Latest News
ਚੂੜਾ ਨਾ ਪਾਉਣ ਤੇ ਸਿੰਧੂਰ ਨਾ ਲਾਉਣ ਦਾ ਮਤਲਬ ਹੈ ਵਿਆਹ ਤੋਂ ਇਨਕਾਰ : ਹਾਈਕੋਰਟ

Published on 29 Jun, 2020 11:06 AM.


ਗੁਹਾਟੀ : ਜੇ ਕੋਈ ਵਿਆਹੁਤਾ ਹਿੰਦੂ ਮਹਿਲਾ ਹਿੰਦੂ ਰੀਤੀ-ਰਿਵਾਜ ਮੁਤਾਬਕ ਚੂੜਾ ਪਾਉਣ ਤੇ ਸਿੰਧੂਰ ਲਾਉਣ ਤੋਂ ਇਨਕਾਰ ਕਰਦੀ ਹੈ ਤਾਂ ਇਸਦਾ ਮਤਲਬ ਹੈ ਕਿ ਉਹ ਆਪਣੇ ਪਤੀ ਨਾਲ ਵਿਆਹ ਨੂੰ ਮੰਨਣ ਤੋਂ ਇਨਕਾਰੀ ਹੈ। ਗੁਹਾਟੀ ਹਾਈਕੋਰਟ ਨੇ ਇਸ ਆਧਾਰ 'ਤੇ ਪਤੀ ਦੀ ਤਲਾਕ ਦੀ ਅਰਜ਼ੀ ਮਨਜ਼ੂਰ ਕਰ ਲਈ। ਚੀਫ ਜਸਟਿਸ ਅਜੈ ਲਾਂਬਾ ਤੇ ਜਸਟਿਸ ਸੌਮਿਤਰਾ ਸੈਕੀਆ ਦੀ ਦੋ ਮੈਂਬਰੀ ਬੈਂਚ ਨੇ 19 ਜੂਨ ਨੂੰ ਆਪਣੇ ਫੈਸਲੇ ਵਿਚ ਕਿਹਾ ਕਿ ਮਹਿਲਾ ਦਾ ਚੂੜਾ ਪਾਉਣ ਤੇ ਸਿੰਧੂਰ ਲਾਉਣ ਤੋਂ ਸਾਫ ਇਨਕਾਰ ਦਸਦਾ ਹੈ ਕਿ ਉਹ ਪਤੀ ਨਾਲ ਪਤਨੀ ਵਜੋਂ ਨਹੀਂ ਰਹਿਣਾ ਚਾਹੁੰਦੀ। ਅਜਿਹੇ ਵਿਚ ਪਤੀ ਨੂੰ ਵਿਆਹ ਜਾਰੀ ਰੱਖਣ ਲਈ ਕਹਿਣਾ ਉਸ ਨੂੰ ਦੁਖੀ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਫੈਮਿਲੀ ਕੋਰਟ ਨੇ ਤਲਾਕ ਦੀ ਅਰਜ਼ੀ ਇਸ ਆਧਾਰ 'ਤੇ ਰੱਦ ਕਰ ਦਿੱਤੀ ਸੀ ਕਿ ਇਹ ਸਾਬਤ ਨਹੀਂ ਹੋਇਆ ਕਿ ਪਤਨੀ ਨੇ ਪਤੀ 'ਤੇ ਕੋਈ ਜ਼ੁਲਮ ਕੀਤਾ ਹੈ, ਪਰ ਹਾਈਕੋਰਟ ਨੇ ਕਿਹਾ ਕਿ ਪਤੀ ਨੇ ਹੇਠਲੀ ਕੋਰਟ ਵਿਚ ਦੋਸ਼ ਲਾਇਆ ਸੀ ਕਿ ਪਤਨੀ ਨੇ ਚੂੜਾ ਪਾਉਣ ਤੇ ਸਿੰਧੂਰ ਲਾਉਣ ਤੋਂ ਇਨਕਾਰ ਕੀਤਾ ਹੈ, ਜਿਸ ਨੂੰ ਕਿ ਪਤਨੀ ਨੇ ਝੁਠਲਾਇਆ ਨਹੀਂ।
ਇਹ ਵਿਆਹ ਫਰਵਰੀ 2012 ਵਿਚ ਹੋਇਆ ਸੀ। ਇਕ ਮਹੀਨੇ ਬਾਅਦ ਪਤਨੀ ਨੇ ਵੱਖਰੇ ਰਹਿਣ ਦੀ ਗੱਲ ਕਹੀ, ਕਿਉਂਕਿ ਉਹ ਸਾਂਝੇ ਪਰਵਾਰ ਵਿਚ ਨਹੀਂ ਰਹਿਣਾ ਚਾਹੁੰਦੀ ਸੀ। ਪਤੀ ਨੇ ਦੋਸ਼ ਲਾਇਆ ਕਿ ਵੱਖਰੇ ਹੋਣ ਦੀ ਪਤਨੀ ਦੀ ਮੰਗ ਕਰਕੇ ਕਲੇਸ਼ ਵਧਦਾ ਰਿਹਾ ਤੇ ਪਤਨੀ ਨੇ ਬੱਚਾ ਪੈਦਾ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਮਹਿਲਾ 2013 ਵਿਚ ਘਰ ਛੱਡ ਗਈ ਤੇ ਉਸ ਨੇ ਪਤੀ ਤੇ ਉਸ ਦੇ ਪਰਵਾਰ ਖਿਲਾਫ ਤਾਜ਼ੀਰਾਤੇ ਹਿੰਦ ਦੀ ਦਫਾ 498 ਏ ਤਹਿਤ ਸਤਾਉਣ ਦਾ ਕੇਸ ਕਰ ਦਿੱਤਾ। ਹਾਈਕੋਰਟ ਨੇ ਪਤੀ ਤੇ ਉਸ ਦੇ ਘਰਦਿਆਂ ਨੂੰ ਬਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਪਤੀ ਨੇ ਤਲਾਕ ਦੀ ਅਰਜ਼ੀ ਦੇ ਦਿੱਤੀ। ਪਤਨੀ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਉਸ ਦੇ ਪਤੀ ਤੇ ਸਹੁਰਿਆਂ ਨੇ ਦਾਜ ਦੀ ਮੰਗ ਲੈ ਕੇ ਉਸ ਨੂੰ ਦੁਖੀ ਕੀਤਾ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਨੂੰ ਖਾਣ ਨੂੰ ਨਹੀਂ ਦਿੰਦੇ ਸਨ ਤੇ ਇਲਾਜ ਵੀ ਨਹੀਂ ਕਰਾਉਂਦੇ ਸਨ। ਉਸ ਦਾ ਭਰਾ ਹੀ ਉਸ ਦੀ ਮਦਦ ਕਰਦਾ ਸੀ। ਹਾਈਕੋਰਟ ਨੇ ਫੈਮਿਲੀ ਕੋਰਟ ਦੇ ਫੈਸਲੇ ਨੂੰ ਰੱਦ ਕਰਦਿਆਂ ਕਿਹਾ ਕਿ ਪਤਨੀ ਨੂੰ ਤੰਗ ਕਰਨ ਦੇ ਦੋਸ਼ ਸਾਬਤ ਨਹੀਂ ਹੋਏ। ਪਤੀ ਤੇ ਉਸ ਦੇ ਪਰਵਾਰ ਖਿਲਾਫ ਬੇਬੁਨਿਆਦ ਦੋਸ਼ ਲਾ ਕੇ ਫੌਜਦਾਰੀ ਕੇਸ ਕਰਨਾ ਜ਼ੁਲਮ ਦੇ ਤੁਲ ਹੈ।

90 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper