Latest News
ਠੀਕ ਹੋਣ ਵਾਲੇ ਕੋਰੋਨਾ ਪੀੜਤਾਂ ਦੀ ਗਿਣਤੀ 60 ਫੀਸਦੀ ਦੇ ਕਰੀਬ ਪੁੱਜੀ

Published on 02 Jul, 2020 10:41 AM.


ਨਵੀਂ ਦਿੱਲੀ : ਕੋਰੋਨਾ ਪੀੜਤਾਂ ਦੇ ਠੀਕ ਹੋਣ ਦੀ ਦਰ ਵਿਚ ਸੁਧਾਰ ਹੋਇਆ ਹੈ ਤੇ ਪਿਛਲੇ 24 ਘੰਟਿਆਂ ਵਿਚ 11881 ਦੇ ਠੀਕ ਹੋਣ ਨਾਲ ਇਹ 59.52 ਫੀਸਦੀ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਵੀਰਵਾਰ ਤੱਕ 359859 ਠੀਕ ਹੋ ਚੁੱਕੇ ਸਨ। ਦੇਸ਼ ਵਿਚ ਹੁਣ 226947 ਐਕਟਿਵ ਕੇਸ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਮਹਾਰਾਸ਼ਟਰ, ਜਿਥੇ ਦੇਸ਼ ਦੇ ਕੁਲ ਕੇਸਾਂ ਵਿਚੋਂ ਇਕ-ਤਿਹਾਈ ਕੇਸ ਹਨ, ਵਿਚ ਵੀ ਠੀਕ ਹੋਣ ਵਾਲੇ ਵਧ ਰਹੇ ਹਨ। ਦਿੱਲੀ ਵਿਚ ਵੀ ਸੁਧਾਰ ਹੋ ਰਿਹਾ ਹੈ। ਦੇਸ਼ ਵਿਚ ਲਗਾਤਾਰ ਛੇਵੇਂ ਦਿਨ 18 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ। ਵੀਰਵਾਰ 19148 ਕੇਸਾਂ ਨਾਲ ਕੁਲ ਗਿਣਤੀ 6 ਲੱਖ ਤੋਂ ਟੱਪ ਗਈ।
ਹਾਲਾਂਕਿ ਇਕ ਹਫਤੇ ਵਿਚ ਹੀ ਕੋਰੋਨਾ ਪੀੜਤਾਂ ਦੀ ਗਿਣਤੀ ਪੰਜ ਤੋਂ ਛੇ ਲੱਖ ਹੋ ਗਈ, ਪਰ ਜੇ ਕੇਸਾਂ ਵਿਚ ਵਾਧੇ ਦੀ ਦਰ 'ਤੇ ਨਜ਼ਰ ਮਾਰੀਏ ਤਾਂ ਪਿਛਲੇ ਤਿੰਨ ਦਿਨਾਂ ਵਿਚ ਇਹ ਘਟੀ ਹੈ ਅਤੇ ਬੁੱਧਵਾਰ ਤਾਂ ਇਹ 3.57 ਫੀਸਦੀ ਤੱਕ ਘਟ ਗਈ। ਨਤੀਜੇ ਵਜੋਂ ਕੇਸ ਡਬਲ ਹੋਣ ਦਾ ਸਮਾਂ, ਜਿਹੜਾ 21 ਜੂਨ ਨੂੰ 20 ਦਿਨ ਤੋਂ ਹੇਠਾਂ ਆ ਗਿਆ ਸੀ, ਫਿਰ 20 ਦਿਨ ਤੋਂ ਉੱਤੇ ਹੋ ਗਿਆ ਹੈ। ਬੁਰੀ ਤਰ੍ਹਾਂ ਝੰਬੀ ਦਿੱਲੀ ਵਿਚ ਵੀ ਸਥਿਤੀ ਸੁਧਰੀ ਹੈ। 23 ਜੂਨ ਨੂੰ ਇਥੇ ਚਾਰ ਹਜ਼ਾਰ ਕੇਸ ਨਿਕਲ ਆਏ ਸਨ, ਪਰ ਬੁੱਧਵਾਰ ਨੂੰ 2442 ਕੇਸ ਹੀ ਨਿਕਲੇ।
ਮੌਤਾਂ ਦੀ ਗਿਣਤੀ ਵਿਚ ਵਾਧਾ ਰਿਪਰੋਟ ਹੋ ਰਿਹਾ ਹੈ। ਪਿਛਲੇ ਦੋ ਹਫਤਿਆਂ ਤੋਂ ਰੋਜ਼ਾਨਾ 400 ਜਾਂ ਉਸ ਤੋਂ ਵੱਧ ਮੌਤਾਂ ਦੱਸੀਆਂ ਜਾ ਰਹੀਆਂ ਹਨ। ਬਹੁਤੀਆਂ ਮਹਾਰਾਸ਼ਟਰ, ਗੁਜਰਾਤ, ਦਿੱਲੀ ਤੇ ਤਾਮਿਲਨਾਡੂ ਵਿਚ ਹੋ ਰਹੀਆਂ ਹਨ। ਦਰਅਸਲ ਮੌਤ ਦੀ ਪੁਸ਼ਟੀ ਵਿਚ ਦਿਨ ਲਗਦੇ ਹਨ, ਇਸ ਕਰਕੇ ਇਹ ਨਹੀਂ ਕਹਿ ਸਕਦੇ ਕਿ ਇਹ ਮੌਤਾਂ ਇਕੋ ਦਿਨ ਹੋਈਆਂ। ਕਈ ਸੂਬਿਆਂ ਨੇ ਮੌਤਾਂ ਦੇ ਸਹੀ ਕਾਰਨਾਂ ਦੀ ਪੁਸ਼ਟੀ ਕਰਾਉਣ ਲਈ ਐਕਸਪਰਟ ਆਡਿਟ ਕਮੇਟੀਆਂ ਬਣਾਈਆਂ ਹੋਈਆਂ ਹਨ। ਉਨ੍ਹਾਂ ਵੱਲੋਂ ਕੋਰੋਨਾ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਖਬਰ ਦਿੱਤੀ ਜਾਂਦੀ ਹੈ। ਬੁੱਧਵਾਰ 434 ਮੌਤਾਂ ਦੀ ਪੁਸ਼ਟੀ ਹੋਈ, ਜਦਕਿ ਇਕ ਦਿਨ ਪਹਿਲਾਂ 507 ਮੌਤਾਂ ਹੋਈਆਂ ਸਨ। ਹੁਣ ਤੱਕ ਦੇਸ਼ ਵਿਚ 17834 ਮੌਤਾਂ ਹੋਈਆਂ ਹਨ। ਇਨ੍ਹਾਂ ਵਿਚੋਂ ਅੱਧੀਆਂ ਮੌਤਾਂ 8053 ਮਹਾਰਾਸ਼ਟਰ, ਦਿੱਲੀ, ਗੁਜਰਾਤ ਤੇ ਤਾਮਿਲਨਾਡੂ ਵਿਚ ਹੋਈਆਂ।

87 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper