Latest News
ਸੋਪੋਰ ਕਾਂਡ : ਸੱਚ ਦਾ ਨਿਤਾਰਾ ਜ਼ਰੂਰੀ

Published on 02 Jul, 2020 10:39 AM.


ਜੰਮੂ-ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨ ਤੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਕੇਂਦਰ ਸ਼ਾਸਤ ਰਾਜ ਬਣਾ ਦੇਣ ਤੋਂ ਬਾਅਦ ਸ਼ੁਰੂ ਹੋਈਆਂ ਪਾਬੰਦੀਆਂ ਨੂੰ ਲੱਗਭੱਗ 11 ਮਹੀਨੇ ਹੋ ਚੁੱਕੇ ਹਨ। ਸਮੁੱਚੇ ਦੇਸ਼ ਦੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੱਗਭੱਗ ਤਿੰਨ ਮਹੀਨਿਆਂ ਦੇ ਲਾਕਡਾਊਨ ਦੌਰਾਨ ਪਤਾ ਲੱਗ ਚੁੱਕਾ ਹੈ ਕਿ ਪੁਲਸ ਦੇ ਪਹਿਰੇ ਹੇਠ ਲੱਗੀਆਂ ਪਾਬੰਦੀਆਂ ਦਾ ਸਵਾਦ ਕਿਹੋ ਜਿਹਾ ਹੁੰਦਾ ਹੈ। ਜੰਮੂ-ਕਸ਼ਮੀਰ, ਖਾਸ ਕਰ ਘਾਟੀ ਦੇ ਲੋਕਾਂ ਦਾ ਦਰਦ ਕਿੰਨਾ ਕਸ਼ਟਦਾਇਕ ਹੋਵੇਗਾ, ਜਿੱਥੇ ਪਾਬੰਦੀਆਂ ਦੇ ਪਹਿਰੂ ਪੁਲਸ ਨਹੀਂ, ਸਗੋਂ ਸੀ ਆਰ ਪੀ ਐੱਫ਼ ਤੇ ਫੌਜ ਵਰਗੇ ਸੁਰੱਖਿਆ ਦਲ ਹੋਣ।
ਲੰਮੇ ਸਮੇਂ ਤੋਂ ਸੰਤਾਪ ਭੋਗ ਰਹੇ ਘਾਟੀ ਦੇ ਲੋਕਾਂ ਨੇ ਇਨ੍ਹਾਂ ਦੋਹਰੀਆਂ ਪਾਬੰਦੀਆਂ ਦੌਰਾਨ ਕਿੰਨਾ ਕੁਝ ਝੱਲਿਆ ਹੋਵੇਗਾ, ਇਹ ਉਹੀ ਜਾਣਦੇ ਹਨ। ਜੇਕਰ ਲਾਕਡਾਊਨ ਦੇ ਪਰਦੇ ਹੇਠ ਦਿੱਲੀ ਦੰਗਿਆਂ ਦੇ ਨਾਂਅ ਉੱਤੇ ਸੀ ਏ ਏ ਵਿਰੋਧੀ ਅੰਦੋਲਨਕਾਰੀਆਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਬਰ ਦਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤਾਂ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਕਿਵੇਂ ਘੱਟ ਗੁਜ਼ਰ ਰਹੀ ਹੋਵੇਗੀ।
ਪਿਛਲੇ ਦਿਨੀਂ ਆਈ ਇੱਕ ਦਿਲ ਦਹਿਲਾ ਦੇਣ ਵਾਲੀ ਤਸਵੀਰ ਨੇ ਉੱਥੋਂ ਦੀ ਸੱਚਾਈ ਨੂੰ ਕਾਫ਼ੀ ਹੱਦ ਤੱਕ ਉਜਾਗਰ ਕਰ ਦਿੱਤਾ ਹੈ। ਇਸ ਤਸਵੀਰ ਵਿੱਚ ਗੋਲੀ ਨਾਲ ਮਾਰੇ ਗਏ ਇੱਕ ਵਿਅਕਤੀ ਦੀ ਲਾਸ਼ ਉੱਤੇ ਇੱਕ ਬੱਚਾ ਬੈਠਾ ਹੋਇਆ ਹੈ। ਸੀ ਆਰ ਪੀ ਐੱਫ ਮੁਤਾਬਕ ਸੋਪੋਰ ਵਿਖੇ ਉਨ੍ਹਾਂ ਦੀ ਪੈਟਰੋਲਿੰਗ ਪਾਰਟੀ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਇੱਕ ਆਮ ਨਾਗਰਿਕ ਦੀ ਮੌਤ ਹੋ ਗਈ। ਦੂਜੇ ਪਾਸੇ ਮਰਨ ਵਾਲੇ ਵਿਅਕਤੀ ਬਸ਼ੀਰ ਅਹਿਮਦ ਦੀ ਪਤਨੀ ਦਾ ਦੋਸ਼ ਹੈ ਕਿ ਉਸ ਦੇ ਪਤੀ ਨੂੰ ਕਾਰ ਵਿੱਚੋਂ ਕੱਢ ਕੇ ਗੋਲੀ ਮਾਰੀ ਗਈ ਤੇ ਫਿਰ ਉਸ ਦੀ ਲਾਸ਼ ਉੱਤੇ ਬੱਚੇ ਨੂੰ ਬਿਠਾ ਦਿੱਤਾ ਗਿਆ। ਸੀ ਆਰ ਪੀ ਐੱਫ਼ ਦੇ ਏ ਡੀ ਜੀ ਜ਼ੁਲਫ਼ਕਾਰ ਹਸਨ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਮੀਡੀਆ ਸਾਹਮਣੇ ਕਿਹਾ ਹੈ ਕਿ ਉਹ ਜ਼ਿੰਮੇਵਾਰੀ ਨਾਲ ਕਹਿ ਰਹੇ ਹਨ ਕਿ ਬਸ਼ੀਰ ਅਹਿਮਦ ਦੀ ਮੌਤ ਅੱਤਵਾਦੀਆਂ ਦੀ ਫਾਇਰਿੰਗ ਨਾਲ ਹੋਈ, ਕੁਝ ਲੋਕ ਇਸ ਨੂੰ ਗਲਤ ਪੇਸ਼ ਕਰ ਰਹੇ ਹਨ ਕਿ ਉਸ ਨੂੰ ਸੀ ਆਰ ਪੀ ਐੱਫ਼ ਨੇ ਗੱਡੀ ਵਿੱਚੋਂ ਕੱਢ ਕੇ ਗੋਲੀ ਮਾਰੀ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਅੱਤਵਾਦੀਆਂ ਉੱਤੇ ਦੋਸ਼ ਲਾਉਣੇ ਚਾਹੀਦੇ ਹਨ, ਜਿਨ੍ਹਾਂ ਨੂੰ ਇਹ ਫ਼ਰਕ ਨਹੀਂ ਪੈਂਦਾ ਕਿ ਅੱਗੇ ਬੱਚਾ ਹੈ ਜਾਂ ਬਜ਼ੁਰਗ, ਉਹ ਤਾਂ ਸਿਰਫ਼ ਮਾਰਨ ਲਈ ਆਉਂਦੇ ਹਨ।
ਇੱਕ ਨਿਊਜ਼ ਵੈੱਬਸਾਈਟ ਦੀ ਖ਼ਬਰ ਤੋਂ ਬਾਅਦ ਇਸ ਦੁਖਦਾਈ ਘਟਨਾ ਦਾ ਇੱਕ ਹੋਰ ਪਹਿਲੂ ਸਾਹਮਣੇ ਆ ਗਿਆ ਹੈ। ਇਸ ਖ਼ਬਰ ਮੁਤਾਬਕ ਨਾਨੇ ਦੀ ਲਾਸ਼ ਉੱਤੇ ਬੈਠੇ ਤਸਵੀਰ ਵਾਲੇ 3 ਸਾਲਾ ਬੱਚੇ ਨੇ ਖੁਦ ਕਿਹਾ ਹੈ ਕਿ ਉਸ ਦੇ ਪਾਪਾ (ਨਾਨਾ ਜੀ) ਨੂੰ ਗੋਲੀ ਪੁਲਸ ਨੇ ਮਾਰੀ ਸੀ। ਰਿਪੋਰਟਰ ਨੇ ਇਸ ਦੇ ਸਬੂਤ ਵਜੋਂ ਉਸ ਬੱਚੇ ਦਾ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਉਹ ਕਈ ਵਾਰ ਕਹਿੰਦਾ ਹੈ ਕਿ ਉਸ ਦੇ ਪਾਪਾ (ਨਾਨਾ ਜੀ) ਨੂੰ ਪੁਲਸ ਨੇ ਗੋਲੀ ਮਾਰੀ ਸੀ।
ਵੀਡੀਓ ਵਿੱਚ ਦਿਸ ਰਿਹਾ ਬੱਚਾ ਇੱਕ ਪਲਾਸਟਿਕ ਦੇ ਟੱਬ ਵਿੱਚ ਬੈਠਾ ਕੁਝ ਖਾ ਰਿਹਾ ਹੈ ਤੇ ਜਦੋਂ ਪੱਤਰਕਾਰ ਉਸ ਨੂੰ ਪਿਆਰ ਨਾਲ ਪੁੱਛਦਾ ਹੈ ਤਾਂ ਉਹ ਬੇਝਿਜਕ ਆਪਣੀ ਗੱਲ ਕਹਿ ਦਿੰਦਾ ਹੈ। ਬੱਚਾ ਆਪਣੇ ਨਾਨੇ ਨੂੰ ਪਾਪਾ ਕਹਿੰਦਾ ਸੀ, ਇਸ ਲਈ ਪੱਤਰਕਾਰ ਨੇ ਉਸ ਨੂੰ ਪੁੱਛਿਆ, ''ਪਾਪਾ ਨੂੰ ਕੀ ਹੋਇਆ?'' ਬੱਚੇ ਨੇ ਕਿਹਾ, ''ਗੋਲੀ ਮਾਰੀ।'' ਫਿਰ ਪੱਤਰਕਾਰ ਨੇ ਪੁੱਛਿਆ, ''ਕਿਸ ਨੇ ਗੋਲੀ ਮਾਰੀ? '' ਤਾਂ ਬੱਚਾ ਕਹਿੰਦਾ ਹੈ, ''ਪੁਲਸ ਵਾਲੇ ਨੇ।'' ਇਸੇ ਗੱਲ ਨੂੰ ਮੁੜ ਦੁਹਰਾਉਂਦਿਆਂ ਬੱਚਾ ਕਹਿੰਦਾ ਹੈ, ''ਪਾਪਾ ਨੂੰ ਗੋਲੀ ਮਾਰੀ ਪੁਲਸ ਵਾਲੇ ਨੇ।'' ਤੀਜੀ ਵਾਰ ਬੱਚਾ ਇਸੇ ਗੱਲ ਨੂੰ ਦੁਹਰਾਉਦਿਆਂ ਕਹਿੰਦਾ ਹੈ, ''ਮੈਨੂੰ ਗੱਡੀ ਵਿੱਚ ਮਜ਼ਾ ਆ ਰਿਹਾ ਸੀ, ਪਾਪਾ ਮਰ ਗਿਆ, ਪੁਲਸ ਨੇ ਮਾਰ ਦਿੱਤਾ।''
ਹੁਣ ਤੱਕ ਮੀਡੀਆ ਵਿੱਚ ਆਏ ਬਿਆਨ ਇਹੋ ਪੇਸ਼ ਕਰਦੇ ਰਹੇ ਹਨ ਕਿ ਅੱਤਵਾਦੀਆਂ ਦੀ ਫਾਇਰਿੰਗ ਵਿੱਚ ਇੱਕ ਜਵਾਨ ਤੇ ਇੱਕ ਆਮ ਨਾਗਰਿਕ ਦੀ ਮੌਤ ਹੋਈ ਹੈ, ਜਦੋਂ ਕਿ ਬੱਚੇ ਦੇ ਬਿਆਨ ਇਸ ਦੇ ਬਿਲਕੁੱਲ ਉਲਟ ਹਨ। ਬਸ਼ੀਰ ਅਹਿਮਦ ਦੀ ਪਤਨੀ ਵੀ ਬੱਚੇ ਵਾਲੀ ਗੱਲ ਹੀ ਦੁਹਰਾਉਂਦੀ ਹੈ। ਇਸ ਮਾਮਲੇ ਵਿੱਚ ਨਿਰਪੱਖ ਜਾਂਚ ਰਾਹੀਂ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ, ਨਹੀਂ ਤਾਂ ਅਜਿਹੀਆਂ ਅਣਮਨੁੱਖੀ ਘਟਨਾਵਾਂ ਵਾਪਰਦੀਆਂ ਹੀ ਰਹਿਣਗੀਆਂ।

663 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper