Latest News
ਵਿਰੋਧੀ ਧਿਰ ਦੇ ਹਮਲਿਆਂ ਤੋਂ ਬਾਅਦ ਰੱਖਿਆ ਮੰਤਰਾਲੇ ਦੀ ਸਫਾਈ

Published on 04 Jul, 2020 10:00 AM.


ਨਵੀਂ ਦਿੱਲੀ : ਸਰਹੱਦ ਵਿਵਾਦ ਵਿਚਾਲੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੇਹ ਦਾ ਦੌਰਾ ਕੀਤਾ ਸੀ। ਇਸ ਦੌਰਾਨ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਗਲਵਾਨ ਘਾਟੀ 'ਚ ਜ਼ਖ਼ਮੀ ਜਵਾਨਾਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਜੋ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ, ਉਸ 'ਚ ਜਵਾਨਾਂ ਨੂੰ ਨਾ ਡਰਿੱਪ ਲੱਗੀ ਸੀ, ਨਾ ਹੀ ਉਨ੍ਹਾਂ ਦੇ ਬੈੱਡ ਕੋਲ ਕੋਈ ਮੈਡੀਕਲ ਸਾਮਾਨ ਸੀ, ਜਿਸ 'ਤੇ ਵਿਰੋਧੀ ਫੌਜ ਅਤੇ ਸਰਕਾਰ 'ਤੇ ਨਿਸ਼ਾਨਾ ਲਾ ਰਹੇ ਸਨ। ਹੁਣ ਮਾਮਲੇ 'ਚ ਰੱਖਿਆ ਮੰਤਰਾਲੇ ਦਾ ਬਿਆਨ ਸਾਹਮਣੇ ਆਇਆ ਹੈ। ਨਾਲ ਹੀ ਮੰਤਰਾਲੇ ਨੇ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਮੰਦਭਾਗਾ ਦੱਸਿਆ ਹੈ।
ਰੱਖਿਆ ਮੰਤਰਾਲੇ ਮੁਤਾਬਕ ਭਾਰਤੀ ਫੌਜ ਆਪਣੇ ਜਵਾਨਾਂ ਨੂੰ ਸਭ ਤੋਂ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ। ਗਲਵਾਨ ਘਾਟੀ ਤੋਂ ਵਾਪਸ ਆਉਣ ਤੋਂ ਬਾਅਦ ਕੋਰੋਨਾ ਦੇ ਚਲਦੇ ਜ਼ਖ਼ਮੀ ਜਵਾਨਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਸੀ, ਜਿੱਥੇ ਪ੍ਰਧਾਨ ਮੰਤਰੀ ਨੇ ਜਵਾਨਾਂ ਨਾਲ ਮੁਲਾਕਾਤ ਕੀਤੀ, ਉਹ 100 ਬੈੱਡ ਦੀ ਸਮਰੱਥਾ ਵਾਲਾ ਜਨਰਲ ਕੰਪਲੈਕਸ ਹੈ, ਜੋ ਜਨਰਲ ਹਸਪਤਾਲ ਦਾ ਹੀ ਹਿੱਸਾ ਹੈ।
ਇਕਾਂਤਵਾਸ 'ਚ ਹੋਣ ਕਾਰਨ ਜਵਾਨਾਂ ਦੇ ਕੋਲ ਮੈਡੀਕਲ ਉਪਕਰਨ ਨਹੀਂ ਦਿਖਾਈ ਦੇ ਰਹੇ। ਇਸ ਇਮਾਰਤ 'ਚ ਹੀ ਕੁਝ ਦਿਨ ਪਹਿਲਾਂ ਫੌਜ ਪ੍ਰਮੁੱਖ ਨੇ ਵੀ ਜ਼ਖ਼ਮੀ ਜਵਾਨਾਂ ਨਾਲ ਮੁਲਾਕਾਤ ਕੀਤੀ ਸੀ। ਮੰਤਰਾਲੇ ਨੇ ਕਿਹਾ ਕਿ ਇਸ 'ਚ ਇਹ ਗੱਲ ਬਿਲਕੁੱਲ ਹੀ ਗਲਤ ਹੈ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਾਉਣ ਲਈ ਠੀਕ ਜਵਾਨਾਂ ਨੂੰ ਬੈੱਡ 'ਤੇ ਬੈਠਾਇਆ ਗਿਆ ਸੀ। ਕਾਂਗਰਸ ਨੇਤਾ ਅਭਿਸ਼ੇਕ ਦੱਤ ਨੇ ਪ੍ਰਧਾਨ ਮੰਤਰੀ ਦੀ ਫੋਟੋ ਪੋਸਟ ਕਰਦੇ ਹੋਏ ਲਿਖਿਆ ਸੀ ਕਿ ਇਹ ਹਸਪਤਾਲ ਕਿਸ ਐਂਗਲ ਤੋਂ ਲੱਗ ਰਿਹਾ ਹੈ, ਨਾ ਕੋਈ ਡਰਿੱਪ, ਡਾਕਟਰ ਦੀ ਜਗ੍ਹਾ ਫੋਟੋਗ੍ਰਾਫ਼ਰ, ਬੈੱਡ ਦੇ ਨਾਲ ਕੋਈ ਦਵਾਈ ਨਹੀਂ, ਪਾਣੀ ਦੀ ਬੋਤਲ ਨਹੀਂ? ਉਨ੍ਹਾ ਅੱਗੇ ਲਿਖਿਆ ਕਿ ਭਗਵਾਨ ਦਾ ਸ਼ੁਕਰ ਹੈ ਕਿ ਸਾਡੇ ਵੀਰ ਸੈਨਿਕ ਪੂਰੀ ਤਰ੍ਹਾਂ ਠੀਕ ਹਨ। ਭਾਰਤ ਮਾਤਾ ਦੀ ਜੈ। ਉਥੇ ਹੀ ਦੂਜੇ ਪਾਸੇ ਕਾਂਗਰਸੀ ਨੇਤਾ ਸਲਮਾਨ ਨਿਜ਼ਾਮੀ ਨੇ ਟਵਿਟਰ 'ਤੇ ਲਿਖਿਆ ਕਿ ਝੂਠ ਬੋਲਣ ਲਈ ਹੀ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਹੋਇਆ ਹੈ।
ਪਹਿਲਾਂ ਉਹ ਕਹਿੰਦੇ ਸਨ ਕਿ ਸਾਡੇ ਖੇਤਰ 'ਚ ਕੋਈ ਨਹੀਂ ਆਇਆ। ਇਸ ਤੋਂ ਬਾਅਦ ਚੀਨੀ ਹਮਲੇ 'ਚ ਜ਼ਖ਼ਮੀ ਜਵਾਨਾਂ ਦੇ ਨਾਲ ਉਹ ਫੋਟੋ ਸ਼ੂਟ ਕਰਾਉਂਦੇ ਹਨ। ਉਨ੍ਹਾਂ ਕਿਹਾ ਕਿ ਨਿਸਚਿਤ ਰੂਪ ਨਾਲ ਮੀਡੀਆ ਉਨ੍ਹਾ ਦੇ ਅਕਸ ਨੂੰ ਕੰਟਰੋਲ ਕਰਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਸਾਡੇ ਖੇਤਰ ਅਤੇ ਪ੍ਰਭੂਸੱਤਾ ਨੂੰ ਨੁਕਸਾਨ ਬਹੁਤ ਵੱਡਾ ਪਹੁੰਚਿਆ ਹੈ।

197 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper