Latest News
ਪੁਲਸ-ਤੰਤਰ ਵਿਰੁੱਧ ਲੋਕ ਉਭਾਰ ਦੀ ਲੋੜ

Published on 28 Jun, 2020 11:28 AM.


ਅਮਰੀਕਾ ਵਿੱਚ ਇੱਕ ਅਫ਼ਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਪੁਲਸ ਵੱਲੋਂ ਕੀਤੀ ਹੱਤਿਆ ਤੋਂ ਬਾਅਦ ਅਮਰੀਕਾ ਸਣੇ ਪੂਰੀ ਦੁਨੀਆ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ ਸੀ। ਪੂਰੇ ਅਮਰੀਕਾ ਵਿੱਚ ਲੋਕ ਇਸ ਬੇਰਹਿਮ ਹੱਤਿਆ ਕਾਂਡ ਵਿਰੁੱਧ ਸੜਕਾਂ 'ਤੇ ਨਿਕਲ ਆਏ ਸਨ। ਕੋਰੋਨਾ ਦੇ ਭੈਅ ਨੂੰ ਲਾਂਭੇ ਛੱਡਦਿਆਂ ਗੋਰੇ-ਕਾਲੇ-ਕਣਕਵੰਨੇ ਸਭ ਕਰੰਘੜੀਆਂ ਪਾ ਕੇ ਪੁਲਸ ਜਬਰ ਵਿਰੁੱਧ ਡਟ ਗਏ ਸਨ। ਲੋਕ ਰੋਹ ਅੱਗੇ ਝੁਕਦਿਆਂ ਪੁਲਸ ਵਾਲੇ ਗੋਡਿਆਂ ਭਾਰ ਹੋ ਕੇ ਲੋਕਾਂ ਤੋਂ ਮਾਫ਼ੀ ਮੰਗਣ ਲਈ ਮਜਬੂਰ ਹੋ ਗਏ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜਿਹੜਾ ਸ਼ੁਰੂ ਵਿੱਚ ਪੁਲਸ ਕਾਰਵਾਈਆਂ ਦਾ ਪੱਖ ਲੈਂਦਾ ਰਿਹਾ ਸੀ, ਨੂੰ ਆਖਰ ਪੁਲਸ ਸੁਧਾਰਾਂ ਦੇ ਦਸਤਾਵੇਜ਼ ਉੱਤੇ ਦਸਤਖਤ ਕਰਨੇ ਪਏ ਸਨ। ਸਾਡੇ ਦੇਸ਼ ਵਿੱਚ ਨਿੱਤ ਦਿਹਾੜੇ ਵਰਤਾਏ ਜਾਂਦੇ ਪੁਲਸ ਕਹਿਰ, ਜਿਸ ਵਿੱਚ ਹੈਵਾਨੀਅਤ ਦੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ ਜਾਂਦੀਆਂ ਹਨ, ਵਿਰੁੱਧ ਕਿਸੇ ਦੇ ਕੰਨਾਂ ਉੱਤੇ ਜੂੰ ਤੱਕ ਵੀ ਨਹੀਂ ਸਰਕਦੀ। ਵਿਰੋਧੀ ਪਾਰਟੀਆਂ ਦੇ ਆਗੂ ਅਖਬਾਰੀ ਬਿਆਨਾਂ ਰਾਹੀਂ ਖਾਨਾਪੂਰਤੀ ਕਰਕੇ ਚੁੱਪ ਕਰ ਜਾਂਦੇ ਹਨ। ਸਰਕਾਰਾਂ ਕੁਝ ਮੁਆਵਜ਼ਾ ਦੇ ਕੇ ਆਪਣਾ ਪੱਲਾ ਝਾੜ ਦਿੰਦੀਆਂ ਹਨ।
ਤਾਜ਼ਾ ਘਟਨਾ ਤਾਮਿਲਨਾਡੂ ਦੀ ਹੈ। ਤੂਤੀਕੋਰਿਨ ਸ਼ਹਿਰ ਵਿੱਚ ਲਾਕਡਾਊਨ ਦੇ ਤੈਅ ਸਮੇਂ ਤੋਂ 10 ਮਿੰਟ ਵੱਧ ਇੱਕ ਦੁਕਾਨ ਖੁੱਲ੍ਹੀ ਰਹਿ ਗਈ ਸੀ। ਪੁਲਸ ਦੁਕਾਨ ਮਾਲਕ ਪਿਓ-ਪੁੱਤ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ। ਥਾਣੇ ਲਿਜਾ ਕੇ ਉਨ੍ਹਾਂ ਨੂੰ ਉਦੋਂ ਤੱਕ ਕੁੱਟਿਆ ਗਿਆ, ਜਦੋਂ ਤੱਕ ਉਨ੍ਹਾਂ ਦੀਆਂ ਹੱਡੀਆਂ-ਪੱਸਲੀਆਂ ਟੁੱਟ ਨਹੀਂ ਗਈਆਂ। ਉਸ ਤੋਂ ਬਾਅਦ ਦੋਵਾਂ ਨੂੰ ਉਸ ਕਮਰੇ ਵਿੱਚ ਲਿਜਾਇਆ ਗਿਆ, ਜਿੱਥੇ ਸੀ ਸੀ ਟੀ ਵੀ ਕੈਮਰਾ ਨਹੀਂ ਸੀ। ਉਥੇ ਲਿਜਾ ਕੇ ਦੋਵਾਂ ਪਿਓ-ਪੁੱਤ ਦੀ ਗੁਦਾ ਵਿੱਚ ਲਾਠੀਆਂ ਘਸੋੜੀਆਂ ਗਈਆਂ। ਪੁਲਸ ਵਾਲਿਆਂ ਦੀ ਹੈਵਾਨੀਅਤ ਇੱਥੇ ਹੀ ਖ਼ਤਮ ਨਹੀਂ ਹੋਈ, ਦੋਵਾਂ ਦੇ ਖ਼ੂਨ ਨਾਲ ਲੱਥਪੱਥ ਕੱਪੜਿਆਂ ਨੂੰ ਘਰ ਭੇਜ ਕੇ ਉਥੋਂ ਸਾਫ਼ ਕੱਪੜੇ ਮੰਗਵਾਏ ਗਏ। ਇਹ ਜਬਰ ਦਾ ਕੁਹਾੜਾ ਲਗਾਤਾਰ ਤਿੰਨ ਦਿਨ ਚਲਦਾ ਰਿਹਾ। ਇਹ ਤਿੰਨ ਦਿਨ ਦੋਵੇਂ ਪਿਓ-ਪੁੱਤ ਕਿਸ ਦਰਦ ਵਿੱਚੋਂ ਲੰਘੇ ਹੋਣਗੇ, ਕਿਆਸ ਕਰਕੇ ਹੀ ਰੂਹ ਕੰਬ ਜਾਂਦੀ ਹੈ। ਤਿੰਨ ਦਿਨਾਂ ਬਾਅਦ ਦੋਵਾਂ ਦੀ ਮੌਤ ਹੋ ਜਾਂਦੀ ਹੈ। ਪੋਸਟ-ਮਾਰਟਮ ਵਿੱਚ ਮੌਤ ਦਾ ਕਾਰਨ 'ਦਿਲ ਦਾ ਦੌਰਾ' ਦਰਜ ਕੀਤਾ ਗਿਆ ਹੈ। ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਸ ਹਿਰਾਸਤ ਵਿੱਚ ਦੋ ਬੇਗੁਨਾਹ ਨਾਗਰਿਕਾਂ ਦੀ ਹੱਤਿਆ, ਸਜ਼ਾ ਮੁਅੱਤਲੀ।
ਇਹ ਹੈ ਸਾਡੇ ਪੁਲਸ ਢਾਂਚੇ ਦਾ ਅਸਲੀ ਚਿਹਰਾ। ਲਾਕਡਾਊਨ ਤੋਂ ਪਹਿਲਾਂ ਦਿੱਲੀ ਵਿੱਚ ਜੇ ਐੱਨ ਯੂ, ਜਾਮੀਆ ਤੇ ਡੀ ਯੂ ਦੇ ਵਿਦਿਆਰਥੀਆਂ ਦੇ ਪੁਰਅਮਨ ਮੁਜ਼ਾਹਰਿਆਂ ਉੱਤੇ ਲਾਠੀਆਂ ਵਰ੍ਹਾਉਣ ਤੇ ਲਾਇਬ੍ਰੇਰੀ ਵਿੱਚ ਜਬਰੀ ਘੁੱਸ ਕੇ ਤੋੜ-ਫੋੜ ਕਰਨ ਵਾਲੇ ਪੁਲਸ ਵਾਲਿਆਂ ਨੂੰ ਜਦੋਂ ਸਿਆਸੀ ਸਰਪ੍ਰਸਤੀ ਹਾਸਲ ਹੋਵੇ ਤਾਂ ਇਸ ਦਾ ਅੰਤਿਮ ਨਤੀਜਾ ਇਹੋ ਹੀ ਨਿਕਲਦਾ ਹੈ। ਇਸ ਸਮੇਂ ਸਾਡੇ ਕੋਲ ਜਿਹੜਾ ਪੁਲਸ ਢਾਂਚਾ ਹੈ, ਇਹ ਸਾਨੂੰ ਅੰਗਰੇਜ਼ਾਂ ਤੋਂ ਮਿਲਿਆ ਹੋਇਆ ਹੈ। ਅੰਗਰੇਜ਼ਾਂ ਨੇ 1861 ਵਿੱਚ ਇਸ ਢਾਂਚੇ ਨੂੰ ਅਜ਼ਾਦੀ ਸੰਗਰਾਮੀਆਂ ਤੇ ਆਮ ਲੋਕਾਂ ਨੂੰ ਕੁਚਲਣ ਲਈ ਸਥਾਪਤ ਕੀਤਾ ਸੀ। ਆਮ ਜਨਤਾ ਲਈ ਡਰ, ਹਿੰਸਾ ਤੇ ਭ੍ਰਿਸ਼ਟਾਚਾਰ ਇਸ ਦੀਆਂ ਮੁਢਲੀਆਂ ਵਿਸ਼ੇਸ਼ਤਾਈਆਂ ਸਨ। ਉਸੇ ਸਮੇਂ ਹੀ ਪੁਲਸ ਨੂੰ ਧਾਰਾ-124 ਏ ਰਾਹੀਂ ਰਾਜਧ੍ਰੋਹ ਦਾ ਹਥਿਆਰ ਦਿੱਤਾ ਗਿਆ, ਤਾਂ ਜੋ ਅਜ਼ਾਦੀ ਸੰਗਰਾਮੀਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਸਕੇ। ਅੱਜ ਅਜ਼ਾਦੀ ਦੇ ਸੱਤ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਅਸੀਂ ਪੁਲਸ ਪ੍ਰਬੰਧ ਵਜੋਂ ਉਸੇ ਗੁਲਾਮੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਜਿਨ੍ਹਾਂ ਅੰਗਰੇਜ਼ਾਂ ਨੇ ਸਾਡੇ ਦੇਸ਼ ਵਿੱਚ ਰਾਜਧ੍ਰੋਹ ਦਾ ਕਾਨੂੰਨ ਬਣਾਇਆ ਸੀ, ਉਹ ਆਪਣੇ ਦੇਸ਼ ਵਿੱਚੋਂ ਉਸ ਨੂੰ ਕਦੋਂ ਦਾ ਖ਼ਤਮ ਕਰ ਚੁੱਕੇ ਹਨ, ਪਰ ਅਸੀਂ ਅੱਜ ਤੱਕ ਉਸ ਨੂੰ ਆਪਣੀ ਛਾਤੀ ਨਾਲ ਲਾਈ ਤੁਰੇ ਆ ਰਹੇ ਹਾਂ।
ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹੁਕਮਰਾਨ ਕਦੇ ਵੀ ਨਹੀਂ ਚਾਹੁੰਣਗੇ ਕਿ ਪੁਲਸ ਪ੍ਰਸ਼ਾਸਨ ਵਿੱਚ ਲੋਕ-ਪੱਖੀ ਬਦਲਾਅ ਕੀਤੇ ਜਾਣ। ਅੱਜ ਦੇਸ਼ ਵਿੱਚ ਸਿਆਸੀ ਆਗੂਆਂ, ਪੁਲਸ ਤੇ ਅਪਰਾਧੀਆਂ ਦਾ ਸ਼ਕਤੀਸ਼ਾਲੀ ਗਠਜੋੜ ਬਣ ਚੁੱਕਾ ਹੈ। ਅੱਜ ਸਮੇਂ ਦੀ ਲੋੜ ਹੈ ਕਿ ਪੁਲਸ ਪ੍ਰਸ਼ਾਸਨ ਵਿੱਚ ਸੁਧਾਰਾਂ ਤੇ ਇਸ ਨੂੰ ਲੋਕ-ਪੱਖੀ ਬਣਾਉਣ ਲਈ ਇੱਕ ਜਨਤਕ ਲਹਿਰ ਉਸਾਰੀ ਜਾਵੇ। ਪੁਲਸ ਨੂੰ ਰਾਜਨੀਤਕ ਦਬਾਅ ਤੋਂ ਮੁਕਤ ਕਰਾਇਆ ਜਾਵੇ। ਪੁਲਸ ਵਿੱਚ ਘਰ ਕਰ ਚੁੱਕੀ ਫਿਰਕੂ ਮਾਨਸਿਕਤਾ ਨੂੰ ਖ਼ਤਮ ਕੀਤਾ ਜਾਵੇ। ਇਸ ਲਈ ਸਾਨੂੰ ਜਾਰਜ ਫਲਾਇਡ ਦੀ ਹੱਤਿਆ ਵਿਰੁੱਧ ਅਮਰੀਕਾ ਵਿੱਚ ਉੱਠੇ ਲੋਕ ਉਭਾਰ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਪਵੇਗਾ।
-ਚੰਦ ਫਤਿਹਪੁਰੀ

710 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper