Latest News
ਇਨ੍ਹਾਂ ਨੂੰ ਕੋਰੋਨਾ ਘਿਓ ਬਣ ਕੇ ਲੱਗਿਆ

Published on 30 Jun, 2020 11:12 AM.


ਨਵੀਂ ਦਿੱਲੀ : ਸੰਸਾਰ ਮਾਲੀ ਸੰਕਟ ਤੋਂ ਬਾਅਦ 2020 ਨੂੰ ਸਭ ਤੋਂ ਮਾੜਾ ਸਾਲ ਮੰਨਿਆ ਜਾ ਰਿਹਾ ਹੈ, ਪਰ ਕੁਝ ਅਰਬਪਤੀ ਅਜਿਹੇ ਹਨ ਜਿਨ੍ਹਾਂ ਦੇ ਭੜੋਲੇ ਉੱਛਲ ਗਏ ਹਨ। ਵਾਸ਼ਿੰਗਟਨ ਡੀ ਸੀ ਅਧਾਰਤ ਥਿੰਕ ਟੈਂਕ ਇੰਸਟੀਚਿਊਟ ਫਾਰ ਪਾਲਿਸੀ ਸਟੱਡੀਜ਼ ਐਂਡ ਕਲੀਅਰਵਾਟਰ ਤੇ ਫਲੋਰਿਡਾ ਅਧਾਰਤ ਐਡਵੋਕੇਸੀ ਗਰੁੱਪ ਅਮੈਰਿਕਨਜ਼ ਫਾਰ ਫੇਅਰ ਟੈਕਸੇਸ਼ਨ ਵੱਲੋਂ ਜਾਰੀ ਰਿਪੋਰਟ ਮੁਤਾਬਕ ਅਮਰੀਕਾ ਦੇ ਅਰਬਪਤੀ ਕੋਰੋਨਾ ਕਾਲ ਵਿਚ 18 ਮਾਰਚ ਤੋਂ ਬਾਅਦ 565 ਅਰਬ ਡਾਲਰ ਹੋਰ ਅਮੀਰ ਹੋ ਗਏ। ਅਰਬਪਤੀਆਂ ਦੀ ਦੌਲਤ ਕੋਰੋਨਾ ਦੀ ਸ਼ੁਰੂਆਤ ਵੇਲੇ ਸਾਢੇ ਤਿੰਨ ਖਰਬ ਡਾਲਰ ਸੀ ਤੇ ਇਸ ਵਿਚ 19 ਫੀਸਦੀ ਦਾ ਵਾਧਾ ਹੋ ਗਿਆ। ਐਮਾਜ਼ੋਨ ਦੇ ਚੀਫ ਜੈਫ ਬੇਜ਼ੋਸ ਦੀ ਦੌਲਤ 18 ਮਾਰਚ ਤੋਂ ਬਾਅਦ 36.2 ਅਰਬ ਡਾਲਰ ਵਧੀ। ਇਹ ਉਹ ਸਮਾਂ ਸੀ ਜਦੋਂ ਕਰੀਬ ਚਾਰ ਕਰੋੜ 30 ਲੱਖ ਅਮਰੀਕੀਆਂ ਨੇ ਬੇਰੁਜ਼ਗਾਰੀ ਭੱਤੇ ਲਈ ਅਰਜ਼ੀਆਂ ਦਿੱਤੀਆਂ। ਏਨੇ ਲੋਕ ਬੇਰੁਜ਼ਗਾਰ ਹੋ ਜਾਣ ਤੇ ਲੱਖਾਂ ਲੋਕ ਕੋਰੋਨਾ ਦੇ ਸ਼ਿਕਾਰ ਹੋਣ ਦੇ ਬਾਵਜੂਦ ਅਮਰੀਕੀ ਸ਼ੇਅਰ ਬਾਜ਼ਾਰ ਨੈਸਡੈਕ ਚੜ੍ਹਦਾ ਰਿਹਾ। ਅਮਰੀਕੀ ਮੁੱਖ ਬੈਂਕ ਦੇ ਐਮਰਜੈਂਸੀ ਹੁੰਗਾਰੇ ਦਾ ਵੀ ਇਸ ਵਿਚ ਵੱਡਾ ਰੋਲ ਰਿਹਾ। ਉਸ ਨੇ ਵਿਆਜ ਦਰ ਜ਼ੀਰੋ ਕਰ ਦਿੱਤੀ ਤੇ ਜਿੰਨੇ ਮਰਜ਼ੀ ਬਾਂਡ ਖਰੀਦਣ ਦੀ ਛੋਟ ਦੇ ਦਿੱਤੀ। ਲੋਕਾਂ ਨੇ ਵੱਡੀਆਂ ਟੈੱਕ ਕੰਪਨੀਆਂ ਦੇ ਸ਼ੇਅਰ ਧੜੱਲੇ ਨਾਲ ਖਰੀਦੇ। ਇਸ ਦਾ ਦਵਾ ਕੰਪਨੀਆਂ ਤੇ ਹਸਪਤਾਲਾਂ ਨੂੰ ਵੱਡਾ ਫਾਇਦਾ ਹੋਇਆ। ਸੰਕਟ ਦੌਰਾਨ ਐਮਾਜ਼ੋਨ ਦੇ ਸ਼ੇਅਰ ਕਰੀਬ 50 ਫੀਸਦੀ ਤਕ ਚੜ੍ਹ ਗਏ। ਇਸੇ ਤਰ੍ਹਾਂ ਫੇਸਬੁੱਕ ਦਾ ਬਾਨੀ ਮਾਰਕ ਜ਼ਕਰਬਰਗ ਵੀ 18 ਮਾਰਚ ਤੋਂ 30 ਅਰਬ ਡਾਲਰ ਹੋਰ ਅਮੀਰ ਹੋ ਗਿਆ। ਇਨ੍ਹਾਂ ਤੋਂ ਟੈਸਲਾ ਦੇ ਏਲੋਨ ਮਸਕ, ਗੂਗਲ ਦੇ ਬਾਨੀਆਂ ਸਰਗੇਈ ਬ੍ਰਿਨ ਤੇ ਲੈਰੀ ਪੇਜ, ਮਾਈਕਰੋਸਾਫਟ ਦੇ ਸਾਬਕਾ ਸੀ ਈ ਓ ਸਟੀਵ ਬਾਲਮੇਰ ਦੀ ਦੌਲਤ ਵਿਚ ਵੀ 15-15 ਅਰਬ ਡਾਲਰ ਜਾਂ ਇਸਤੋਂ ਵੱਧ ਦਾ ਇਜ਼ਾਫਾ ਹੋ ਗਿਆ। ਜ਼ੂਮ ਦੇ ਬਾਨੀ ਐਰਿਕ ਯੁਆਨ ਦੀ ਦੌਲਤ ਲੱਗਭੱਗ 2.58 ਅਰਬ ਡਾਲਰ, ਵਾਲਮਾਰਟ ਚਲਾਉਂਦੇ ਜਿਮ, ਐਲਿਸ ਤੇ ਰੌਬ ਵਾਲਟਨ ਦੀ ਦੌਲਤ ਵੀ ਲੱਗਭੱਗ 3-3 ਅਰਬ ਡਾਲਰ ਵਧੀ। ਇਹ ਉਦੋਂ ਹੋਇਆ ਜਦੋਂ ਅਮਰੀਕਾ ਵਿਚ 2 ਕਰੋੜ 85 ਲੱਖ ਲੋਕਾਂ ਦੀ ਨੌਕਰੀ ਚਲੇ ਗਈ, ਜੋ ਕਿ 2008 ਦੇ ਮਾਲੀ ਸੰਕਟ ਦੇ ਦੌਰ ਨਾਲੋਂ ਤਿੰਨ ਗੁਣਾ ਹੈ। ਬੇਰੁਜ਼ਗਾਰੀ ਦੀ ਦਰ ਉਸ ਮੰਦਵਾੜੇ ਨਾਲੋਂ ਵੀ ਵਧ ਕੇ ਕਰੀਬ 20 ਫੀਸਦੀ ਤੱਕ ਪੁੱਜ ਜਾਣ ਦੀ ਸੰਭਾਵਨਾ ਹੈ।
ਰਿਲਾਇੰਸ ਇੰਡਸਟ੍ਰੀਜ਼ ਦੇ ਮੁਕੇਸ਼ ਅੰਬਾਨੀ ਨੇ ਵੀ ਚੰਗੇ ਪੈਸੇ ਇਕੱਠੇ ਕੀਤੇ ਤੇ ਉਹ ਦੁਨੀਆ ਦਾ ਅੱਠਵੇਂ ਨੰਬਰ ਦਾ ਅਮੀਰ ਬਣ ਗਿਆ। ਉਸ ਦੇ ਜੀਓ ਪਲੈਟਫਾਰਮਾਂ ਵਿਚ ਫੇਸਬੁੱਕ, ਸਿਲਵਰ ਲੇਕ, ਵਿਸਟਾ ਪਾਰਟਨਰਜ਼, ਜਨਰਲ ਐਟਲਾਂਟਿਕ, ਕੇ ਕੇ ਆਰ, ਮੁਬਦਲਾ, ਏ ਡੀ ਆਈ ਏ, ਟੀ ਪੀ ਜੀ ਤੇ ਐਲ ਕੈਟਰਟਨ ਵਿਚ ਕਰੋੜਾਂ ਡਾਲਰ ਨਿਵੇਸ਼ ਕੀਤੇ। ਸਾਈਰਸ ਪੂਨਾਵਾਲਾ ਦੀ ਦਵਾ ਕੰਪਨੀ ਸੇਰਮ ਇੰਸਟੀਚਿਊਟ ਨੇ ਵੀ ਚੰਗੇ ਪੈਸੇ ਕਮਾਏ ਤੇ ਪੂਨਾਵਾਲਾ ਇਸ ਦੌਰ ਵਿਚ ਅਰਬਾਂ ਰੁਪਏ ਕਮਾਉਣ ਵਾਲਾ ਦੁਨੀਆ ਦਾ ਪੰਜਵਾਂ ਸਭ ਤੋਂ ਤੇਜ਼ ਸਰਮਾਏਦਾਰ ਸਾਬਤ ਹੋਇਆ। ਉਹ ਦੁਨੀਆ ਦੇ ਅਮੀਰਾਂ ਦੀ ਲਿਸਟ ਵਿਚ 86ਵੇਂ ਤੋਂ 57ਵੇਂ ਸਥਾਨ 'ਤੇ ਆ ਗਿਆ। ਪੂਨੇ ਸਥਿਤ ਉਸ ਦੀ ਕੰਪਨੀ ਦੁਨੀਆ ਵਿਚ ਵੈਕਸੀਨ ਬਣਾਉਣ ਵਾਲੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿਚ ਆਉਂਦੀ ਹੈ ਤੇ ਉਸਨੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਦੀਆਂ ਇਕ ਅਰਬ ਖੁਰਾਕਾਂ ਬਣਾਉਣ ਲਈ ਐਸਟਰਾਜ਼ੇਨੇਕਾ ਨਾਲ ਕਰਾਰ ਕੀਤਾ ਹੈ।

197 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper