Latest News
ਨਾਦਰਸ਼ਾਹੀ ਖਿਲਾਫ ਡਟਦੇ ਪੰਜਾਬੀ

Published on 09 Jul, 2020 10:42 AM.


ਫਾਸ਼ੀ ਤੇ ਤਾਨਾਸ਼ਾਹੀ ਰੁਝਾਨਾਂ ਖਿਲਾਫ ਡਟਣ ਵਿਚ ਪੰਜਾਬੀਆਂ ਦਾ ਕੋਈ ਸਾਨੀ ਨਹੀਂ। ਪਿਛਲੇ ਛੇ ਸਾਲਾਂ ਤੋਂ ਦੇਸ਼ ਵਿਚ ਭਿਆਨਕ ਰੂਪ ਧਾਰਨ ਕਰ ਰਹੇ ਇਨ੍ਹਾਂ ਰੁਝਾਨਾਂ ਖਿਲਾਫ ਪੰਜਾਬੀ ਨਿਰੰਤਰ ਸੰਘਰਸ਼ ਕਰ ਰਹੇ ਹਨ। ਮਨੁੱਖੀ ਹੱਕਾਂ ਦੇ ਰਾਖਿਆਂ ਅਤੇ ਮਿਹਨਤਕਸ਼ਾਂ ਨੂੰ ਦਬਾਉਣ ਲਈ ਦੇਸ਼ ਦੇ ਕਿਸੇ ਵੀ ਕੋਨੇ ਵਿਚ ਹੋ ਰਹੀ ਸਰਕਾਰੀ ਬੁਰਛਾਗਰਦੀ ਖਿਲਾਫ ਪੰਜਾਬ ਦੇ ਲੋਕ ਬਰਾਬਰ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਬੁੱਧਵਾਰ ਵੀ ਪੰਜਾਬ ਦੇ ਲੋਕਾਂ ਨੇ ਸੂਬੇ ਭਰ ਦੇ ਜ਼ਿਲ੍ਹਾ ਸਦਰ ਮੁਕਾਮਾਂ 'ਤੇ ਕੀਤੇ ਗਏ ਮੁਜ਼ਾਹਰਿਆਂ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਦਰਸਾਇਆ ਕਿ ਉਹ ਕੇਂਦਰੀ ਹਾਕਮਾਂ ਨੂੰ ਕੋਰੋਨਾ ਦੀ ਮਹਾਂਮਾਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਦੇ ਹੱਕਾਂ ਨੂੰ ਕੁਚਲਣ ਦੀ ਆਗਿਆ ਨਹੀਂ ਦੇਣਗੇ। ਇਨ੍ਹਾਂ ਲੋਕਾਂ ਦੀ ਅਗਵਾਈ ਹਮੇਸ਼ਾ ਵਾਂਗ ਖੱਬੀਆਂ ਪਾਰਟੀਆਂ ਨੇ ਕੀਤੀ। 'ਫਾਸ਼ੀ ਹਮਲਿਆਂ ਵਿਰੋਧੀ ਫਰੰਟ' ਵਿਚ ਸ਼ਾਮਲ ਸੀ ਪੀ ਆਈ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕਰੇਸੀ, ਸੀ ਪੀ ਆਈ (ਐਮ ਐੱਲ) ਲਿਬਰੇਸ਼ਨ, ਇਨਕਲਾਬੀ ਕੇਂਦਰ ਪੰਜਾਬ, ਲੋਕ ਸੰਗਰਾਮ ਮੋਰਚਾ, ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ ਯੂਨਾਈਟਿਡ ਤੇ ਇਨਕਲਾਬੀ ਜਮਹੂਰੀ ਮੋਰਚਾ ਨੇ ਜਿਸਮਾਨੀ ਦੂਰੀ ਬਣਾ ਕੇ ਰੱਖਣ ਦੀ ਸਾਵਧਾਨੀ ਦਰਮਿਆਨ ਇਸ ਐਕਸ਼ਨ ਲਈ ਕਈ ਦਿਨ ਤਿਆਰੀ ਕੀਤੀ। ਉਨ੍ਹਾਂ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਦੱਸਿਆ ਕਿ ਮੋਦੀ ਸਰਕਾਰ ਨੇ ਕਿਵੇਂ ਧਾਰਾ 370 ਨੂੰ ਖਤਮ ਕਰਕੇ ਜੰਮੂ-ਕਸ਼ਮੀਰ ਦੇ ਟੋਟੇ ਕਰਕੇ ਜਮਹੂਰੀਅਤ ਦਾ ਕਤਲ ਕੀਤਾ ਤੇ ਕਸ਼ਮੀਰ ਨੂੰ ਜੇਲ੍ਹ ਵਿਚ ਬਦਲ ਕੇ ਰੱਖ ਦਿੱਤਾ, ਦਿੱਲੀ ਵਿਚ ਆਰ ਐੱਸ ਐੱਸ ਦੇ ਗੁੰਡਿਆਂ ਨੇ ਇਕ ਫਿਰਕੇ ਦੇ ਲੋਕਾਂ ਨੂੰ ਚੁਣ-ਚੁਣ ਕੇ ਮਾਰਿਆ ਅਤੇ ਉਨ੍ਹਾਂ ਦੇ ਘਰ ਤੇ ਅਦਾਰੇ ਫੂਕੇ, ਪਰ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਢੀਠਤਾਈ ਨਾਲ ਬਚਾਇਆ ਤੇ ਉਲਟਾ ਲੁੱਟੇ ਤੇ ਕੁੱਟੇ ਜਾਣ ਵਾਲਿਆਂ 'ਤੇ ਹੀ ਕੇਸ ਮੜ੍ਹ ਦਿੱਤੇ, ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ 'ਤੇ ਅੰਨ੍ਹਾ ਜ਼ੁਲਮ ਢਾਹਿਆ, ਇਨ੍ਹਾਂ ਵਧੀਕੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਬੁੱਧੀਜੀਵੀਆਂ ਤੇ ਪੱਤਰਕਾਰਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ, ਕਿਰਤ ਕਾਨੂੰਨਾਂ ਵਿਚ ਤਬਦੀਲੀ ਕਰਕੇ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਕਰਨ ਦੀ ਚਾਲ ਚੱਲੀ, ਕਿਸਾਨਾਂ ਨੂੰ ਕਾਰਪੋਰੇਟਾਂ ਦੇ ਗੁਲਾਮ ਬਣਾਉਣ ਲਈ ਕਿਸਾਨ-ਵਿਰੋਧੀ ਤਿੰਨ ਆਰਡੀਨੈਂਸ ਜਾਰੀ ਕੀਤੇ, ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਬਿਜਲੀ ਬਿੱਲ-2020 ਲਿਆਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਲਾਕਡਾਊਨ ਕਾਰਨ ਘਰਾਂ ਨੂੰ ਪਰਤ ਰਹੇ ਮਜ਼ਦੂਰਾਂ ਨੂੰ ਕਿਵੇਂ ਉਨ੍ਹਾਂ ਦੇ ਆਪਣੇ ਹਾਲ 'ਤੇ ਛੱਡ ਦਿੱਤਾ ਗਿਆ। ਇਨ੍ਹਾਂ ਕੌਮੀ ਮੁੱਦਿਆਂ ਤੋਂ ਇਲਾਵਾ ਪੰਜਾਬ ਵਿਚ ਰਾਸ਼ਨ ਦੀ ਵੰਡ ਵਿਚ ਵਿਤਕਰੇ, ਮਾਈਕਰੋ ਫਾਈਨੈਂਸ ਕੰਪਨੀਆਂ ਵੱਲੋਂ ਕਰਜ਼ਾ ਵਸੂਲੀ ਲਈ ਮਹਿਲਾਵਾਂ ਨੂੰ ਜ਼ਲੀਲ ਕੀਤੇ ਜਾਣ, ਡੀਜ਼ਲ-ਪੈਟਰੋਲ ਦੇ ਰੇਟਾਂ ਵਿਚ ਜ਼ਬਰਦਸਤ ਵਾਧੇ ਵਰਗੇ ਆਮ ਲੋਕਾਂ ਦਾ ਕਚੂੰਬਰ ਕੱਢ ਰਹੇ ਮੁੱਦਿਆਂ ਨੂੰ ਵੀ ਉਭਾਰਿਆ। ਨਾਲ ਦੀ ਨਾਲ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਦਾ ਦੰਭ ਕਰਨ ਵਾਲੇ ਅਕਾਲੀਆਂ ਤੇ ਭਾਜਪਾਈਆਂ ਦੀ ਪੋਲ ਵੀ ਖੋਲ੍ਹੀ। ਭਰਵੇਂ ਇਕੱਠਾਂ ਤੋਂ ਸਾਫ ਝਲਕਿਆ ਕਿ ਲੋਕ ਕੋਰੋਨਾ ਦਾ ਫਾਇਦਾ ਉਠਾ ਕੇ ਉਨ੍ਹਾਂ ਦੇ ਹੱਕਾਂ 'ਤੇ ਮਾਰੇ ਜਾ ਰਹੇ ਛਾਪਿਆਂ ਤੋਂ ਸਖਤ ਗੁੱਸੇ ਵਿਚ ਹਨ। ਇਸ ਐਕਸ਼ਨ ਤੋਂ ਪਹਿਲਾਂ ਵੀ ਕੋਰੋਨਾ ਕਾਲ ਵਿਚ ਹੀ ਕੇਂਦਰੀ ਟਰੇਡ ਯੂਨੀਅਨਾਂ ਦੇ ਹੜਤਾਲ ਦੇ ਸੱਦੇ ਦਾ ਪੰਜਾਬ ਦੇ ਮਜ਼ਦੂਰਾਂ ਤੇ ਮੁਲਾਜ਼ਮਾਂ ਨੇ ਭਰਵਾਂ ਹੁੰਗਾਰਾ ਭਰਿਆ ਸੀ। ਖੱਬੀ-ਜਮਹੂਰੀ ਸੋਚ ਵਾਲੀਆਂ ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੀ ਸਮੇਂ-ਸਮੇਂ 'ਤੇ ਆਵਾਜ਼ ਬੁਲੰਦ ਕਰਦੀਆਂ ਆ ਰਹੀਆਂ ਹਨ ਤੇ 10 ਜੁਲਾਈ ਤੋਂ ਉਹ ਫਿਰ ਅੰਦੋਲਨ ਵਿਢ ਰਹੀਆਂ ਹਨ। ਇਨ੍ਹਾਂ ਐਕਸ਼ਨਾਂ ਵਿਚ ਬੀਬੀਆਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਦਰਸਾਉਂਦੀ ਹੈ ਕਿ ਸਰਕਾਰ ਦੇ ਤਾਨਾਸ਼ਾਹੀ ਭਰੇ ਕਦਮਾਂ ਦਾ ਸਭ ਤੋਂ ਮਾਰੂ ਅਸਰ ਉਨ੍ਹਾਂ 'ਤੇ ਪਿਆ ਹੈ। ਮਹਾਂਮਾਰੀ ਕਾਰਨ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਵੀ ਔਖੇ ਵੇਲਿਆਂ ਵਿੱਚੋਂ ਲੰਘ ਰਿਹਾ ਹੈ, ਪਰ ਇੱਥੋਂ ਦੀਆਂ ਖੱਬੀਆਂ ਧਿਰਾਂ ਸਰਮਾਏਦਾਰ ਪਾਰਟੀਆਂ ਵਾਂਗ ਟਵਿਟਰਬਾਜ਼ੀ ਕਰਨ ਦੀ ਥਾਂ ਮੈਦਾਨ ਵਿਚ ਨਿੱਤਰ ਕੇ ਨਾਦਰਸ਼ਾਹੀ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਦਾ ਆਪਣਾ ਫਰਜ਼ ਬਾਖੂਬੀ ਨਿਭਾਅ ਰਹੀਆਂ ਹਨ।

669 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper