Latest News
ਪੀ ਆਰ ਟੀ ਸੀ ਕਾਮੇ ਤਨਖਾਹ ਤੇ ਪੈਨਸ਼ਨ ਲਈ 13 ਨੂੰ ਦੇਣਗੇ ਧਰਨੇ

Published on 09 Jul, 2020 10:49 AM.


ਪਟਿਆਲਾ : ਇੱਥੇ ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨਜ਼ ਕੋ ਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਸਰਵ ਸ੍ਰੀ ਬਲਦੇਵ ਰਾਜ ਬੱਤਾ, ਜਰਨੈਲ ਸਿੰਘ, ਗੁਰਬਖਸ਼ਾ ਰਾਮ, ਸਰਬਜੀਤ ਸਿੰਘ ਅਤੇ ਮੁਹੰਮਦ ਖਲੀਲ ਨੇ ਵੀਰਵਾਰ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਵੱਲੋਂ ਪੀ.ਆਰ.ਟੀ.ਸੀ. ਦੇ ਵਰਕਰਾਂ ਦੀ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਨਾ ਕੀਤੇ ਜਾਣ ਤੇ ਸਖਤ ਰੋਸ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਇੱਕ ਨਿਖੇਧੀ ਯੋਗ ਲਾਪ੍ਰਵਾਹੀ ਵਾਲਾ ਰਵਈਆ ਦੱਸਦਿਆਂ ਕਿਹਾ ਕਿ ਪੀ.ਆਰ.ਟੀ.ਸੀ. ਦੇ ਸਾਰੇ ਡਿਪੂਆਂ ਵਿੱਚ ਮਿਤੀ 13 ਜੁਲਾਈ ਗੇਟਾਂ ਤੇ ਵਰਕਰਾਂ ਵੱਲੋਂ ਧਰਨੇ ਦੇ ਕੇ ਰੋਸ ਜਾਹਰ ਕਰਦੇ ਹੋਏ ਤਨਖਾਹ ਅਤੇ ਪੈਨਸ਼ਨ ਦੀ ਮਹੀਨਾ ਜੂਨ ਦੀ ਪੂਰੀ ਅਦਾਇਗੀ ਦੀ ਮੰਗ ਕੀਤੀ ਜਾਵੇਗੀ। ਜੇਕਰ ਫਿਰ ਵੀ ਅਣਗੌਲਿਆਂ ਕੀਤਾ ਗਿਆ ਤਾਂ 16 ਜੁਲਾਈ ਨੂੰ ਪੀ.ਆਰ.ਟੀ.ਸੀ. ਦੇ ਮੁੱਖ ਦਫਤਰ ਸਾਹਮਣੇ ਪਟਿਆਲਾ ਵਿਖੇ ਰੋਸ ਮੁਜਾਹਰਾ ਕੀਤਾ ਜਾਵੇਗਾ।ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਪੀ.ਆਰ.ਟੀ.ਸੀ. ਦੀ ਆਮਦਨ 21 ਮਾਰਚ ਤੋਂ ਬਾਅਦ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਹੁਣ ਵੀ ਜੇਕਰ ਕੁੱਝ ਬੱਸਾਂ ਚਲਾਈਆਂ ਜਾ ਰਹੀਆਂ ਹਨ ਤਾਂ ਉਹ ਡੀਜਲ ਦਾ ਖਰਚਾ ਵੀ ਪੂਰਾ ਨਹੀਂ ਕਰਦੀਆਂ। ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਇਸ ਅਦਾਰੇ ਦੀ ਘੱਟੋ—ਘੱਟ 40 ਕਰੋੜ ਰੁਪਏ ਮਹੀਨਾ ਦੀ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਕਿ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਹੋ ਸਕੇ ਕਿਉਂਕਿ ਇਹ ਅਦਾਰਾ ਵੀ ਤਾਂ ਪੰਜਾਬ ਸਰਕਾਰ ਦਾ ਹੀ ਅਦਾਰਾ ਹੈ, ਜਿਵੇਂ ਕਿ ਬਾਕੀ ਦੇ ਸਰਕਾਰੀ ਵਿਭਾਗ ਹਨ। ਕੋ-ਆਡਰੀਨੇਸ਼ਨ ਕਮੇਟੀ ਦੇ ਆਗੂਆਂ ਨੇ ਪੀ.ਆਰ.ਟੀ.ਸੀ. ਦੇ ਚੇਅਰਮੈਨ, ਵਾਈਸ ਚੇਅਰਮੈਨ ਅਤੇ ਬਾਕੀ ਦੇ 6-7 ਡਾਇਰੈਕਟਰਜ਼ ਨੂੰ ਵੀ ਜੋਰ ਦੇ ਕੇ ਕਿਹਾ ਹੈ ਕਿ ਉਹ ਸਾਰੇ ਰਾਜ ਕਰਦੀ ਪਾਰਟੀ ਦੇ ਨਿਯੁਕਤ ਕੀਤੇ ਹੋਏ ਨੁਮਾਇੰਦੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਕੋਲ ਪੀ.ਆਰ.ਟੀ.ਸੀ. ਦੇ ਮਾਲੀ ਨੁਕਸਾਨ ਦਾ ਖੁਲਾਸਾ ਕਰਦੇ ਹੋਏ ਮਾਲੀ ਇਮਦਾਦ ਹਾਸਲ ਕਰਨ ਲਈ ਆਪਣੀ ਨਿਰਣਾਇਕ ਭੂਮਿਕਾ ਨਿਭਾਉਣ। ਆਗੂਆਂ ਨੇ ਪੀ.ਆਰ.ਟੀ.ਸੀ. ਦੇ ਪ੍ਰਬੰਧਕਾਂ ਨੂੰ ਸੁਚੇਤ ਕੀਤਾ ਹੈ ਕਿ ਵਰਕਰਾਂ ਦੀਆਂ ਜਥੇਬੰਦੀਆਂ ਹਰ ਸਮੇਂ ਵਾਜਬ ਸਹਿਯੋਗ ਕਰਦੀਆਂ ਹਨ। ਪਰ ਹੁਣ ਜੇਕਰ ਵਰਕਰਾਂ ਨੂੰ ਤਨਖਾਹ ਪੈਨਸ਼ਨ ਦੀ ਵੀ ਬੇਯਕੀਨੀ ਬਣੀ ਰਹੇਗੀ ਤਾਂ ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨ ਯੋਗ ਨਹੀਂ। ਜਿਸ ਕਰਕੇ ਜਥੇਬੰਦੀਆਂ ਹੋਰ ਵੀ ਸਖਤ ਐਜੀਟੇਸ਼ਨ ਦਾ ਰਸਤਾ ਅਖਤਿਆਰ ਕਰਨ ਲਈ ਮਜਬੂਰ ਹੋਣਗੀਆਂ।

83 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper