Latest News
80 ਅਰਬਪਤੀਆਂ ਦਾ ਖੁੱਲ੍ਹਾ ਸੱਦਾ : ਕੋਰੋਨਾ ਖਿਲਾਫ ਲੜਨਾ ਤਾਂ ਸਾਡੇ 'ਤੇ ਤਕੜੇ ਟੈਕਸ ਠੋਕੋ

Published on 13 Jul, 2020 10:51 AM.


ਲੰਡਨ : ਮਨੁੱਖਤਾ ਨੂੰ ਧਨ ਨਾਲੋਂ ਵਧੇਰੇ ਅਹਿਮ ਕਰਾਰ ਦਿੰਦਿਆਂ ਦੁਨੀਆ ਦੇ 80 ਅਰਬਪਤੀਆਂ ਨੇ ਸੋਮਵਾਰ ਸਰਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਪੈਸੇ ਜੁਟਾਉਣ ਵਾਸਤੇ ਉਨ੍ਹਾਂ 'ਤੇ ਟੈਕਸ ਲਾਉਣ। ਇਨ੍ਹਾਂ ਅਰਬਪਤੀਆਂ, ਜਿਨ੍ਹਾਂ ਵਿਚੋਂ ਬਹੁਤੇ ਅਮਰੀਕਾ ਤੇ ਬਰਤਾਨੀਆ ਵਿਚ ਰਹਿੰਦੇ ਹਨ, ਨੇ ਇਕ ਖੁੱਲ੍ਹੇ ਪੱਤਰ ਵਿਚ ਕਿਹਾ ਹੈ ਕਿ ਉਨ੍ਹਾਂ ਵਰਗੇ ਅਮੀਰਾਂ 'ਤੇ ਪੱਕੇ ਤੌਰ 'ਤੇ ਟੈਕਸ ਵਧਾਉਣ ਨਾਲ ਇਕੱਠੇ ਹੋਣ ਵਾਲੇ ਪੈਸੇ ਸਿਹਤ ਸਿਸਟਮ, ਸਕੂਲਾਂ ਅਤੇ ਸੁਰੱਖਿਆ ਉਤੇ ਖਰਚੇ ਜਾ ਸਕਣਗੇ। ਉਨ੍ਹਾਂ ਕਿਹਾ ਹੈ, ''ਅਸੀਂ ਇੰਟੈਂਸਿਵ ਕੇਅਰ ਯੂਨਿਟਾਂ ਵਿਚ ਬੀਮਾਰਾਂ ਦੀ ਦੇਖਭਾਲ ਨਹੀਂ ਕਰ ਰਹੇ। ਅਸੀਂ ਬੀਮਾਰਾਂ ਨੂੰ ਹਸਪਤਾਲ ਲਿਆਉਣ ਲਈ ਐਂਬੂਲੈਂਸਾਂ ਨਹੀਂ ਚਲਾ ਰਹੇ। ਨਾ ਹੀ ਘਰ-ਘਰ ਰਾਸ਼ਨ ਪਹੁੰਚਾ ਰਹੇ ਹਾਂ। ਪਰ ਸਾਡੇ ਕੋਲ ਕਾਫੀ ਧਨ ਹੈ। ਕੋਰੋਨਾ ਨਾਲ ਲੜਨ ਲਈ ਇਸ ਵੇਲੇ ਧਨ ਦੀ ਲੋੜ ਹੈ ਤੇ ਅਗਾਂਹ ਵੀ ਰਹਿਣੀ ਹੈ।''
ਪੱਤਰ ਵਿਚ ਕਿਹਾ ਗਿਆ ਹੈ ਕਿ ਸੰਕਟ ਦਾ ਅਸਰ ਦਹਾਕਿਆਂ ਤਕ ਰਹਿਣਾ ਹੈ। ਇਹ 50 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਵੱਲ ਧੱਕੇਗਾ। ਲੱਖਾਂ ਲੋਕ ਨੌਕਰੀਆਂ ਗੁÎਆਉਣਗ,ੇ ਕਿਉਂਕਿ ਕੰਮ-ਧੰਦੇ ਬੰਦ ਹੋ ਜਾਣਗੇ, ਕੁਝ ਤਾਂ ਪੱਕੇ ਤੌਰ 'ਤੇ ਬੰਦ ਹੋ ਜਾਣਗੇ। ਪੱਤਰ ਵਿਚ ਅੱਗੇ ਕਿਹਾ ਗਿਆ ਹੈ, '' ਕਰੋੜਾਂ ਲੋਕਾਂ ਵਾਂਗ ਸਾਨੂੰ ਕੰਮ ਜਾਂ ਘਰ ਗੁਆਉਣ ਜਾਂ ਆਪਣੇ ਪਰਵਾਰਾਂ ਨੂੰ ਪਾਲਣ ਦੀ ਚਿੰਤਾ ਨਹੀਂ। ਅਸੀਂ ਇਸ ਐਮਰਜੰਸੀ ਵਿਚ ਮੋਰਚੇ 'ਤੇ ਨਹੀਂ ਲੜ ਰਹੇ ਅਤੇ ਸਾਨੂੰ ਵਾਇਰਸ ਚਿੰਬੜਨ ਦਾ ਖਤਰਾ ਵੀ ਘੱਟ ਹੈ। ਸਾਡੇ ਉਤੇ ਮੋਰਚੇ 'ਤੇ ਲੜਨ ਵਾਲੇ ਲੋਕਾਂ ਦਾ ਭਾਰੀ ਬੋਝ ਹੈ। ਇਸ ਕਰਕੇ ਕ੍ਰਿਪਾ ਕਰਕੇ ਸਾਡੇ 'ਤੇ ਟੈਕਸ ਲਾਓ, ਟੈਕਸ ਲਾਓ, ਟੈਕਸ ਲਾਓ। ਇਹੀ ਸਹੀ ਰਾਹ ਹੈ। ਇਹੀ ਸਹੀ ਰਾਹ ਹੈ। ਮਨੁੱਖਤਾ ਸਾਡੇ ਧਨ ਨਾਲੋਂ ਕਿਤੇ ਅਹਿਮ ਹੈ।'' ਪੱਤਰ 'ਤੇ ਦਸਤਖਤ ਕਰਨ ਵਾਲਿਆਂ ਵਿਚ ਐਬੀਗੈਲ ਡਿਜ਼ਨੀ, ਟਿਮ ਡਿਜ਼ਨੀ ਤੇ ਮੈਰੀ ਫੋਰਡ ਸ਼ਾਮਲ ਹਨ। ਇਸੇ ਦੌਰਾਨ ਬਰਤਾਨੀਆ ਦੇ ਲੇਬਰ ਆਗੂ ਕੀਰ ਸਟਾਰਮੇਰ ਨੇ ਬੋਰਿਸ ਜੌਹਨਸਨ ਦੀ ਸਰਕਾਰ ਨੂੰ ਕਿਹਾ ਹੈ ਕਿ ਉਹ ਦੌਲਤ ਟੈਕਸ ਲਾਵੇ। ਉਹ ਇਸ ਸਿਧਾਂਤ ਦੇ ਹਮਾਇਤੀ ਹਨ ਕਿ ਜਿਨ੍ਹਾਂ ਦੇ ਮੋਢੇ ਤਕੜੇ ਹਨ, ਉਹ ਜ਼ਿਆਦਾ ਵਜ਼ਨ ਸਹਿਣ।

158 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper