Latest News
ਮੋਦੀ ਸਰਕਾਰ ਖਿਲਾਫ ਪੰਜਾਬ 'ਚ ਤਕੜਾ ਉਭਾਰ

Published on 08 Jul, 2020 10:42 AM.ਜਲੰਧਰ ; ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਸੱਦੇ 'ਤੇ ਕੇਂਦਰ ਦੀ ਮੋਦੀ ਸਰਕਾਰ ਦੇ ਫਿਰਕੂ ਫਾਸ਼ੀ ਏਜੰਡੇ, ਵਿਰੋਧ ਦੀਆਂ ਸੁਰਾਂ ਨੂੰ ਜਬਰ ਨਾਲ ਦਬਾਉਣ ਦੀ ਤਾਨਾਸ਼ਾਹੀ ਪਹੁੰਚ ਅਤੇ ਲੋਕ ਮਾਰੂ-ਦੇਸ਼-ਵਿਰੋਧੀ ਨਵਉਦਾਰਵਾਦੀ ਨੀਤੀਆਂ ਖਿਲਾਫ਼ ਸੂਬੇ ਦੇ ਸਮੂਹ ਜ਼ਿਲ੍ਹਾ ਸਦਰ ਮੁਕਾਮਾਂ 'ਤੇ ਬੁੱਧਵਾਰ ਧਰਨਾ-ਪ੍ਰਦਰਸ਼ਨ ਕੀਤੇ ਗਏ। ਉਕਤ ਰੋਸ ਐਕਸ਼ਨਾਂ ਦਰਮਿਆਨ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਲੋਕ-ਦੋਖੀ ਨੀਤੀਆਂ ਖਿਲਾਫ਼ ਵੀ ਡਟਵਾਂ ਸੰਘਰਸ਼ ਕਰਨ ਦਾ ਸੰਕਲਪ ਲਿਆ ਗਿਆ।
ਫਰੰਟ ਵਿੱਚ ਸ਼ਾਮਲ ਪਾਰਟੀਆਂ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ), ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ), ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕਰੇਸੀ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ, ਇਨਕਲਾਬੀ ਕੇਂਦਰ ਪੰਜਾਬ, ਲੋਕ ਸੰਗਰਾਮ ਮੋਰਚਾ, ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ ਯੂਨਾਈਟਿਡ (ਐੱਮ ਸੀ ਪੀ ਆਈ ਯੂ) ਦੇ ਕਾਰਕੁਨਾਂ ਅਤੇ ਆਮ ਲੋਕਾਂ ਵੱਲੋਂ ਉਕਤ ਸਾਂਝੇ ਐਕਸ਼ਨਾਂ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਗਈ। ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਮੰਗ ਪੱਤਰ ਵੀ ਭੇਜੇ ਗਏ।
ਰੋਸ ਰੈਲੀਆਂ ਨੂੰ ਸਰਵਸਾਥੀ ਬੰਤ ਬਰਾੜ, ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਾਏ, ਅਜਮੇਰ ਸਿੰਘ ਸਮਰਾ, ਗੁਰਮੀਤ ਸਿੰਘ ਬਖਤਪੁਰ, ਕੰਵਲਜੀਤ ਖੰਨਾ, ਤਾਰਾ ਸਿੰਘ ਮੋਗਾ, ਕਿਰਨਜੀਤ ਸੇਖੋਂ, ਨਰਿੰਦਰ ਕੁਮਾਰ ਨਿੰਦੀ ਨੇ ਸੰਬੋਧਨ ਕਰਦਿਆਂ ਕੇਂਦਰੀ ਅਤੇ ਸੂਬਾ ਸਰਕਾਰਾਂ ਦੀਆਂ ਲੋਕ-ਦੋਖੀ ਨੀਤੀਆਂ ਅਤੇ ਫਿਰਕੂ-ਫਾਸੀ ਸਾਜ਼ਿਸ਼ਾਂ ਵਿਰੁੱਧ ਤਿੱਖੇ ਸੰਘਰਸ਼ ਛੇੜਣ ਦਾ ਐਲਾਨ ਕੀਤਾ।
ਆਗੂਆਂ ਇਹ ਵੀ ਐਲਾਨ ਕੀਤਾ ਕਿ ਇਸ ਮੋਰਚੇ ਦਾ ਘੇਰਾ ਹੋਰ ਵਿਸ਼ਾਲ ਕਰਦਿਆਂ ਇਸ ਦਾ ਪਸਾਰ ਕਰਨ ਦੇ ਹਰ ਸੰਭਵ ਯਤਨ ਕੀਤੇ ਜਾਣਗੇ।
ਤਰਨ ਤਾਰਨ-ਗਾਂਧੀ ਪਾਰਕ ਤਰਨ ਤਾਰਨ ਵਿਖੇ ਜ਼ਿਲ੍ਹੇ ਭਰ ਦਾ ਇਕੱਠ ਕਰਕੇ ਧਰਨਾ ਮਾਰਨ ਤੋਂ ਬਾਅਦ ਬਾਜ਼ਾਰਾਂ ਵਿੱਚ ਲਾਲ ਸੁਰਖ਼ ਝੰਡਿਆਂ ਨਾਲ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ, ਜਿਸ ਦੀ ਅਗਵਾਈ ਆਰ ਐੱਮ ਪੀ ਆਈ ਦੇ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲ੍ਹਾ, ਸੀ ਪੀ ਆਈ ਦੇ ਸੂਬਾਈ ਕੰਟਰੋਲ ਕਮਿਸ਼ਨ ਮੈਂਬਰ ਤਾਰਾ ਸਿੰਘ ਖਹਿਰਾ, ਪਵਨ ਕੁਮਾਰ ਮਲਹੋਤਰਾ ਅਤੇ ਬਲਦੇਵ ਸਿੰਘ ਪੰਡੋਰੀ ਨੇ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਸਾਬਕਾ ਕੌਮੀ ਕੌਂਸਲ ਮੈਂਬਰ ਹਰਭਜਨ ਸਿੰਘ, ਆਰ ਐੱਮ ਪੀ ਆਈ ਦੇ ਸੂਬਾਈ ਕਾਰਜਕਾਰੀ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਸੀ ਪੀ ਆਈ ਦੇ ਸੂਬਾ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਨਰਭਿੰਦਰ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਮੋਦੀ ਸਰਕਾਰ ਨੇ ਮਜ਼ਦੂਰ ਅਤੇ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਲੋਕਾਂ ਦਾ ਢਿੱਡ ਭਰਨ ਵਾਲੇ ਕਿਰਤੀਆਂ ਦਾ ਘਾਣ ਕੀਤਾ ਹੈ। ਪਹਿਲਾਂ ਫਾਸ਼ੀਵਾਦੀ ਚਿਹਰਾ ਨੰਗਾ ਕਰਦਿਆਂ ਮੋਦੀ-ਸ਼ਾਹ ਨੇ ਜੰਮੂ-ਕਸ਼ਮੀਰ 'ਚੋਂ 370 ਧਾਰਾ ਤੋੜ ਕੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਇਲਾਕਿਆਂ ਵਿੱਚ ਵੰਡ ਕੇ ਜਮਹੂਰੀਅਤ ਦਾ ਕਤਲ ਕੀਤਾ। ਉਦੋਂ ਤੋਂ ਲੈ ਕੇ ਕਸ਼ਮੀਰ ਘਾਟੀ ਨੂੰ ਜੇਲ੍ਹ ਵਿੱਚ ਤਬਦੀਲ ਕੀਤਾ ਹੋਇਆ ਹੈ। ਉਸ ਤੋਂ ਬਾਅਦ ਮੋਦੀ ਸਰਕਾਰ ਨੇ ਫਿਰਕੂ ਜ਼ਹਿਰ ਘੋਲਦੀਆਂ ਐੱਨ ਆਰ ਸੀ, ਐੱਨ ਪੀ ਆਰ ਅਤੇ ਕੌਮੀ ਨਾਗਰਿਕਤਾ ਕਾਨੂੰਨ ਲਿਆ ਕੇ ਲੋਕਾਂ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਕਾਨੂੰਨਾਂ ਵਿਰੁੱਧ ਦੇਸ਼ ਭਰ ਵਿੱਚ ਥਾਂ-ਥਾਂ ਮੁਜ਼ਾਹਰੇ ਹੋਏ ਅਤੇ ਕਈ ਲੋਕ ਹਕੂਮਤ ਦੇ ਜਬਰ ਦਾ ਸ਼ਿਕਾਰ ਹੋਏ। ਦਿੱਲੀ ਵਿੱਚ ਆਰ ਐੱਸ ਐੱਸ ਦੇ ਗੁੰਡਿਆਂ ਨੇ ਮੋਦੀ ਸਰਕਾਰ ਦੀ ਸ਼ਹਿ 'ਤੇ ਇੱਕ ਫਿਰਕੇ ਦੇ ਲੋਕਾਂ ਦੇ ਘਰਬਾਰ ਫੂਕੇ ਤੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਪਰ ਮੋਦੀ ਦੀ ਪੁਲਸ ਨੇ ਬੜੇ ਸਾਜ਼ਿਸ਼ੀ ਢੰਗ ਨਾਲ ਆਰ ਐੱਸ ਐੱਸ ਦੇ ਗੁੰਡਿਆਂ 'ਤੇ ਕੇਸ ਦਰਜ ਕਰਨ ਦੀ ਥਾਂ ਉਲਟਾ ਜਿਨ੍ਹਾਂ ਦਾ ਨੁਕਸਾਨ ਹੋਇਆ, ਉਨ੍ਹਾਂ ਉੱਤੇ ਹੀ ਕੇਸ ਦਰਜ ਕਰ ਦਿੱਤੇ। ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜੇਲ੍ਹਾਂ ਅੰਦਰ ਡੱਕਿਆ ਗਿਆ, ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਜਿਹੜਾ ਵੀ ਕੋਈ ਬੁੱਧੀਜੀਵੀ, ਲੇਖਕ,ਪੱਤਰਕਾਰ ਮੋਦੀ ਸਰਕਾਰ ਦਾ ਫਿਰਕੂ ਏਜੰਡਾ ਜੱਗ-ਜ਼ਾਹਰ ਕਰਦਾ ਹੈ, ਉਸ 'ਤੇ ਦੇਸ਼ ਧ੍ਰੋਹ ਦੇ ਝੂਠੇ ਕੇਸ ਪਾ ਕੇ ਜੇਲ੍ਹਾਂ ਅੰਦਰ ਡੱਕਿਆ ਹੋਇਆ ਹੈ।
ਆਗੂਆਂ ਕਿਹਾ ਕਿ ਕਿਰਤ ਕਾਨੂੰਨਾਂ ਵਿੱਚ ਤਬਦੀਲੀ ਕਰਦਿਆਂ ਕੰਮ ਦਿਹਾੜੀ ਸਮਾਂ ਅੱਠ ਘੰਟੇ ਤੋਂ ਬਾਰਾਂ ਘੰਟੇ ਕਰਕੇ ਕਿਰਤੀਆਂ ਦਾ ਸ਼ੋਸ਼ਣ ਕੀਤਾ ਗਿਆ, ਜਦ ਕਿ ਕੰਮ ਦਿਹਾੜੀ ਸਮਾਂ ਵਧਣ ਨਾਲ ਬੇਰੁਜ਼ਗਾਰੀ ਹੋਰ ਵਧੇਗੀ। ਅੱਜ ਹਾਲਾਤ ਇਹ ਮੰਗ ਕਰਦੇ ਹਨ ਕਿ ਕੰਮ ਦਿਹਾੜੀ ਸਮਾਂ ਘਟਾਇਆ ਜਾਵੇ। ਇਸੇ ਤਰ੍ਹਾਂ ਕਿਸਾਨ ਵਿਰੋਧੀ 2020 ਤਿੰਨ ਆਰਡੀਨੈਂਸ ਲਿਆ ਕੇ ਕਿਸਾਨੀ ਧੰਦੇ ਦਾ ਘਾਣ ਕਰਨ ਦੀ ਮੋਦੀ ਸਰਕਾਰ ਨੇ ਨੀਤੀ ਅਖ਼ਤਿਆਰ ਕੀਤੀ। ਕਿਹਾ ਇਹ ਜਾ ਰਿਹਾ ਹੈ ਕਿ ਕਿਸਾਨ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਫਸਲ ਵੇਚ ਕੇ ਵੱਧ ਕਮਾਈ ਕਰ ਸਕਦਾ ਹੈ, ਪਰ ਪੰਜਾਬ ਦਾ ਛੋਟਾ ਕਿਸਾਨ, ਜੋ 80ਫ਼ੀਸਦੀ ਦੇ ਕਰੀਬ ਹੈ, ਉਹ ਇਸ ਕਾਨੂੰਨ ਨਾਲ ਦਰੜਿਆ ਜਾਵੇਗਾ। ਜਦੋਂ ਸਰਕਾਰੀ ਏਜੰਸੀਆਂ 'ਤੇ ਪਾਬੰਦੀ ਲਾ ਕੇ ਖੁੱਲ੍ਹੀ ਮੰਡੀ ਵਿੱਚ ਕਾਰਪੋਰੇਟ ਘਰਾਣਿਆਂ ਨੇ ਫ਼ਸਲਾਂ ਖਰੀਦਣੀਆਂ ਸ਼ੁਰੂ ਕੀਤੀਆਂ ਤਾਂ ਉਹ ਸਟੋਰ ਕਰਕੇ ਉਹੀ ਫਸਲਾਂ ਬਾਅਦ ਵਿੱਚ ਮਹਿੰਗੇ ਰੇਟਾਂ 'ਤੇ ਵੇਚ ਕੇ ਭਾਰੀ ਮੁਨਾਫੇ ਕਮਾਉਣਗੇ। ਸਰਕਾਰੀ ਏਜੰਸੀਆਂ ਨੂੰ ਇਸ ਕਾਨੂੰਨ ਰਾਹੀਂ ਹੁਕਮ ਹੋ ਗਿਆ ਹੈ ਕਿ ਉਹ ਖਾਣ-ਪੀਣ ਵਾਲੀਆਂ ਵਸਤਾਂ ਜਿਵੇਂ ਕਣਕ, ਚਾਵਲ, ਦਾਲਾਂ ਆਦਿ ਦਾ ਸਟਾਕ ਨਹੀਂ ਕਰਨਗੀਆਂ। ਮੋਦੀ ਸਰਕਾਰ ਦਾ ਕਹਿਣਾ ਹੈ ਕਿ ਮੁਸੀਬਤ ਭਰੇ ਸਮਿਆਂ ਵਿੱਚ ਅਨਾਜ ਪ੍ਰਾਈਵੇਟ ਕੰਪਨੀਆਂ ਕੋਲੋਂ ਖਰੀਦਿਆ ਜਾਵੇਗਾ। ਆਗੂਆਂ ਕਿਹਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਸੈਂਕੜੇ ਕਿਲੋਮੀਟਰ ਪੈਦਲ ਚੱਲ ਕੇ ਆਪਣੇ ਪਿੰਡਾਂ ਨੂੰ ਗਏ ਹਨ, ਉਨ੍ਹਾਂ ਦੇ ਖਾਤਿਆਂ ਵਿੱਚ ਘੱਟੋ-ਘੱਟ ਦਸ-ਦਸ ਹਜ਼ਾਰ ਰੁਪਈਆ ਪਾਇਆ ਜਾਵੇ।
ਪੰਜਾਬ ਦੇ ਮਜ਼ਦੂਰ ਤੇ ਕਿਸਾਨਾਂ ਨੂੰ ਵੀ ਵੱਡੇ ਰਾਹਤ ਪੈਕੇਜ ਦਿੱਤੇ ਜਾਣ. ਆਗੂਆਂ ਕਿਹਾ ਕਿ ਕੇਂਦਰ ਸਰਕਾਰ ਨੇ ਬਿਜਲੀ ਵਿਭਾਗਾਂ ਨੂੰ ਤੋੜਨ ਵਾਸਤੇ ਜਿਹੜਾ ਬਿਜਲੀ ਬਿੱਲ 2020 ਪਾਸ ਕੀਤਾ ਹੈ, ਇਹ ਬੜਾ ਜਨ-ਘਾਤਕ ਹੈ। ਇਸ ਬਿੱਲ ਦੇ ਲਾਗੂ ਹੋਣ ਨਾਲ ਵੱਡੇ ਕਾਰਪੋਰੇਟ ਘਰਾਣੇ ਬਿਜਲੀ ਦੇ ਮਹਿਕਮੇ 'ਤੇ ਕਾਬਜ਼ ਹੋ ਜਾਣਗੇ, ਜਿਸ ਨਾਲ ਬਿਜਲੀ ਦੇ ਬਿੱਲ ਵੀ ਬਹੁਤ ਵਧ ਜਾਣਗੇ ਅਤੇ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਬਸਿਡੀ ਮਿਲਦੀ ਹੈ, ਉਹ ਵੀ ਖਤਮ ਹੋ ਜਾਵੇਗੀ ਅਤੇ ਉਨ੍ਹਾਂ ਦੇ ਬਿੱਲ ਲਾਗੂ ਹੋ ਜਾਣਗੇ। ਕੇਂਦਰ ਦੀ ਮੋਦੀ ਸਰਕਾਰ ਨੇ ਤੇਲ ਦੇ ਵਪਾਰੀਆਂ ਨੂੰ ਦੇਸ਼ ਦੀ ਧਨ-ਦੌਲਤ ਲੁਟਾਉਣ ਵਾਸਤੇ ਤੇਲ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਦਾ ਕਚੂੰਬਰ ਨਿਕਲ ਗਿਆ ਹੈ। ਪੰਜਾਬ ਸਰਕਾਰ ਨੇ ਵੀ ਤੇਲ 'ਤੇ ਵੈਟ ਵਧਾ ਕੇ ਲੋਕਾਂ ਨੂੰ ਖੂਬ ਲੁੱਟਿਆ ਹੈ। ਕੇਂਦਰ ਤੇ ਪੰਜਾਬ ਸਰਕਾਰ ਦਾ ਜਿਹੜਾ ਇਹ ਦਾਅਵਾ ਹੈ ਕਿ ਕਰੋਨਾ ਦੌਰਾਨ ਹਰੇਕ ਗਰੀਬ ਨੂੰ ਰਾਸ਼ਨ ਦਿੱਤਾ ਗਿਆ ਹੈ ਅਤੇ ਅੱਗੋਂ ਵੀ ਮਿਲੇਗਾ, ਇਹ ਤੱਥਾਂ 'ਤੇ ਆਧਾਰਤ ਨਹੀਂ। ਤਰਨ ਤਾਰਨ ਜ਼ਿਲ੍ਹੇ ਵਿੱਚ ਪਿੰਡਾਂ ਦੇ ਗਰੀਬ ਲੋਕ ਜਿਨ੍ਹਾਂ ਦੇ ਰਾਸ਼ਨ ਕਾਰਡ ਜਾਂ ਪੀਲੇ ਕਾਰਡ ਕੱਟੇ ਗਏ ਹਨ, ਉਨ੍ਹਾਂ ਨੂੰ ਬਿਲਕੁੱਲ ਹੀ ਕੋਈ ਰਾਸ਼ਨ ਨਹੀਂ ਮਿਲਿਆ, ਜਿਹੜਾ ਰਾਸ਼ਨ ਦਿੱਤਾ ਵੀ ਗਿਆ ਹੈ, ਉਹ ਵੀ ਸਰਕਾਰ ਦੇ ਹਮਾਇਤੀਆਂ ਨੇ ਆਪਣੇ ਸੰਗੀ-ਸਾਥੀਆਂ ਨੂੰ ਹੀ ਦਿੱਤਾ ਹੈ। ਜਿਨ੍ਹਾਂ ਨੂੰ ਰਾਸ਼ਨ ਨਹੀਂ ਮਿਲਿਆ, ਉਹ ਲੋਕ ਪਿੰਡਾਂ ਵਿੱਚ ਮੁਜ਼ਾਹਰੇ ਕਰ ਰਹੇ ਹਨ। ਇਸ ਪ੍ਰਸਥਿਤੀ ਵਿੱਚ ਸਰਕਾਰ ਹਰੇਕ ਗਰੀਬ ਨੂੰ ਘਰ ਪਰਤੀ ਰਾਸ਼ਨ ਦੇਵੇ। ਮੋਦੀ ਤੇ ਕੈਪਟਨ ਸਰਕਾਰ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਦੇਣ ਵਾਸਤੇ ਹਰੇਕ ਨਰੇਗਾ ਕਾਮੇ ਨੂੰ ਕੰਮ ਦੇਵੇ। ਇਸ ਤੋਂ ਇਲਾਵਾ ਜਿਹੜੇ ਪੜ੍ਹੇ-ਲਿਖੇ ਨੌਜਵਾਨ ਹਨ, ਉਨ੍ਹਾਂ ਦੀ ਯੋਗਤਾ ਮੁਤਾਬਕ ਉਨ੍ਹਾਂ ਨੂੰ ਕੰਮ ਮਿਲਣਾ ਚਾਹੀਦਾ ਹੈ। ਹਾਲਾਤ ਇਹ ਹਨ ਕਿ ਤਰਨ ਤਾਰਨ ਜ਼ਿਲ੍ਹੇ ਵਿੱਚ ਨਰੇਗਾ ਕੰਮ ਮੌਜੂਦਾ ਸਰਕਾਰ ਦੇ ਹਮੈਤੀ ਤੇ ਪਿੰਡਾਂ ਦੇ ਮੋਹਤਬਰ ਕੰਮ ਚੱਲਣ ਹੀ ਨਹੀਂ ਦਿੰਦੇ, ਜੇ ਕਿਸੇ ਨੂੰ ਕੰਮ ਮਿਲਦਾ ਹੈ ਤਾਂ ਜ਼ਬਰਦਸਤੀ ਕੰਮ ਤੋਂ ਹਟਾ ਦਿੰਦੇ ਹਨ। ਇਹ ਗੱਲ ਬਿਲਕੁੱਲ ਜੱਗ-ਜ਼ਾਹਰ ਹੈ ਕਿ ਪਿੰਡਾਂ ਦੇ ਮੋਹਤਬਰ ਆਪਣੇ ਘਰਾਂ ਤੇ ਖੇਤਾਂ ਵਿੱਚ ਨਰੇਗਾ ਕਾਮਿਆਂ ਤੋਂ ਕੰਮ ਕਰਾ ਕੇ ਗ਼ਲਤ ਢੰਗ ਨਾਲ ਸਰਕਾਰ ਕੋਲੋਂ ਪੈਸਾ ਹੜੱਪ ਰਹੇ ਹਨ।
ਰੋਸ ਮੁਜ਼ਾਹਰੇ ਨੂੰ ਦੇਵਿੰਦਰ ਸੋਹਲ, ਸੁਖਦੇਵ ਸਿੰਘ ਗੋਹਲਵੜ, ਗੁਰਦਿਆਲ ਸਿੰਘ ਖਡੂਰ ਸਾਹਿਬ, ਚਮਨ ਲਾਲ ਦਰਾਜਕੇ, ਜਗੀਰੀ ਰਾਮ ਪੱਟੀ , ਦਲਜੀਤ ਸਿੰਘ ਦਿਆਲਪੁਰਾ, ਕਿਰਨਬੀਰ ਕੌਰ ਵਲਟੋਹਾ, ਸੁਲੱਖਣ ਸਿੰਘ ਤੁੜ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਬਲਦੇਵ ਸਿੰਘ ਭੈਲ, ਚਰਨ ਸਿੰਘ ਤਰਨ ਤਾਰਨ, ਨਿਰਪਾਲ ਸਿੰਘ ਜੀਊਣੇਕੇ, ਰੁਪਿੰਦਰ ਕੌਰ ਮਾੜੀਮੇਘਾ, ਦੇਵੀ ਕੁਮਾਰੀ, ਕਰਮ ਸਿੰਘ ਫਤਿਹਾਬਾਦ, ਸੀਮਾ ਸੋਹਲ, ਧਰਮ ਸਿੰਘ ਪੱਟੀ, ਜਸਬੀਰ ਸਿੰਘ ਜੀਊਣੇਕੇ, ਸਟਾਲਿਨਜੀਤ ਸਿੰਘ ਐਡਵੋਕੇਟ, ਮਨਜੀਤ ਸਿੰਘ ਬੱਗੋ, ਜਸਬੀਰ ਸਿੰਘ ਵੈਰੋਵਾਲ, ਬਲਵਿੰਦਰ ਸਿੰਘ ਬਿੱਲਾ, ਬਲਦੇਵ ਸਿੰਘ, ਕੁਲਵੰਤ ਸਿੰਘ ਗੋਹਲਵੜੀਆ ਅਤੇ ਜਸਵੰਤ ਸਿੰਘ ਸੂਰਵਿੰਡ ਨੇ ਵੀ ਸੰਬੋਧਨ ਕੀਤਾ।
ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ ) ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਿੱਚ ਸ਼ਾਮਲ ਕਮਿਊਨਿਸਟ ਪਾਰਟੀਆਂ ਦੇ ਸੱਦੇ ਉੱਪਰ ਕੰਪਨੀ ਬਾਗ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਦੀ ਪ੍ਰਧਾਨਗੀ ਕਾ. ਰਤਨ ਸਿੰਘ ਰੰਧਾਵਾ, ਕਾ. ਲਖਬੀਰ ਸਿੰਘ ਨਿਜ਼ਾਮਪੁਰਾ, ਅਵਤਾਰ ਸਿੰਘ ਜੱਸੜ ਆਦਿ ਨੇ ਕੀਤੀ। ਫਰੰਟ ਵਿੱਚ ਸ਼ਾਮਿਲ ਪਾਰਟੀਆਂ ਸੀ. ਪੀ. ਆਈ., ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਐੱਮ.ਐੱਲ.) ਨਿਊ ਡੈਮੋਕਰੇਸੀ ਦੇ ਵੱਖ-ਵੱਖ ਆਗੂਆਂ ਨੇ ਰੈਲੀ ਨੂੰ ਸੰਬੋਧਨ ਕੀਤਾ।
ਕਾ. ਅਮਰਜੀਤ ਸਿੰਘ ਆਸਲ, ਕਾ. ਗੁਰਨਾਮ ਸਿੰਘ ਦਾਊਦ, ਕਾ. ਜਤਿੰਦਰ ਸਿੰਘ ਛੀਨਾ, ਕਾ. ਹਰਦੀਪ ਕੋਟਲਾ ਆਦਿ ਬੁਲਾਰਿਆਂ ਨੇ ਮੁੱਖ ਤੌਰ 'ਤੇ ਰੈਲੀ ਨੂੰ ਸੰਬੋਧਨ ਕੀਤਾ। ਇਹਨਾਂ ਤੋਂ ਇਲਾਵਾ ਕਾ. ਵਿਜੇ ਮਿਸ਼ਰਾ, ਕਾ. ਵਿਜੇ ਕੁਮਾਰ, ਕਾ. ਗੁਰਦੀਪ ਸਿੰਘ, ਕਾ. ਜਗਤਾਰ ਸਿੰਘ ਕਰਮਪੁਰਾ, ਕਾ. ਦਸਵਿੰਦਰ ਕੌਰ, ਕਾ. ਅਮਰੀਕ ਸਿੰਘ ਦਾਊਦ, ਕਾ. ਗੁਰਭੇਜ ਸਿੰਘ, ਕਾ. ਬਲਦੇਵ ਸਿੰਘ ਸੈਦਪੁਰ, ਕਾ. ਬਲਵਿੰਦਰ ਸਿੰਘ ਦੁਧਾਲਾ, ਕਾ. ਪ੍ਰਕਾਸ਼ ਸਿੰਘ ਥੋਥੀਆਂ, ਕਾ. ਰਵਿੰਦਰ ਸਿੰਘ ਛੱਜਲਵੱਡੀ, ਕਾ. ਪੂਰਨ ਚੰਦ, ਕਾ. ਸਤਨਾਮ ਸਿੰਘ ਝੰਡੇਰ ਆਦਿ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਰਕੇ ਇਹ ਕੋਰੋਨਾ ਮਹਾਂਮਾਰੀ ਦੇ ਸੰਕਟ ਨੂੰ ਨਜਿੱਠਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈਆਂ ਹਨ। ਦੇਸ਼ ਦਾ ਅਰਥਚਾਰਾ ਤਬਾਹ ਹੋ ਗਿਆ ਹੈ, ਕਰੋੜਾਂ ਲੋਕਾਂ ਨੂੰ ਘਰਾਂ ਵਿੱਚ ਰਾਸ਼ਨ ਦੇਣ ਤੋਂ ਸਰਕਾਰਾਂ ਫੇਲ੍ਹ ਹੋਈਆਂ ਹਨ। ਲੱਖਾਂ ਪਰਵਾਸੀ ਮਜ਼ਦੂਰਾਂ ਦੇ ਘਰਾਂ ਵਿੱਚ ਪਹੁੰਚਣ ਲਈ ਸਰਕਾਰਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਤੇ ਪਰਵਾਸੀ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਰੋਲਿਆ ਗਿਆ ਹੈ ਅਤੇ ਉਹਨਾਂ ਉੱਪਰ ਵਹਿਸ਼ੀ ਜਬਰ ਕੀਤਾ ਗਿਆ ਹੈ। ਲੋਕਾਂ ਦੇ ਰੁਜਗਾਰ ਅਤੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਫਾਸ਼ੀਵਾਦੀ ਮੋਦੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੀ ਆੜ ਵਿੱਚ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਦੇ ਵਿਰੁੱਧ ਆਰਡੀਨੈਂਸਾਂ ਦੇ ਰੂਪ ਵਿੱਚ ਕਾਲੇ ਕਾਨੂੰਨ ਪਾਸ ਕਰ ਦਿੱਤੇ ਹਨ। ਜਿਸ ਨਾਲ ਅਮੀਰੀ -ਗਰੀਬੀ ਦਾ ਪਾੜਾ ਵਧੇਗਾ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਦੌਲਤਾਂ ਵਿੱਚ ਵਾਧਾ ਹੋਵੇਗਾ।ਇਸ ਮੌਕੇ ਬਲਕਾਰ ਸਿੰਘ ਦੁਧਾਲਾ, ਗੁਰਮੁੱਖ ਸਿੰਘ ਸ਼ੇਰਗਿੱਲ, ਬਲਦੇਵ ਸਿੰਘ ਵੇਰਕਾ, ਮੋਹਨ ਲਾਲ, ਗੁਰਨਾਮ ਕੌਰ ਗੁਮਾਨਪੁਰਾ ਅਤੇ ਸੁਖਵੰਤ ਸਿੰਘ ਆਦਿ ਹਾਜ਼ਰ ਸਨ।
ਮਾਨਸਾ. ਸ਼ਹਿਰ ਵਿੱਚ ਭਾਰੀ ਰੋਸ ਪ੍ਰਦਰਸ਼ਨ ਕਰਕੇ ਮੋਦੀ ਹਕੂਮਤ ਦੇ ਫਾਸ਼ੀ ਹਮਲਿਆਂ ਖਿਲਾਫ਼ ਜ਼ਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ। ਸੀ.ਪੀ.ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਰਾਣਾ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂ ਕਾ. ਤਾਰਾ ਚੰਦ ਬਰੇਟਾ, ਆਰ ਐੱਮ ਪੀ ਆਈ ਦੇ ਸੂਬਾ ਆਗੂ ਕਾ. ਲਾਲ ਚੰਦ, ਲੋਕ ਸੰਗਰਾਮ ਮੋਰਚਾ ਦੇ ਸੂਬਾ ਆਗੂ ਕਾ. ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਮਾਲ ਗੋਦਾਮ 'ਤੇ ਰੈਲੀ ਕਰਕੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰੇਲਵੇ ਫਾਟਕ 'ਤੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ ਨੇ 'ਕੋਰੋਨਾ ਮਹਾਂਮਾਰੀ ਦੀ ਆੜ ਵਿੱਚ ਸਮੁੱਚੇ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਲਾਗੂ ਕੀਤੀ ਹੋਈ ਹੈ। ਸਰਕਾਰ ਦਾ ਵਿਰੋਧ ਕਰਨ ਵਾਲੇ ਪੱਤਰਕਾਰਾਂ, ਬੁੱਧੀਜੀਵੀਆਂ, ਨੌਜਵਾਨਾਂ ਅਤੇ ਵਿਦਿਆਰਥੀ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਕੇਂਦਰ ਦੀ ਐੱਨ ਡੀ ਏ ਸਰਕਾਰ ਵੱਲੋਂ ਜਨਤਕ ਇਕੱਤਰਤਾਵਾਂ 'ਤੇ ਪਾਬੰਦੀ ਲਾ ਕੇ ਮਜ਼ਦੂਰਾਂ ਤੇ ਕਿਸਾਨਾਂ ਵਿਰੋਧੀ ਆਰਡੀਨੈਂਸ ਤੇ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਹਨ। ਬਾਦਲ ਪਰਵਾਰ ਕੇਂਦਰ ਵਿੱਚ ਸੱਤਾ ਦਾ ਆਨੰਦ ਵੀ ਮਾਣ ਰਿਹਾ ਹੈ ਤੇ ਪੰਜਾਬ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਖਿਲਾਫ ਡਰਾਮੇਬਾਜ਼ੀ ਵੀ ਕਰ ਰਿਹਾ ਹੈ। ਆਗੂਆਂ ਨੇ ਕਿਹਾ ਕਿ ਬਾਦਲ ਪਰਵਾਰ ਨੇ ਆਪਣੇ ਨਿੱਜੀ ਸਵਾਰਥਾਂ ਕਾਰਨ ਪੰਜਾਬ ਦੇ ਲੋਕਾਂ ਨਾਲ ਹਮੇਸ਼ਾ ਗ਼ਦਾਰੀ ਕੀਤੀ ਹੈ।
ਸਟੇਜ ਸਕੱਤਰ ਦੀ ਭੂਮਿਕਾ ਕਾ. ਨਰਿੰਦਰ ਕੌਰ ਨੇ ਨਿਭਾਈ। ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾ. ਕ੍ਰਿਸ਼ਨ ਚੌਹਾਨ ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਕਾ. ਗੁਰਮੀਤ ਸਿੰਘ ਨੰਦਗੜ੍ਹ, ਆਰ ਐੱਮ ਪੀ ਆਈ ਦੇ ਸੂਬਾ ਆਗੂ ਕਾ. ਛੱਜੂ ਰਾਮ ਰਿਸ਼ੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਆਗੂ ਕੁਲਵੰਤ ਕਿਸ਼ਨਗੜ੍ਹ, ਲੋਕ ਸੰਗਰਾਮ ਮੋਰਚਾ ਦੇ ਜ਼ਿਲ੍ਹਾ ਆਗੂ ਬਬਲੀ ਅਟਵਾਲ, ਸੀ.ਪੀ.ਆਈ ਦੇ ਸੀਤਾ ਗੋਬਿੰਦਪੁਰਾ, ਦਲਜੀਤ ਮਾਨਸ਼ਾਹੀਆ, ਰਤਨ ਭੋਲਾ, ਰੂਪ ਸਿੰਘ ਢਿੱਲੋਂ ਅਤੇ ਮਲਕੀਤ ਸਿੰਘ ਮੰਦਰ ਨੇ ਵੀ ਸੰਬੋਧਨ ਕੀਤਾ।
ਮੋਗਾ (ਅਮਰਜੀਤ ਬੱਬਰੀ)-ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵੱਲੋਂ ਦਿੱਤੇ ਸੂਬਾਈ ਸੱਦੇ 'ਤੇ ਸਥਾਨਕ ਦਾਣਾ ਮੰਡੀ 'ਚ ਵਿਸ਼ਾਲ ਧਰਨਾ ਦੇ ਕੇ ਏ ਡੀ ਸੀ ਅਨੀਤਾ ਦਰਸ਼ੀ ਰਾਹੀਂ ਲੋਕ ਮੰਗਾਂ ਦਾ ਯਾਦ ਪੱਤਰ ਸਰਕਾਰ ਨੂੰ ਭੇਜਿਆ ਗਿਆ। ਇਸ ਫਰੰਟ ਵਿੱਚ ਸ਼ਾਮਲ ਸੀ ਪੀ ਆਈ, ਆਰ ਐੱਮ ਪੀ ਆਈ, ਸੀ ਪੀ ਆਈ ਐੱਮ-ਐੱਲ (ਨਿਊ ਡੈਮੋਕਰੇਸੀ), ਸੀ ਪੀ ਆਈ ਐੱਮ-ਐੱਲ (ਲਿਬਰੇਸ਼ਨ) ਐੱਮ ਸੀ ਪੀ ਆਈ (ਯੂ), ਇਨਕਲਾਬੀ ਕੇਂਦਰ ਪੰਜਾਬ, ਲੋਕ ਸੰਗਰਾਮ ਮੋਰਚਾ ਪੰਜਾਬ, ਇਨਕਲਾਬੀ ਜਮਹੂਰੀ ਮੋਰਚਾ ਵੱਲੋਂ ਧਰਨੇ ਦੌਰਾਨ ਮੰਗ ਕੀਤੀ ਗਈ ਕਿ ਜਨਤਕ ਇਕੱਠਾਂ ਉੱਪਰ ਪਾਬੰਦੀ ਹਟਾਈ ਜਾਵੇ, ਕਾਲੇ ਕਾਨੂੰਨਾਂ ਤਹਿਤ ਗ੍ਰਿਫ਼ਤਾਰ ਕੀਤੇ ਜਨਤਕ-ਜਮਹੂਰੀ ਕਾਰਕੁਨ ਰਿਹਾਅ ਕਰਕੇ ਉਨ੍ਹਾਂ 'ਤੇ ਪਾਏ ਕੇਸ ਰੱਦ ਕੀਤੇ ਜਾਣ।ਇਸ ਮੌਕੇ ਬੋਲਦਿਆਂ ਸੀ ਪੀ ਆਈ ਵੱਲੋਂ ਸੁਖਜਿੰਦਰ ਮਹੇਸਰੀ ਤੇ ਜਗਜੀਤ ਸਿੰਘ ਧੂੜਕੋਟ, ਸੀ ਪੀ ਆਈ ਐੱਮ-ਐੱਲ (ਨਿਊ ਡੈਮੋਕਰੇਸੀ) ਵੱਲੋਂ ਕਾਮਰੇਡ ਨਿਰਭੈ ਸਿੰਘ ਢੁੱਡੀਕੇ ਤੇ ਕਰਮਜੀਤ ਮਾਣੂੰਕੇ, ਲੋਕ ਸੰਗਰਾਮ ਮੋਰਚਾ ਵੱਲੋਂ ਤਾਰਾ ਸਿੰਘ ਮੋਗਾ ਤੇ ਦਰਸ਼ਨ ਸਿੰਘ ਤੂਰ ਨੇ ਕਿਹਾ ਕਿ ਕੋਰੋਨਾ ਦੀ ਆੜ 'ਚ ਮੋਦੀ ਸਰਕਾਰ ਨੇ ਲੋਕਾਂ ਨੂੰ ਕੰਗਾਲ ਤੇ ਕਾਰਪੋਰਟ ਘਰਾਣਿਆਂ ਨੂੰ ਮਾਲਾਮਾਲ ਕਰ ਦਿੱਤਾ ਹੈ। ਬਿਜਲੀ, ਰੇਲਵੇ, ਕੋਲਾ ਖਾਣਾ ਸਮੇਤ ਲੋਕਾਂ ਦੀ ਸੰਪਤੀ ਨੂੰ ਸਰਮਾਏਦਾਰਾਂ ਦੇ ਹਵਾਲੇ ਕਰ ਦਿੱਤਾ। ਲੋਕਾਂ ਨੂੰ ਸੜਕਾਂ ਉੱਤੇ ਰੁਲਣ-ਮਰਨ ਲਈ ਛੱਡ ਦਿੱਤਾ।ਧਰਨੇ ਦੌਰਾਨ ਮੰਗ ਕੀਤੀ ਗਈ ਕਿ ਸਿਹਤ ਸੇਵਾਵਾਂ ਤੇ ਵਿੱਦਿਆ ਸਰਕਾਰੀ ਕਰਕੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣ।ਬਾਜੇਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਾਥੀਆਂ, ਜੋ ਪਲਾਟਾਂ 'ਤੇ ਕਬਜ਼ੇ ਦੀ ਲੜਾਈ ਲੜ ਰਹੇ ਸੀ, ਨੂੰ ਰਿਹਾਅ ਕੀਤਾ ਜਾਵੇ। ਸੰਗਰੂਰ ਏਟਕ ਤੇ ਏ ਆਈ ਐੱਸ ਐੱਫ਼ ਦੇ ਸਾਥੀਆਂ ਉੱਤੇ ਪਾਏ ਕੇਸ ਰੱਦ ਕੀਤੇ ਜਾਣ। ਇਸ ਮੌਕੇ ਵਿੱਕੀ ਮਹੇਸਰੀ, ਗੁਰਦੀਪ ਵੈਰੋਕੇ, ਨਾਨਕ ਚੰਦ, ਸ਼ੇਰ ਸਿੰਘ ਦੌਲਤਪੁਰਾ ਨੇ ਵੀ ਸੰਬੋਧਨ ਕੀਤਾ।ਸਟੇਜ ਦੀ ਕਾਰਵਾਈ ਕੁਲਦੀਪ ਭੋਲਾ ਨੇ ਚਲਾਈ।
ਜਲੰਧਰ : ਇੱਥੇ ਵੱਡੀ ਰੈਲੀ ਨੂੰ ਸਰਵਸਾਥੀ ਮੰਗਤ ਰਾਮ ਪਾਸਲਾ, ਤਰਸੇਮ ਪੀਟਰ, ਚਰਨਜੀਤ ਥੰਮੂਵਾਲ, ਹੰਸ ਰਾਜ ਪੱਬਵਾਂ, ਦਰਸ਼ਨ ਨਾਹਰ, ਰਣਜੀਤ ਸਿੰਘ ਔਲਖ, ਕਸ਼ਮੀਰ ਸਿੰਘ ਘੁੱਗਸ਼ੋਰ, ਜਸਵਿੰਦਰ ਸਿੰਘ ਢੇਸੀ ਆਦਿ ਨੇ ਸੰਬੋਧਨ ਕਰਦਿਆਂ ਕੇਂਦਰੀ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਅਤੇ ਫਿਰਕੂ-ਫਾਸ਼ੀ ਸਾਜ਼ਿਸ਼ਾਂ ਵਿਰੁੱਧ ਤਿੱਖੇ ਸੰਘਰਸ਼ ਛੇੜਨ ਦਾ ਐਲਾਨ ਕੀਤਾ।
ਪਠਾਨਕੋਟ, ( ਦਵਿੰਦਰ ਸੈਣੀ ) ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ 'ਚ ਸ਼ਾਮਲ ਖੱਬੀਆਂ ਪਾਰਟੀਆਂ ਸੀ ਪੀ ਆਈ, ਆਰ ਐੱਮ ਪੀ ਆਈ, ਸੀ ਪੀ ਆਈ ਮ ਲ (ਲਿਬਰੇਸ਼ਨ) ਦੇ ਆਗੂਆਂ ਕਾਮਰੇਡ ਜਸਬੀਰ ਸਿੰਘ, ਬਲਵੰਤ ਸਿੰਘ ਘੋਹ ਅਤੇ ਗੋਪਾਲ ਕਰਿਸ਼ਨ ਦੀ ਸਾਂਝੀ ਪ੍ਰਧਾਨਗੀ ਹੇਠ ਪਠਾਨਕੋਟ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਧਰਨਾ ਦੇਣ ਉਪਰੰਤ ਐੱਸ ਡੀ ਐੱਮ ਪਠਾਨਕੋਟ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ । ਧਰਨੇ ਨੂੰ ਸੰਬੋਧਨ ਕਰਦਿਆਂ ਫਰੰਟ ਵਿਚ ਸ਼ਾਮਲ ਪਾਰਟੀਆਂ ਦੇ ਆਗੂਆਂ ਕਾਮਰੇਡ ਸ਼ਿਵ ਕੁਮਾਰ , ਸੱਤਿਆ ਦੇਵ ਸੈਣੀ, ਅਸ਼ਵਨੀ ਕੁਮਾਰ ਹੈਪੀ, ਮਾਸਟਰ ਧਿਆਨ ਸਿੰਘ ਹੋਰ ਆਗੂਆਂ ਸਾਂਝੇ ਪ੍ਰੈੱਸ ਬਿਆਨ ਵਿੱਚ ਕੇਂਦਰ ਦੀ ਮੋਦੀ ਸਰਕਾਰ ਤੇ ਦੋਸ਼ ਲਗਾਇਆ ਕਿ ਦੇਸ਼ ਅੰਦਰ ਲਗਾਤਾਰ ਵਧਦੀ ਕਰੋਨਾ ਮਹਾਂਮਾਰੀ ਨੂੰ ਰੋਕਣ , ਅਰਥਚਾਰੇ ਨੂੰ ਬਚਾਉਣ, ਲਾਕਡਾਉਨ ਸਮੇਂ ਰੁਜ਼ਗਾਰ ਤੋਂ ਪ੍ਰਭਾਵਤ ਕਰੋੜਾਂ ਲੋਕਾਂ ਨੂੰ ਰਾਸ਼ਨ ਦੇਣ ਅਤੇ ਲੋਕਾਂ ਦੇ ਰੁਜ਼ਗਾਰ ਤੇ ਕਾਰੋਬਾਰ ਨੂੰ ਬਚਾਉਣ 'ਚ ਬੁਰੀ ਤਰ੍ਹਾਂ ਫੇਲ ਹੋਈ ਫਾਸ਼ੀਵਾਦੀ ਮੋਦੀ ਸਰਕਾਰ, ਹਰ ਵਿਰੋਧੀ ਆਵਾਜ਼ ਨੂੰ ਕਾਲੇ ਕਾਨੂੰਨਾਂ ਦੀ ਆੜ ਹੇਠ ਝੂਠੇ ਕੇਸਾਂ ਰਾਹੀਂ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੀ ਹੈ, ਸਰਕਾਰ ਦੇ ਇਸ ਮਾਰੂ ਹਮਲਿਆਂ ਖਿਲਾਫ ਲੋਕ ਲਾਮਬੰਦੀ ਕਰਨ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਖੱਬੀਆਂ ਪਾਰਟੀਆਂ ਦੇ ਬਣੇ “ਫਾਸ਼ੀ ਹਮਲਿਆਂ ਵਿਰੋਧੀ ਫਰੰਟ'' ਵੱਲੋਂ ਪੰਜਾਬ ਦੇ ਲੋਕਾਂ ਨੂੰ ਵਧ ਰਹੀ ਮਹਿੰਗਾਈ, ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ, ਸਰਕਾਰੀ ਅਦਾਰਿਆਂ ਦੇ ਧੜਾਧੜ ਕੀਤੇ ਜਾ ਰਹੇ ਨਿੱਜੀਕਰਨ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਵਿਸ਼ਾਲ ਏਕਾ ਉਸਾਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ।
ਧਰਨੇ ਨੂੰ ਉਪਰੋਕਤ ਤੋਂ ਇਲਾਵਾ ਮਾਸਟਰ ਪਰੇਮ ਸਾਗਰ, ਨੰਦ ਲਾਲ ਮਹਿਰਾ, ਬਾਲਕਿਸ਼ਨ ਸ਼ੈਣੀ,ਬਲਦੇਵ ਰਾਜ ਭੋਆ, ਰਾਮ ਬਿਲਾਸ ਠਾਕੁਰ, ਅਜੀਤ ਰਾਮ ਗੰਦਲਾਂ ਲਾਹੜੀ, ਬਲਬੀਰ ਸਿੰਘ ਬੇੜੀਆਂ,ਬਲਕਾਰ ਚੰਦ, ਸੁਖਦੇਵ ਰਾਜ ਕਟਾਰੂਚੱਕ, ਸੋਹਨ ਲਾਲ, ਦੇਵ ਰਾਜ ਅਤੇ ਹੋਰ ਸਾਥੀਆਂ ਨੇ ਵੀ ਸੰਬੋਧਨ ਕੀਤਾ।

340 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper