Latest News
ਡੀ ਐੱਸ ਪੀ ਸਣੇ 8 ਪੁਲਸਮੈਨ ਹਲਾਕ

Published on 03 Jul, 2020 10:27 AM.


ਕਾਨਪੁਰ : ਵੀਰਵਾਰ ਰਾਤ ਚੌਬੇਪੁਰ ਥਾਣੇ ਤਹਿਤ ਪੈਂਦੇ ਬਿਕੜੂ ਪਿੰਡ ਵਿਚ ਅਪਰਾਧੀਆਂ ਨੇ ਇਕ ਡੀ ਐੱਸ ਪੀ ਸਣੇ 8 ਪੁਲਸਮੈਨਾਂ ਨੂੰ ਮਾਰ ਦਿੱਤਾ ਤੇ 7 ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦਾ ਪਿੱਛਾ ਕਰ ਰਹੀ ਪੁਲਸ ਨੇ ਨੀਵਾਦਾ ਪਿੰਡ ਵਿਚ ਦੂਬੇ ਦੇ ਮਾਮੇ ਪ੍ਰੇਮ ਪ੍ਰਕਾਸ਼ ਪਾਂਡੇ ਤੇ ਉਸ ਦੇ ਸਾਥੀ ਅਤੁਲ ਦੂਬੇ ਨੂੰ ਜ਼ਖਮੀ ਕਰਕੇ ਫੜ ਲਿਆ, ਪਰ ਹਸਪਤਾਲ ਵਿਚ ਡਾਕਟਰਾਂ ਨੇ ਉਨ੍ਹਾਂ ਨੂੰ ਮਰੇ ਕਰਾਰ ਦੇ ਦਿੱਤਾ। ਉਨ੍ਹਾਂ ਤੋਂ ਇਕ ਪਿਸਤੌਲ ਵੀ ਬਰਾਮਦ ਹੋਇਆ, ਜਿਹੜਾ ਉਨ੍ਹਾਂ ਰਾਤ ਵੇਲੇ ਹਮਲੇ ਦੌਰਾਨ ਪੁਲਸਮੈਨ ਤੋਂ ਖੋਹਿਆ ਸੀ।
ਪੁਲਸ ਵਾਲੇ 60 ਕੇਸਾਂ ਦਾ ਸਾਹਮਣਾ ਕਰ ਰਹੇ ਹਿਸਟਰੀਸ਼ੀਟਰ ਵਿਕਾਸ ਦੂਬੇ ਨੂੰ ਫੜਨ ਲਈ ਪਿੰਡ ਬਿਕੜੂ ਪੁੱਜਣ ਹੀ ਵਾਲੇ ਸੀ ਕਿ ਅਪਰਾਧੀਆਂ ਨੇ ਇਕ ਮਕਾਨ ਦੀ ਛੱਤ ਤੋਂ ਗੋਲੀਆਂ ਦਾ ਮੀਂਹ ਵਰ੍ਹਾ ਕੇ ਬਿਲਹੌਰ ਦੇ ਡੀ ਐੱਸ ਪੀ ਦਵਿੰਦਰ ਸ਼ਰਮਾ, ਤਿੰਨ ਸਬ ਇੰਸਪੈਕਟਰਾਂ ਮਹੇਸ਼ ਚੰਦਰ ਯਾਦਵ, ਅਨੂਪ ਕੁਮਾਰ ਸਿੰਘ, ਨੇਬੂ ਲਾਲ ਤੇ ਚਾਰ ਸਿਪਾਹੀਆਂ ਜਤਿੰਦਰ ਪਾਲ, ਸੁਲਤਾਨ ਸਿੰਘ, ਬਬਲੂ ਕੁਮਾਰ ਤੇ ਰਾਹੁਲ ਕੁਮਾਰ ਨੂੰ ਮਾਰ ਦਿੱਤਾ। ਡੀ ਜੀ ਪੁਲਸ ਐੱਚ ਸੀ ਅਵਸਥੀ ਨੇ ਦੱਸਿਆ ਕਿ ਲੱਗਦਾ ਹੈ ਖੂੰਖਾਰ ਅਪਰਾਧੀ ਦੂਬੇ ਨੂੰ ਪੁਲਸ ਛਾਪੇ ਦੀ ਸੂਹ ਮਿਲ ਗਈ ਸੀ। ਇਸੇ ਕਰਕੇ ਉਸ ਦੇ ਸਾਥੀਆਂ ਨੇ ਰਾਹ ਵਿਚ ਰੋਕਾਂ ਖੜ੍ਹੀਆਂ ਕਰ ਦਿੱਤੀਆਂ ਸਨ।
ਆਈ ਜੀ ਐੱਸ ਟੀ ਐੱਫ ਅਮਿਤਾਭ ਯਸ਼ ਨੇ ਦਾਅਵਾ ਕੀਤਾ ਕਿ ਹਮਲੇ ਵਿਚ ਆਟੋਮੈਟਿਕ 30 ਸਪ੍ਰਿੰਗ ਰਾਈਫਲ ਦੀ ਵਰਤੋਂ ਕੀਤੀ ਗਈ, ਜਿਹੜੀ ਕਿ ਐੱਸ ਟੀ ਐੱਫ ਨੇ ਦੂਬੇ ਨੂੰ 2017 'ਚ ਲਖਨਊ ਵਿਚ ਫੜਨ ਸਮੇਂ ਬਰਾਮਦ ਕੀਤੀ ਸੀ। ਪਤਾ ਲਾਇਆ ਜਾਵੇਗਾ ਕਿ ਲਖਨਊ ਦੀ ਕੋਰਟ ਨੇ ਇਹ ਰਾਈਫਲ ਕਿਸੇ ਨੂੰ ਦੇਣ ਦਾ ਹੁਕਮ ਕਿਵੇਂ ਦਿੱਤਾ। 25 ਹਜ਼ਾਰ ਦੇ ਇਨਾਮ ਵਾਲੇ ਦੂਬੇ ਨੂੰ ਐੱਸ ਟੀ ਐੱਫ ਨੇ 2001 ਵਿਚ ਇਕ ਥਾਣੇ ਵਿਚ ਰਾਜ ਮੰਤਰੀ ਰੈਂਕ ਦੇ ਇਕ ਭਾਜਪਾ ਆਗੂ ਸੰਤੋਸ਼ ਸ਼ੁਕਲਾ ਨੂੰ ਵੀ  ਮਾਰ ਦਿੱਤਾ ਸੀ। ਇਸ ਮਾਮਲੇ ਵਿਚ ਉਹ ਤੇ ਉਸ ਦੇ ਸਾਥੀ ਸਬੂਤਾਂ ਦੀ ਘਾਟ ਕਾਰਨ ਬਰੀ ਹੋ ਗਏ ਸਨ।
ਪ੍ਰਿਅੰਕਾ ਗਾਂਧੀ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਸਾਫ ਹੈ ਕਿ ਯੂ ਪੀ ਵਿਚ ਕੋਈ ਵੀ ਸੁਰੱਖਿਅਤ ਨਹੀਂ। ਰਾਹੁਲ ਗਾਂਧੀ ਨੇ ਇਸ ਨੂੰ ਗੁੰਡਾ ਰਾਜ ਦਾ ਇਕ ਹੋਰ ਸਬੂਤ ਦੱਸਿਆ ਹੈ। ਜਦ ਪੁਲਸ ਹੀ ਸੁਰੱਖਿਅਤ ਨਹੀਂ ਤਾਂ ਲੋਕ ਕਿਵੇਂ ਹੋਣਗੇ। ਸਮਾਜਵਾਦੀ ਪਾਰਟੀ ਨੇ ਕਿਹਾ ਹੈ ਕਿ 'ਰੋਗੀ ਸਰਕਾਰ' ਦੇ ਜੰਗਲ ਰਾਜ ਵਿਚ ਉੱਤਰ ਪ੍ਰਦੇਸ਼ ਹੱਤਿਆ ਪ੍ਰਦੇਸ਼ ਬਣ ਗਿਆ ਹੈ। ਬਸਪਾ ਪ੍ਰਧਾਨ ਮਾਇਆਵਤੀ ਨੇ ਇਸ ਘਟਨਾ ਨੂੰ ਸ਼ਰਮਨਾਕ ਤੇ ਮੰਦਭਾਗੀ ਦੱਸਿਆ ਹੈ।
ਵਿਕਾਸ ਦੂਬੇ ਨੱਬੇ ਦੇ ਦਹਾਕੇ ਵਿਚ ਮਾੜਾ-ਮੋਟਾ ਬਦਮਾਸ਼ ਹੁੰਦਾ ਸੀ ਤੇ ਪੁਲਸ ਉਸ ਨੂੰ ਅਕਸਰ ਕੁੱਟਮਾਰ ਦੇ ਮਾਮਲਿਆਂ ਵਿਚ ਫੜ ਕੇ ਲੈ ਜਾਂਦੀ ਸੀ। ਉਸ ਨੂੰ ਛੁਡਾਉਣ ਲਈ ਸਥਾਨਕ ਰਸੂਖਦਾਰ ਆਗੂਆਂ, ਵਿਧਾਇਕਾਂ ਤੇ ਸਾਂਸਦਾਂ ਤੱਕ ਦੇ ਫੋਨ ਆਉਣ ਲੱਗਦੇ ਸਨ। ਉਹ ਇਕ ਵਾਰ ਜ਼ਿਲ੍ਹਾ ਪੰਚਾਇਤ ਮੈਂਬਰ ਵੀ ਚੁਣਿਆ ਗਿਆ। ਉਸ ਦੇ ਘਰ ਦੇ ਲੋਕ ਤਿੰਨ ਪਿੰਡਾਂ ਵਿਚ ਸਰਪੰਚ ਬਣ ਚੁੱਕੇ ਹਨ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਉਸ ਨੂੰ ਕੈਬਨਿਟ ਮੰਤਰੀਆਂ ਤੱਕ ਦੀ ਸਰਪ੍ਰਸਤੀ ਮਿਲਦੀ ਰਹੀ ਹੈ।
ਕਾਨਪੁਰ ਦੇ ਜਿਸ ਇਲਾਕੇ ਨਾਲ ਦੂਬੇ ਦਾ ਰਿਸ਼ਤਾ ਹੈ, ਉਹ ਬ੍ਰਾਹਮਣ ਬਹੁਗਿਣਤੀ ਵਾਲਾ ਇਲਾਕਾ ਹੈ, ਪਰ ਇੱਥੋਂ ਦੀ ਸਿਆਸਤ ਵਿਚ ਪੱਛੜੀਆਂ ਜਾਤਾਂ ਦੇ ਆਗੂ ਹੀ ਹਾਵੀ ਰਹਿੰਦੇ ਆਏ ਹਨ। ਇਸ ਦਬਦਬੇ ਨੂੰ ਖਤਮ ਕਰਨ ਲਈ ਆਗੂਆਂ ਨੇ ਦੂਬੇ ਨੂੰ ਵਰਤਿਆ। ਦੂਬੇ ਦੀ ਨਜ਼ਰ ਜ਼ਮੀਨਾਂ ਦੀਆਂ ਵਧਦੀਆਂ ਕੀਮਤਾਂ ਤੇ ਵਸੂਲੀ ਉਤੇ ਸੀ।
ਸੱਤਾਧਾਰੀਆਂ ਦੀ ਸਰਪ੍ਰਸਤੀ ਨਾਲ ਉਸ ਦੀ ਦਹਿਸ਼ਤ ਵਧਦੀ ਗਈ ਤੇ ਉਹ ਜ਼ਮੀਨਾਂ 'ਤੇ ਕਬਜ਼ੇ ਕਰਦਾ ਗਿਆ।

191 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper