Latest News
103 ਸਾਲਾ ਬਾਪੂ ਨੇ ਕੋਰੋਨਾ ਦੀ ਕਰਾਈ ਬਸ

Published on 30 Jun, 2020 11:09 AM.


ਠਾਣੇ (ਮਹਾਰਾਸ਼ਟਰ) : 103 ਸਾਲ ਦੇ ਸੁੱਖਾ ਸਿੰਘ ਛਾਬੜਾ ਕੋਰੋਨਾ ਨੂੰ ਮਾਤ ਦੇ ਕੇ ਸੋਮਵਾਰ ਘਰ ਪਰਤ ਆਏ। ਕੌਸ਼ਲਿਆ ਮੈਡੀਕਲ ਫਾਊਂਡੇਸ਼ਨ ਟਰੱਸਟ ਹਸਪਤਾਲ ਵਿਚ ਇਲਾਜ ਕਰਾਉਣ ਵਾਲੇ ਛਾਬੜਾ ਆਈ ਸੀ ਯੂ ਵਿੱਚੋਂ ਜਿਊਂਦੇ ਬਾਹਰ ਆਉਣ ਵਾਲੇ ਦੇਸ਼ ਦੇ ਸਭ ਤੋਂ ਉਮਰ-ਦਰਾਜ ਸ਼ਖਸ ਹਨ। ਛਾਬੜਾ ਦੇ ਛੋਟੇ ਭਰਾ ਤਾਰਾ ਸਿੰਘ ਵੀ ਕੋਰੋਨਾ ਦੇ ਅੜਿੱਕੇ ਆ ਗਏ ਸਨ ਤੇ ਉਨ੍ਹਾ ਨੂੰ ਵੀ ਕੁਝ ਦਿਨ ਆਈ ਸੀ ਯੂ ਵਿਚ ਗੁਜ਼ਾਰਨੇ ਪਏ। ਹੁਣ ਉਹ ਆਮ ਵਾਰਡ ਵਿਚ ਹਨ ਤੇ ਕੁਝ ਦਿਨਾਂ ਵਿਚ ਉਨ੍ਹਾ ਦੇ ਵੀ ਘਰ ਪਰਤ ਆਉਣ ਦੀ ਆਸ ਹੈ। ਲਾਹੌਰ ਵਿਚ ਪੈਦਾ ਹੋਏ ਸੁੱਖਾ ਸਿੰਘ ਛਾਬੜਾ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਉਨ੍ਹਾ ਨੂੰ ਕਿੰਨਾ ਖਤਰਨਾਕ ਵਾਇਰਸ ਚਿੰਬੜਿਆ ਹੋਇਆ ਹੈ ਪਰ ਉਨ੍ਹਾ ਦੇ ਪੁੱਤ, ਪੋਤੇ ਤੇ ਪੜਪੋਤੇ ਸਾਰਿਆਂ ਦੀ ਜਾਨ ਟੰਗੀ ਹੋਈ ਸੀ। 39 ਸਾਲਾ ਪੋਤੇ ਗੁਰਦੀਪ ਛਾਬੜਾ ਨੇ ਦੱਸਿਆ ਕਿ ਦਾਦਾ ਜੀ 31 ਮਈ ਨੂੰ ਪਾਜ਼ੀਟਿਵ ਨਿਕਲੇ ਸਨ ਤੇ ਉਨ੍ਹਾ ਨੂੰ 2 ਜੂਨ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਤਾਰਾ ਸਿੰਘ ਪਰਵਾਰ ਨੂੰ ਮਿਲਣ ਆਏ ਸੀ ਤੇ ਉਹ ਵੱਡੇ ਭਰਾ ਕੋਲ ਬੈਠਣ ਕਰਕੇ ਅੜਿੱਕੇ ਆ ਗਏ। ਸੁੱਖਾ ਸਿੰਘ ਛਾਬੜਾ ਦਾ ਇਲਾਜ ਕਰਨ ਵਾਲੀ ਟੀਮ ਦੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾ ਦੀ ਹਾਲਤ ਸੁਧਰਦੀ ਤੇ ਵਿਗੜਦੀ ਰਹੀ। ਉਹ ਦੋ ਵਾਰ ਆਈ ਸੀ ਯੂ ਵਿਚ ਗਏ ਤੇ ਬਾਹਰ ਆਏ। ਪਰ ਮੰਨਣਾ ਪੈਣਾ ਕਿ ਮਰੀਜ਼ ਦੇ ਦ੍ਰਿੜ੍ਹ ਇਰਾਦੇ ਦਾ ਸਿਹਤਯਾਬ ਹੋਣ ਵਿਚ ਵੱਡਾ ਰੋਲ ਹੁੰਦਾ ਹੈ। ਸ਼ਿਵ ਸੈਨਾ ਦੇ ਮਿਊਂਸਪਲ ਕਾਰਪੋਰੇਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਸਰਦਾਰ ਛਾਬੜਾ ਦੀ ਚਮਤਕਾਰੀ ਰਿਕਵਰੀ ਨੂੰ ਦੇਖਦਿਆਂ ਹਸਪਤਾਲ ਨੇ ਇਲਾਜ ਦਾ ਖਰਚਾ ਨਾ ਲੈਣ ਦਾ ਫੈਸਲਾ ਕੀਤਾ ਹੈ। ਗੁਰਮੁਖ ਸਿੰਘ, ਜਿਹੜੇ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਲਾਕਡਾਊਨ ਤੋਂ ਪਹਿਲਾਂ ਤੱਕ ਸਰਦਾਰ ਛਾਬੜਾ ਬਹੁਤ ਸਰਗਰਮ ਰਹਿੰਦੇ ਸਨ। ਬਿਨਾਂ ਸਹਾਰੇ ਦੇ ਗੁਰਦੁਆਰਾ ਸਾਹਿਬ ਦੀਆਂ ਪੌੜੀਆਂ ਚੜ੍ਹਦੇ ਸਨ ਅਤੇ ਪਾਠ ਸੁਣ ਕੇ ਤੇ ਪ੍ਰਸਾਦ ਲੈ ਕੇ ਘਰ ਪਰਤਦੇ ਸਨ। ਗੁਰਦੀਪ ਸਿੰਘ ਨੇ ਦੱਸਿਆ ਕਿ ਅਜੇ ਉਹ ਕੁਝ ਕਮਜ਼ੋਰ ਹਨ ਪਰ ਪੰਜਾਬੀ ਸ਼ਾਕਾਹਾਰੀ ਖੁਰਾਕ ਖਾ ਕੇ ਉਹ ਛੇਤੀ ਹੀ ਸਰਗਰਮ ਹੋ ਜਾਣਗੇ।

134 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper