Latest News
ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਧਰਨਾ

Published on 04 Jul, 2020 09:59 AM.


ਮੁਹਾਲੀ (ਗੁਰਜੀਤ ਬਿੱਲਾ)-ਏਟਕ ਅਤੇ ਸੀ ਟੀ ਯੂ ਪੰਜਾਬ ਦੇ ਕਰਮਚਾਰੀਆਂ ਵੱਲੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਧਰਨਾ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮਾਂ, ਮਜ਼ਦੂਰਾਂ ਅਤੇ ਕਿਰਤੀਆਂ ਦੀ ਜ਼ਿੰਦਗੀ ਅਤੇ ਉਹਨਾਂ ਦੇ ਪਰਵਾਰਾਂ ਨੂੰ ਪ੍ਰਭਾਵਤ ਕਰਨ ਵਾਲੀਆਂ ਨੀਤੀਆਂ ਦੀ ਨਿਖੇਧੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਉਕਤ ਨੀਤੀਆਂ ਤਹਿਤ ਚੁੱਕੇ ਜਾ ਰਹੇ ਮਜ਼ਦੂਰ-ਵਿਰੋਧੀ ਕਦਮਾਂ ਅਤੇ ਕੋਰੋਨਾ ਸੰਕਟ ਦੇ ਸਮੇਂ ਵਿਚ ਉਤਪੰਨ ਹੋਏ ਮਸਲਿਆਂ ਸੰਬੰਧੀ ਜ਼ਿਲ੍ਹੇ ਦੇ ਏ.ਡੀ.ਸੀ. ਰਾਹੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਂਅ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਮੁੱਖ ਬੁਲਾਰਿਆਂ ਵਿਚ ਸੂਬਾ ਪ੍ਰਧਾਨ ਏਟਕ ਬੰਤ ਸਿੰਘ ਬਰਾੜ, ਮਹਿੰਦਰਪਾਲ ਸਿੰਘ, ਦਿਲਦਾਰ ਸਿੰਘ, ਬ੍ਰਿਜ ਮੋਹਨ, ਸੁਰਿੰਦਰ ਸਿੰਘ ਲਾਹੌਰੀਆ, ਜਗਦੀਸ਼ ਸ਼ਰਮਾ, ਸੱਜਣ ਸਿੰਘ, ਮੇਜਰ ਸਿੰਘ, ਬਲਜਿੰਦਰ ਸਿੰਘ ਭਾਗੋਮਾਜਰਾ ਅਤੇ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਜ਼ਦੂਰ ਅਤੇ ਦੇਸ਼-ਵਿਰੋਧੀ ਆਰਥਿਕ ਅਤੇ ਸਨਅਤੀ ਨੀਤੀਆਂ ਕਾਰਨ ਮਜ਼ਦੂਰਾਂ ਦਾ ਜੀਵਨ ਬਹੁਤ ਔਖਾ ਹੋ ਗਿਆ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਇਸ ਔਖੇ ਸਮੇਂ ਵਿਚ ਕਿਰਤੀਆਂ ਤੇ ਮਜ਼ਦੂਰਾਂ ਨੂੰ ਰਾਹਤ ਦਿੱਤੀ ਜਾਵੇ ਅਤੇ ਸਰਕਾਰ ਵੱਲੋਂ ਕਿਰਤੀਆਂ ਵਿਰੁੱਧ ਬਣਾਏ ਕਾਲੇ ਕਾਨੂੰਨ ਵਾਪਸ ਲਏ ਜਾਣ। ਪ੍ਰਧਾਨ ਮੰਤਰੀ ਨੂੰ ਭੇਜੇ ਮੰਗ-ਪੱਤਰ ਵਿਚ ਮੰਗ ਕੀਤੀ ਗਈ ਕਿ ਲੇਬਰ ਕਾਨੂੰਨਾਂ ਵਿਚ ਸੋਧਾਂ ਕਰਕੇ ਕਿਰਤੀਆਂ ਦੇ ਕਾਨੂੰਨੀ ਹੱਕ ਖਤਮ ਕਰਨ ਦੀ ਕਾਰਵਾਈ 'ਤੇ ਰੋਕ ਲਗਾਈ ਜਾਵੇ, ਕੇਂਦਰੀ ਅਤੇ ਸੂਬਾਈ ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਡੀ.ਏ ਜਾਮ ਕਰਨ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਇਸ ਤੋਂ ਇਲਾਵਾ ਕੋਰੋਨਾ ਕਾਰਨ ਖਤਮ ਕੀਤੇ ਜਾ ਰਹੇ ਰੁਜ਼ਗਾਰ ਨਾ ਖੁੱਸਣ ਦੀ ਗਰੰਟੀ ਦੇਣ, ਹਰ ਤਰ੍ਹਾਂ ਦੀਆਂ ਨੌਕਰੀਆਂ ਕਰਨ ਵਾਲੇ ਵਰਕਰਾਂ ਦੀਆਂ ਤਨਖਾਹਾਂ ਵਿਚ ਕੀਤੀਆਂ ਜਾ ਰਹੀਆਂ ਕਟੌਤੀਆਂ ਸਖਤੀ ਨਾਲ ਰੋਕੀਆਂ ਜਾਣ, ਈ ਪੀ ਐੱਫ ਅਤੇ ਵਿਆਜ ਦਰ ਵਿਚ ਕਟੌਤੀ ਵਾਪਸ ਲੈਣ, ਕੋਲ ਸੈਕਟਰ, ਰੇਲਵੇ, ਡਿਫੈਂਸ, ਏਅਰਲਾਈਜ਼, ਸਪੇਸ, ਪੋਰਟ ਐਂਡ ਡੋਕ, ਇੰਸ਼ੋਰੈਂਸ ਆਦਿ ਖੇਤਰਾਂ ਵਿਚ 100 ਫੀਸਦੀ ਵਿਦੇਸ਼ੀ ਨਿਵੇਸ਼ ਦੀ ਮਨਜ਼ੂਰੀ ਰੱਦ ਕਰਨ, ਪਬਲਿਕ ਸੈਕਟਰ ਦਾ ਨਿੱਜੀਕਰਨ ਅਤੇ ਅੱਪਨਿਵੇਸ਼ ਬੰਦ ਕਰਨ, ਕੋਰੋਨਾ ਸੰਕਟ ਦੌਰਾਨ ਰਜਿਸਟਰਡ ਅਤੇ ਅਨ-ਰਜਿਸਟਰਡ ਮਜ਼ਦੂਰਾਂ ਦੇ ਖਾਤਿਆਂ ਵਿਚ ਹਰ ਮਹੀਨੇ 7500 ਰੁਪਏ ਪਾਉਣਾ, ਪਰਵਾਸੀ ਮਜ਼ਦੂਰਾਂ ਦੀ ਇਕ ਤੋਂ ਦੂਜੇ ਰਾਜਾਂ ਨੂੰ ਹੋਈ ਹਿਜਰਤ ਕਾਰਨ ਹੋਏ ਮਾਲੀ ਨੁਕਸਾਨ ਦੀ ਭਰਪਾਈ ਕਰਨ, ਮਨਰੇਗਾ ਤਹਿਤ ਸਾਲ ਵਿਚ 200 ਦਿਨ ਕੰਮ ਦੇਣ, ਉਸਾਰੀ ਕਿਰਤੀਆਂ ਦੇ ਖਾਤਿਆਂ ਵਿਚ 5000 ਰੁਪਏ ਦੀ ਸਹਾਇਤਾ ਰਾਸ਼ੀ ਪਾਉਣ, ਕਾਪੀਆਂ ਦੇ ਨਵੀਨੀਕਰਨ ਦੀ ਮਿਤੀ 6 ਮਹੀਨੇ ਲਈ ਵਧਾਉਣ, ਡੀਜ਼ਲ-ਪੈਟਰੋਲ ਵਿਚ ਕੀਤਾ ਵਾਧਾ ਵਾਪਸ ਲੈਣ ਸਮੇਤ ਹੋਰ ਮੰਗਾਂ ਕੀਤੀਆਂ ਗਈਆਂ।

199 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper