Latest News
ਅਸਲ ਖਤਰਾ ਅਮਰੀਕਾ ਤੋਂ

Published on 13 Jul, 2020 10:42 AM.


ਭਾਰਤ ਅਤੇ ਚੀਨ ਵਿਚਾਲੇ ਪੈਦਾ ਹੋਇਆ ਸਰਹੱਦੀ ਤਣਾਅ ਇੱਕ ਮੰਦਭਾਗੀ ਸਥਿਤੀ ਸੀ, ਜਿਸ ਦੇ ਸਿੱਟੇ ਵਜੋਂ 15-16 ਜੂਨ ਨੂੰ ਹੋਈ ਝੜਪ ਵਿੱਚ ਸਾਡੇ 20 ਫ਼ੌਜੀ ਸ਼ਹੀਦ ਹੋ ਗਏ ਤੇ ਚੀਨੀ ਫੌਜੀ ਵੀ ਮਾਰੇ ਗਏ ਸਨ। ਤਿੰਨ ਕੁ ਹਫ਼ਤਿਆਂ ਦੀ ਕਸ਼ਮਕਸ਼ ਤੋਂ ਬਾਅਦ ਆਖਰ 5 ਜੁਲਾਈ ਨੂੰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਕੁਝ ਸੁਖਾਵਾਂ ਮੋੜ ਆਇਆ ਹੈ। ਖ਼ਬਰਾਂ ਆ ਰਹੀਆਂ ਹਨ ਕਿ ਗਲਵਾਨ ਘਾਟੀ ਸਮੇਤ ਦੂਜੀਆਂ ਥਾਵਾਂ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟ ਰਹੀਆਂ ਹਨ। ਹਰ ਅਮਨ ਪ੍ਰੇਮੀ ਲਈ ਇਹ ਖ਼ਬਰਾਂ ਰਾਹਤ ਪੁਚਾਉਣ ਵਾਲੀਆਂ ਹਨ। ਦੁਨੀਆ ਵਿੱਚੋਂ ਸਭ ਤੋਂ ਵੱਡੀ ਅਬਾਦੀ ਵਾਲੇ ਦੇਸ਼ਾਂ ਚੀਨ ਤੇ ਭਾਰਤ ਵਿੱਚ ਸਮੁੱਚੀ ਦੁਨੀਆ ਦੀ ਅੱਧੀ ਤੋਂ ਵੱਧ ਅਬਾਦੀ ਵਸਦੀ ਹੈ। ਜੇਕਰ ਦੋਵੇਂ ਦੇਸ਼ ਆਪਣਾ ਸਰਹੱਦੀ ਝਗੜਾ ਹੱਲ ਕਰਕੇ ਇੱਕ-ਦੂਜੇ ਦੇ ਸਹਿਯੋਗੀ ਬਣ ਕੇ ਤੁਰਦੇ ਹਨ ਤਾਂ ਵਿਸ਼ਵ ਸ਼ਕਤੀਆਂ ਦਾ ਸੰਤੁਲਨ ਫੈਸਲਾਕੁੰਨ ਢੰਗ ਨਾਲ ਏਸ਼ੀਆ ਦੇ ਪੱਖ ਵਿੱਚ ਬਦਲ ਸਕਦਾ ਹੈ, ਇਹ ਕੋਈ ਸਧਾਰਨ ਘਟਨਾ ਨਹੀਂ ਹੋਵੇਗੀ। ਇਸ ਨਾਲ ਅਮਰੀਕੀ ਸਰਦਾਰੀ ਦਾ ਭੋਗ ਪੈ ਕੇ ਇੱਕ ਨਵੇਂ ਸੰਸਾਰ ਭਾਈਚਾਰੇ ਦੀ ਬੁਨਿਆਦ ਦਾ ਮੁੱਢ ਬੱਝ ਜਾਵੇਗਾ, ਪਰ ਇਹ ਏਨਾ ਅਸਾਨ ਨਹੀਂ ਹੈ, ਕਿਉਂਕਿ ਇਸ ਖਿੱਤੇ ਦੇ ਦੇਸ਼ਾਂ ਵਿੱਚ ਅਮਰੀਕੀ ਲਾਬੀ ਏਨੀ ਸ਼ਕਤੀਸ਼ਾਲੀ ਹੋ ਚੁੱਕੀ ਹੈ ਕਿ ਉਹ ਅਜਿਹੇ ਕਿਸੇ ਵੀ ਕਦਮ ਦੇ ਰਾਹ ਵਿੱਚ ਅੜਿੱਕੇ ਪਾਉਂਦੀ ਰਹੇਗੀ, ਜਿਹੜਾ ਅਮਰੀਕੀ ਹਿੱਤਾਂ ਨੂੰ ਸੱਟ ਮਾਰਦਾ ਹੋਵੇ। ਚੀਨ ਵਿੱਚ 1949 ਵਿੱਚ ਕਮਿਊਨਿਸਟਾਂ ਹੱਥੋਂ ਅਮਰੀਕੀ ਕਠਪੁਤਲੀ ਚਿਆਂਗ ਕਾਈ ਸੈਕ ਦੀ ਹਾਰ ਦੇ ਦਿਨ ਤੋਂ ਹੀ ਅਮਰੀਕਾ ਚੀਨ ਨੂੰ ਘੇਰਨ ਲਈ ਲਗਾਤਾਰ ਕੋਸ਼ਿਸ਼ਾਂ ਕਰਦਾ ਰਿਹਾ ਹੈ। ਪਾਕਿਸਤਾਨ ਵਿੱਚ ਫੌਜੀ ਅੱਡੇ ਬਣਾ ਕੇ, ਸੀ ਆਈ ਏ ਰਾਹੀਂ ਤਿੱਬਤ ਵਿੱਚ ਘੁਸਪੈਠ ਕਰਕੇ ਤੇ ਸਾਡੇ ਦੇਸ਼ ਵਿੱਚ ਕਾਂਗਰਸ ਅੰਦਰਲੇ ਤੇ ਬਾਹਰਲੇ ਸੱਜੇ-ਪੱਖੀਆਂ ਦੀ ਹਮਾਇਤ ਨਾਲ ਉਹ ਲਗਾਤਾਰ ਕੋਸ਼ਿਸ਼ ਕਰਦਾ ਆ ਰਿਹਾ ਹੈ ਕਿ ਇਸ ਖਿੱਤੇ ਵਿੱਚ ਆਪਸੀ ਸਹਿਯੋਗ ਸਥਾਪਤ ਨਾ ਹੋ ਸਕੇ।
1962 ਦੀ ਹਿੰਦ-ਚੀਨ ਜੰਗ ਤੋਂ ਪਹਿਲਾਂ ਦੇ ਘਟਨਾਕ੍ਰਮ ਉੱਤੇ ਨਿਗ੍ਹਾ ਮਾਰੀ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਹੋ ਰਹੇ ਸਰਹੱਦੀ ਸੁਲਾਹਨਾਮੇ ਨੂੰ ਇੱਕ ਯੋਜਨਾ ਅਧੀਨ ਸਾਬੋਤਾਜ ਹੀ ਨਹੀਂ ਕੀਤਾ ਗਿਆ, ਸਗੋਂ ਜੰਗ ਦੇ ਹਾਲਾਤ ਵੀ ਪੈਦਾ ਕੀਤੇ ਗਏ। ਚੀਨ ਦੇ ਤਿੱਬਤ ਉੱਤੇ ਪੂਰੇ ਕੰਟਰੋਲ ਤੋਂ ਬਾਅਦ ਭਾਰਤ ਤੇ ਚੀਨ ਵਿਚਕਾਰ ਸਰਹੱਦੀ ਝਗੜੇ ਦਾ ਸੁਆਲ ਭਖ ਪਿਆ ਸੀ। ਦੋਵੇਂ ਧਿਰਾਂ ਆਪਣੇ-ਆਪਣੇ ਨਕਸ਼ੇ ਤੇ ਤੱਥ ਪੇਸ਼ ਕਰ ਰਹੀਆਂ ਸਨ। ਸਰਹੱਦੀ ਝਗੜਾ ਨਿਬੇੜਿਆ ਜਾਵੇ, ਇਸ ਲਈ 1960 ਵਿੱਚ ਚੀਨ ਦੇ ਪ੍ਰਧਾਨ ਮੰਤਰੀ ਚੂ ਇਨ ਲਾਈ ਭਾਰਤ ਦੇ ਦੌਰੇ ਉੱਤੇ ਆਏ। ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਮੀਟਿੰਗ ਵਿੱਚ ਦੇਖਿਆ ਗਿਆ ਕਿ ਝਗੜੇ ਵਾਲਾ ਕੁਲ ਏਰੀਆ 50 ਹਜ਼ਾਰ ਵਰਗ ਮੀਲ ਹੈ, ਜਿਸ ਵਿੱਚੋਂ 12 ਹਜ਼ਾਰ ਵਰਗ ਮੀਲ ਉੱਤੇ ਚੀਨ ਦਾ ਕਬਜ਼ਾ ਹੈ ਤੇ 18 ਹਜ਼ਾਰ ਵਰਗ ਮੀਲ 'ਤੇ ਭਾਰਤ ਦਾ। ਬਾਕੀ ਵਿਚਕਾਰਲਾ 20 ਹਜ਼ਾਰ ਵਰਗ ਮੀਲ ਬੇਅਬਾਦ ਇਲਾਕਾ ਹੈ। ਲਗਾਤਾਰ ਤਿੰਨ ਦਿਨ ਦੀ ਕਸਰਤ ਤੋਂ ਬਾਅਦ ਜਦੋਂ ਗੱਲ ਸਿਰੇ ਲੱਗਦੀ ਨਾ ਦਿਸੀ ਤਾਂ ਚੀਨੀ ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਜਿਹੜਾ ਇਲਾਕਾ ਚੀਨ ਕੋਲ ਹੈ, ਉਹ ਚੀਨ ਦਾ ਤੇ ਜਿਹੜਾ ਭਾਰਤ ਪਾਸ ਹੈ, ਉਹ ਭਾਰਤ ਦਾ ਹੋਵੇਗਾ ਤੇ ਬਾਕੀ 20 ਹਜ਼ਾਰ ਵਰਗ ਮੀਲ ਦਾ ਬੇਅਬਾਦ ਵੀ ਭਾਰਤ ਦਾ ਹੀ ਹੋਵੇਗਾ। ਪੰਡਤ ਜਵਾਹਰ ਲਾਲ ਨਹਿਰੂ ਤਜਵੀਜ਼ ਨਾਲ ਸਹਿਮਤ ਸਨ, ਪਰ ਉਨ੍ਹਾ ਇਹ ਕਹਿ ਕੇ ਗੱਲ ਸਿਰੇ ਨਾ ਲਾਈ ਕਿ ਸਾਨੂੰ ਆਪਣੀ ਜਨਤਾ ਨੂੰ ਸਮਝਾਉਣਾ ਪਵੇਗਾ। ਅਸੀਂ ਉਪਰੋਕਤ ਜੋ ਤੱਥ ਪੇਸ਼ ਕੀਤੇ ਹਨ, ਉਹ ਅਜ਼ਾਦੀ ਘੁਲਾਟੀਏ ਪੰਡਤ ਸੁੰਦਰ ਲਾਲ, ਜੋ ਇਸ ਸਾਰੇ ਝਗੜੇ ਨਾਲ ਨੇੜਿਓਂ ਜੁੜੇ ਰਹੇ, ਵੱਲੋਂ ਲਿਖੇ ਇੱਕ ਲੰਮੇ ਲੇਖ ਤੋਂ ਲਏ ਹਨ।
ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਇਹ ਸਹਿਮਤੀ ਬਣੀ ਕਿ ਦੋਵੇਂ ਪੱਖਾਂ ਵਿੱਚੋਂ ਕੋਈ ਵੀ ਬੇਅਬਾਦ ਹਿੱਸੇ ਵਿੱਚ ਦਾਖ਼ਲ ਨਹੀਂ ਹੋਵੇਗਾ। ਇਸ ਸੰਧੀ ਉੱਤੇ ਦੋਵਾਂ ਪ੍ਰਧਾਨ ਮੰਤਰੀਆਂ ਦੇ ਦਸਤਖ਼ਤ ਹੋਏ। ਉਸ ਸਮੇਂ ਦੇ ਮੇਜਰ ਜਨਰਲ ਬੀ ਐੱਮ ਕੌਲ ਦੀ ਲਿਖੀ ਕਿਤਾਬ 'ਅਨਟੋਲਡ ਸਟੋਰੀ' ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਚੀਨ ਨੇ ਇਹ ਸੰਧੀ ਨਹੀਂ ਤੋੜੀ , ਪ੍ਰੰਤੂ ਕਿਸੇ ਅਣਦਿਸਦੇ ਦਬਾਅ ਕਾਰਨ ਪੰਡਤ ਜਵਾਹਰ ਲਾਲ ਨਹਿਰੂ ਨੇ ਇਹ ਸੰਧੀ ਤੋੜ ਦਿੱਤੀ। ਇਸ ਤੋਂ ਬਾਅਦ ਵੀ ਚੀਨ ਵੱਲੋਂ ਰੋਸ ਪ੍ਰਗਟ ਕਰਦਿਆਂ ਭਾਰਤ ਸਰਕਾਰ ਨੂੰ ਉਤੋੜਿੱਤੀ ਤਿੰਨ ਚਿੱਠੀਆਂ ਲਿਖੀਆਂ ਗਈਆਂ ਕਿ ਜੇਕਰ ਭਾਰਤ ਵੱਲੋਂ ਸੰਧੀ ਤੋੜਨ ਦੀਆਂ ਕਾਰਵਾਈਆਂ ਨਾ ਰੋਕੀਆਂ ਗਈਆਂ ਤਾਂ ਚੀਨ ਬਦਲੇ ਦੀ ਕਾਰਵਾਈ ਕਰਨ ਲਈ ਮਜਬੂਰ ਹੋਵੇਗਾ। ਇਹ ਸਭ ਚਿੱਠੀਆਂ ਭਾਰਤ ਸਰਕਾਰ ਦੇ ਰਿਕਾਰਡ ਵਿੱਚ ਮੌਜੂਦ ਹਨ। ਇਸ ਸਾਰੇ ਘਟਨਾਕ੍ਰਮ ਤੇ ਜੰਗ ਸੰਬੰਧੀ ਪੂਰੇ ਤੱਥ ਜਨਰਲ ਕੌਲ ਦੀ ਪੁਸਤਕ ਵਿੱਚ ਦਰਜ ਹਨ। ਸਪੱਸ਼ਟ ਤੌਰ ਉੱਤੇ ਕਿਹਾ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਕਾਂਗਰਸ ਅੰਦਰਲੀ ਅਮਰੀਕੀ ਲਾਬੀ ਦੇ ਪੂਰੇ ਦਬਾਅ ਵਿੱਚ ਸੀ। ਇਸ ਸਮੇਂ ਤੱਕ ਅਮਰੀਕਾ, ਬਰਤਾਨੀਆ ਤੇ ਜਰਮਨੀ ਸਮੇਤ ਪੱਛਮੀ ਦੇਸ਼ਾਂ ਨੇ ਸਾਡੀ ਕਮਜ਼ੋਰ ਆਰਥਿਕ ਸਥਿਤੀ ਦਾ ਲਾਭ ਲੈਂਦਿਆਂ ਭਾਰਤ ਨੂੰ ਦਿਲ ਖੋਲ੍ਹ ਕੇ ਫੰਡ ਦਿੱਤੇ ਤੇ ਧਨਾਢ ਸਨਅਤਕਾਰਾਂ ਨਾਲ ਵਪਾਰਕ ਰਿਸ਼ਤੇ ਕਾਇਮ ਕਰ ਲਏ ਸਨ।
ਅੱਜ ਜਦੋਂ ਅਸੀਂ ਇਹ ਆਸ ਕਰਦੇ ਹਾਂ ਕਿ ਸਾਡੇ ਦੋਵੇਂ ਦੇਸ਼ ਇੱਕ -ਦੂਜੇ ਨਾਲ ਭਰਾਤਰੀ ਰਿਸ਼ਤੇ ਕਾਇਮ ਕਰਨ ਤਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅੱਜ ਸਾਡੇ ਦੇਸ਼ ਵਿਚਲੀ ਅਮਰੀਕੀ ਲਾਬੀ ਸੱਤਾਧਾਰੀ ਹੋ ਚੁੱਕੀ ਹੈ। ਸਾਡੇ ਹਾਕਮ ਹਰ ਕਦਮ ਉੱਤੇ ਅਮਰੀਕਾ ਤੇ ਉਸ ਦੇ ਜੋਟੀਦਾਰਾਂ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਸਾਡੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਪੱਛਮੀ ਸਾਮਰਾਜੀਆਂ ਦੀ ਬਾਂਦੀ ਬਣ ਚੁੱਕੀ ਹੈ। ਅਮਰੀਕਾ ਇਸ ਸਮੇਂ ਸੰਸਾਰ ਸਰਦਾਰੀ ਦਾ ਆਪਣਾ ਤਾਜ ਬਚਾਉਣ ਲਈ ਪੂਰੀ ਵਾਹ ਲਾ ਰਿਹਾ ਹੈ। ਇਸ ਸਮੇਂ ਉਸ ਦੇ ਨਿਸ਼ਾਨੇ ਉੱਤੇ ਸਾਡੇ ਖਿੱਤੇ ਦੇ ਦੇਸ਼ ਹਨ। ਉਹ ਮਿਲੇਨੀਅਮ ਚੈਲੇਂਜ ਕਾਰਪੋਰੇਸ਼ਨ ਰਾਹੀਂ ਨੇਪਾਲ ਵਿੱਚ ਪੈਸਾ ਲਾ ਰਿਹਾ ਹੈ। ਭੂਟਾਨ ਵਿੱਚ ਉਹ ਜੰਗਲੀ ਜਾਨਵਰ ਰੱਖ ਦੀ ਦੇਖਭਾਲ ਤੇ ਪ੍ਰਬੰਧ ਲਈ ਫੰਡ ਖਰਚ ਕਰ ਰਿਹਾ ਹੈ। ਕਨਸੋਆਂ ਇਹ ਵੀ ਹਨ ਕਿ ਨੇਪਾਲ ਦੀ ਕਮਿਊਨਿਸਟ ਪਾਰਟੀ ਵਿੱਚ ਮੌਜੂਦਾ ਸੰਕਟ ਦੇ ਪਿੱਛੇ ਵੀ ਅਮਰੀਕਾ ਹੈ ਤੇ ਉਸ ਨੇ ਨੇਪਾਲੀ ਫੌਜ ਵਿੱਚ ਵੀ ਘੁਸਪੈਠ ਕਰ ਲਈ ਹੈ। ਅੱਜ ਜਦੋਂ ਸਾਡੇ ਦੇਸ਼ ਵਿੱਚ ਹਰ ਕੋਈ ਚੀਨੀ ਵਿਸਥਾਰਵਾਦ ਤੇ ਉਸ ਉੱਤੇ ਭਰੋਸਾ ਨਾ ਕਰਨ ਦੀ ਰੱਟ ਲਾ ਰਿਹਾ ਹੈ, ਉਸ ਸਮੇਂ ਅਮਰੀਕਾ ਸਾਰੇ ਹਿਮਾਲਿਆ ਖੇਤਰ ਅੰਦਰ ਪੈਰ ਪਸਾਰ ਚੁੱਕਾ ਹੈ। ਇਸ ਲਈ ਭਾਰਤ ਨੂੰ ਇਸ ਦੀ ਚਿੰਤਾ ਹੋਣੀ ਚਾਹੀਦੀ ਹੈ। ਅਮਰੀਕਾ ਦੇ ਵਧਦੇ ਕਦਮਾਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਸਭ ਗੁਆਂਢੀ ਦੇਸ਼ਾਂ ਨਾਲ ਬਰਾਬਰੀ ਦੇ ਰਿਸ਼ਤੇ ਵਿਕਸਤ ਕਰੀਏ। ਚੀਨ, ਪਾਕਿਸਤਾਨ ਤੇ ਬੰਗਲਾਦੇਸ਼ ਸਮੇਤ ਸਭ ਦੇਸ਼ਾਂ ਨਾਲ ਸਰਹੱਦੀ ਝਗੜੇ ਗੱਲਬਾਤ ਦੀ ਮੇਜ਼ ਉੱਤੇ ਬਹਿ ਕੇ ਨਿਬੇੜੀਏ। ਅਸੀਂ ਗੁਲਾਮੀ ਵਿੱਚੋਂ ਨਿਕਲ ਕੇ ਆਏ ਹਾਂ ਤੇ ਸਾਡੇ ਅਨੇਕਾਂ ਮਸਲੇ ਹਨ, ਜਿਹੜੇ ਅਮਨ ਦੀ ਗਰੰਟੀ ਨਾਲ ਹੀ ਹੱਲ ਹੋ ਸਕਦੇ ਹਨ। ਗਰੀਬੀ, ਅਨਪੜ੍ਹਤਾ, ਰੁਜ਼ਗਾਰ ਤੇ ਸਿਹਤ ਸਮੱਸਿਆਵਾਂ ਲਈ ਹਥਿਆਰਾਂ ਦੀ ਹੋੜ ਵਿੱਚੋਂ ਨਿਕਲ ਕੇ ਸਾਨੂੰ ਪੁਰਅਮਨ ਸਹਿਹੋਂਦ ਦੀ ਰਾਹ ਫੜਨੀ ਪਵੇਗੀ। ਸਾਡੇ ਮੌਜੂਦਾ ਹਾਕਮਾਂ ਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ। ਇਸ ਲਈ ਇੱਕ ਨਾਗਰਿਕ ਅੰਦੋਲਨ ਦੀ ਲੋੜ ਹੈ। ਦੇਸ਼ ਦੇ ਵਿਕਾਸ ਨੂੰ ਪ੍ਰਣਾਏ ਹਰ ਸਿਆਸੀ, ਸਮਾਜਿਕ ਤੇ ਹੋਰਨਾਂ ਲੋਕ ਹਿੱਤੂ ਸੰਸਥਾਵਾਂ ਨੂੰ ਇੱਕ ਮੰਚ ਉੱਤੇ ਆ ਕੇ ਲੋਕਤੰਤਰ ਨੂੰ ਬਚਾਉਣ, ਫਾਸ਼ੀਵਾਦ ਨੂੰ ਹਰਾਉਣ ਤੇ ਸੰਸਾਰ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣਾ ਪਵੇਗਾ।
-ਚੰਦ ਫਤਿਹਪੁਰੀ

713 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper