Latest News
ਕਸ਼ਮੀਰ 'ਚ ਜ਼ਾਲਮਾਂ ਖਿਲਾਫ ਮਜ਼ਲੂਮਾਂ ਦੀ ਲੜਾਈ ਨੂੰ ਚੇਤੇ ਕਰਾਉਂਦੀ 89 ਸਾਲ ਪੁਰਾਣੀ ਤਸਵੀਰ

Published on 13 Jul, 2020 10:54 AM.


ਜੰਮੂ : ਨੈਸ਼ਨਲ ਕਾਨਫਰੰਸ ਨੇ ਸੋਮਵਾਰ ਸ਼ਹੀਦੀ ਦਿਨ 'ਤੇ ਸ਼ਰਧਾਂਜਲੀ ਦਿੰਦਿਆਂ ਕਈ ਦਹਾਕਿਆਂ ਬਾਅਦ ਪਹਿਲੀ ਵਾਰ ਆਪਣੇ ਟਵਿਟਰ ਹੈਂਡਲ 'ਤੇ 13 ਜੁਲਾਈ 1931 ਦੀ ਉਹ ਬਲੈਕ ਐਂਡ ਵ੍ਹਾਈਟ ਤਸਵੀਰ ਲਾਈ, ਜਿਹੜੀ ਚੇਤੇ ਕਰਾਉਂਦੀ ਹੈ ਕਿ 89 ਸਾਲ ਪਹਿਲਾਂ ਕੀ ਹੋਇਆ ਸੀ।
ਤਸਵੀਰ ਵਿਚ ਮੰਜਿਆਂ 'ਤੇ ਲਾਸ਼ਾਂ ਪਈਆਂ ਨਜ਼ਰ ਆ ਰਹੀਆਂ ਹਨ ਤੇ ਭਾਰੀ ਭੀੜ ਇਸਲਾਮੀ ਰਵਾਇਤਾਂ ਮੁਤਾਬਕ ਅਰਦਾਸ ਕਰ ਰਹੀ ਹੈ। ਤਸਵੀਰ ਦੇ ਹੇਠਾਂ ਲਿਖਿਆ ਹੈ : 'ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਤੇ ਉਪ ਪ੍ਰਧਾਨ ਉਮਰ ਅਬਦੁੱਲਾ ਅੱਜ ਸ਼ਹੀਦੀ ਦਿਵਸ 'ਤੇ 13 ਜੁਲਾਈ 1931 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ।' ਕਸ਼ਮੀਰੀ ਪਾਰਟੀਆਂ ਰਜਵਾੜਾਸ਼ਾਹੀ ਦੇ ਖਿਲਾਫ ਲੜਾਈ ਵਿਚ ਮਾਰੇ ਜਾਣ ਵਾਲਿਆਂ ਦੀ ਯਾਦ ਵਿਚ 13 ਜੁਲਾਈ ਨੂੰ ਸ਼ਹੀਦੀ ਦਿਵਸ ਵਜੋਂ ਮਨਾਉਂਦੀਆਂ ਆ ਰਹੀਆਂ ਹਨ, ਤਾਂ ਵੀ ਇਸ ਦਾ ਦੂਜਾ ਪੱਖ ਇਹ ਦੱਸਿਆ ਜਾਂਦਾ ਹੈ ਕਿ ਘੱਟ ਗਿਣਤੀਆਂ ਨੂੰ ਡਰਾਉਣ ਤੇ ਉਨ੍ਹਾਂ ਦੀਆਂ ਜਾਇਦਾਦਾਂ ਲੁੱਟਣ ਦੌਰਾਨ ਜਿਹੜੇ ਲੋਕ ਪੁਲਸ ਫਾਇਰਿੰਗ ਵਿਚ ਮਾਰੇ ਗਏ ਸਨ, ਉਨ੍ਹਾਂ ਨੂੰ ਕਸ਼ਮੀਰੀਏ 'ਸ਼ਹੀਦ' ਦੱਸਦੇ ਹਨ।
ਡਾ. ਫਾਰੂਕ ਅਬਦੁੱਲਾ ਨੇ ਆਪਣੇ ਸੁਨੇਹੇ ਵਿਚ ਕਿਹਾ ਹੈ ਕਿ 13 ਜੁਲਾਈ ਜੰਮੂ-ਕਸ਼ਮੀਰ ਦੀ ਪਛਾਣ ਤੇ ਇਸ ਦੇ ਲੋਕਾਂ ਦੇ ਹੱਕਾਂ ਦਾ ਅਹਿਸਾਸ ਕਰਾਉਣ ਦਾ ਦਿਨ ਹੈ। ਇਹ ਜ਼ਾਲਮ ਖਿਲਾਫ ਮਜ਼ਲੂਮਾਂ ਦੀ ਲੜਾਈ ਦਾ ਪ੍ਰਤੀਕ ਹੈ। ਇਸੇ ਦਿਨ ਆਪਣੇ ਆਖਰੀ ਸਾਹ ਲੈ ਰਹੇ ਇਕ ਸ਼ਹੀਦ ਨੇ ਸ਼ੇਰੇ ਕਸ਼ਮੀਰ (ਡਾ. ਫਾਰੂਕ ਦੇ ਪਿਤਾ ਤੇ ਉਸ ਸੰਘਰਸ਼ ਦੇ ਆਗੂ ਸ਼ੇਖ ਅਬਦੁੱਲਾ) ਨੂੰ ਕਿਹਾ ਕਿ ਉਸ ਨੇ ਆਪਣਾ ਫਰਜ਼ ਨਿਭਾ ਦਿੱਤਾ ਤੇ ਹੁਣ ਅੱਗੇ ਵਧਣ ਦਾ ਫਰਜ਼ ਤੁਸੀਂ ਨਿਭਾਉਣਾ ਹੈ।

188 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper