Latest News
ਵੇਲੇ ਸਿਰ ਜਾਗਣ ਦੀ ਲੋੜ

Published on 14 Jul, 2020 10:50 AM.

ਮੀਂਹ ਡੇਢ ਕੁ ਹੀ ਪਏ ਹਨ, ਪਰ ਕਿਸਾਨਾਂ ਦੇ ਸਾਹ ਹੁਣ ਤੋਂ ਹੀ ਸੂਤੇ ਗਏ ਹਨ। ਭਾਰੀ ਮੀਂਹਾਂ ਕਾਰਨ ਭਾਖੜਾ ਤੋਂ ਵਾਧੂ ਪਾਣੀ ਛੱਡੇ ਜਾਣ ਕਾਰਨ ਰੋਪੜ ਤੋਂ ਫਿਲੌਰ ਤZਕ ਸਤਲੁਜ ਨਾਲ ਲਗਦੇ ਪਿੰਡਾਂ ਦੇ ਕਿਸਾਨਾਂ ਤੇ ਆਮ ਲੋਕਾਂ ਨੇ ਪਿਛਲੇ ਸਾਲ ਹੜ੍ਹਾਂ ਦੀ ਭਾਰੀ ਮਾਰ ਝੱਲੀ ਸੀ ਤੇ ਐਤਕੀਂ ਵੀ ਉਨ੍ਹਾਂ ਨੂੰ ਉਸ ਵਰਗੀ ਮਾਰ ਦੇ ਹੀ ਸੁਫਨੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਤਲੁਜ ਨੇ ਕੰਢੇ ਖੋਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਤਰ੍ਹਾਂ ਨਾਜ਼ੁਕ ਬੰਨ੍ਹਾਂ ਦੀ ਮੁਰੰਮਤ ਹੋਣੀ ਚਾਹੀਦੀ ਸੀ, ਉਹ ਨਹੀਂ ਕੀਤੀ ਗਈ। ਡਰੇਨੇਜ ਵਿਭਾਗ ਨੇ ਬਸ ਕਾਰਵਾਈ ਦੇ ਨਾਂn 'ਤੇ ਬੁੱਤਾ ਹੀ ਸਾਰਿਆ ਹੈ। ਸਤਲੁਜ ਵਾਂਗ ਘੱਗਰ ਦਰਿਆ ਦੇ ਕੰਢੇ ਖੇਤੀ ਕਰਦੇ ਕਿਸਾਨ ਵੀ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੂਨਕ ਕੋਲ ਘੱਗਰ ਕਰੀਬ 60 ਥਾਂਵਾਂ 'ਤੇ ਤਬਾਹੀ ਮਚਾ ਸਕਦਾ ਹੈ, ਜਦਕਿ ਡਰੇਨੇਜ ਵਿਭਾਗ ਅਜੇ ਮੁਰੰਮਤ ਹੀ ਕਰ ਰਿਹਾ ਹੈ। ਮੂਨਕ ਦੇ ਲਖਵੀਰ ਸਿੰਘ ਭਿੰਡਰ, ਜਿਹੜੇ ਘੱਗਰ ਕੰਟਰੋਲ ਕਮੇਟੀ ਦੇ ਮੈਂਬਰ ਵੀ ਹਨ, ਦਾ ਕਹਿਣਾ ਹੈ ਕਿ ਅਧਿਕਾਰੀ ਜੂਨ-ਜੁਲਾਈ ਵਿਚ ਹੀ ਜਾਗਦੇ ਹਨ, ਜਦੋਂ ਮਾਨਸੂਨ ਢੁਕਣ ਵਾਲੀ ਹੁੰਦੀ ਹੈ। ਇਹ ਬੰਨ੍ਹਾਂ ਨੂੰ ਅਪ੍ਰੈਲ ਤੋਂ ਹੀ ਕਿਉਂ ਨਹੀਂ ਮਜ਼ਬੂਤ ਕਰਨਾ ਸ਼ੁਰੂ ਕਰਦੇ? ਘੱਗਰ ਦੇ ਹੜ੍ਹ ਤੋਂ ਬਚਾਉਣ ਲਈ ਕੀਤੇ ਜਾਂਦੇ ਕੰਮ ਸਿਆਸਤਦਾਨਾਂ ਤੇ ਅਧਿਕਾਰੀਆਂ ਲਈ ਫੰਡਾਂ ਦੇ ਗਬਨ ਦਾ ਵੱਡਾ ਸਰੋਤ ਬਣ ਚੁੱਕਿਆ ਹੈ। ਅਧਿਕਾਰੀਆਂ ਨੇ ਦਰਿਆ ਦੇ ਬੰਨ੍ਹ ਅਜੇ ਤੱਕ ਮਜ਼ਬੂਤ ਨਹੀਂ ਕੀਤੇ। ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਨੇ ਮਨਰੇਗਾ ਤਹਿਤ ਬੰਨ੍ਹਾਂ ਦੀ ਮਜ਼ਬੂਤੀ ਲਈ ਇਕ ਕਰੋੜ 10 ਲੱਖ ਜਾਰੀ ਕੀਤੇ ਸਨ, ਜਦਕਿ ਪਿਛਲੇ ਦਿਨੀਂ ਡਰੇਨੇਜ ਵਿਭਾਗ ਨੇ 40 ਲੱਖ ਰੁਪਏ ਹੋਰ ਜਾਰੀ ਕੀਤੇ ਹਨ। ਹਰ ਸਾਲ ਸਰਕਾਰ ਦਰਿਆਵਾਂ ਦੇ ਕੰਢੇ ਮਜ਼ਬੂਤ ਕਰਨ ਲਈ ਕਰੋੜਾਂ ਰੁਪਏ ਜਾਰੀ ਕਰਦੀ ਹੈ ਅਤੇ ਹਰ ਸਾਲ ਹੀ ਹੜ੍ਹ ਤਬਾਹੀ ਮਚਾਉਂਦੇ ਹਨ। ਇਸ ਤੋਂ ਬਾਅਦ ਹੜ੍ਹ ਰੀਲੀਫ ਦੇ ਨਾਂਅ 'ਤੇ ਕਰੋੜਾਂ ਰੁਪਏ ਜਾਰੀ ਕੀਤੇ ਜਾਂਦੇ ਹਨ। ਇਹ ਚੱਕਰ ਹਰ ਸਾਲ ਚਲਦਾ ਹੈ। ਦਰਅਸਲ ਹੜ੍ਹ ਰੀਲੀਫ ਉਹ ਕਾਮਧੇਨੂ ਗਾਂ ਹੈ, ਜਿਹੜੀ ਕਈਆਂ ਨੂੰ ਮਾਲਾਮਾਲ ਕਰਦੀ ਹੈ। ਕੁਰੱਪਟ ਹੁਕਮਰਾਨ ਸਿਆਸਤਦਾਨਾਂ ਤੋਂ ਇਲਾਵਾ ਸਰਕਾਰੀ ਅਧਿਕਾਰੀ, ਸਿਆਸੀ ਆਗੂਆਂ ਦੇ ਚਮਚੇ, ਠੇਕੇਦਾਰ ਤੇ ਇੰਜੀਨੀਅਰ ਤਾਂ ਹੜ੍ਹਾਂ ਦੀਆਂ ਮੰਨਤਾਂ ਮੰਗਦੇ ਹਨ। ਵਿਡੰਬਨਾ ਇਹ ਵੀ ਹੈ ਕਿ ਕਿਸਾਨ ਵੀ ਆਫਤ ਸਿਰ 'ਤੇ ਆਉਣ ਸਮੇਂ ਹੀ ਆਵਾਜ਼ ਬੁਲੰਦ ਕਰਦੇ ਹਨ। ਹੁਣ ਹੀ ਉਹ ਬਰਸਾਤੀ ਪਾਣੀ ਨਾਲ ਡੁੱਬੀਆਂ ਫਸਲਾਂ ਦੇ ਵਿਚ ਖੜ੍ਹੇ ਹੋ ਕੇ ਆਪਣਾ ਦੁੱਖ ਸੁਣਾ ਰਹੇ ਹਨ। ਜਦ ਪਤਾ ਹੈ ਕਿ ਅਧਿਕਾਰੀ ਜੂਨ-ਜੁਲਾਈ ਵਿਚ ਹੀ ਮਾੜੀ-ਮੋਟੀ ਮੁਰੰਮਤ ਕਰਦੇ ਹਨ ਤਾਂ ਉਹ ਫਸਲ ਵੱਢਣ ਤੋਂ ਬਾਅਦ ਹੀ ਇਨ੍ਹਾਂ ਅਧਿਕਾਰੀਆਂ ਦੇ ਦਫਤਰਾਂ ਅੱਗੇ ਮੁਜ਼ਾਹਰੇ ਕਰਕੇ ਇਨ੍ਹਾਂ ਨੂੰ ਅਪ੍ਰੈਲ-ਮਈ ਵਿਚ ਹੀ ਇਹ ਕੰਮ ਕਰਨ ਲਈ ਮਜਬੂਰ ਕਿਉਂ ਨਹੀਂ ਕਰਦੇ। ਬੰਨ੍ਹਾਂ ਦੀ ਸਹੀ ਮਜ਼ਬੂਤੀ ਲਈ ਆਪਣੇ ਹਲਕੇ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਨੱਕ ਵਿਚ ਦਮ ਕਿਉਂ ਨਹੀਂ ਕਰਦੇ। ਹੜ੍ਹਾਂ ਨਾਲ ਸਿਰਫ ਕਿਸਾਨਾਂ ਦਾ ਹੀ ਨੁਕਸਾਨ ਨਹੀਂ ਹੁੰਦਾ, ਦੂਜੇ ਲੋਕ ਵੀ ਪ੍ਰਭਾਵਤ ਹੁੰਦੇ ਹਨ। ਕਿਸਾਨਾਂ ਨੂੰ ਆਪਣੀ ਇਸ ਲੜਾਈ ਵਿਚ ਆਮ ਲੋਕਾਂ ਦਾ ਵੀ ਸਾਥ ਲੈਣਾ ਚਾਹੀਦਾ ਹੈ। ਹਾਕਮ ਉਦੋਂ ਹੀ ਜਾਗਦੇ ਹਨ, ਜਦ ਉਨ੍ਹਾਂ ਨੂੰ ਵੋਟਾਂ ਘਟਣ ਦਾ ਡਰ ਲੱਗਦਾ ਹੈ।

693 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper