Latest News
ਜਗਰਾਓਂ ਦੀ ਏ ਡੀ ਸੀ, ਫਗਵਾੜਾ ਦੇ ਐੱਸ ਡੀ ਐੱਮ ਤੇ ਸੰਗਰੂਰ ਦੇ ਸਿਵਲ ਸਰਜਨ ਨੂੰ ਕੋਰੋਨਾ

Published on 08 Jul, 2020 10:35 AM.


ਜਗਰਾਓਂ (ਸੰਜੀਵ ਅਰੋੜਾ)-ਬੁੱਧਵਾਰ ਕੋਰੋਨਾ ਪੰਜਾਬ ਦੇ ਅਫਸਰਾਂ 'ਤੇ ਭਾਰੂ ਰਿਹਾ। ਜਗਰਾਓਂ ਦੀ ਏ ਡੀ ਸੀ ਨੀਰੂ ਕਤਿਆਲ ਸ਼ਰਮਾ ਦੀ ਰਿਪੋਰਟ ਪਾਜ਼ੀਟਿਵ ਨਿਕਲੀ। ਇਸ ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਏ ਡੀ ਸੀ (ਜਨਰਲ) ਅਮਰਜੀਤ ਸਿੰਘ ਬੈਂਸ ਤੇ ਖੰਨਾ ਦੇ ਐੱਸ ਡੀ ਐੱਮ ਸੰਦੀਪ ਮੰਗਲਵਾਰ ਪਾਜ਼ੀਟਿਵ ਪਾਏ ਗਏ। ਉਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਆਏ ਕਰੀਬ 15 ਅਫਸਰਾਂ ਨੂੰ ਇਕਾਂਤਵਾਸ ਵਿਚ ਜਾਣਾ ਪਿਆ। ਲੁਧਿਆਣਾ ਦੇ ਏ ਸੀ ਪੀ ਨਾਰਥ ਦੀ ਤਾਂ ਕੋਰੋਨਾ ਨਾਲ ਮੌਤ ਵੀ ਹੋ ਚੁੱਕੀ ਹੈ। ਨੀਰੂ ਕਤਿਆਲ ਦੇ ਘਰਦਿਆਂ ਨੂੰ ਵੀ ਇਕਾਂਤਵਾਸ ਵਿਚ ਚਲੇ ਜਾਣ ਨੂੰ ਕਹਿ ਦਿੱਤਾ ਗਿਆ ਹੈ। ਸੰਗਰੂਰ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਸਾਹ ਲੈਣ ਵਿਚ ਤਕਲੀਫ ਕਾਰਨ ਮੰਗਲਵਾਰ ਉਨ੍ਹਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਦਾਖਲ ਕੀਤਾ ਗਿਆ ਸੀ। ਡਾ. ਮਲਹੋਤਰਾ ਪਰਵਾਰ ਨਾਲ ਬਰਨਾਲਾ ਰਹਿੰਦੇ ਸਨ, ਇਸ ਕਰਕੇ ਬਰਨਾਲਾ ਤੇ ਸੰਗਰੂਰ ਦੇ ਸਿਹਤ ਅਧਿਕਾਰੀਆਂ ਨੇ ਸੰਗਰੂਰ ਤੇ ਬਰਨਾਲਾ ਵਿਚ ਉਨ੍ਹਾ ਦੇ ਸੰਪਰਕ ਵਿਚ ਆਉਣ ਵਾਲਿਆਂ ਦਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ ਹੈ।
ਫਿਰੋਜ਼ਪੁਰ (ਸਤਬੀਰ ਬਰਾੜ)-ਫਿਰੋਜ਼ਪੁਰ ਜ਼ਿਲ੍ਹੇ 'ਚ ਬੁੱਧਵਾਰ 10 ਨਵੇਂ ਕੇਸ ਕੋਰੋਨਾ ਦੇ ਸਾਹਮਣੇ ਆਏ। ਹੁਣ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 130 ਹੋ ਗਈ ਹੈ। ਕੁੱਲ ਐਕਟਿਵ ਕੇਸ 51 ਹਨ, ਜਦੋਂਕਿ 3 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਰਾਹਤ ਦੀ ਗੱਲ ਇਹ ਹੈ ਕਿ 76 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਨਵੇਂ ਪਾਜ਼ੀਟਿਵ ਕੇਸਾਂ 'ਚ 4 ਮਰੀਜ਼ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏ ਤੋਂ, 3 ਫਿਰੋਜ਼ਪੁਰ ਛਾਉਣੀ ਦੇ, 2 ਤਲਵੰਡੀ ਭਾਈ ਦੇ ਅਤੇ 1 ਅਫਸਰ ਕਾਲੋਨੀ ਫਿਰੋਜ਼ਪੁਰ ਸ਼ਹਿਰ ਨਾਲ ਸੰਬੰਧਤ ਹੈ।
ਲੁਧਿਆਣਾ (ਉੱਤਮ ਕੁਮਾਰ ਰਾਠੌਰ)-ਲੁਧਿਆਣਾ 'ਚ ਕੋਰੋਨਾ ਵਾਇਰਸ ਦੇ 53 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਪੰਜ ਮਾਮਲੇ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸੰਬੰਧਤ ਹਨ। ਦੂਜੇ ਪਾਸੇ ਲੁਧਿਆਣਾ 'ਚ ਇੱਕ ਹੋਰ 54 ਸਾਲਾ ਮਰੀਜ਼ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਰਮੇਸ਼ ਭਗਤ ਨੇ ਦੱਸਿਆ ਹੈ ਕਿ ਮ੍ਰਿਤਕ ਮਰੀਜ਼ ਨੂੰ ਮੰਗਲਵਾਰ ਮੋਹਨਦੇਈ ਓਸਵਾਲ ਕੈਂਸਰ ਹਸਪਤਾਲ ਲੁਧਿਆਣਾ 'ਚ ਦਾਖਲ ਕਰਵਾਇਆ ਗਿਆ ਸੀ। ਮ੍ਰਿਤਕ ਮਰੀਜ਼ ਲੁਧਿਆਣਾ ਸ਼ਹਿਰ ਦੀ ਬੁੱਕਲ 'ਚ ਵਸੇ ਪਿੰਡ ਲੁਹਾਰਾ ਦਾ ਰਹਿਣ ਵਾਲਾ ਸੀ।
ਜਲੰਧਰ ( ਸ਼ੈਲੀ ਐਲਬਰਟ/ ਇਕਬਾਲ ਸਿੰਘ ਉੱਭੀ)
ਜਲੰਧਰ ਜ਼ਿਲ੍ਹੇ ਵਿਚ ਬੁੱਧਵਾਰ ਕੋਰੋਨਾ ਦੇ 71 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 1000 ਤੋਂ ਪਾਰ ਹੋ ਗਿਆ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸਾਹਮਣੇ ਆਏ ਨਵੇਂ ਮਾਮਲਿਆਂ ਵਿਚ ਇਕ ਨਿੱਜੀ ਹਸਪਤਾਲ ਦਾ ਡਾਕਟਰ ਵੀ ਸ਼ਾਮਲ ਹੈ। ਇਨ੍ਹਾਂ ਵਿਚੋਂ 20 ਮਾਮਲੇ ਭੋਗਪੁਰ ਦੇ ਦਸ਼ਮੇਸ਼ ਨਗਰ ਤੇ ਅਰੋੜਾ ਮੁਹੱਲਾ ਤੋਂ ਸਾਹਮਣੇ ਆਏ ਹਨ, ਉਥੇ ਹੀ ਕੁਝ ਫੌਜ ਦੇ ਜਵਾਨਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ।। ਪਿੰਡ ਸਮਰਾਏ ਤੋਂ 10 ਪੀੜਤ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਅਲੀ ਮਹੁੱਲਾ, ਭਾਰਗੋ ਕੈਂਪ, ਕਾਜ਼ੀ ਮੁਹੱਲਾ, ਦਾਦਾ ਕਲੋਨੀ , ਸ਼ਿੰਗਾਰਾ ਸਿੰਘ ਹਸਪਤਾਲ 'ਚੋਂ ਇੱਕ ਇੱਕ ਮਰੀਜ਼ ਮਿਲਿਆ ਹੈ।
ਫਗਵਾੜਾ (ਜਸਵਿੰਦਰ ਢੱਡਾ)ਫਗਵਾੜਾ ਦੇ ਐੱਸ ਡੀ ਐੱਮ ਪਵਿੱਤਰ ਸਿੰਘ ਦੀ ਰੈਪਿੰਗ ਟੈਸਟ ਵਿੱਚ ਕੋਰੋਨਾ ਪਾਜ਼ੀਟਿਵ ਆਉਣ ਦੇ ਲੱਛਣ ਪਾਏ ਜਾਣ ਦਾ ਸਮਾਚਾਰ ਮਿਲਿਆ ਹੈ। ਆਰ ਟੀ ਪੀ ਸੀ ਆਰ ਦੀ ਰਿਪੋਰਟ ਅਜੇ ਆਉਣੀ ਹੈ। ਇਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਐੱਸ ਡੀ ਐੱਮ ਪਵਿੱਤਰ ਸਿੰਘ ਕੋਰੋਨਾ ਪਾਜ਼ੀਟਵ ਹੈ ਜਾਂ ਨੈਗੇਟਿਵ ਹੈ, ਪਰ ਉਹਨਾ ਆਪਣੇ ਆਪ ਨੂੰ ਆਈਸੋਲੇਸ਼ਨ ਕਰ ਲਿਆ ਹੈ।

94 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper