Latest News
ਜਲਾਲਪੁਰ ਦੀ ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ ਗਈ ਟੀਮ ਤੀਸਰੀ ਵਾਰ ਵੀ ਬੇਰੰਗ ਪਰਤੀ

Published on 05 Jul, 2020 10:24 AM.


ਪਾਤੜਾਂ/ਘੱਗਾ
(ਭੁਪਿੰਦਰਜੀਤ ਮੌਲਵੀਵਾਲਾ/
ਨਿਸ਼ਾਨ ਸਿੰਘ ਬਣਵਾਲਾ)
ਸਬ-ਡਵੀਜ਼ਨ ਪਾਤੜਾਂ ਅਧੀਨ ਆਉਂਦੇ ਬਾਦਸ਼ਾਹਪੁਰ ਬੈਲਟ ਦੇ ਪਿੰਡ ਜਲਾਲਪੁਰ ਦੀ ਪੰਚਾਇਤੀ ਜ਼ਮੀਨ ਦਹਾਕਿਆਂ ਪੁਰਾਣੇ ਕਾਸ਼ਤਕਾਰਾਂ ਤੋਂ ਖੋਹ ਕੇ ਪੰਚਾਇਤ ਨੂੰ ਕਬਜ਼ਾ ਦਿਵਾਉਣ ਦੀ ਤੀਸਰੀ ਕੋਸ਼ਿਸ਼ ਵੀ ਕਾਮਯਾਬ ਨਹੀਂ ਹੋ ਸਕੀ। ਸਿਵਲ ਅਦਾਲਤ ਸਮਾਣਾ ਵੱਲੋਂ ਅਗਲੀ ਸੁਣਵਾਈ ਤੱਕ ਮੌਜੂਦਾ ਸਥਿਤੀ ਬਹਾਲ ਰੱਖਣ ਦੇ ਹੁਕਮਾਂ ਦੇ ਬਾਵਜੂਦ ਡੀ ਡੀ ਪੀ ਓ ਪਟਿਆਲਾ ਐਤਵਾਰ ਬਾਅਦ ਦੁਪਹਿਰ ਤੱਕ ਕਬਜਾ ਲੈਣ ਲਈ ਅੜੇ ਰਹੇ ਤੇ ਕਾਬਜ਼ ਕਾਸ਼ਤਕਾਰ ਮਾਨਸਿਕ ਤੌਰ 'ਤੇ ਪਰੇਸ਼ਾਨ ਹੁੰਦੇ ਰਹੇ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਅਤੇ ਖਜ਼ਾਨਚੀ ਰਘਬੀਰ ਸਿੰਘ ਨਿਆਲ ਦੀ ਅਗਵਾਈ ਹੇਠ ਕਿਸਾਨ ਜਥੇਬੰਦੀ ਨੇ ਕਬਜ਼ਾ ਕਾਰਵਾਈ ਦਾ ਵਿਰੋਧ ਕੀਤਾ। ਇਸ ਦੇ ਨਾਲ ਹੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਰਭਜਨ ਸਿੰਘ ਬੁੱਟਰ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਐਲਾਨ ਕੀਤਾ ਕਿ ਉਹ ਕਿਸੇ ਵੀ ਆਬਾਦਕਾਰ ਕਿਸਾਨ ਨਾਲ ਧੱਕਾ ਨਹੀਂ ਹੋਣ ਦੇਣਗੇ।
ਡੀ ਡੀ ਪੀ ਓ ਪਟਿਆਲਾ ਸੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਅਤੇ ਡਿਊਟੀ ਅਫ਼ਸਰ ਕਮ ਤਹਿਸੀਲਦਾਰ ਪਾਤੜਾਂ ਸੰਦੀਪ ਸਿੰਘ ਦੀ ਦੇਖਰੇਖ ਵਿੱਚ ਪੰਚਾਇਤ ਤੇ ਮਾਲ ਮਹਿਕਮਾ ਕਬਜ਼ਾ/ ਵਾਰੰਟ ਲੈ ਕੇ ਭਾਰੀ ਪੁਲਸ ਫੋਰਸ ਨਾਲ ਪਿੰਡ ਜਲਾਲਪੁਰ ਦੀ ਪੰਚਾਇਤ ਦੇ ਹੱਕ ਵਿਚ 48 ਕਿਲੇ ਜ਼ਮੀਨ ਦਾ ਕਬਜ਼ਾ ਲੈਣ ਲਈ ਫਾਇਰ ਬ੍ਰਿਗੇਡ ਅਤੇ ਟਰੈਕਟਰ ਲੈ ਕੇ ਪੂਰੇ ਲਾਮ-ਲਸ਼ਕਰ ਨਾਲ ਕਬਜ਼ਾ ਲੈਣ ਲਈ ਪਹੁੰਚੇ। ਇਸ ਦੌਰਾਨ ਆਬਾਦਕਾਰ ਧਿਰ ਦੇ ਵਕੀਲ ਵੱਲੋਂ ਅਧਿਕਾਰੀਆਂ ਨੂੰ ਸਮਾਣਾ ਦੀ ਸਿਵਲ ਕੋਰਟ ਵਲੋਂ ਦਿੱਤਾ ਹੋਇਆ ਸਟੇਟਸ ਕੋ ਪੇਸ਼ ਕਰਦਿਆਂ ਕਿਹਾ ਕਿ ਪੀੜਤ ਧਿਰ ਵੱਲੋਂ ਹਾਈ ਕੋਰਟ ਪਾਇਆ ਕੇਸ ਪੈਂਡਿੰਗ ਪਿਆ ਹੈ,ਜਿਸ ਦਾ ਇੰਤਜ਼ਾਰ ਜ਼ਰੂਰੀ ਹੈ, ਪਰ ਇਸ ਨੁਕਤੇ ਉਤੇ ਸਹਿਮਤ ਨਾ ਹੁੰਦਿਆਂ ਡੀ ਡੀ ਪੀ ਓ ਨੇ ਕਿਹਾ ਕਿ ਪੰਚਾਇਤ ਕੇਸ ਜਿੱਤ ਚੁੱਕੀ ਹੈ, ਬੇਸ਼ੱਕ ਹਾਈ ਕੋਰਟ ਵਿਚ ਕੇਸ ਹੈ, ਪਰ ਹਾਈ ਕੋਰਟ ਵੱਲੋਂ ਕਬਜ਼ੇ ਉਤੇ ਰੋਕ ਨਹੀਂ, ਇਸ ਲਈ ਕਬਜ਼ਾ ਲੈਣ ਤੋਂ ਰੋਕਿਆ ਨਹੀਂ ਜਾ ਸਕਦਾ। ਇਨ੍ਹਾਂ ਨੁਕਤਿਆਂ ਨੂੰ ਲੈ ਕੇ ਦੋਹਾਂ ਧਿਰਾਂ ਵਿਚ ਕਾਫੀ ਚਿਰ ਦੀ ਬਹਿਸ ਮਗਰੋਂ ਅਧਿਕਾਰੀ ਦੁਚਿੱਤੀ ਵਿਚ ਪੈ ਰਹੇ। ਆਬਾਦਕਾਰ ਧਿਰ ਦੇ ਆਗੂ ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਮੀਨ ਉਨ੍ਹਾਂ ਦੇ ਬਜ਼ੁਰਗਾਂ ਨੇ 1925 ਵਿਚ ਖਰੀਦੀ ਸੀ, ਜਿਸ ਦੀਆਂ ਰਜਿਸਟਰੀਆਂ ਉਨ੍ਹਾਂ ਕੋਲ ਹਨ ਤੇ ਜ਼ਮੀਨ ਦੇ ਇੰਤਕਾਲ ਵੀ ਉਨ੍ਹਾਂ ਦੇ ਨਾਂਅ ਚੜ੍ਹੇ ਹੋਏ ਹਨ, ਪਰ ਸਰਕਾਰ ਆਪਣੇ ਹੀ ਕਾਨੂੰਨ ਨੂੰ ਤੋੜ ਕੇ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਕਾਸ਼ਤਕਾਰਾਂ ਨੇ ਦੱਸਿਆ ਕਿ ਮੁਰੱਬਾਬੰਦੀ ਤੋਂ ਬਾਅਦ ਲੋਕਾਂ ਦੀ ਖਰੀਦੀ ਹੋਈ ਜ਼ਮੀਨ ਦਾ ਇੰਤਕਾਲ ਕਿਸੇ ਤਕਨੀਕੀ ਗਲਤੀ ਕਾਰਨ ਪੰਚਾਇਤ ਦੇ ਨਾਂਅ ਹੋ ਜਾਣ ਕਾਰਨ ਮਾਮਲਾ ਉਲਝਿਆ ਹੋਇਆ ਹੈ। ਦੱਸਣਯੋਗ ਹੈ ਕਿ ਪੰਚਾਇਤ ਵਿਭਾਗ ਇਸ ਤੋਂ ਪਹਿਲਾਂ ਵੀ ਦੋ ਵਾਰ ਉਕਤ ਜ਼ਮੀਨ ਉੱਤੇ ਕਬਜ਼ਾ ਲੈਣ ਦੀਆਂ ਕੋਸ਼ਿਸਾਂ ਕਰ ਚੁੱਕਿਆ ਹੈ, ਪਰ ਹਰ ਵਾਰ ਖਾਨਾਪੂਰਤੀ ਕਰਕੇ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵਾਪਸ ਚਲੇ ਜਾਂਦੇ ਹਨ। ਕਬਜ਼ਾ ਕਾਰਵਾਈ ਦੌਰਾਨ ਨਾਇਬ ਤਹਿਸੀਲਦਾਰ ਰਾਜਵਰਿੰਦਰ ਸਿੰਘ ਧਨੋਆ, ਐੱਸ ਐੱਚ À ਘੱਗਾ ਅੰਕੁਰਦੀਪ ਸਿੰਘ, ਐੱਸ ਐੱਚ ਓ ਪਾਤੜਾਂ ਸ਼ਹਿਰੀ ਹਰਸ਼ਵੀਰ ਸਿੰਘ ਸੰਧੂ ਅਤੇ ਬਾਦਸ਼ਾਹਪੁਰ ਚੌਕੀ ਇੰਚਾਰਜ ਮਨਜੀਤ ਸਿੰਘ ਤੋਂ ਇਲਾਵਾ ਮਾਲ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

138 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper