Latest News
ਡਿਫੈਂਸ ਸੈਕਟਰ ਬਾਰੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਗੁੰਮਰਾਹਕੁੰਨ : ਡੀ ਰਾਜਾ

Published on 29 Jun, 2020 11:12 AM.


ਨਵੀਂ ਦਿੱਲੀ : ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ ਨੇ ਸੋਮਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ 'ਮਨ ਕੀ ਬਾਤ' ਵਿਚ ਡਿਫੈਂਸ ਸੈਕਟਰ ਬਾਰੇ ਕੀਤੀਆਂ ਟਿੱਪਣੀਆਂ ਸੱਚ ਤੋਂ ਦੂਰ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਸੀ, ''ਦੋਸਤੋ, ਆਜ਼ਾਦੀ ਤੋਂ ਪਹਿਲਾਂ ਡਿਫੈਂਸ ਦੇ ਸੈਕਟਰ ਵਿਚ ਭਾਰਤ ਕਈ ਦੇਸ਼ਾਂ ਤੋਂ ਅੱਗੇ ਸੀ। ਉਦੋਂ ਇਥੇ ਹਥਿਆਰ ਬਣਾਉਣ ਦੀਆਂ ਕਈ ਫੈਕਟਰੀ ਹੁੰਦੀਆਂ ਸਨ। ਜਿਹੜੇ ਕਈ ਦੇਸ਼ ਉਦੋਂ ਸਾਡੇ ਤੋਂ ਪਿੱਛੇ ਸਨ, ਅੱਜ ਅੱਗੇ ਲੰਘ ਗਏ ਹਨ। ਆਜ਼ਾਦੀ ਤੋਂ ਬਾਅਦ ਸਾਨੂੰ ਪਿਛਲੇ ਤਜਰਬੇ ਦਾ ਲਾਹਾ ਲੈ ਕੇ ਡਿਫੈਂਸ ਸੈਕਟਰ ਵਿਚ ਅੱਗੇ ਵਧਣਾ ਚਾਹੀਦਾ ਸੀ ਪਰ ਵਧੇ ਨਹੀਂ। ਅੱਜ ਭਾਰਤ ਡਿਫੈਂਸ ਤੇ ਟੈਕਨਾਲੋਜੀ ਦੇ ਸੈਕਟਰਾਂ ਵਿਚ ਅੱਗੇ ਵਧ ਰਿਹਾ ਹੈ ਤੇ ਆਤਮਨਿਰਭਰ ਹੋਣ ਵੱਲ ਪੁਲਾਂਘਾਂ ਪੁੱਟ ਰਿਹਾ ਹੈ।'' ਕਾਮਰੇਡ ਰਾਜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਹ ਸ਼ਬਦ ਸੱਚਾਈ ਤੋਂ ਕੋਹਾਂ ਦੂਰ ਹਨ। ਜਦੋਂ ਅੰਗਰੇਜ਼ ਭਾਰਤ ਛੱਡ ਕੇ ਗਏ, ਇਥੇ ਸਿਰਫ 18 ਅਸਲਾ ਫੈਕਟਰੀਆਂ ਸਨ ਅਤੇ ਇਨ੍ਹਾਂ ਵਿਚ ਹਥਿਆਰ, ਗੋਲੀ-ਸਿੱਕਾ ਆਦਿ ਬ੍ਰਿਟਿਸ਼ ਟੈਕਨਾਲੋਜੀ ਦੇ ਆਧਾਰ 'ਤੇ ਬਣਾਇਆ ਜਾਂਦਾ ਸੀ। ਆਜ਼ਾਦੀ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਾਲੀ ਚੁਣੀ ਹੋਈ ਜਮਹੂਰੀ ਸਰਕਾਰ ਨੇ ਡਿਫੈਂਸ ਵਿਚ ਆਤਮਨਿਰਭਰਤਾ ਹਾਸਲ ਕਰਨ ਤੇ ਦੇਸ਼ ਵਿਚ ਹਥਿਆਰ ਬਣਾਉਣ ਦੀ ਦੂਰਦ੍ਰਿਸ਼ਟੀ ਦਿਖਾਈ ਤੇ ਇਕ ਮਿਸ਼ਨ ਨੂੰ ਲੈ ਕੇ ਚੱਲੀ। ਨਤੀਜੇ ਵਜੋਂ ਐੱਚ ਏ ਐੱਲ, ਬੀ ਈ ਐੱਲ, ਬੀ ਡੀ ਐੱਲ, ਬੀ ਈ ਅੱੈਮ ਐੱਲ ਤੇ ਹੋਰ ਕਈ ਅਦਾਰੇ ਜਨਤਕ ਖੇਤਰ ਵਿਚ ਕਾਇਮ ਹੋਏ। ਅੱਜ ਦੇਸ਼ ਵਿਚ 41 ਅਸਲਾ ਫੈਕਟਰੀਆਂ ਹਨ, ਜਿਨ੍ਹਾਂ ਵਿੱਚੋਂ 23 ਆਜ਼ਾਦੀ ਤੋਂ ਬਾਅਦ ਕਾਇਮ ਹੋਈਆਂ ਤੇ ਭਾਜਪਾ ਨੇ ਆਪਣੇ 6 ਸਾਲਾਂ ਦੇ ਰਾਜ ਵਿਚ ਇੱਕ ਵੀ ਫੈਕਟਰੀ ਖੜ੍ਹੀ ਨਹੀਂ ਕੀਤੀ। ਜਦੋਂ ਅਮਰੀਕਾ, ਫਰਾਂਸ, ਇਟਲੀ, ਜਰਮਨੀ ਤੇ ਹੋਰਨਾਂ ਦੇਸ਼ਾਂ ਨੇ ਸਾਨੂੰ ਡਿਫੈਂਸ ਟੈਕਨਾਲੋਜੀ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਸਾਬਕਾ ਸੋਸ਼ਲਿਸਟ ਦੇਸ਼ਾਂ, ਖਾਸਕਰ ਸੋਵੀਅਤ ਯੂਨੀਅਨ ਨੇ ਭਾਰਤ ਵੱਲ ਮਦਦ ਦਾ ਹੱਥ ਵਧਾਇਆ ਅਤੇ ਟੈਕਨਾਲੋਜੀ ਮੁਹੱਈਆ ਕੀਤੀ। ਦੇਸ਼ ਵਿਚ ਤਿਆਰ ਕੀਤੇ ਜਾ ਰਹੇ ਟੈਂਕ ਰੂਸੀ ਟੈਕਨਾਲੋਜੀ ਵਾਲੇ ਹੀ ਹਨ। ਅੱਜ ਸਾਡੀਆਂ ਅਸਲਾ ਫੈਕਟਰੀਆਂ ਸਾਡੀਆਂ ਫੌਜਾਂ ਲਈ ਆਪਣੀ ਟੈਕਨਾਲੋਜੀ ਨਾਲ ਹਥਿਆਰ, ਗੋਲੀ-ਸਿੱਕਾ, ਰਾਈਫਲਾਂ, ਪ੍ਰੋਟੈਕਟਿਵ ਕਲੋਦਿੰਗ, ਬੈਟਲ-ਫੀਲਡ ਡਰੈੱਸ, ਟੈਂਟ, ਪੈਰਾਸ਼ੂਟ ਆਦਿ ਬਣਾ ਰਹੀਆਂ ਹਨ। ਭਾਰਤ ਜਨਤਕ ਖੇਤਰ ਦੇ ਅਦਾਰਿਆਂ ਤੇ ਅਸਲਾ ਫੈਕਟਰੀਆਂ ਵੱਲੋਂ ਤਿਆਰ ਹਥਿਆਰਾਂ ਤੇ ਉਪਕਰਣਾਂ ਨਾਲ ਲੈਸ ਹੈ। ਪ੍ਰਧਾਨ ਮੰਤਰੀ ਭਾਰਤੀ ਅਸਲਾ ਫੈਕਟਰੀਆਂ ਦੇ ਯੋਗਦਾਨ ਨੂੰ ਕਿਵੇਂ ਛੁਟਿਆ ਸਕਦੇ ਹਨ? ਕੋਵਿਡ-19 ਸੰਕਟ ਵੇਲੇ ਵੀ ਅਸਲਾ ਫੈਕਟਰੀਆਂ ਨੇ ਡਾਕਟਰਾਂ, ਨਰਸਾਂ ਤੇ ਦੂਜੇ ਮੈਡੀਕਲ ਸਟਾਫ ਲਈ ਲੋੜੀਂਦੀਆਂ ਪੀ ਪੀ ਈ ਕਿੱਟਾਂ ਤਿਆਰ ਕੀਤੀਆਂ। ਕਾਮਰੇਡ ਰਾਜਾ ਨੇ ਕਿਹਾ ਕਿ ਸਰਕਾਰ ਹੁਣ ਸਮੁੱਚੇ ਡਿਫੈਂਸ ਉਤਪਾਦਨ ਨੂੰ ਨਿੱਜੀ ਹੱਥਾਂ ਵਿਚ ਦੇਣਾ ਚਾਹੁੰਦੀ ਹੈ ਅਤੇ ਇਸ ਨੇ ਡਿਫੈਂਸ ਸੈਕਟਰ ਵਿਚ 100 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ। ਸਰਕਾਰ ਨੇ ਸਰਕਾਰੀ ਕੰਟਰੋਲ ਵਾਲੀਆਂ 41 ਅਸਲਾ ਫੈਕਟਰੀਆਂ ਨੂੰ ਪਬਲਿਕ ਸੈਕਟਰ ਅੰਡਰਟੇਕਿੰਗਜ਼ ਵਿਚ ਬਦਲਣ ਦਾ ਫੈਸਲਾ ਕਰ ਲਿਆ ਹੈ ਅਤੇ ਇਸ ਤੋਂ ਬਾਅਦ ਇਨ੍ਹਾਂ ਨੂੰ ਨਿੱਜੀ ਹੱਥਾਂ ਵਿਚ ਦੇ ਦਿੱਤਾ ਜਾਵੇਗਾ। ਸਾਡੇ ਦੇਸ਼ ਦੇ ਡਿਫੈਂਸ ਸੈਕਟਰ ਨੂੰ ਨਿੱਜੀ ਕਾਰਪੋਰੇਟਾਂ ਹਵਾਲੇ ਕਰਨਾ ਸਾਡੇ ਕੌਮੀ ਹਿੱਤਾਂ ਦੇ ਵਿਰੁੱਧ ਹੈ। ਕਾਮਰੇਡ ਰਾਜਾ ਨੇ ਕਿਹਾ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ ਇਸ ਦੇ ਖਿਲਾਫ ਹੈ। ਉਨ੍ਹਾ ਪ੍ਰਧਾਨ ਮੰਤਰੀ 'ਤੇ ਜ਼ੋਰ ਦਿੱਤਾ ਹੈ ਕਿ ਉਹ ਡਿਫੈਂਸ ਸੈਕਟਰ ਵਿਚ ਆਤਮਨਿਰਭਰਤਾ ਹਾਸਲ ਕਰਨ ਲਈ ਅਸਲਾ ਫੈਕਟਰੀਆਂ ਤੇ ਜਨਤਕ ਅਦਾਰਿਆਂ ਨੂੰ ਮਜ਼ਬੂਤ ਕਰਨ, ਇਨ੍ਹਾਂ ਨੂੰ ਕਮਜ਼ੋਰ ਕਰਨ ਦੀ ਕੋਈ ਕੋਸ਼ਿਸ਼ ਨਾ ਕਰਨ।

171 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper