Latest News
ਥਰਮਲ ਪਲਾਂਟ ਦੀ ਜ਼ਮੀਨ ਵਿਕਣੋਂ ਰੋਕਣ ਲਈ ਜਿੰਦ ਕੁਰਬਾਨ

Published on 01 Jul, 2020 11:01 AM.


ਬਠਿੰਡਾ (ਬਖਤੌਰ ਢਿੱਲੋਂ)
''ਸ੍ਰੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਇਤਿਹਾਸਕ ਸ਼ਾਨ, ਮੈਂ ਕਰਦਾ ਹਾਂ ਇਸ ਨੂੰ ਵੇਚਨ ਤਂੋ ਰੋਕਨ ਲਈ ਜਿੰਦ ਕੁਰਬਾਨ'' ਇਹ ਲਾਈਨਾਂ ਉਸ ਮਾਟੋ 'ਤੇ ਲਿਖੀਆਂ ਹੋਈਆਂ ਸਨ, ਜੋ ਥਰਮਲ ਪਲਾਂਟ ਦੇ ਗੇਟ ਮੂਹਰੇ ਬਠਿੰਡਾ ਥਰਮਲ ਨੂੰ ਵੇਚਣ ਤੋਂ ਰੋਕਣ ਲਈ ਕੁਰਬਾਨ ਹੋਣ ਵਾਲੇ ਕਿਸਾਨ ਦੇ ਹੱਥ ਵਿੱਚ ਝੰਡੇ ਦੇ ਨਾਲ ਫੜਿਆ ਹੋਇਆ ਸੀ। ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਪੰਜਾਬ ਸਰਕਾਰ ਵੱਲੋਂ ਵੇਚਣ ਦਾ ਫੈਸਲਾ ਕੀਤੇ ਜਾਣ ਵਿਰੁੱਧ ਸਮੁੱਚੇ ਪੰਜਾਬ ਵਿੱਚੋਂ ਹੀ ਵਿਰੋਧ ਹੋ ਰਿਹਾ ਹੈ। ਥਰਮਲ ਵੇਚਣ ਤੋਂ ਰੋਕਣ ਲਈ ਵੱਖ-ਵੱਖ ਜਥੇਬੰਦੀਆਂ, ਸਿਆਸੀ ਪਾਰਟੀਆਂ ਨੇ ਸੰਘਰਸ਼ ਸ਼ੁਰੂ ਕੀਤੇ ਹੋਏ ਹਨ।
ਬੁੱਧਵਾਰ ਸਵੇਰੇ ਇੱਕ ਬਜ਼ੁਰਗ ਪੇਂਡੂ ਵਿਅਕਤੀ ਹੱਥ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਝੰਡਾ ਤੇ ਇੱਕ ਮਾਟੋ ਫੜੀ ਸਥਾਨਕ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਗੇਟ ਮੂਹਰੇ ਪਹੁੰਚਿਆ। ਉਸ ਦੇ ਹੱਥ ਵਿੱਚ ਫੜੇ ਮਾਟੋ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਚਿਪਕਾਈ ਹੋਈ ਸੀ ਅਤੇ ਹੇਠਾਂ ਦੋ ਸਤਰਾਂ ਲਿਖੀਆਂ ਹੋਈਆਂ ਸਨ, ''ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਟ ਬਠਿੰਡਾ ਇਤਿਹਾਸਕ ਸ਼ਾਨ, ਮੈਂ ਕਰਦਾ ਹਾਂ ਇਸ ਨੂੰ ਵੇਚਣ ਤੋਂ ਰੋਕਣ ਲਈ ਜ਼ਿੰਦ ਕੁਰਬਾਨ।''
ਥਰਮਲ ਪਲਾਂਟ ਦੇ ਗੇਟ ਮੂਹਰੇ ਪਹੁੰਚ ਕੇ ਉਸ ਨੇ ਕਿਹਾ ਕਿ ਉਹ ਥਰਮਲ ਨੂੰ ਵੇਚਣ ਤੋਂ ਰੋਕਣ ਲਈ ਮਰਨ ਵਰਤ 'ਤੇ ਬੈਠੇਗਾ। ਇਹ ਸੁਣ ਕੇ ਉੱਥੇ ਮੌਜੂਦ ਸਕਿਉਰਿਟੀ ਗਾਰਡਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸਿਸ਼ ਕੀਤੀ, ਪਰ ਉਹ ਉੱਥੇ ਬੈਠ ਗਿਆ। ਕੁੱਝ ਸਮੇਂ ਬਾਅਦ ਉਸ ਦੀ ਤਬੀਅਤ ਖ਼ਰਾਬ ਹੋ ਗਈ। ਪਤਾ ਲੱਗਣ 'ਤੇ ਥਾਣਾ ਥਰਮਲ ਦੀ ਪੁਲਸ ਨੇ ਉਸ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਦੀ ਮੱਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਲਾਸ਼ ਨੂੰ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖ ਦਿੱਤਾ ਗਿਆ ਹੈ, ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ।
ਇਸ ਬਜ਼ੁਰਗ ਕਿਸਾਨ ਦੀ ਪਹਿਚਾਣ ਜੋਗਿੰਦਰ ਸਿੰਘ ਵਾਸੀ ਚੀਮਾ ਮੰਡੀਸ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਜਲਦੀ ਨਾਲ ਕੀਤੇ ਇਸ ਐਕਸ਼ਨ ਤੋਂ ਇਉਂ ਜਾਪਦੈ ਕਿ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ਤੋਂ ਜਜਬਾਤੀ ਹੋ ਕੇ ਹੀ ਇਹ ਫੈਸਲਾ ਲਿਆ, ਕਿਉਂਕਿ ਉਸ ਦੇ ਹੱਥ ਵਿੱਚ ਬਾਬਾ ਨਾਨਕ ਦੀ ਤਸਵੀਰ ਵਾਲਾ ਮਾਟੋ ਸੀ। ਪਰ ਇਹ ਫੈਸਲਾ ਉਸ ਦਾ ਨਿੱਜੀ ਹੀ ਹੋਵੇਗਾ, ਕਿਉਂਕਿ ਜੇਕਰ ਜਥੇਬੰਦੀ ਦਾ ਫੈਸਲਾ ਹੁੰਦਾ ਤਾਂ ਉਸ ਨਾਲ ਹੋਰ ਵਰਕਰ ਜ਼ਰੂਰ ਹੁੰਦੇ। ਪਰ ਥਰਮਲ ਪਲਾਂਟ ਨੂੰ ਵੇਚਣ ਤੋਂ ਰੋਕਣ ਲਈ ਉਸ ਦੀ ਕੁਰਬਾਨੀ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕੇਗਾ।
ਇਸ ਮਾਮਲੇ ਸਬੰਧੀ ਜਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਬਾਈ ਆਗੂ ਸ੍ਰੀ ਸ਼ਿੰਗਾਰਾ ਸਿੰਘ ਮਾਨ ਤੋਂ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਉਹਨਾਂ ਕਿਹਾ ਕਿ ਯੂਨੀਅਨ ਅਜਿਹੇ ਮਾਮਲਿਆਂ ਤੇ ਜਨਤਕ ਸੰਘਰਸ਼ ਵਿੱਚ ਵਿਸ਼ਵਾਸ ਰੱਖਦੀ ਹੈ। ਜੋਗਿੰਦਰ ਸਿੰਘ ਦਾ ਫੈਸਲਾ ਜਥੇਬੰਦੀ ਅਨੁਸਾਰ ਨਹੀਂ ਸੀ, ਪਰ ਉਸ ਨੇ ਥਰਮਲ ਵੇਚਣ ਤੋਂ ਰੋਕਣ ਲਈ ਕੁਰਬਾਨੀ ਦਿੱਤੀ ਹੈ ਇਸ ਦਾ ਮੁੱਲ ਪੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸਾਨ ਦੀ ਕੁਰਬਾਨੀ ਨੂੰ ਵੇਖਦਿਆਂ ਨਿੱਜੀਕਰਨ ਦੇ ਕਦਮ ਤੁਰੰਤ ਰੋਕਣੇ ਚਾਹੀਦੇ ਹਨ ਅਤੇ ਬਠਿੰਡਾ ਥਰਮਲ ਪਲਾਂਟ ਨੂੰ ਮੁੜ ਚਾਲੂ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਵਾਰ ਨੂੰ ਦਸ ਲੱਖ ਮੁਆਵਜ਼ਾ ਦਿੱਤਾ ਜਾਵੇ।

321 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper