Latest News
ਮਾਸਕ ਨਾ ਪਾਉਣ 'ਤੇ 10 ਹਜ਼ਾਰ ਜੁਰਮਾਨਾ

Published on 05 Jul, 2020 10:31 AM.


ਤਿਰੁਅਨੰਤਪੁਰਮ : ਕੋਰੋਨਾ ਸੰਕਟ ਨਾਲ ਨਿਬੜਨ ਵਿਚ ਦੂਰਦ੍ਰਿਸ਼ਟੀ ਦਿਖਾਉਣ ਵਾਲੀ ਕੇਰਲਾ ਸਰਕਾਰ ਵੱਲੋਂ ਐਤਵਾਰ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ ਮੁਤਾਬਕ ਮਾਸਕ ਨਾ ਪਾਉਣ ਵਾਲੇ ਨੂੰ 10 ਹਜ਼ਾਰ ਰੁਪਏ ਜੁਰਮਾਨਾ ਲੱਗੇਗਾ। ਇਕ ਸਾਲ ਤੱਕ ਮਾਸਕ ਤੇ ਫੇਸ ਕਵਰ ਪਾਉਣਾ ਜ਼ਰੂਰੀ ਹੋਵੇਗਾ। ਕੰਮ ਵਾਲੀ ਥਾਂ 'ਤੇ ਮਾਸਕ ਪਾਉਣਾ ਪਵੇਗਾ ਤੇ ਹਰ ਥਾਂ 'ਤੇ ਛੇ ਫੁੱਟ ਦੀ ਦੂਰੀ ਰੱਖਣੀ ਹੋਵੇਗੀ। ਪੂਰਾ ਸਾਲ ਵਿਆਹਾਂ ਵਿਚ ਵੱਧ ਤੋਂ ਵੱਧ 50 ਲੋਕ ਤੇ ਅੰਤਮ ਸੰਸਕਾਰ ਮੌਕੇ 20 ਲੋਕ ਹਾਜ਼ਰ ਹੋ ਸਕਣਗੇ। ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਿਨਾਂ ਸਮਾਜੀ ਇਕੱਠ, ਜਲੂਸ, ਧਰਨੇ-ਪ੍ਰਦਰਸ਼ਨ ਜਾਂ ਹੋਰ ਆਯੋਜਨ ਨਹੀਂ ਕੀਤੇ ਜਾ ਸਕਣਗੇ। ਮਨਜ਼ੂਰੀ ਦੇ ਬਾਅਦ ਵੀ ਅਜਿਹੇ ਆਯੋਜਨਾਂ ਵਿਚ 10 ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਣਗੇ।
ਰੂਸ ਨੂੰ ਟੱਪ ਚੱਲਿਆ ਭਾਰਤ
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਕੇਸਾਂ ਦੇ ਆਏ ਦਿਨ ਰਿਕਾਰਡ ਟੁੱਟਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਰਿਕਾਰਡ 24850 ਕੇਸ ਸਾਹਮਣੇ ਆਉਣ ਨਾਲ ਕੇਸਾਂ ਦੀ ਗਿਣਤੀ 673165 ਹੋ ਗਈ ਅਤੇ 613 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 19268 ਤੱਕ ਪੁੱਜ ਗਈ। ਲਗਾਤਾਰ ਤਿੰਨ ਦਿਨਾਂ ਤੋਂ 20 ਹਜ਼ਾਰ ਤੋਂ ਵੱਧ ਕੇਸ ਨਿਕਲਣ ਨਾਲ ਲੱਗਦਾ ਹੈ ਕਿ ਭਾਰਤ ਰੂਸ ਨੂੰ ਪਿੱਛੇ ਛੱਡ ਜਾਵੇਗਾ। ਜਾਹਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਭਾਰਤ ਰੂਸ ਤੋਂ 399 ਕੇਸ ਹੀ ਪਿੱਛੇ ਹੈ। ਇਸ ਵੇਲੇ ਭਾਰਤ ਦਾ ਅਮਰੀਕਾ, ਬ੍ਰਾਜ਼ੀਲ ਤੇ ਰੂਸ ਤੋਂ ਬਾਅਦ ਨੰਬਰ ਹੈ, ਪਰ ਮੌਤਾਂ ਦੀ ਗਿਣਤੀ ਦੇ ਹਿਸਾਬ ਨਾਲ ਅੱਠਵਾਂ ਨੰਬਰ ਹੈ। ਅਮਰੀਕਾ ਵਿਚ 28 ਲੱਖ ਤੋਂ ਵੱਧ ਤੇ ਬ੍ਰਾਜ਼ੀਲ ਵਿਚ 15 ਲੱਖ ਤੋਂ ਵੱਧ ਕੇਸ ਹਨ।
ਬਰਥਡੇ ਪਾਰਟੀ ਨੇ ਕਈਆਂ ਨੂੰ ਲਾਈ ਕੰਬਣੀ
ਹੈਦਰਾਬਾਦ : ਦੋ ਨਾਮੀ ਜਿਊਲਰਾਂ ਦੀ ਕੋਰੋਨਾ ਨਾਲ ਮੌਤ ਤੋਂ ਬਾਅਦ ਸ਼ਾਹੀ ਬਰਥਡੇ ਪਾਰਟੀ ਵਿਚ ਸ਼ਿਰਕਤ ਕਰਨ ਵਾਲੇ ਕਰੀਬ 150 ਲੋਕਾਂ ਨੂੰ ਕੰਬਣੀਆਂ ਛਿੜ ਗਈਆਂ ਹਨ। ਦੋ ਹਫਤੇ ਪਹਿਲਾਂ ਹਿਮਾਇਤ ਨਗਰ ਦੇ ਜਿਊਲਰ ਦੀ ਪਾਰਟੀ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਸਣੇ ਘੱਟੋ-ਘੱਟ 150 ਲੋਕ ਸ਼ਾਮਲ ਹੋਏ ਸਨ। ਇਕ ਗੈੱਸਟ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਤੇ 63 ਸਾਲਾ ਮੇਜ਼ਬਾਨ ਦੀ ਵੀ ਸ਼ੁੱਕਰਵਾਰ ਮੌਤ ਹੋ ਗਈ।
ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹੁਕਮਰਾਨ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਇਕ ਸੀਨੀਅਰ ਸਿਆਸਤਦਾਨ ਤੇ 11 ਹੋਰ ਵੀ ਪਾਜ਼ੀਟਿਵ ਨਿਕਲੇ ਹਨ ਤੇ ਉਹ ਹਸਪਤਾਲਾਂ ਵਿਚ ਇਲਾਜ ਕਰਾ ਰਹੇ ਹਨ। ਪਾਰਟੀ ਵਿਚ ਵੱਡੇ ਲੋਕ ਸ਼ਾਮਲ ਹੋਣ ਕਾਰਨ ਇਸ ਦੀ ਖਬਰ ਲੇਟ ਮਿਲੀ।

372 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper