Latest News
ਸੁਪਰ ਡੈਨ ਦੀ ਰਿਟਾਇਰਮੈਂਟ

Published on 05 Jul, 2020 07:20 AM.


ਸਾਲ-ਭਰ ਪਹਿਲਾਂ ਲਿਨ ਡੈਨ ਨੇ ਰਿਟਾਇਰਮੈਂਟ ਬਾਰੇ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਸੀ। ਕੁਝ ਮੁਕਾਬਲਿਆਂ ਵਿਚ ਪਹਿਲੇ ਗੇੜਾਂ ਵਿਚ ਹਾਰ ਜਾਣ ਕਾਰਨ ਅਜਿਹੀਆਂ ਰਿਪੋਰਟਾਂ ਛਪੀਆਂ ਸਨ। ਅਜੋਕੇ ਲਹੂ-ਵੀਟਵੇਂ ਮੁਕਾਬਲਿਆਂ ਦੇ ਦੌਰ ਵਿਚ ਵੀ 36 ਸਾਲਾ ਖੱਬਚੂ ਚੀਨੀ ਬੈਡਮਿੰਟਨ ਖਿਡਾਰੀ ਟੋਕੀਓ ਵਿਚ ਆਪਣਾ ਪੰਜਵਾਂ ਉਲੰਪਿਕ ਮੁਕਾਬਲਾ ਖੇਡਣ ਲਈ ਦਿੜ੍ਹ ਸੀ। ਟੋਕੀਓ ਉਲੰਪਿਕ ਟਲ ਜਾਣ ਤੋਂ ਬਾਅਦ ਸੁਪਰ ਡੈਨ ਵਜੋਂ ਜਾਣੇ ਜਾਂਦੇ ਲਿਨ ਡੈਨ ਨੇ ਮਹਿਸੂਸ ਕਰ ਲਿਆ ਕਿ ਨਵੇਂ ਮੁੰਡਿਆਂ ਦਾ ਹੁਣ ਮੁਕਾਬਲਾ ਨਹੀਂ ਕਰ ਹੋਣਾ। ਕੋਰੋਨਾ ਕਾਲ ਵਿਚ ਉਸ ਦੀ ਰਿਟਾਇਰਮੈਂਟ ਸ਼ਾਇਦ ਸਭ ਤੋਂ ਵੱਡੇ ਖਿਡਾਰੀ ਦੀ ਰਿਟਾਇਰਮੈਂਟ ਹੈ। ਮਹਾਨਤਮ ਤੇ ਮੁਕੰਮਲ ਖਿਡਾਰੀ ਨੇ ਬੈਡਮਿੰਟਨ ਦੀ ਦੁਨੀਆ ਵਿਚ 2000 ਤੋਂ 2020 ਦੇ ਲੰਮੇ ਦੌਰ ਵਿਚ ਆਪਣੇ ਤੇ ਆਪਣੇ ਦੇਸ਼ ਲਈ ਬਹੁਤ ਨਾਮਣਾ ਖੱਟਿਆ। 2008 ਵਿਚ ਬੀਜਿੰਗ ਉਲੰਪਿਕ ਵਿਚ ਸਿੰਗਲ ਖਿਤਾਬ ਜਿੱਤਣ ਤੋਂ ਬਾਅਦ 2012 ਦੇ ਲੰਡਨ ਉਲੰਪਿਕ ਵਿਚ ਇਸ ਖਿਤਾਬ 'ਤੇ ਮੁੜ ਕਬਜ਼ਾ ਕਰਨ ਵਾਲਾ ਲਿਨ ਇਤਿਹਾਸ ਦਾ ਇਕੱਲਾ ਖਿਡਾਰੀ ਹੈ, ਜਿਸ ਨੇ ਲਗਾਤਾਰ ਦੋ ਉਲੰਪਿਕ ਖਿਤਾਬ ਜਿੱਤੇ। ਇਸ ਤੋਂ ਇਲਾਵਾ ਉਸ ਨੇ ਪੰਜ ਵਰਲਡ ਚੈਂਪੀਅਨਸ਼ਿਪਾਂ, ਦੋ ਵਰਲਡ ਕੱਪ (ਇਹ ਟੂਰਨਾਮੈਂਟ ਅੱਜਕੱਲ੍ਹ ਨਹੀਂ ਹੁੰਦਾ), ਛੇ ਆਲ ਇੰਗਲੈਂਡ ਓਪਨ, ਦੋ ਏਸ਼ੀਅਨ ਗੇਮਜ਼ ਖਿਤਾਬ ਤੇ ਚਾਰ ਏਸ਼ੀਅਨ ਚੈਂਪੀਅਨਸ਼ਿਪਾਂ ਜਿੱਤੀਆਂ। ਟੀਮ ਈਵੈਂਟ ਵਿਚ ਛੇ ਵਾਰ ਥਾਮਸ ਕੱਪ ਤੇ ਤਿੰਨ ਵਾਰ ਏਸ਼ੀਅਨ ਗੇਮਜ਼ ਖਿਤਾਬ ਜਿੱਤੇ। ਕਈ ਸਾਲ ਦੁਨੀਆ ਦਾ ਨੰਬਰ ਵਨ ਖਿਡਾਰੀ ਰਿਹਾ ਲਿਨ ਜਵਾਨੀ ਦੇ ਦਿਨਾਂ ਵਿਚ ਅੱਥਰੇ ਖਿਡਾਰੀ ਵਜੋਂ ਬਦਨਾਮ ਰਿਹਾ। ਉਹ ਪੀਪਲਜ਼ ਲਿਬਰੇਸ਼ਨ ਆਰਮੀ ਵਿਚ ਰਿਹਾ ਤੇ 2015 ਵਿਚ ਉਸ ਨੇ ਉਸ ਨੂੰ ਛੱਡ ਦਿੱਤਾ। ਉਸ ਤੋਂ ਬਾਅਦ ਉਸ 'ਤੇ ਕਈ ਪਾਬੰਦੀਆਂ ਲੱਗੀਆਂ, ਪਰ ਉਸ ਨੇ ਸਥਾਪਤੀ ਦੀ ਪ੍ਰਵਾਹ ਨਾ ਕਰਦਿਆਂ ਚੀਨੀ ਖਿਡਾਰੀਆਂ ਦੀ ਰਵਾਇਤ ਦੇ ਉਲਟ ਕਈ ਟੈਟੂ ਖੁਣਵਾਏ, ਜਿਨ੍ਹਾਂ ਵਿਚ ਧਾਰਮਕ ਚਿੰਨ੍ਹਾਂ ਵਾਲੇ ਵੀ ਸਨ। ਕਈ ਮਸ਼ਹੂਰੀਆਂ ਕੀਤੀਆਂ। ਆਪਣੇ ਬਰਾਂਡ ਵਾਲੇ ਅੰਡਰਵੀਅਰ ਲਾਂਚ ਕੀਤੇ। ਇਹ ਕੌਤਕ ਕਰਨ ਵਾਲਾ ਸਿਰਫ ਉਹੀ ਚੀਨੀ ਖਿਡਾਰੀ ਸੀ ਤੇ ਉਹ ਵੀ ਫੌਜੀ ਪਿਛੋਕੜ ਵਾਲਾ। ਚੀਨ ਨੇ ਕਈ ਮਹਾਨ ਖਿਡਾਰੀ ਪੈਦਾ ਕੀਤੇ ਹਨ, ਪਰ ਵਿਰੋਧੀਆਂ ਨੂੰ ਚਿੱਤ ਕਰਨ ਵਾਲੀ ਜਿਹੜੀ ਕਾਬਲੀਅਤ ਤੇ ਮੁਹਾਰਤ ਲਿਨ ਵਿਚ ਸੀ, ਉਸ ਨੇ ਉਸ ਨੂੰ ਸਟਾਰ ਬਣਾਇਆ। ਹਰ ਜੋਸ਼ੀਲੇ ਜੰਪ ਨੂੰ ਜਿੱਤ ਦੀ ਲਲਕ ਮੰਨਣ ਵਾਲੇ ਲਿਨ ਨੇ ਕੁਲ 666 ਸਿੰਗਲ ਜਿੱਤਾਂ ਦਰਜ ਕੀਤੀਆਂ ਤੇ ਅਨੇਕਾਂ ਮੈਡਲ ਜਿੱਤੇ।
ਜਿਵੇਂ ਕਿ ਲਿਨ ਨੇ ਸ਼ਨੀਵਾਰ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਦਿਆਂ ਆਪਣੀਆਂ ਜਿੱਤਾਂ ਲਈ ਸ਼ਾਨਦਾਰ ਵਿਰੋਧੀਆਂ ਦਾ ਧੰਨਵਾਦ ਕੀਤਾ, ਉਵੇਂ ਹੀ ਕਈ ਸਾਲ ਉਸ ਦੇ ਕਰੀਬੀ ਹਰੀਫ ਰਹੇ ਮਲੇਸ਼ੀਆ ਦੇ ਮਹਾਨ ਖਿਡਾਰੀ ਲੀ ਚੋਂਗ ਵੇਈ, ਜਿਸ ਨੇ ਪਿਛਲੇ ਸਾਲ ਰਿਟਾਇਰਮੈਂਟ ਲੈ ਲਈ ਸੀ, ਨੇ ਉਸ ਦੀ ਉਸਤਤ ਕਰਦਿਆਂ ਕਿਹਾ, ''ਅਸੀਂ ਸਭ ਜਾਣਦੇ ਸੀ ਕਿ ਇਕ ਦਿਨ ਰਿਟਾਇਰ ਹੋਣਾ ਹੈ, ਪਰ ਤੂੰ ਰਾਜਾ ਸੀ।'' 2008 ਤੇ 2012 ਦੇ ਉਲੰਪਿਕ ਫਾਈਨਲ ਵਿਚ ਲਿਨ ਨੇ ਲੀ ਨੂੰ ਹੀ ਹਰਾਇਆ ਸੀ। ਭਾਰਤ ਦੇ ਮੁੱਖ ਕੌਮੀ ਕੋਚ ਪੁਲੇਲਾ ਗੋਪੀ ਚੰਦ, ਜਿਸ ਨੂੰ ਲਿਨ ਨੂੰ ਦੋ ਵਾਰ ਹਰਾਉਣ ਦਾ ਮਾਣ ਹਾਸਲ ਹੈ, ਨੇ ਕਿਹਾ, ''ਮੇਰੇ ਲਈ ਕਿਸੇ ਖਿਡਾਰੀ ਦੀ ਦਰਜਾਬੰਦੀ ਕਰਨੀ ਹਮੇਸ਼ਾ ਔਖੀ ਰਹੀ ਹੈ, ਪਰ ਲਿਨ ਬਾਰੇ ਕਹਿ ਸਕਦਾਂ ਕਿ ਉਹ ਮਹਾਨਤਮ ਬੈਡਮਿੰਟਨ ਖਿਡਾਰੀਆਂ ਵਿਚੋਂ ਇਕ ਸੀ। ਲਿਨ ਹੀ ਸੀ, ਜਿਸ ਨੇ ਤੌਫੀਕ ਹਿਦਾਯਤ, ਲੀ ਚੋਂਗ ਵੇਈ ਤੇ ਪੀਟਰ ਗੇਡ ਵਰਗੇ ਬਰਾਬਰ ਦੇ ਤਾਕਤਵਰ ਸਮਕਾਲੀਆਂ ਦੇ ਦੌਰ ਵਿਚ ਆਪਣੀ ਹਸਤੀ ਕਾਇਮ ਰੱਖੀ।'' ਉਮਰ ਦੇ ਲਿਹਾਜ਼ ਨਾਲ ਸਰੀਰ ਨੇ ਲਿਨ ਨੂੰ ਤੀਜੇ ਉਲੰਪਿਕ ਗੋਲਡ ਦਾ ਸੁਫਨਾ ਸਾਕਾਰ ਕਰਨ ਦਾ ਮੌਕਾ ਨਹੀਂ ਦਿੱਤਾ, ਪਰ ਉਸ ਦੇ ਰਿਕਾਰਡ ਨਵੀਂ ਪੀੜ੍ਹੀ ਦੇ ਖਿਡਾਰੀਆਂ ਨੂੰ ਹਮੇਸ਼ਾ ਉਤਸ਼ਾਹਤ ਕਰਦੇ ਰਹਿਣਗੇ।

705 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper