Latest News
ਇਨਕਲਾਬੀ ਨਾਹਰਿਆਂ ਨਾਲ ਕਾਮਰੇਡ ਹਰਪਾਲ ਨੂੰ ਅੰਤਮ ਵਿਦਾਇਗੀ

Published on 13 Jul, 2020 10:53 AM.


ਮੋਹਾਲੀ (ਗੁਰਜੀਤ ਬਿੱਲਾ)
ਪਹਿਲਾਂ ਦਹਿਸ਼ਤਗਰਦਾਂ ਖਿਲਾਫ ਅਤੇ ਫਿਰ 1990 ਤੋਂ ਦਹਿਸ਼ਤਗਰਦਾਂ ਦੀ ਗੋਲੀ ਵੱਲੋਂ ਦਿਤੇ ਲਾਇਲਾਜ ਜ਼ਖਮਾਂ ਵਿਰੁੱਧ ਲੜਦੇ ਜ਼ਿੰਦਾ ਸ਼ਹੀਦ ਵਜੋਂ ਵਿਚਰੇ ਕਮਿਊਨਿਸਟ ਯੋਧਾ ਕਾਮਰੇਡ ਹਰਪਾਲ ਸਿੰਘ ਮੋਹਾਲੀ ਨੂੰ ਸੋਮਵਾਰ 'ਕਾਮਰੇਡ ਹਰਪਾਲ ਨੂੰ ਲਾਲ ਸਲਾਮ', 'ਕਾਮਰੇਡ ਹਰਪਾਲ ਤੇਰੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ', 'ਕਾਮਰੇਡ ਹਰਪਾਲ ਅਮਰ ਰਹੇ' ਦੇ ਰੋਹ ਭਰੇ ਨਾਹਰਿਆਂ ਅਤੇ ਨਮ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। ਕਾਮਰੇਡ ਹਰਪਾਲ ਸਮਰਾਲੇ ਲਾਗੇ ਪਿੰਡ ਮਜਾਲੀਆਂ ਦੇ ਸਾਧਾਰਨ ਪਰਵਾਰ ਵਿਚ ਜੰਮ ਕੇ, ਐੱਮ ਏ, ਐੱਲ ਐੱਲ ਬੀ ਤੱਕ ਪੜ੍ਹ ਕੇ, ਏ ਆਈ ਐੱਸ ਐੱਫ ਪੰਜਾਬ ਦੇ ਪ੍ਰਧਾਨ ਤੇ ਕੌਮੀ ਸਕੱਤਰ ਵਜੋਂ ਵਿਦਿਆਰਥੀ ਲਹਿਰ ਨੂੰ ਉਸਾਰਦੇ ਰਹੇ। ਉਹ ਆਪਣੇ ਪਿੰਡ ਦੇ ਮਿਸਾਲੀ ਸਰਪੰਚ ਵੀ ਰਹੇ। ਉਹ ਸੀ ਪੀ ਆਈ ਦੀ ਪੰਜਾਬ ਸੂਬਾ ਕੌਂਸਲ ਅਤੇ ਸੂਬਾ ਕੰਟਰੋਲ ਕਮਿਸ਼ਨ ਦੇ ਮੈਂਬਰ ਰਹੇ। ਉਹ ਏਟਕ ਦੇ ਸੂਬਾਈ ਅਤੇ ਕੌਮੀ ਆਗੂ ਸਨ। ਉਹ ਦਹਿਸ਼ਤਗਰਦੀ ਦੇ ਦਿਨਾਂ ਵਿਚ ਜ਼ਿਲ੍ਹਾ ਰੋਪੜ ਦੇ ਏਟਕ ਦੇ ਮੁੱਖ ਅਹੁਦੇਦਾਰ ਸਨ ਅਤੇ ਦੇਸ਼ ਦੀ ਏਕਤਾ ਤੇ ਅਮਨ ਲਈ ਲੜਾਈ ਨੂੰ ਅਗਵਾਈ ਦੇ ਰਹੇ ਸਨ, ਜਦੋਂ ਦਹਿਸ਼ਤਗਰਦਾਂ ਨੇ ਉਹਨਾ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਨਾਲ ਉਹ ਬਾਕੀ ਦੀ 31 ਸਾਲ ਉਮਰ ਵੀਲ੍ਹ ਚੇਅਰ ਦੇ ਮੁਥਾਜ ਹੋ ਗਏ, ਪਰ ਫਿਰ ਵੀ ਪਾਰਟੀ ਦੀ ਹਰ ਸਰਗਰਮੀ ਵਿਚ ਵਿਤ ਮੂਜਬ ਯੋਗਦਾਨ ਪਾਉਂਦੇ ਰਹੇ। ਉਹ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਦਹਾਕਿਆਂ ਤੋਂ ਮੈਂਬਰ ਸਨ।
ਐਤਵਾਰ ਸ਼ਾਮ ਸਵਾ ਪੰਜ ਵਜੇ ਉਹਨਾ ਅੰਤਮ ਸੁਆਸ ਲਏ। ਉਹਨਾ ਦੀ ਚਿਖਾ ਨੂੰ ਉਹਨਾ ਦੀ ਲੜਕੀ ਗੌਰਾਂ (ਚੰਨਪ੍ਰੀਤ ਕੌਰ) ਅਤੇ ਭਤੀਜੇ ਮੋਹਨ ਸਿੰਘ ਨੇ ਅਗਨੀ ਦਿਖਾਈ। ਉਹਨਾ ਦਾ ਲੜਕਾ ਅਮਨਪ੍ਰੀਤ ਸਿੰਘ ਅਮਰੀਕਾ ਵਿਚ ਹੋਣ ਕਾਰਨ ਪਹੁੰਚ ਨਹੀਂ ਸਕਿਆ। ਇਸ ਮੌਕੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਹਰਪਾਲ ਨੂੰ ਕਰਮਵੀਰ ਕਮਿਊਨਿਸਟ ਯੋਧਾ ਆਖਿਆ ਅਤੇ ਉਹਨਾ ਦੀਆਂ ਮਿਸਾਲੀ ਪੈੜਾਂ 'ਤੇ ਤੁਰਨ ਦਾ ਅਹਿਦ ਕੀਤਾ।
ਪਹਿਲਾਂ ਉਹਨਾ ਦੀ ਦੇਹ ਉਤੇ ਸੂਬਾ ਪਾਰਟੀ ਵੱਲੋਂ ਬੰਤ ਸਿੰਘ ਬਰਾੜ, ਗੁਰਨਾਮ ਕੰਵਰ, ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ, ਮਹਿੰਦਰਪਾਲ ਨੇ ਲਾਲ ਝੰਡਾ ਪਾਇਆ ਅਤੇ ਇਨਕਲਾਬੀ ਨਾਹਰੇ ਲਾਏ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ.ਸੁਖਦੇਵ ਸਿੰਘ ਸਿਰਸਾ ਨੇ ਲੇਖਕ ਜਥੇਬੰਦੀਆਂ ਅਤੇ ਜੂਝ ਰਹੇ ਲੇਖਕਾਂ ਵੱਲੋਂ ਲੋਈ ਅਰਪਿਤ ਕੀਤੀ। ਉਹਨਾ ਦੀ ਅੰਤਮ ਯਾਤਰਾ ਵਿਚ ਉਪਰੋਕਤ ਜ਼ਿਕਰ ਆਏ ਸਾਥੀਆਂ ਤੋਂ ਇਲਾਵਾ ਦਿਲਦਾਰ, ਜਸਪਾਲ ਦੱਪਰ, ਬਲਵਿੰਦਰ ਜੰਮੂ, ਸੁਦੇਸ਼, ਸੰਜੀਵਨ, ਰੰਜੀਵਨ, ਹਰਬੰਸ ਬਾਗੜੀ, ਲਾਲੀ, ਐੱਸ ਐੱਸ ਚੀਮਾ, ਕਾਮਰੇਡ ਹਰਪਾਲ ਦੇ ਪਰਵਾਰ ਦੇ ਮੈਂਬਰ ਤੇ ਮਜਾਲੀਆ ਦੇ ਸਰਪੰਚ ਸ਼ਾਮਲ ਸਨ। ਦਿਲਦਾਰ ਸਿੰਘ, ਪਰਮਜੀਤ ਮਠਾਰੂ, ਗੁਰਦਿਆਲ ਵਿਰਕ, ਮੋਹਨ ਗਿੱਲ ਤੇ ਪ੍ਰੀਤਮ ਸਿੰਘ ਹੁੰਦਲ ਆਦਿ ਹਾਜ਼ਰ ਸਨ।

193 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper