Latest News
ਬਾਂਸੁਰੀ ਵਾਲੇ ਕ੍ਰਿਸ਼ਨ ਦੇ ਨਾਲ-ਨਾਲ ਚੱਕਰਧਾਰੀ ਕ੍ਰਿਸ਼ਨ ਦੀ ਵੀ ਪੂਜਾ ਕਰਦੇ ਹਾਂ : ਮੋਦੀ

Published on 03 Jul, 2020 10:29 AM.


ਲੇਹ : ਚੀਨ ਨਾਲ ਟਕਰਾਅ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਅਚਾਨਕ ਲੇਹ ਪੁੱਜ ਕੇ ਨੀਮੂ ਵਿਚ ਫੌਜ ਦੇ ਅਫਸਰਾਂ ਤੇ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾ ਨੂੰ ਸੰਬੋਧਨ ਕਰਦਿਆਂ ਕਿਹਾ, ''ਲੱਦਾਖ ਦਾ ਇਹ ਪੂਰਾ ਹਿੱਸਾ ਭਾਰਤ ਦਾ ਮਸਤਕ ਹੈ। ਭਾਰਤ ਦੇ ਮਾਣ-ਸਨਮਾਨ ਦਾ ਪ੍ਰਤੀਕ ਹੈ। ਇਹ ਰਾਸ਼ਟਰਭਗਤਾਂ ਦੀ ਧਰਤੀ ਹੈ। ਦੁਨੀਆ ਵਿਚ ਕਿਸੇ ਤੋਂ ਵੀ ਘੱਟ ਨਹੀਂ ਹੈ। ਜਿਨ੍ਹਾਂ ਔਖੀਆਂ ਹਾਲਤਾਂ ਵਿਚ ਤੁਸੀਂ ਜਿੰਨੀ ਉਚਾਈ 'ਤੇ ਮਾਂ ਭਾਰਤੀ ਦੀ ਢਾਲ ਬਣ ਕੇ ਉਸ ਦੀ ਰਾਖੀ ਕਰਦੇ ਹੋ, ਉਸ ਦੀ ਸੇਵਾ ਕਰਦੇ ਹੋ, ਉਸ ਦਾ ਮੁਕਾਬਲਾ ਪੂਰੀ ਦੁਨੀਆ ਵਿਚ ਕੋਈ ਨਹੀਂ ਕਰ ਸਕਦਾ ਹੈ। ਤੁਹਾਡਾ ਹੌਸਲਾ ਉਸ ਉਚਾਈ ਤੋਂ ਵੀ ਉੱਚਾ ਹੈ, ਜਿੱਥੇ ਤੁਸੀਂ ਤਾਇਨਾਤ ਹੋ।'' ਮੋਦੀ ਨੇ ਇਸ਼ਾਰਿਆਂ ਵਿਚ ਚੀਨੀ ਭੜਕਾਹਟ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ, 'ਅਸੀਂ ਬਾਂਸੁਰੀਧਾਰਕ ਕ੍ਰਿਸ਼ਨ ਦੀ ਪੂਜਾ ਕਰਦੇ ਹਾਂ ਤਾਂ ਚੱਕਰਧਾਰੀ ਕ੍ਰਿਸ਼ਨ ਦੀ ਵੀ ਪੂਜਾ ਕਰਦੇ ਹਾਂ।''
ਪ੍ਰਧਾਨ ਮੰਤਰੀ ਨੇ ਕਿਹਾ, ''ਵਿਸਤਾਰਵਾਦ ਦਾ ਯੁੱਗ ਖਤਮ ਹੋ ਚੁੱਕਿਆ ਹੈ, ਇਹ ਵਿਕਾਸਵਾਦ ਦਾ ਯੁੱਗ ਹੈ ਅਤੇ ਇਸੇ ਲਈ ਹੁਣ ਮੌਕਾ ਹੈ। ਵਿਕਾਸਵਾਦ ਹੀ ਭਵਿੱਖ ਦਾ ਆਧਾਰ ਹੈ। ਬੀਤੀਆਂ ਸਦੀਆਂ ਵਿਚ ਵਿਸਤਾਰਵਾਦ ਨੇ ਹੀ ਮਨੁੱਖਤਾ ਦਾ ਵਿਨਾਸ਼ ਕਰਨ ਦਾ ਯਤਨ ਕੀਤਾ। ਵਿਸਤਾਰਵਾਦ ਜਦ ਕਿਸੇ 'ਤੇ ਸਵਾਰ ਹੋਇਆ ਤਾਂ ਉਸ ਨੇ ਹਮੇਸ਼ਾ ਵਿਸ਼ਵ ਸ਼ਾਂਤੀ ਨੂੰ ਖਤਰਾ ਪੈਦਾ ਕੀਤਾ। ਇਤਿਹਾਸ ਗਵਾਹ ਹੈ ਕਿ ਅਜਿਹੀਆਂ ਤਾਕਤਾਂ ਮਿਟ ਗਈਆਂ ਹਨ ਜਾਂ ਮੁੜਨ ਲਈ ਮਜਬੂਰ ਹੋ ਗਈਆਂ ਹਨ। ਵਿਸ਼ਵ ਦਾ ਸਦਾ ਇਹੀ ਤਜਰਬਾ ਰਿਹਾ ਹੈ ਅਤੇ ਇਸੇ ਤਜਰਬੇ ਦੇ ਆਧਾਰ 'ਤੇ ਮੁੜ ਤੋਂ ਪੂਰੇ ਵਿਸ਼ਵ ਵਿਚ ਵਿਸਤਾਰਵਾਦ ਖਿਲਾਫ ਮਨ ਬਣਿਆ ਹੈ।''
ਪ੍ਰਧਾਨ ਮੰਤਰੀ ਨੇ ਜਵਾਨਾਂ ਨੂੰ ਕਿਹਾ, ''ਤੁਹਾਡਾ ਨਿਸ਼ਚਾ ਉਸ ਘਾਟੀ ਤੋਂ ਵੀ ਸਖਤ ਹੈ, ਜਿਸ ਨੂੰ ਤੁਸੀਂ ਰੋਜ਼ ਆਪਣੇ ਕਦਮਾਂ ਨਾਲ ਨਾਪਦੇ ਹੋ। ਤੁਹਾਡੀਆਂ ਭੁਜਾਵਾਂ ਉਨ੍ਹਾਂ ਚੱਟਾਨਾਂ ਵਰਗੀਆਂ ਮਜ਼ਬੂਤ ਹਨ, ਜਿਹੜੀਆਂ ਤੁਹਾਡੇ ਆਲੇ-ਦੁਆਲੇ ਖੜ੍ਹੀਆਂ ਹਨ। ਤੁਹਾਡੀ ਇੱਛਾ ਸ਼ਕਤੀ ਆਸਪਾਸ ਦੇ ਪਰਬਤਾਂ ਜਿੰਨੀ ਅਟੱਲ ਹੈ। ਅੱਜ ਤੁਹਾਡੇ ਵਿਚਕਾਰ ਆ ਕੇ ਮੈਂ ਇਸ ਨੂੰ ਮਹਿਸੂਸ ਕਰ ਰਿਹਾ ਹਾਂ। ਸਾਕਸ਼ਾਤ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਹੈ। ਆਤਮਨਿਰਭਰ ਭਾਰਤ ਦਾ ਸੰਕਲਪ ਤੁਹਾਡੇ ਹੌਸਲੇ ਨਾਲ ਹੋਰ ਮਜ਼ਬੂਤ ਹੁੰਦਾ ਹੈ। ਤੁਸੀਂ ਤੇ ਤੁਹਾਡੇ ਸਾਥੀਆਂ ਨੇ ਆਪਣੇ ਅੰਦਰ ਦੀ ਅੱਗ ਤੇ ਗੁੱਸਾ ਦਿਖਾਇਆ ਉਸ ਨੇ ਪੂਰੀ ਦੁਨੀਆ ਨੂੰ ਸੰਦੇਸ਼ ਦਿੱਤਾ ਹੈ ਕਿ ਭਾਰਤ ਦੀ ਤਾਕਤ ਕੀ ਹੈ। ਮੈਂ ਮੇਰੇ ਸਾਹਮਣੇ ਮਹਿਲਾ ਟੁਕੜੀਆਂ ਨੂੰ ਵੀ ਦੇਖ ਰਿਹਾ ਹਾਂ। ਜੰਗ ਦੇ ਮੈਦਾਨ 'ਤੇ ਸਰਹੱਦ 'ਤੇ ਇਹ ਦ੍ਰਿਸ਼ ਹਿੰਮਤ ਦਿੰਦਾ ਹੈ।''
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ''ਮੈਂ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਆਪਣੇ 20 ਜਵਾਨਾਂ ਨੂੰ ਮੁੜ ਸ਼ਰਧਾਂਜਲੀ ਦਿੰਦਾ ਹਾਂ। ਅੱਜ ਹਰ ਭਾਰਤੀ ਦੀ ਛਾਤੀ ਤੁਹਾਡੀ ਬਹਾਦਰੀ ਨਾਲ ਫੁੱਲੀ ਹੋਈ ਹੈ। ਬਹਾਦਰੀ ਹੀ ਸ਼ਾਂਤੀ ਦੀ ਪੂਰਵ ਸ਼ਰਤ ਹੁੰਦੀ ਹੈ। ਅੱਜ ਭਾਰਤ ਜਲ, ਥਲ ਤੇ ਪੁਲਾੜ ਵਿਚ ਜੇ ਆਪਣੀ ਤਾਕਤ ਵਧਾ ਰਿਹਾ ਹੈ ਤਾਂ ਉਸ ਦੇ ਪਿੱਛੇ ਨਿਸ਼ਾਨਾ ਮਨੁੱਖੀ ਭਲਾਈ ਹੀ ਹੈ।''

196 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper