Latest News
ਮੋਦੀ ਸਰਕਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰ ਕੇ ਲੋਕਾਂ ਨੂੰ ਲੁੱਟ ਰਹੀ : ਮਾੜੀਮੇਘਾ, ਜਾਮਾਰਾਏ

Published on 30 Jun, 2020 11:11 AM.


ਤਰਨ ਤਾਰਨ (ਨਵਾਂ ਜ਼ਮਾਨਾ ਸਰਵਿਸ)
ਮੋਦੀ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬੇਲਗਾਮ ਕੀਤਾ ਵਾਧਾ ਵਾਪਸ ਕਰਾਉਣ, ਕਿਸਾਨ ਵਿਰੋਧੀ ਆਰਡੀਨੈਂਸ ਰੱਦ ਕਰਨ ਅਤੇ ਮਜ਼ਦੂਰਾਂ ਵਿਰੁੱਧ ਬਣਾਏ ਗਏ ਕਾਨੂੰਨ ਤੁਰੰਤ ਵਾਪਸ ਲਏ ਜਾਣ ਦੀ ਮੰਗ ਨੂੰ ਲੈ ਕੇ ਬੋਹੜੀ ਵਾਲੇ ਚੌਕ ਦੇ ਨਜ਼ਦੀਕ ਪੈਟਰੋਲ ਪੰਪ 'ਤੇ ਜਮਹੂਰੀ ਕਿਸਾਨ ਸਭਾ ਅਤੇ ਆਲ ਇੰਡੀਆ ਕਿਸਾਨ ਸਭਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਬੀ ਜੇ ਪੀ ਦੀ ਸਰਕਾਰ ਕਿਸਾਨਾਂ ਦੇ ਧੰਦੇ ਨੂੰ ਉਜਾੜਨ ਵਾਸਤੇ ਤੇ ਲੋਕਾਂ ਦਾ ਘਾਣ ਕਰਨ ਲਈ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ। ਲੋਕਾਂ ਦੀ ਲੁੱਟ ਨਾਲ ਪ੍ਰਾਈਵੇਟ ਕੰਪਨੀਆਂ ਅਤੇ ਸਰਕਾਰਾਂ ਆਪਣੇ ਮੁਨਾਫ਼ੇ ਵਧਾਈ ਜਾ ਰਹੀਆਂ ਹਨ। ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਹਨ, ਪਰ ਸਰਕਾਰ ਲੋਕਾਂ 'ਤੇ ਅਥਾਹ ਬੋਝ ਪਾਈ ਜਾ ਰਹੀ ਹੈ। ਇੱਕ ਬੰਨੇ ਕੇਂਦਰ ਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਦੌਰਾਨ ਘਰਾਂ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਇਕੱਠਾਂ 'ਤੇ ਪਾਬੰਦੀ ਲਾਈ ਹੋਈ ਹੈ ਕਿ ਕੋਈ ਸਰਕਾਰ ਦਾ ਖੁੱਲ੍ਹ ਕੇ ਵਿਰੋਧ ਵੀ ਨਾ ਕਰ ਸਕੇ, ਦੂਜੇ ਪਾਸੇ ਮੋਦੀ ਸਰਕਾਰ ਆਪਣੇ ਲੋਕ ਵਿਰੋਧੀ ਏਜੰਡੇ ਲਗਾਤਾਰ ਲਾਗੂ ਕਰਦੀ ਜਾ ਰਹੀ ਹੈ। ਪਹਿਲਾਂ 370 ਧਾਰਾ ਖਤਮ ਕਰ ਕੇ ਜੰਮੂ-ਕਸ਼ਮੀਰ ਨੂੰ ਤੋੜ ਕੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ, ਫੇਰ ਕੌਮੀ ਨਾਗਰਿਕਤਾ ਕਾਨੂੰਨ, ਐੱਨ ਆਰ ਸੀ ਤੇ ਐੱਨ ਪੀ ਆਰ ਵਰਗੇ ਫਿਰਕੂ ਫਸਾਦਾਂ ਵਾਲੇ ਕਾਨੂੰਨ ਲਿਆ ਕੇ ਲੋਕਾਂ ਵਿੱਚ ਪਾੜਾ ਪਾਇਆ ਗਿਆ ਤੇ ਹੁਣ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿਰੁੱਧ ਆਰਡੀਨੈਂਸ ਲਿਆ ਕੇ ਇਹਨਾਂ ਧੰਦਿਆਂ ਦਾ ਵੀ ਖ਼ਾਤਮਾ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਕੰਪਨੀਆਂ ਨੂੰ ਖੁੱਲ੍ਹ ਦਿੱਤੀ ਹੋਈ ਹੈ ਕਿ ਉਹ ਦੇਸ਼ ਦੀ ਲੁੱਟ ਕਰਨ ਅਤੇ ਆਪਣੇ ਮੁਨਾਫ਼ੇ ਵਧਾਉਣ। ਤੇਲ ਦੀਆਂ ਕੀਮਤਾਂ ਵਧਣ ਨਾਲ ਆਮ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਗਰੀਬ ਤੇ ਮੱਧ ਵਰਗ ਦੇ ਲੋਕ ਖਾਣ-ਪੀਣ ਵਾਲੀਆਂ ਵਸਤਾਂ ਖਰੀਦਣ ਤੋਂ ਅਸਮਰੱਥ ਹਨ, ਪਰ ਬੀ ਜੇ ਪੀ ਦੀ ਮੋਦੀ ਦੀ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕਦੀ। ਕਿਸਾਨਾਂ ਦੇ ਉਜਾੜੇ ਵਾਸਤੇ ਤਾਂ ਜਿਹੜੀ ਖੁੱਲ੍ਹੀ ਮੰਡੀ ਦਾ ਕਾਨੂੰਨ ਲਿਆਂਦਾ ਗਿਆ ਹੈ, ਇਸ ਕਾਨੂੰਨ ਦੇ ਨਾਲ ਕਿਸਾਨ ਖ਼ਤਮ ਹੋ ਜਾਏਗਾ ਤੇ ਕਿਸਾਨੀ ਧੰਦੇ ਨਾਲ ਜੁੜੇ ਲੱਖਾਂ ਲੋਕ ਵੀ ਉੱਜੜ ਜਾਣਗੇ ।ਇਸ ਕਰਕੇ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਫੌਰੀ ਤੌਰ 'ਤੇ ਵਾਪਸ ਲਵੇ। ਤਾਜ਼ਾ ਮਿਸਾਲ ਇਹ ਹੈ ਕਿ ਕਿਸਾਨਾਂ ਦੀ ਮੰਡੀਆਂ ਵਿੱਚ ਬੜੀ ਲੁੱਟ ਹੋ ਰਹੀ ਹੈ, ਮੱਕੀ ਦੀ ਫਸਲ ਮੰਡੀਆਂ ਵਿੱਚ ਰੋਲ ਦਿੱਤੀ ਗਈ ਹੈ। ਸਰਕਾਰੀ ਕੀਮਤ ਵੱਧ ਹੈ, ਪਰ ਕਿਸਾਨਾਂ ਨੂੰ ਉਸ ਦੇ ਬਹੁਤ ਘੱਟ ਰੇਟ ਦਿੱਤੇ ਗਏ ਹਨ। ਇਸੇ ਤਰ੍ਹਾਂ ਬਾਕੀ ਵਸਤਾਂ ਦੇ ਨਾਲ ਵੀ ਹੋ ਰਿਹਾ ਹੈ ।ਆਗੂਆਂ ਮੰਗ ਕੀਤੀ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਕਰਜ਼ੇ ਮਾਫ਼ ਕਰੇ ਅਤੇ ਉਨ੍ਹਾਂ ਦੇ ਖਾਤਿਆਂ ਵਿੱਚ ਵੀ ਦੂਜੇ ਕਾਰੋਬਾਰਾਂ ਦੀ ਤਰ੍ਹਾਂ ਆਰਥਿਕ ਪੈਕਜ ਦੇ ਆਧਾਰ 'ਤੇ ਪੈਸੇ ਪਾਏ ਜਾਣ।ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਵੀ ਵੈਟ ਵਧਾ ਕੇ ਆਪਣਾ ਖਜ਼ਾਨੇ ਭਰ ਰਹੀ ਹੈ, ਇਹ ਸਰਕਾਰ ਵੀ ਕਿਸਾਨ ਹਿਤੈਸ਼ੀ ਨਹੀਂ, ਇਸ ਕਰਕੇ ਲੋਕਾਂ ਨੂੰ ਇਨ੍ਹਾਂ ਸਰਕਾਰਾਂ ਵਿਰੁੱਧ ਜਥੇਬੰਦ ਹੋਣਾ ਚਾਹੀਦਾ ਹੈ।ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਦੇਊ, ਦਵਿੰਦਰ ਸੋਹਲ, ਤਾਰਾ ਸਿੰਘ ਖਹਿਰਾ, ਸੁਰਜੀਤ ਸਿੰਘ, ਸੁਰਿੰਦਰ ਸਿੰਘ ਖੱਬੇ, ਸਟਾਲਿਨਜੀਤ ਸਿੰਘ ਐਡਵੋਕੇਟ, ਲੱਖਾ ਸਿੰਘ ਮੰਨਣ, ਚਰਨ ਸਿੰਘ ਤਰਨ ਤਾਰਨ, ਗੁਰਦਿਆਲ ਸਿੰਘ ਖਡੂਰ ਸਾਹਿਬ, ਸੁਖਦੇਵ ਸਿੰਘ ਜਵੰਧਾ, ਸੁਖਦੇਵ ਸਿੰਘ ਗੋਹਲਵੜ, ਬਲਦੇਵ ਸਿੰਘ ਪੰਡੋਰੀ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਹਰਭਿੰਦਰ ਸਿੰਘ ਕਸੇਲ, ਸਰਦੂਲ ਸਿੰਘ ਮੰਨਣ, ਸੁਖਦੇਵ ਸਿੰਘ ਜਵੰਦਾ, ਨਿਰਮਲ ਸਿੰਘ ਤਰਨ ਤਾਰਨ, ਕੁਲਦੀਪ ਸਿੰਘ ਤੇ ਜੋਗਿੰਦਰ ਸਿੰਘ ਮਾਨੋਚਾਹਲ ਆਦਿ ਮੌਜੂਦ ਸਨ।

151 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper