Latest News
ਢੀਂਡਸਾ ਵੱਲੋਂ ਬਾਦਲ ਦੀ ਤੁਲਨਾ ਇੰਦਰਾ ਗਾਂਧੀ ਨਾਲ

Published on 09 Jul, 2020 10:50 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ 'ਤੇ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਹਿਮਾਇਤੀਆਂ ਨਾਲ ਸੱਚਖੰਡ ਹਰਿਮੰਦਰ ਸਾਹਿਬ ਸ਼ੁਕਰਾਨੇ ਵਜੋਂ ਨਤਮਸਤਕ ਹੋਣ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਦੱਸਿਆ ਕਿ ਉਹ ਗੁਰੂ ਘਰ ਰਾਜਸੀ ਸਫਲਤਾ ਲਈ ਅਸ਼ੀਰਵਾਦ ਲੈਣ ਆਏ ਹਨ। ਉਨਾਂ ਮੁਤਾਬਕ ਪਾਰਟੀ ਦਾ ਪਹਿਲਾ ਨਿਸ਼ਾਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣਾ ਹੈ। ਰਣਜੀਤ ਸਿੰਘ ਬ੍ਰਹਮਪੁਰਾ ਦੇ ਉਨਾਂ ਇਹ ਦੋਸ਼ ਰੱਦ ਕੀਤੇ ਕਿ ਉਹ ਆਪਣੇ ਬੇਟੇ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਮੁੱਖ-ਮੰਤਰੀ ਬਣਾਉਣਾ ਚਾਹੁੰਦੇ ਹਨ। ਉਨਾਂ ਭਾਜਪਾ ਨਾਲ ਮਿਲੀਭੁਗਤ ਦੇ ਦੋਸ਼ਾਂ ਨੂੰ ਵੀ ਰੱਦ ਕੀਤਾ। ਉਹ ਬ੍ਰਹਮਪੁਰਾ ਨੂੰ ਪਾਰਟੀ ਦਾ ਸਰਪ੍ਰਸਤ ਬਣਾਉਣਾ ਚਾਹੁੰਦੇ ਸਨ ਪਰ ਉਨਾਂ ਇਹ ਪੇਸ਼ਕਸ਼ ਰੱਦ ਕਰ ਦਿੱਤੀ। ਢੀਂਡਸਾ ਨੇ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਇੰਦਰਾ ਗਾਂਧੀ ਨਾਲ ਕੀਤੀ, ਜਿਸ ਨੇ 25 ਜੂਨ 1975 ਨੂੰ ਐਮਰਜੈਂਸੀ ਲਾ ਕੇ ਲੋਕਤੰਤਰ ਖਤਮ ਕਰਨ ਦਾ ਯਤਨ ਕੀਤਾ। ਐਮਰਜੈਂਸੀ ਖਿਲਾਫ ਅੱਜ ਦੇ ਦਿਨ 9 ਜੁਲਾਈ 1975 ਨੂੰ ਅਕਾਲ ਤਖਤ ਸਾਹਿਬ ਤੋਂ ਮੋਰਚਾ ਲਾਇਆ ਸੀ। ਅੱਜ ਅਸਾਂ ਵੀ 9 ਜੁਲਾਈ ਨੂੰ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ, ਅਕਾਲ਼ੀ ਦਲ ਤੇ ਅਕਾਲ ਤਖਤ ਸਾਹਿਬ ਆਜ਼ਾਦ ਕਰਾਉਣ ਲਈ ਅਰਦਾਸ ਕੀਤੀ ਤਾਂ ਜੋ ਇਨਾਂ ਮੁਕੱਦਸ ਅਸਥਾਨਾਂ 'ਚ ਲੋਕਤੰਤਰ ਤੇ ਮਰਯਾਦਾ ਬਹਾਲ ਹੋ ਸਕੇ। ਢੀਂਡਸਾ ਮੁਤਾਬਕ ਬਾਦਲਾਂ ਦਾ ਅਕਾਲੀ ਦਲ ਇਕ ਕੰਪਨੀ ਬਣ ਕੇ ਰਹਿ ਗਿਆ ਹੈ। ਸ਼੍ਰੋਮਣੀ ਕਮੇਟੀ 'ਚ ਅਥਾਹ ਭ੍ਰਿਸ਼ਟਾਚਾਰ ਫੈਲਿਆ ਹੈ। ਉਨਾਂ ਸੌਦਾ-ਸਾਧ ਦੇ ਨਾਲ ਹੋਰ ਦੋਸ਼ੀ ਨਾਮਜ਼ਦ ਕਰਨ ਲਈ ਜ਼ੋਰ ਦਿੱਤਾ ਭਾਂਵੇਂ ਬਾਦਲ ਵੀ ਕਿਉਂ ਨਾ ਹੋਣ। ਇਸ ਮੌਕੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਬੇਟੀ ਬੀਬੀ ਹਰਜੀਤ ਕੌਰ ਤਲਵੰਡੀ ਨੇ ਕਿਹਾ ਕਿ ਪਾਰਟੀ ਬਣ ਗਈ ਹੈ, ਹੁਣ ਉਹ ਦਿਨ-ਰਾਤ ਕੰਮ ਕਰਨਗੇ। ਪ੍ਰਮਿੰਦਰ ਸਿੰਘ ਢੀਂਡਸਾ ਮੁਤਾਬਕ ਬ੍ਰਹਮਪੁਰਾ ਬੁਖਲਾਹਟ 'ਚ ਆ ਕੇ ਦੋਸ਼ ਲਾ ਰਹੇ ਹਨ ਕਿ ਮੈਨੂੰ ਮੁੱਖ-ਮੰਤਰੀ ਬਣਾਉਣ ਲਈ ਪਾਰਟੀ ਗਠਨ ਕੀਤੀ ਗਈ ਹੈ। ਉਨਾਂ ਭਾਜਪਾ ਨਾਲ ਸਾਂਝ ਨੂੰ ਵੀ ਰੱਦ ਕੀਤਾ।

145 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper