Latest News
ਇਹ ਹੈ ਮੋਦੀ ਦਾ ਨਿਊ ਇੰਡੀਆ

Published on 30 Jun, 2020 11:02 AM.


ਭਾਜਪਾ ਦੇ ਕੇਂਦਰ ਵਿੱਚ ਸੱਤਾਧਾਰੀ ਹੋਣ ਤੋਂ ਬਾਅਦ ਮਨੁੱਖੀ ਅਧਿਕਾਰਾਂ ਦੀ ਸਥਿਤੀ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਇਸ ਦੀ ਸ਼ੁਰੂਆਤ ਤਾਂ ਵੱਖ-ਵੱਖ ਰਾਜਾਂ ਵਿੱਚ ਭਾਜਪਾ ਦੇ ਉਭਾਰ ਨਾਲ ਹੀ ਸ਼ੁਰੂ ਹੋ ਗਈ ਸੀ, ਪਰ ਕੇਂਦਰ ਦੀ ਰਾਜਗੱਦੀ ਉੱਤੇ ਬਿਰਾਜਮਾਨ ਹੋ ਜਾਣ ਤੋਂ ਬਾਅਦ ਇਸ ਦਾ ਪਸਾਰ ਸਮੁੱਚੇ ਦੇਸ਼ ਵਿੱਚ ਹੋ ਚੁੱਕਾ ਹੈ।
ਹਿਊਮਨਿਸਟਿਸ ਇੰਟਰਨੈਸ਼ਨਲ ਵੱਲੋਂ ਜਾਰੀ ਆਪਣੀ ਰਿਪੋਰਟ 'ਹਿਊਮਨਿਸਟਿਸ ਐਟ ਰਿਸਕ-ਐਕਸ਼ਨ ਰਿਪੋਰਟ 2020' ਵਿੱਚ ਕਿਹਾ ਗਿਆ ਹੈ ਕਿ ਦੁਨੀਆ ਭਰ ਵਿੱਚ ਨਾਸਤਿਕਾਂ ਤੇ ਮਾਨਵਤਾਵਾਦੀ ਲੋਕਾਂ ਉੱਤੇ ਉਨ੍ਹਾਂ ਦੇ ਵਿਚਾਰਾਂ ਤੇ ਅਜ਼ਾਦ ਸੋਚ ਕਾਰਨ ਖ਼ਤਰਾ ਵਧਦਾ ਜਾ ਰਿਹਾ ਹੈ। ਇਹ ਖ਼ਤਰਾ ਬਹੁਗਿਣਤੀ ਦੀ ਹਮਾਇਤੀ ਸਰਕਾਰਾਂ ਤੋਂ ਵੀ ਹੈ ਤੇ ਸਰਕਾਰਾਂ ਦੀ ਸ਼ਹਿ ਪ੍ਰਾਪਤ ਭੀੜਤੰਤਰੀ ਹਿੰਸਾ ਤੋਂ ਵੀ। ਇਸ ਰਿਪੋਰਟ ਵਿੱਚ ਭਾਰਤ, ਕੋਲੰਬੀਆ, ਇੰਡੋਨੇਸ਼ੀਆ, ਮਲੇਸ਼ੀਆ, ਨਾਈਜੀਰੀਆ, ਪਾਕਿਸਤਾਨ, ਫਿਲਪਾਈਨ ਤੇ ਸ੍ਰੀਲੰਕਾ ਵਿਚਲੀ ਸਥਿਤੀ ਦਾ ਵਿਸਥਾਰ ਨਾਲ ਵਰਨਣ ਕੀਤਾ ਗਿਆ ਹੈ।
ਭਾਰਤ ਬਾਰੇ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ, ''ਭਾਰਤ ਇਨ੍ਹਾਂ ਦੇਸ਼ਾਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਇਥੇ ਧਰਮਾਂ ਦੀ ਵਿਭਿੰਨਤਾ ਹੈ ਤੇ ਮੌਜੂਦਾ ਸਮੇਂ ਤੋਂ ਪਹਿਲਾਂ ਤੱਕ ਇੱਥੇ ਸੰਵਿਧਾਨ ਰਾਹੀਂ ਮਾਨਤਾ ਪ੍ਰਾਪਤ ਧਰਮ-ਨਿਰਪੱਖਤਾ ਉੱਤੇ ਹਰ ਕਿਸੇ ਨੂੰ ਮਾਣ ਸੀ। ਭਾਰਤੀ ਸੰਵਿਧਾਨ, ਵਿਚਾਰਾਂ ਦੀ ਅਜ਼ਾਦੀ, ਧਰਮ ਤੇ ਵਿਵੇਕ ਦਾ ਅਧਿਕਾਰ ਤੇ ਪ੍ਰਗਟਾਵੇ ਅਤੇ ਜਥੇਬੰਦੀ ਬਣਾਉਣ ਦੀ ਸੁਤੰਤਰਤਾ ਦਿੰਦਾ ਹੈ, ਪ੍ਰੰਤੂ ਮੌਜੂਦਾ ਰਾਜਨੀਤਕ ਮਾਹੌਲ ਇਸ ਅਜ਼ਾਦੀ ਉੱਤੇ ਰੋਕ ਲਾ ਰਿਹਾ ਹੈ। ਧਾਰਮਿਕ ਸਮੂਹਾਂ ਵਿੱਚ ਝੜਪਾਂ ਤੇ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਹਿੰਸਾ ਆਮ ਹੋ ਗਈ ਹੈ। ਨਾਗਰਿਕ ਸੋਧ ਕਾਨੂੰਨ ਲਾਗੂ ਹੋਣ ਤੋਂ ਬਾਅਦ ਅਜਿਹੀਆਂ ਹਿੰਸਕ ਝੜਪਾਂ ਵਿੱਚ ਪੀੜਤ ਤੇ ਸਜ਼ਾ ਪਾਉਣ ਵਾਲੇ ਸਿਰਫ਼ ਘੱਟਗਿਣਤੀ ਦੇ ਲੋਕ ਹੀ ਹੁੰਦੇ ਹਨ।'' ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਕਾਨੂੰਨ ਨੂੰ ਹਿੰਦੂ ਰਾਸ਼ਟਰ ਦੀ ਸਥਾਪਨਾ ਲਈ ਇੱਕ ਕਾਰਗਰ ਹਥਿਆਰ ਸਮਝਦੇ ਹਨ। ਭਾਰਤ ਵਿੱਚ ਤਰਕਸ਼ੀਲਤਾ ਦਾ ਇਤਿਹਾਸ ਬਹੁਤ ਪੁਰਾਣਾ ਹੈ, ਪਰ ਅਜੋਕੇ ਦੌਰ ਵਿੱਚ ਤਰਕਵਾਦ ਦੀ ਥਾਂ ਅੱਖਾਂ ਬੰਦ ਕਰਕੇ ਸਰਕਾਰੀ ਸਮਰਥਨ ਨੇ ਲੈ ਲਈ ਹੈ।''
ਰਿਪੋਰਟ ਅਨੁਸਾਰ, ''ਹੁਣ ਤੱਕ ਪੂਰੀ ਦੁਨੀਆ ਸੰਸਾਰ ਦੇ ਇਸ ਸਭ ਤੋਂ ਵੱਡੇ ਲੋਕਤੰਤਰ ਦੀ ਧਰਮ ਨਿਰਪੱਖਤਾ ਦਾ ਸਨਮਾਨ ਕਰਦੀ ਸੀ, ਪਰ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ, ਕਾਰਜਪਾਲਿਕਾ ਤੇ ਕੁਝ ਹੱਦ ਤੱਕ ਨਿਆਂਪਾਲਿਕਾ ਵੀ ਹਿੰਦੂ ਰਾਸ਼ਟਰ ਦੀ ਰਾਜਨੀਤੀ ਕਰਨ ਲੱਗ ਪਏ ਹਨ। ਸਰਕਾਰ ਵੱਲੋਂ ਹਿੰਦੂ ਰਾਸ਼ਟਰਵਾਦੀ ਤਾਕਤਾਂ ਨੂੰ ਹੱਲਾਸ਼ੇਰੀ ਦੇਣ ਕਾਰਨ ਘੱਟ ਗਿਣਤੀਆਂ, ਬਿਨਾਂ ਧਰਮ ਵਿਚਾਰਧਾਰਾ ਅਤੇ ਮਾਨਵਤਾਵਾਦੀ ਦ੍ਰਿਸ਼ਟੀਕੋਣ ਇਸ ਸਮੇਂ ਗੰਭੀਰ ਖਤਰੇ ਵਿੱਚ ਹਨ।''
ਰਿਪੋਰਟ ਮੁਤਾਬਕ, ''ਇੰਡੀਅਨ ਪੀਨਲ ਕੋਡ ਦੀ ਧਰਮ ਨਿੰਦਾ (ਈਸ਼ ਨਿੰਦਾ) ਸੰਬੰਧੀ ਧਾਰਾ 295 ਦੀ ਵਰਤੋਂ ਵਿਆਪਕ ਹੋ ਗਈ ਹੈ। ਇਸ ਨੂੰ ਇੱਕ ਧਰਮ (ਹਿੰਦੂ) ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਵਿੱਚ ਗਊ ਰੱਖਿਆ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ ਤੇ ਇਸ ਕਾਨੂੰਨ ਦੀ ਮਨਮਾਨੇ ਢੰਗ ਨਾਲ ਵਰਤੋਂ ਹੋ ਰਹੀ ਹੈ।''
ਰਿਪੋਰਟ ਵਿੱਚ ਗੋਬਿੰਦ ਪਨਸਾਰੇ, ਨਰਿੰਦਰ ਡਾਭੋਲਕਰ ਤੇ ਕਲਬੁਰਗੀ ਦੀਆਂ ਹੱਤਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ, ''2013 ਤੋਂ 2015 ਦੌਰਾਨ ਦੇਸ਼ ਦੇ ਤਿੰਨ ਪ੍ਰ੍ਰਮੁੱਖ ਬੁੱਧੀਜੀਵੀਆਂ ਦੀ ਸ਼ਰੇਆਮ ਇਸ ਲਈ ਹੱਤਿਆ ਕਰ ਦਿੱਤੀ ਗਈ, ਕਿਉਂਕਿ ਉਹ ਅੰਧ-ਵਿਸ਼ਵਾਸ ਤੇ ਹਿੰਦੂ ਰਾਸ਼ਟਰ ਦੇ ਵਿਚਾਰਾਂ ਦੇ ਵਿਰੋਧੀ ਸਨ। ਭਾਰਤੀ ਸੰਵਿਧਾਨ ਪ੍ਰਗਟਾਵੇ ਦੀ ਅਜ਼ਾਦੀ ਦਾ ਅਧਿਕਾਰ ਦਿੰਦਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਨਿਰਪੱਖ ਪੱਤਰਕਾਰਾਂ ਨੂੰ ਖਤਰੇ ਸਹਿਣੇ ਪੈ ਰਹੇ ਹਨ। ਸਰਕਾਰ ਇਨ੍ਹਾਂ ਪੱਤਰਕਾਰਾਂ ਵਿਰੁੱਧ ਰਾਸ਼ਟਰੀ ਸੁਰੱਖਿਆ, ਆਤੰਕਵਾਦ ਤੇ ਹੇਟ ਸਪੀਚ ਸੰਬੰਧੀ ਕਾਨੂੰਨਾਂ ਦਾ ਸਹਾਰਾ ਲੈ ਰਹੀ ਹੈ। ਸਤੰਬਰ 2017 ਵਿੱਚ ਗੌਰੀ ਲੰਕੇਸ਼ ਦੀ ਹੱਤਿਆ ਕਰ ਦਿੱਤੀ ਗਈ, ਪਰ ਹਿੰਦੂ ਸੰਗਠਨਾਂ ਨਾਲ ਜੁੜੇ ਸਭ ਦੋਸ਼ੀ ਕਾਨੂੰਨ ਦੇ ਘੇਰੇ 'ਚੋਂ ਬਾਹਰ ਹਨ।''
''ਸਾਲ 2014 ਵਿੱਚ ਸੱਤਾਧਾਰੀ ਹੋਈ ਭਾਜਪਾ ਸਰਕਾਰ ਅਜ਼ਾਦ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਬੁੱਧੀਜੀਵੀ ਵਿਰੋਧੀ ਸਰਕਾਰ ਹੈ। ਇਹ ਹਰ ਉਸ ਸੰਸਥਾ ਜਾਂ ਵਿਅਕਤੀ ਨੂੰ ਨਿਸ਼ਾਨਾ ਬਣਾ ਰਹੀ ਹੈ, ਜੋ ਸਮਾਜਿਕ ਕਾਰਕੁਨ ਹੈ, ਸਿਵਲ ਸੁਸਾਇਟੀ ਨਾਲ ਜੁੜਿਆ ਹੈ, ਮਨੁੱਖੀ ਹੱਕਾਂ ਦੀ ਗੱਲ ਕਰਦਾ ਹੈ, ਅਜ਼ਾਦ ਤੇ ਨਿਰਪੱਖ ਵਿਚਾਰਧਾਰਾ ਦਾ ਹੈ ਜਾਂ ਫਿਰ ਹਿੰਦੂਤਵ ਦੇ ਵਿਰੁੱਧ ਗੱਲ ਕਰਦਾ ਹੈ। ਇਹ ਸਰਕਾਰ ਇਨ੍ਹਾਂ ਉੱਤੇ ਹਮਲੇ ਹੀ ਨਹੀਂ ਕਰਦੀ, ਸਗੋਂ ਇਨ੍ਹਾਂ ਦੀਆਂ ਹੱਤਿਆਵਾਂ ਕਰਨ ਵਾਲਿਆਂ ਦਾ ਸਮੱਰਥਨ ਵੀ ਕਰਦੀ ਹੈ ਤੇ ਉਨ੍ਹਾਂ ਨੂੰ ਕਾਨੂੰਨੀ ਸ਼ਿਕੰਜੇ 'ਚੋਂ ਵੀ ਬਚਾਉਂਦੀ ਹੈ। ਇਸ ਸੰਦਰਭ ਵਿੱਚ ਅੱਜ ਭਾਰਤ ਦੀ ਸਥਿਤੀ ਪਾਕਿਸਤਾਨ ਨਾਲ ਮੇਲ ਖਾਂਦੀ ਹੈ। ਜੇਕਰ ਤੁਸੀਂ ਅਜ਼ਾਦ ਵਿਚਾਰਾਂ ਦੇ ਹੋ ਤੇ ਕਿਸੇ ਧਰਮ ਨਾਲ ਬੱਝੇ ਹੋਏ ਨਹੀਂ ਤਾਂ ਤੁਹਾਨੂੰ ਸਰਕਾਰੀ ਕਾਨੂੰਨਾਂ, ਪੁਲਸੀ ਜਬਰ ਦੇ ਨਾਲ-ਨਾਲ ਹਿੰਦੂ ਗੁੰਡਿਆਂ ਦਾ ਵੀ ਮੁਕਾਬਲਾ ਕਰਨਾ ਪਵੇਗਾ।''
ਇਸ ਰਿਪੋਰਟ ਵਿੱਚ ਮੰਗ ਕੀਤੀ ਗਈ ਹੈ, ''ਈਸ਼ ਨਿੰਦਾ ਸੰਬੰਧੀ ਸਭ ਕਾਨੂੰਨ ਖਤਮ ਕੀਤੇ ਜਾਣ, ਨਾਗਰਿਕਤਾ ਕਾਨੂੰਨ ਵਿੱਚ ਮਾਨਵਤਾਵਾਦੀ ਤੇ ਨਾਸਤਿਕਾਂ ਨੂੰ ਵੀ ਸ਼ਾਮਲ ਕੀਤਾ ਜਾਵੇ, ਸਰਕਾਰ ਪ੍ਰਗਟਾਵੇ ਦੀ ਅਜ਼ਾਦੀ ਦਾ ਸਨਮਾਨ ਕਰੇ, ਵਿਦਿਆ ਦੇ ਸਿਲੇਬਸ ਵਿੱਚ ਧਰਮ-ਨਿਰਪੱਖਤਾ ਦਾ ਪਾਠ ਸ਼ਾਮਲ ਕੀਤਾ ਜਾਵੇ, ਮਨੁੱਖੀ ਅਧਿਕਾਰ ਕਾਰਕੁਨਾਂ ਤੇ ਬੁੱਧੀਜੀਵੀਆਂ ਦੀਆਂ ਹੱਤਿਆਵਾਂ ਜਾਂ ਕੁੱਟਮਾਰ ਦੇ ਕੇਸਾਂ ਦਾ ਤੁਰੰਤ ਨਿਪਟਾਰਾ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।''
ਇਸ ਰਿਪੋਰਟ ਦਾ ਸਾਡੀ ਸਰਕਾਰ 'ਤੇ ਕੋਈ ਅਸਰ ਹੋਵੇ ਜਾਂ ਨਾ, ਪਰ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੌਜੂਦਾ ਸਰਕਾਰ ਦੀ ਧਰਮ ਨਿਰਪੱਖਤਾ ਪ੍ਰਤੀ ਕੋਈ ਰੁਚੀ ਨਹੀਂ ਹੈ। ਅੱਜ ਅਸੀਂ ਜਿਸ ਦੇਸ਼ ਵਿੱਚ ਰਹਿ ਰਹੇ ਹਾਂ, ਉਹ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ। ਇੱਥੇ ਹੁਣ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਉੱਤੇ ਤੁਹਾਨੂੰ ਦੇਸ਼ਧ੍ਰੋਹੀ ਬਣਾ ਦਿੱਤਾ ਜਾਵੇਗਾ, ਅਰਬਨ ਨਕਸਲ ਦਾ ਲੇਬਲ ਲਗਾ ਦਿੱਤਾ ਜਾਵੇਗਾ, ਟੁਕੜੇ-ਟੁਕੜੇ ਗੈਂਗ ਕਹਿ ਕੇ ਜ਼ਲੀਲ ਕੀਤਾ ਜਾਵੇਗਾ ਅਤੇ ਹੱਤਿਆ ਕਰਨ ਵਾਲੇ ਜਾਂ ਕਤਲ ਦੀਆਂ ਧਮਕੀਆਂ ਦੇਣ ਵਾਲੇ ਵਿਧਾਇਕ ਤੇ ਸਾਂਸਦ ਬਣ ਜਾਣਗੇ। ਇਹੋ ਹੈ ਮੋਦੀ ਦਾ ਨਿਊ ਇੰਡੀਆ।

767 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper