Latest News
ਮਿਲ-ਬੈਠ ਕੇ ਨਿਬੇੜਨੇ ਪੈਣੇ ਝਗੜੇ

Published on 23 Jun, 2020 10:54 AM.


ਇਸ ਸਮੇਂ ਦੇਸ਼ ਵਿੱਚ ਕੋਰੋਨਾ ਤੋਂ ਵੀ ਵੱਧ ਚਰਚਾ ਭਾਰਤ ਦੀ ਆਪਣੇ ਗੁਆਂਢੀਆਂ ਨਾਲ ਪਏ ਪੰਗਿਆਂ ਦੀ ਹੋ ਰਹੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਸਾਡੇ ਆਪਣੇ ਲੱਗਭੱਗ ਸਾਰੇ ਗੁਆਂਢੀਆਂ ਨਾਲ ਸੰਬੰਧ ਦਿਨੋਂ-ਦਿਨ ਵਿਗੜਦੇ ਕਿਉਂ ਜਾ ਰਹੇ ਹਨ? ਪਾਕਿਸਤਾਨ ਨਾਲ ਸਾਡਾ ਝਗੜਾ ਉਸ ਦੇ ਜਨਮ ਤੋਂ ਚਲਿਆ ਆ ਰਿਹਾ ਹੈ। ਚਾਰ ਸਿੱਧੀਆਂ ਜੰਗਾਂ ਤੇ ਲਗਾਤਾਰ ਹੁੰਦੀ ਗੋਲੀਬਾਰੀ ਤੋਂ ਬਾਅਦ ਇਸ ਦਾ ਨਿਬੇੜਾ ਕਦੋਂ ਹੋਵੇਗਾ, ਕੋਈ ਨਹੀਂ ਜਾਣਦਾ, ਪਰ ਬਾਕੀ ਮੁਲਕਾਂ ਨਾਲ ਸਾਡੇ ਸੰਬੰਧ ਕਿਉਂ ਨਹੀਂ ਸੁਧਰ ਰਹੇ, ਇਹ ਸਭ ਲਈ ਚਿੰਤਾ ਦਾ ਵਿਸ਼ਾ ਹੈ। ਪਿਛਲੇ ਲੱਗਭੱਗ ਇੱਕ ਮਹੀਨੇ ਤੋਂ ਚੀਨ ਤੇ ਨੇਪਾਲ ਨਾਲ ਕਸ਼ੀਦਗੀ ਵਧੀ ਜਾ ਰਹੀ ਹੈ। ਸਿੱਟੇ ਵਜੋਂ ਪੂਰਬੀ ਲੱਦਾਖ ਦੀ ਸਰਹੱਦ ਉੱਤੇ ਚੀਨੀ ਫੌਜੀਆਂ ਨਾਲ ਹੋਈ ਝੜਪ ਵਿੱਚ ਸਾਡੇ 20 ਜਵਾਨਾਂ ਨੂੰ ਆਪਣੀ ਜਾਨ ਗੁਆਣੀ ਪਈ ਹੈ। ਉਧਰ ਨੇਪਾਲ ਬਾਰਡਰ ਉੱਤੇ ਨੇਪਾਲ ਦੀਆਂ ਸਰਹੱਦੀ ਫੋਰਸਾਂ ਦੀ ਗੋਲੀਬਾਰੀ ਵਿੱਚ ਸਾਡੇ ਇੱਕ ਨਾਗਰਿਕ ਦੀ ਜਾਨ ਚਲੀ ਗਈ ਹੈ।
ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਾਡੇ ਤੇ ਸਾਡੇ ਗੁਆਂਢੀਆਂ ਵਿਚਾਲੇ ਖਿੱਚੀਆਂ ਗਈਆਂ ਸਰਹੱਦੀ ਲਕੀਰਾਂ ਅਸੀਂ ਖੁਦ ਨਹੀਂ ਖਿੱਚੀਆਂ, ਸਗੋਂ ਉਨ੍ਹਾਂ ਅੰਗਰੇਜ਼ ਹਾਕਮਾਂ ਵੱਲੋਂ ਖਿੱਚੀਆਂ ਗਈਆਂ ਸਨ, ਜਿਨ੍ਹਾਂ ਦੇ ਹਿੱਤ ਇਸ ਗੱਲ ਨਾਲ ਜੁੜੇ ਹੋਏ ਸਨ ਕਿ ਇਹ ਖਿੱਤਾ ਜੰਗ ਦੀ ਭੱਠੀ ਵਿੱਚ ਭੁੱਜਦਾ ਰਹੇ। ਹੈਰਾਨੀ ਦੀ ਗੱਲ ਹੈ ਕਿ ਅਸੀਂ ਅੱਜ ਤੱਕ ਵੀ ਅੰਗਰੇਜ਼ ਹਾਕਮਾਂ ਵੱਲੋਂ ਗੱਡੇ ਗਏ ਇਨ੍ਹਾਂ ਸੇਹ ਦੇ ਤੱਕਲਿਆਂ ਨੂੰ ਆਪਣੀ ਬੇਸ਼ਕੀਮਤੀ ਧਰੋਹਰ ਸਮਝਦੇ ਆ ਰਹੇ ਹਾਂ। ਸਾਨੂੰ ਇਹ ਸਮਝ ਕੇ ਚਲਣਾ ਪਵੇਗਾ ਕਿ ਅਸਲ ਸਰਹੱਦਾਂ ਜ਼ਮੀਨ 'ਤੇ ਖਿੱਚੀਆਂ ਲਕੀਰਾਂ ਨਹੀਂ, ਗੁਆਂਢੀਆਂ ਨਾਲ ਰਿਸ਼ਤੇ ਹੁੰਦੀਆਂ ਹਨ। ਜਿੱਥੇ ਰਿਸ਼ਤੇ ਭਰਾਤਰੀ ਭਾਵ ਵਾਲੇ ਹੋਣ, ਉੱਥੇ ਸਰਹੱਦਾਂ ਦਾ ਕੋਈ ਵਜੂਦ ਨਹੀਂ ਰਹਿੰਦਾ। ਸਾਨੂੰ ਦੁਨੀਆ ਦੇ ਦੂਜੇ ਦੇਸ਼ਾਂ ਤੋਂ ਹੀ ਸਿੱਖ ਲੈਣਾ ਚਾਹੀਦਾ ਹੈ। ਫ਼ਰਾਂਸ ਤੇ ਜਰਮਨੀ ਵਿਚਾਲੇ ਸਦੀਆਂ ਤੱਕ ਜੰਗਾਂ ਹੁੰਦੀਆਂ ਰਹੀਆਂ, ਕਰੋੜਾਂ ਲੋਕ ਮਰੇ, ਪਰ ਅੱਜ ਉਨ੍ਹਾਂ ਨੇ ਇੱਕ-ਦੂਜੇ ਲਈ ਸਰਹੱਦ ਹਮੇਸ਼ਾ ਲਈ ਖੋਲ੍ਹ ਦਿੱਤੀ ਹੈ। ਯੂਰਪ ਦੇ ਕਰੀਬ ਵੀਹ ਦੇਸ਼ਾਂ ਨੇ ਇੱਕ ਸਮਝੌਤੇ ਰਾਹੀਂ ਯੂਰਪੀ ਸੰਘ ਬਣਾ ਕੇ ਸਰਹੱਦਾਂ ਦਾ ਝੇੜਾ ਮੁਕਾ ਦਿੱਤਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਲਾਕਡਾਊਨ ਸਮੇਂ ਯੂਰਪ ਦੇ ਦੇਸ਼ਾਂ ਦੀਆਂ ਅਜਿਹੀਆਂ ਖ਼ਬਰਾਂ ਛਪਦੀਆਂ ਰਹੀਆਂ, ਜਦੋਂ ਸਰਹੱਦ ਦੇ ਦੋਹੀਂ ਪਾਸੀਂ ਰਹਿਣ ਵਾਲੇ ਦੋ ਪਰਵਾਰ ਸਰਹੱਦ ਉੱਤੇ ਮੇਜ਼-ਕੁਰਸੀ ਲਾ ਕੇ ਚਾਹ ਦਾ ਲੁਤਫ਼ ਉਠਾ ਰਹੇ ਸਨ। ਲੱਗਭੱਗ 75 ਸਾਲ ਤੱਕ ਆਪਸ ਵਿੱਚ ਲੜ ਕੇ ਕਰੋੜਾਂ ਲੋਕਾਂ ਦੀ ਕਬਰਗਾਹ ਬਣੇ ਇਨ੍ਹਾਂ ਯੂਰਪੀ ਦੇਸ਼ਾਂ ਵਿੱਚ ਤੁਰੇ ਫਿਰਦਿਆਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਕਦੋਂ ਇੱਕ ਤੋਂ ਦੂਜੇ ਦੇਸ਼ ਵਿੱਚ ਆ ਵੜੇ ਹੋ। ਅਸੀਂ ਇੱਕ ਚੰਗੀ ਪਹਿਲ ਕਰਦਿਆਂ ਪਿੱਛੇ ਜਿਹੇ ਬੰਗਲਾਦੇਸ਼ ਨਾਲ ਆਪਣਾ ਝਗੜਾ ਨਿਪਟਾ ਲਿਆ ਹੈ। ਇੱਥੇ ਤਾਂ ਪਿੰਡਾਂ ਦੀ ਅਦਲਾ-ਬਦਲੀ ਦਾ ਮਸਲਾ ਸੀ, ਪਰ ਚੀਨ ਨਾਲ ਲੱਗਦੀ ਸਰਹੱਦ ਤਾਂ ਪਥਰੀਲੀਆਂ ਤੇ ਬਰਫ਼ਾਂ ਨਾਲ ਲੱਦੀਆਂ ਪਹਾੜੀਆਂ ਹਨ, ਜਿੱਥੇ ਨਾ ਕੋਈ ਬੰਦਾ ਹੈ ਤੇ ਨਾ ਪਰਿੰਦਾ, ਪਰ ਅਜਿਹੇ ਸਰਹੱਦੀ ਮਸਲੇ ਹੱਲ ਕਰਨ ਲਈ ਇੱਕ ਦੂਰਦ੍ਰਿਸ਼ਟੀ ਤੇ ਨਿਸ਼ਕਪਟ ਲੀਡਰਸ਼ਿਪ ਦੀ ਲੋੜ ਹੁੰਦੀ ਹੈ। ਇਹ ਵੀ ਸੱਚਾਈ ਹੈ ਕਿ ਸਾਡੇ ਅਜੋਕੇ ਹਾਕਮਾਂ ਵਿੱਚ ਜੇਕਰ ਥੋੜ੍ਹੀ ਜਿੰਨੀ ਵੀ ਦੂਰਦ੍ਰਿਸ਼ਟੀ ਵਾਲੀ ਸੋਚ ਹੁੰਦੀ ਤਾਂ ਅੱਜ ਇਹ ਸਰਹੱਦੀ ਝਗੜੇ ਉਠਣੇ ਹੀ ਨਹੀਂ ਸਨ।
ਸਾਡੇ ਹਾਕਮਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਸੰਸਾਰ ਇੱਕ ਧਰੁਵੀ ਨਹੀਂ, ਦੋ ਧਰੁਵੀ ਬਣ ਚੁੱਕਾ ਹੈ। ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਉਸ ਦੀ ਥਾਂ ਚੀਨ ਨੇ ਮੱਲ ਲਈ ਹੈ। ਸਾਡੇ ਹਾਕਮਾਂ ਨੂੰ ਨਹਿਰੂ ਨਾਲ ਨਫ਼ਰਤ ਹੈ, ਇਸ ਲਈ ਉਹ ਉਸ ਤੋਂ ਸਿਖਣਾ ਨਹੀਂ ਚਾਹੁੰਣਗੇ। ਇਹ ਜਵਾਹਰ ਲਾਲ ਨਹਿਰੂ ਹੀ ਸੀ, ਜਿਸ ਨੇ ਦੋਹਾਂ ਗੁੱਟਾਂ ਵਿੱਚੋਂ ਇੱਕ ਨਾਲ ਜੁੜਣ ਦੀ ਥਾਂ ਨਵੇਂ ਅਜ਼ਾਦ ਹੋਏ ਮੁਲਕਾਂ ਨੂੰ ਗੁੱਟ ਨਿਰਲੇਪ ਲਹਿਰ ਨਾਲ ਜੋੜ ਕੇ ਇੱਕ ਸ਼ਕਤੀਸ਼ਾਲੀ ਤੀਜਾ ਗੁੱਟ ਕਾਇਮ ਕਰ ਲਿਆ ਸੀ, ਪਰ ਸਾਡੇ ਮੌਜੂਦਾ ਹਾਕਮਾਂ ਨੇ ਤਾਂ ਸਾਰਕ ਦੇ ਦੇਸ਼ਾਂ ਨਾਲੋਂ ਵੀ ਦੂਰੀ ਬਣਾਈ ਹੋਈ ਹੈ। ਜਦੋਂ ਚੀਨ ਨੇ 'ਵਨ ਬੈੱਲਟ ਵਨ ਰੋਡ' ਯੋਜਨਾ ਵਿੱਚ ਭਾਰਤ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਤਾਂ ਅਸੀਂ ਇਸ ਲਈ ਨਾਂਹ ਕਰ ਦਿੱਤੀ, ਕਿਉਂਕਿ ਇਸ ਨਾਲ ਆਰ ਐੱਸ ਐੱਸ ਦੀ ਅਮਰੀਕਾ-ਭਾਰਤ ਤੇ ਇਸਰਾਈਲ ਦਾ ਗੁੱਟ ਬਣਾਉਣ ਵਾਲੀ ਤੈਅਸ਼ੁਦਾ ਨੀਤੀ ਨੂੰ ਚੋਟ ਪਹੁੰਚਦੀ ਸੀ। ਸਾਡੇ ਹਾਕਮਾਂ ਦੇ ਅਮਰੀਕਾ ਪੱਖੀ ਉਲਾਰ ਨੇ ਸਾਨੂੰ ਸਾਡੇ ਸਾਰੇ ਗੁਆਂਢੀਆਂ ਵਿੱਚੋਂ ਨਿਖੇੜ ਕੇ ਰੱਖ ਦਿੱਤਾ ਹੈ। ਅੱਜ ਚੀਨ ਪਾਕਿਸਤਾਨ ਹੀ ਨਹੀਂ, ਨੇਪਾਲ, ਬੰਗਲਾਦੇਸ਼, ਮਿਆਂਮਾਰ, ਸ੍ਰੀਲੰਕਾ ਤੇ ਮਾਰੀਸ਼ਸ ਤਕ ਨੂੰ ਆਪਣੀ 'ਵਨ ਬੈਲਟ ਵਨ ਰੋਡ' ਦਾ ਹਿੱਸਾ ਬਣਾ ਚੁੱਕਾ ਹੈ। ਇਹੋ ਹੀ ਨਹੀਂ, ਇਨ੍ਹਾਂ ਦੇਸ਼ਾਂ ਵਿੱਚ ਵੱਡਾ ਨਿਵੇਸ਼ ਵੀ ਕਰ ਰਿਹਾ ਹੈ।
ਇਸ ਲਈ ਅੱਜ ਜਿਹੜੇ ਸਰਹੱਦੀ ਝਗੜੇ ਹੋ ਰਹੇ ਹਨ, ਉਸ ਲਈ ਸਿੱਧੇ ਤੌਰ 'ਤੇ ਸਾਡੇ ਹਾਕਮਾਂ ਦੀ ਵਿਦੇਸ਼ ਨੀਤੀ ਜ਼ਿੰਮੇਵਾਰ ਹੈ। ਇਹ ਸਾਡੇ ਹਾਕਮਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਸ ਸੜਕ ਨੂੰ ਬਹਾਨਾ ਬਣਾ ਕੇ ਅੱਜ ਨੇਪਾਲ ਅੱਖਾਂ ਵਿਖਾ ਰਿਹਾ ਹੈ, ਉਸ ਦਾ ਨੀਂਹ ਪੱਥਰ ਰੱਖਣ ਸਮੇਂ ਤਾਂ ਉਥੋਂ ਦਾ ਪ੍ਰਧਾਨ ਮੰਤਰੀ ਓਲੀ ਭਾਰਤੀ ਆਗੂਆਂ ਦੇ ਨਾਲ ਸ਼ਾਮਲ ਸੀ, ਫਿਰ ਉਸ ਦੀ ਸੋਚ ਵਿੱਚ ਤਬਦੀਲੀ ਕਿਉਂ ਆ ਗਈ?
ਇਸ ਲਈ ਅੱਜ ਸਮੇਂ ਦੀ ਲੋੜ ਹੈ ਕਿ ਸਾਡੇ ਹਾਕਮ ਵੱਖ-ਵੱਖ ਗੁਆਂਢੀ ਦੇਸ਼ਾਂ ਦੇ ਆਪਣੇ ਹਮਰੁਤਬਾ ਨਾਲ ਗੱਲਬਾਤ ਸ਼ੁਰੂ ਕਰਨ। ਸਾਨੂੰ ਦੇਰ-ਸਵੇਰ ਇਹ ਸਮਝਣਾ ਪਵੇਗਾ ਕਿ ਜੰਗੀ ਮਹੌਲ ਕਿਸੇ ਲਈ ਵੀ ਲਾਹੇਵੰਦਾ ਨਹੀਂ ਹੁੰਦਾ। ਸਾਡੇ ਦੇਸ਼ ਦੀਆਂ ਆਪਣੀਆਂ ਸਮੱਸਿਆਵਾਂ ਬਹੁਤ ਹਨ। ਸਾਨੂੰ ਕੁਝ ਮੁਸ਼ਕਲ ਫੈਸਲੇ ਕਰਨੇ ਪੈਣਗੇ। ਗੱਲਬਾਤ ਨਾਲ ਝਗੜੇ ਨਿਬੇੜਣੇ ਪੈਣਗੇ। ਇਨ੍ਹਾਂ ਝਗੜਿਆਂ ਨੂੰ ਲਟਕਾ ਕੇ ਤੇ ਲੋਕਾਂ ਵਿੱਚ ਰਾਸ਼ਟਰਵਾਦ ਦੀਆਂ ਭਾਵਨਾਵਾਂ ਭੜਕਾ ਕੇ ਸੱਤਾ ਤਾਂ ਹਾਸਲ ਕੀਤੀ ਜਾ ਸਕਦੀ ਹੈ, ਪਰ ਯੁੱਗ-ਪੁਰਸ਼ ਬਣਨ ਲਈ ਨਵੇਂ ਯੁੱਗ ਦੀ ਇਬਾਰਤ ਲਿਖਣੀ ਪੈਂਦੀ ਹੈ।
-ਚੰਦ ਫਤਿਹਪੁਰੀ

694 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper