਏਗਾ, ਜਿਹੜੇ ਹੁਣ ਮੁਕਾਬਲਤਨ ਸਸਤੇ ਏ ਸੀ, ਫਰਿੱਜ਼, ਟੀ ਵੀ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਸਮਾਨ ਖਰੀਦ ਲੈਂਦੇ ਹਨ। ਬਾਈਕਾਟ ਕਾਰਨ ਉਨ੍ਹਾਂ ਨੂੰ ਦੂਜੇ ਦੇਸ਼ਾਂ ਦੇ ਮਹਿੰਗੇ ਸਮਾਨ ਖਰੀਦਣੇ ਪੈਣਗੇ ਜਾਂ ਹੇਠਲੀ ਕੁਆਲਿਟੀ ਦੇ ਭਾਰਤੀ ਸਮਾਨ ਖਰੀਦਣ ਲਈ ਮਜਬੂਰ ਹੋਣਾ ਪਏਗਾ। ਇਸ ਬਾਈਕਾਟ ਦੇ ਕਿੰਨੇ ਖਤਰਨਾਕ ਨਤੀਜੇ ਨਿਕਲ ਸਕਦੇ ਹਨ, ਇਸ ਦਾ ਅੰਦਾਜ਼ਾ ਖੇਡਾਂ ਦੇ ਸਮਾਨ ਦੀ ਮਾਰਕਿਟ 'ਤੇ ਪੈਣ ਵਾਲੇ ਅਸਰ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਭਾਰਤ ਵਿਚ ਵਰਤੇ ਜਾਂਦੇ ਅੱਧੇ ਤੋਂ ਵੱਧ ਸਪੋਰਟਸ ਉਪਕਰਣ ਚੀਨ ਤੋਂ ਆਉਂਦੇ ਹਨ। ਦੇਸ਼ ਦੀ ਵੱਡੀ ਵਤਸ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਲੋਕੇਸ਼ ਵਤਸ ਦਾ ਕਹਿਣਾ ਹੈ ਕਿ ਅਸੀਂ 'ਵੋਕਲ ਫਾਰ ਲੋਕਲ' ਤਾਂ ਕਹਿ ਰਹੇ ਹਾਂ, ਪਰ ਇਹ ਸਰਕਾਰ ਦੀਆਂ ਦਹਾਕਿਆਂ ਤੋਂ ਚਲੀਆਂ ਆ ਰਹੀਆਂ ਨੀਤੀਆਂ ਹੀ ਹਨ, ਜਿਨ੍ਹਾਂ ਕਰਕੇ ਚੀਨੀ ਸਮਾਨ ਪੂਰੀ ਤਰ੍ਹਾਂ ਭਾਰਤੀ ਬਾਜ਼ਾਰ ਵਿਚ ਦਾਖਲ ਹੋ ਚੁੱਕਾ ਹੈ। ਜਲੰਧਰ ਵਿਚ ਸਪੋਰਟਸ ਸਮਾਨ ਬਣਾਉਣ ਵਾਲੇ ਪ੍ਰਾਣ ਨਾਥ ਚੱਢਾ ਮੁਤਾਬਕ ਅਸੀਂ ਜਿਹੜੀਆਂ ਹਾਕੀਆਂ, ਕ੍ਰਿਕਟ ਬੈਟ, ਚੈੱਸ ਬੋਰਡ ਤੇ ਬਾਕਸਿੰਗ ਦੇ ਉਪਕਰਣ ਆਦਿ ਬਰਾਮਦ ਕਰਦੇ ਹਾਂ, ਉਸ ਦਾ ਕੱਚਾ ਮਾਲ ਚੀਨ ਤੋਂ ਹੀ ਮੰਗਾਉਂਦੇ ਹਾਂ। ਜਲੰਧਰ ਦੇ ਹੀ ਸੋਕਰ ਇੰਟਰਨੈਸ਼ਨਲ ਦੇ ਵਿਕਾਸ ਗੁਪਤਾ ਵੈਕਟਰ ਬਰਾਂਡ ਦੇ ਫੁੱਟਬਾਲ, ਵਾਲੀਬਾਲ, ਬਾਸਕਟਬਾਲ ਤੇ ਰਗਬੀ ਬਾਲ ਬਣਾਉਂਦੇ ਹਨ। ਉਨ੍ਹਾ ਦਾ ਕਹਿਣਾ ਹੈ ਕਿ ਉਨ੍ਹਾ ਨੂੰ ਵੀ ਕੱਚਾ ਮਾਲ ਚੀਨ ਤੋਂ ਮੰਗਾਉਣਾ ਪੈਂਦਾ ਹੈ, ਕਿਉਂਕਿ ਭਾਰਤ ਵਿਚ ਉਹੋ ਜਿਹਾ ਕੱਚਾ ਮਾਲ ਮਿਲਦਾ ਨਹੀਂ। ਗੁਪਤਾ ਦਾ ਇਹ ਵੀ ਕਹਿਣਾ ਹੈ ਕਿ ਜਿਹੜੀਆਂ ਮਸ਼ੀਨਾਂ ਨਾਲ ਅਸੀਂ ਫੁੱਟਬਾਲ ਸਿਊਂਦੇ ਹਾਂ, ਉਹ ਵੀ ਚੀਨ ਦੀਆਂ ਹੀ ਹਨ। ਅਸਲ ਲੋੜ ਖੋਜ ਤੇ ਵਿਕਾਸ ਵਿਚ ਨਿਵੇਸ਼ ਦੀ ਹੈ, ਜਿਸ ਨਾਲ ਲਾਗਤ ਘਟ ਆਵੇਗੀ ਤੇ ਅਸੀਂ ਚੀਨ ਨਾਲ ਮੁਕਾਬਲਾ ਕਰ ਸਕਾਂਗੇ। ਅਚਾਨਕ ਚੀਨੀ ਮਾਲ ਦਾ ਬਾਈਕਾਟ ਕਰਕੇ ਗੱਲ ਨਹੀਂ ਬਣਨੀ।

777 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper