Latest News
ਇਤਿਹਾਸ ਬਦਲਣ ਦੀ ਸਾਜ਼ਿਸ਼

Published on 08 Jul, 2020 10:33 AM.


ਹਰ ਕੋਈ ਜਾਣਦਾ ਹੈ ਕਿ ਅਜ਼ਾਦੀ ਦੀ ਜੰਗ ਦੌਰਾਨ ਰਾਸ਼ਟਰੀ ਸੋਇਮ ਸੇਵਕ ਸੰਘ ਬਰਤਾਨਵੀ ਹਾਕਮਾਂ ਦਾ ਹੱਥਠੋਕਾ ਬਣ ਕੇ ਵਿਚਰਦਾ ਰਿਹਾ ਸੀ। ਇਸੇ ਕਾਰਨ ਉਸ ਕੋਲ ਨਾ ਕੋਈ ਅਜ਼ਾਦੀ ਦੀ ਲੜਾਈ ਦਾ ਯੋਧਾ ਹੈ ਤੇ ਨਾ ਹੀ ਕੋਈ ਇਤਿਹਾਸ। ਜੇਕਰ ਉਹ ਸਾਵਰਕਰ ਨੂੰ ਵੀਰ ਸਾਵਰਕਰ ਕਹਿ ਕੇ ਅਜ਼ਾਦੀ ਦੇ ਸੂਰਮੇ ਵਜੋਂ ਪੇਸ਼ ਕਰਦੇ ਹਨ ਤਾਂ ਉਸ ਵੱਲੋਂ ਮੁਆਫ਼ੀ ਲਈ ਅੰਗਰੇਜ਼ ਹਾਕਮਾਂ ਨੂੰ ਲਿਖੀਆਂ ਚਿੱਠੀਆਂ ਅੜਿੱਕਾ ਬਣ ਜਾਂਦੀਆਂ ਹਨ। ਅਸਲ ਵਿੱਚ ਜਿਸ ਸੰਸਥਾ ਕੋਲ ਆਪਣਾ ਇਤਿਹਾਸ ਨਹੀਂ ਹੁੰਦਾ, ਉਹ ਇਤਿਹਾਸ ਨੂੰ ਨਵੇਂ ਸਿਰਿਓਂ ਘੜਨ ਦੀ ਜੁਗਤ ਲਗਾਉਂਦੀ ਰਹਿੰਦੀ ਹੈ। ਇਸੇ ਲਈ ਸਮੇਂ-ਸਮੇਂ ਉੱਤੇ ਆਰ ਐੱਸ ਐੱਸ ਨਾਲ ਜੁੜੇ ਪ੍ਰਚਾਰਕ ਨਵ-ਇਤਿਹਾਸਕਾਰਾਂ ਵਜੋਂ ਸਾਹਮਣੇ ਆ ਕੇ ਕੋਈ ਨਵੀਂ ਘਾੜਤ ਪੇਸ਼ ਕਰ ਦਿੰਦੇ ਹਨ। ਸੰਘ ਦੇ ਪ੍ਰਚਾਰਕ ਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਹਰਿਆਣਾ ਦੇ ਜਥੇਬੰਦਕ ਸਕੱਤਰ ਨਰਿੰਦਰ ਸਹਿਗਲ ਵੱਲੋਂ ਲਿਖੀ ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼ਹੀਦ ਰਾਜਗੁਰੂ ਸੰਘ ਦੇ ਸੋਇਮ ਸੇਵਕ ਸਨ। ਸਹਿਗਲ ਦੀ ਕਿਤਾਬ, ''ਭਾਰਤਵਰਸ਼ ਕੀ ਸਰਵਾਂਗ ਸੁਤੰਤਰਤਾ'' ਦੇ ਸਫਾ ਨੰ: 147 ਉੱਤੇ ਲਿਖਿਆ ਹੈ ਕਿ ਲਾਲਾ ਲਾਜਪਤ ਰਾਏ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਭਗਤ ਸਿੰਘ ਤੇ ਰਾਜਗੁਰੂ ਨੇ ਬ੍ਰਿਟਿਸ਼ ਅਫ਼ਸਰ ਸਾਂਡਰਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਲਾਹੌਰ ਵਿੱਚ ਸਾਂਡਰਸ ਨੂੰ ਮਾਰਨ ਤੋਂ ਬਾਅਦ ਰਾਜਗੁਰੂ ਅਤੇ ਭਗਤ ਸਿੰਘ ਉੱਥੋਂ ਨਿਕਲ ਗਏ। ਲਾਹੌਰ ਤੋਂ ਨਿਕਲ ਕੇ ਰਾਜਗੁਰੂ ਨਾਗਪੁਰ ਪਹੁੰਚੇ, ਜਿੱਥੇ ਉਹ ਹੈਡਗੇਵਾਰ ਨੂੰ ਮਿਲੇ। ਰਾਜਗੁਰੂ ਸੋਇਮ ਸੇਵਕ ਸਨ ਤੇ ਹੈਡਗੇਵਾਰ ਨੇ ਹੀ ਉਨ੍ਹਾ ਦੇ ਰਹਿਣ ਤੇ ਖਾਣੇ ਦਾ ਇੰਤਜ਼ਾਮ ਭਈਆ ਜੀ ਦਾਣੀ ਦੇ ਫਾਰਮ ਹਾਊਸ ਵਿੱਚ ਕੀਤਾ ਸੀ। ਸਹਿਗਲ ਦੀ ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਜਗੁਰੂ ਸੰਘ ਦੀ ਮੋਹਿਤ ਬੋਡੇ ਸ਼ਾਖਾ ਦੇ ਸੋਇਮ ਸੇਵਕ ਸਨ। ਸਹਿਗਲ ਅਨੁਸਾਰ ਨਾਗਪੁਰ ਦੇ ਭੌਂਸਲੇ ਵੇਦਸ਼ਾਲਾ ਦੇ ਵਿਦਿਆਰਥੀ ਹੁੰਦਿਆਂ ਰਾਜਗੁਰੂ ਸੰਘ ਸੰਸਥਾਪਕ ਹੈਡਗੇਵਾਰ ਦੇ ਬਹੁਤ ਹੀ ਕਰੀਬੀ ਸਨ। ਇਸ ਕਿਤਾਬ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਵੀ ਸੰਘ ਤੋਂ ਪ੍ਰਭਾਵਤ ਸਨ।
ਖਾਸ ਗੱਲ ਇਹ ਹੈ ਕਿ ਇਸ ਕਿਤਾਬ ਦੀ ਭੂਮਿਕਾ ਸੰਘ ਪ੍ਰਮੁੱਖ ਮੋਹਨ ਭਾਗਵਤ ਨੇ ਲਿਖੀ ਹੈ। ਉਨ੍ਹਾ ਵੱਲੋਂ ਲਿਖੀ ਭੂਮਿਕਾ ਵਿੱਚ ਹੀ ਉਹ ਕਿਤਾਬ ਲਿਖਣ ਦੇ ਮਕਸਦ ਬਾਰੇ ਦੱਸ ਦਿੰਦੇ ਹਨ। ਉਨ੍ਹਾ ਲਿਖਿਆ ਹੈ ਕਿ ਪਿਛਲੇ 92 ਸਾਲਾਂ ਵਿੱਚ ਸੰਘ ਦੇ ਸੋਇਮ ਸੇਵਕਾਂ ਨੇ ਲੋਕ ਪ੍ਰਸਿੱਧੀ ਤੋਂ ਦੂਰ ਰਹਿ ਕੇ ਭਾਰਤ ਦੀ ਅਜ਼ਾਦੀ ਤੇ ਇਸ ਦੀ ਉੱਨਤੀ ਲਈ ਮਹੱਤਵਪੂਰਨ ਹਿੱਸਾ ਪਾਇਆ ਹੈ। ਭਾਗਵਤ ਨੇ ਲਿਖਿਆ ਹੈ ਕਿ ਇਹ ਕਿਤਾਬ ਸੁਤੰਤਰਤਾ ਸੰਗਰਾਮ ਵਿੱਚ ਸੰਘ ਦੀ ਭੂਮਿਕਾ ਉੱਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦੇਵੇਗੀ। ਉਨ੍ਹਾ ਲਿਖਿਆ ਹੈ ਕਿ ਸੰਘ ਦੇ ਸੰਸਥਾਪਕ ਹੈਡਗੇਵਾਰ ਦਾ ਜੀਵਨ ਭਾਰਤ ਦੀ ਅਜ਼ਾਦੀ, ਏਕਤਾ ਤੇ ਅਖੰਡਤਾ ਨੂੰ ਸਮੱਰਪਤ ਰਿਹਾ ਹੈ। ਹਰ ਕੋਈ ਜਾਣਦਾ ਹੈ ਕਿ ਆਰ ਐੱਸ ਐੱਸ ਉੱਤੇ ਲੰਮੇ ਸਮੇਂ ਤੋਂ ਇਹ ਦੋਸ਼ ਲੱਗਦੇ ਰਹੇ ਹਨ ਕਿ ਉਸ ਦੀ ਸੁਤੰਤਰਤਾ ਅੰਦੋਲਨ ਵਿੱਚ ਕੋਈ ਭੂਮਿਕਾ ਨਹੀਂ ਰਹੀ।
ਇਸ ਕਿਤਾਬ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਸ਼ਹੀਦ ਰਾਜਗੁਰੂ ਦੇ ਭਰਾ ਦੇ ਪੋਤਿਆਂ ਸਤਿਆਸ਼ੀਲ ਤੇ ਹਰਸ਼ਵਰਧਨ ਨੇ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਰਾਜਗੁਰੂ ਆਰ ਐੱਸ ਐੱਸ ਦੇ ਸੋਇਮ ਸੇਵਕ ਸਨ ਅਤੇ ਨਾ ਹੀ ਸਾਡੇ ਦਾਦੇ ਵੱਲੋਂ ਰਾਜਗੁਰੂ ਬਾਰੇ ਅਜਿਹਾ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਰਾਜਗੁਰੂ ਸਮੁੱਚੇ ਦੇਸ਼ ਦੇ ਸ਼ਹੀਦ ਸਨ, ਉਨ੍ਹਾ ਦਾ ਨਾਂਅ ਕਿਸੇ ਵਿਸ਼ੇਸ਼ ਸੰਸਥਾ ਨਾਲ ਜੋੜਨਾ ਗਲਤ ਹੈ।
ਅਸਲ ਵਿੱਚ ਆਰ ਐੱਸ ਐੱਸ ਦਾ ਜਨਮ ਹੀ ਅੰਗਰੇਜ਼ਾਂ ਦੀ 'ਪਾੜੋ ਤੇ ਰਾਜ ਕਰੋ' ਦੀ ਨੀਤੀ ਅਨੁਸਾਰ ਹਿੰਦੂ-ਮੁਸਲਿਮ ਵੈਰ ਵਧਾਉਣ ਲਈ ਅੰਗਰੇਜ਼ ਹਾਕਮਾਂ ਦੀ ਹਮਾਇਤ ਨਾਲ ਹੋਇਆ ਸੀ। ਲੰਮੇ ਸਮੇਂ ਤੱਕ ਸੰਘ ਨੇ ਕਦੇ ਇਹ ਦਾਅਵਾ ਨਹੀਂ ਕੀਤਾ ਕਿ ਉਹ ਅੰਗਰੇਜ਼ ਵਿਰੋਧੀ ਸਨ। ਉਹ ਤਾਂ ਹਮੇਸ਼ਾ ਹਿੰਦੂ ਮਿਥਿਹਾਸਕ ਕਿਰਦਾਰਾਂ ਤੇ ਰਜਵਾੜਿਆਂ ਵਿੱਚੋਂ ਹੀ ਆਪਣੇ ਨਾਇਕ ਚੁਣਦੇ ਰਹੇ ਸਨ। ਹੁਣ ਜਦੋਂ ਉਨ੍ਹਾਂ ਹੱਥ ਦੇਸ਼ ਦੀ ਹਕੂਮਤ ਆ ਗਈ ਹੈ ਤਾਂ ਉਹ ਵਰਤਮਾਨ ਵਿੱਚੋਂ ਇਤਿਹਾਸ ਲੱਭਣ ਤੁਰ ਪਏ ਹਨ, ਪਰ ਸੰਘੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਤਿਗੜਮ ਲੜਾ ਕੇ ਕੁਰਸੀ ਤਾਂ ਹਾਸਲ ਕੀਤੀ ਜਾ ਸਕਦੀ ਹੈ, ਪਰ ਇਤਿਹਾਸ ਤਿਗੜਮਬਾਜ਼ੀ ਨਾਲ ਨਹੀਂ ਮਿਲਦਾ। ਇਤਿਹਾਸ ਤਾਂ ਬਣਾਉਣਾ ਪੈਂਦਾ ਹੈ। ਇਤਿਹਾਸ ਤਾਂ ਇੱਕ ਸ਼ੀਸ਼ਾ ਹੁੰਦਾ ਹੈ, ਜਿਸ ਵਿੱਚ ਜਦੋਂ ਤੁਸੀਂ ਦੇਖਦੇ ਹੋ ਤਾਂ ਤੁਹਾਡੀ ਉਹੋ ਜਿਹੀ ਸ਼ਕਲ ਦਿਸੇਗੀ, ਜਿਹੋ ਜਿਹੀ ਅਸਲ ਵਿੱਚ ਹੈ। ਸੱਤਾ ਹੱਥ ਆਈ ਹੈ, ਇਸ ਲਈ ਇਸ ਨੂੰ ਇਤਿਹਾਸ ਬਣਾਉਣ ਲਈ ਵਰਤਣਾ ਸ਼ੁਰੂ ਹੋ ਗਿਆ ਹੈ। ਪਿਛਲੇ ਛੇ ਸਾਲਾਂ ਵਿੱਚ ਇਹੋ ਤਾਂ ਹੋ ਰਿਹਾ ਹੈ, ਦੂਜਿਆਂ ਦੇ ਨਾਅਰੇ ਚੁਰਾਓ, ਸਾਂਸਦ ਤੇ ਵਿਧਾਇਕ ਖਰੀਦੋ, ਸੁਤੰਤਰਤਾ ਸੰਗਰਾਮੀਆਂ ਦੀਆਂ ਸ਼ਹੀਦੀਆਂ ਦੁਆਲੇ ਭਗਵੀਂ ਚਾਦਰ ਲਪੇਟ ਦਿਓ ਅਤੇ ਸਭ ਤੋਂ ਉਪਰ ਇੱਕ ਵਿਅਕਤੀ ਨੂੰ ਦੇਵਤਿਆਂ ਦਾ ਦੇਵਤਾ ਬਣਾ ਦਿਓ। ਇਹੋ ਤਾਂ ਤਿੰਨ-ਚਾਰ ਤੀਰ ਹਨ ਸੰਘ ਦੇ ਤਰਕਸ਼ ਵਿੱਚ। ਇਨ੍ਹਾਂ ਤਿਗੜਮਬਾਜ਼ੀਆਂ ਨਾਲ ਇਤਿਹਾਸ ਬਣਨੋਂ ਰਿਹਾ।
-ਚੰਦ ਫਤਿਹਪੁਰੀ

704 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper