Latest News
ਗਿਲਾਨੀ ਦਾ ਹੁਰੀਅਤ ਕਾਨਫਰੰਸ ਤੋਂ ਅਸਤੀਫਾ

Published on 29 Jun, 2020 11:09 AM.


ਸ੍ਰੀਨਗਰ : ਸਈਅਦ ਅਲੀ ਸ਼ਾਹ ਗਿਲਾਨੀ ਨੇ ਸੋਮਵਾਰ ਆਪਣੀ ਅਗਵਾਈ ਵਾਲੀ ਹੁਰੀਅਤ ਕਾਨਫਰੰਸ ਤੋਂ ਇਹ ਕਹਿੰਦਿਆਂ ਅਸਤੀਫਾ ਦੇ ਦਿੱਤਾ ਕਿ ਇਸ ਦੇ ਭਾਈਵਾਲ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਦੇ ਖਿਲਾਫ ਲੋਕਾਂ ਦੀ ਅਗਵਾਈ ਕਰਨ ਵਿਚ ਨਾਕਾਮ ਰਹੇ। ਉਸ ਨੇ ਇਹ ਵੀ ਕਿਹਾ ਕਿ ਉਹ ਆਪਣੀ ਵਿਚਾਰਧਾਰਾ 'ਤੇ ਕਾਇਮ ਰਹੇਗਾ। ਗਿਲਾਨੀ ਹੁਰੀਅਤ ਕਾਨਫਰੰਸ ਦੇ ਉਸ ਧੜੇ ਦਾ ਬਾਨੀ ਚੇਅਰਮੈਨ ਸੀ, ਜਿਹੜਾ ਉਸ ਨੇ ਤੇ ਹੋਰਨਾਂ ਕੱਟੜ ਆਗੂਆਂ ਨੇ ਯੂਨਾਈਟਿਡ ਹੁਰੀਅਤ ਕਾਨਫਰੰਸ ਉੱਤੇ ਇਹ ਦੋਸ਼ ਲਾ ਕੇ ਬਣਾਇਆ ਸੀ ਕਿ ਉਸ ਨੇ 2002 ਦੀਆਂ ਅਸੰਬਲੀ ਚੋਣਾਂ ਵਿਚ ਪਰੌਕਸੀ ਉਮੀਦਵਾਰਾਂ ਖਿਲਾਫ ਕਾਰਵਾਈ ਨਹੀਂ ਕੀਤੀ। ਗਿਲਾਨੀ ਨੇ ਸੰਖੇਪ ਵੀਡੀਓ ਸੰਦੇਸ਼ ਨਾਲ ਆਪਣੇ ਫੈਸਲੇ ਦਾ ਐਲਾਨ ਕੀਤਾ। ਗਿਲਾਨੀ ਨੇ ਆਪਣੀ ਹੁਰੀਅਤ ਕਾਨਫਰੰਸ ਵਿਚ ਸ਼ਾਮਲ ਧੜਿਆਂ ਦੇ ਆਗੂਆਂ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਗਠਜੋੜ ਵਿਚ ਸ਼ਾਮਲ ਕੁਝ ਧੜੇ ਅਨੁਸ਼ਾਸਨਹੀਨਤਾ ਤੇ ਨਾਮਿਲਵਰਤਨ ਦਿਖਾ ਰਹੇ ਹਨ ਤੇ ਮੁਤਵਾਜ਼ੀ ਢਾਂਚਾ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ''ਵਰਤਮਾਨ ਹਾਲਤਾਂ ਦੇ ਮੱਦੇਨਜ਼ਰ ਸਮੁੱਚੇ ਮੁੱਦੇ 'ਤੇ ਵਿਚਾਰ ਕਰਨ ਤੋਂ ਬਾਅਦ ਮੈਂ ਹੁਰੀਅਤ ਕਾਨਫਰੰਸ ਨਾਲੋਂ ਅੱਡ ਹੋਮ ਦਾ ਫੈਸਲਾ ਕੀਤਾ ਹੈ। ਮੈਂ ਆਪਣੇ ਤੇ ਆਪਣੇ ਸਾਥੀਆਂ ਦੀਆਂ ਗਲਤੀਆਂ ਦਾ ਜਵਾਬ ਨਹੀਂ ਦੇ ਸਕਦਾ। ਤੁਸੀਂ ਆਪਣੇ ਫੈਸਲੇ ਕਰਨ ਲਈ ਆਜ਼ਾਦ ਹੋ। ਕਮਜ਼ੋਰੀ ਤੇ ਡਿਗਦੀ ਸਿਹਤ ਦੇ ਬਾਵਜੂਦ ਆਜ਼ਾਦੀ ਲਈ ਮੇਰਾ ਜਜ਼ਬਾ ਕਮਜ਼ੋਰ ਨਹੀਂ ਪਿਆ ਹੈ। ਮੈਂ ਭਾਰਤੀ ਸਾਮਰਾਜ ਖਿਲਾਫ ਆਪਣੀ ਲੜਾਈ ਆਖਰੀ ਸਾਹ ਤੱਕ ਜਾਰੀ ਰੱਖਾਂਗਾ।'' ਇਹ ਕਹਿੰਦਿਆਂ ਕਿ ਅਬਦੁੱਲਾ ਗਿਲਾਨੀ ਪਾਕਿਸਤਾਨ ਵਿਚ ਉਸ ਦਾ ਨੁਮਾਇੰਦਾ ਹੈ, ਗਿਲਾਨੀ ਨੇ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚਲੀ ਹੁਰੀਅਤ ਲੀਡਰਸ਼ਿਪ 'ਤੇ ਦੋਸ਼ ਲਾਇਆ ਹੈ ਕਿ ਉਹ ਸੱਤਾ ਦੇ ਗਲਿਆਰਿਆਂ ਦੇ ਨੇੜੇ ਹੋਣ ਲਈ ਹੁਰੀਅਤ ਦਾ ਪ੍ਰਭਾਵ ਵਰਤ ਰਹੀ ਹੈ। ਜਮਾਇਤੇ ਇਸਲਾਮੀ ਦਾ ਲੰਮੇ ਸਮੇਂ ਦੇ ਸਾਥੀ ਗਿਲਾਨੀ ਨੇ 2004 ਵਿਚ ਉਸ ਦਾ ਸਾਥ ਛੱਡ ਕੇ ਤਹਿਰੀਕ-ਇ-ਹੁਰੀਅਤ ਬਣਾਈ ਸੀ। ਉਸ ਨੇ ਆਪਣੇ ਡਿਪਟੀ ਤੇ ਵਿਸ਼ਵਾਸਪਾਤਰ ਮੁਹੰਮਦ ਅਸ਼ਰਫ ਸਹਿਰਾਈ ਨੂੰ ਇਸ ਦੀ ਕਮਾਨ ਸੌਂਪਣ ਤੋਂ ਪਹਿਲਾਂ ਇਸ ਦੀ 14 ਸਾਲ ਤੱਕ ਚੇਅਰਮੈਨੀ ਕੀਤੀ।

138 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper