Latest News
ਗਹਿਲੋਤ ਸਰਕਾਰ ਬਚ ਤਾਂ ਗਈ, ਪਰ

Published on 15 Jul, 2020 09:26 AM.

ਰਾਜਸਥਾਨ 'ਚ ਭਾਜਪਾ ਵੱਲੋਂ ਆਪਣੇ ਕਾਂਗਰਸ ਮੁਕਤ ਭਾਰਤ ਦੇ ਨਿਸ਼ਾਨੇ ਦੀ ਪੂਰਤੀ ਲਈ ਸ਼ੁਰੂ ਕੀਤਾ ਗਿਆ 'ਅਪ੍ਰੇਸ਼ਨ ਕਮਲ' ਠੁੱਸ ਹੋ ਗਿਆ ਹੈ। ਉਪ ਮੁੱਖ ਮੰਤਰੀ ਤੇ ਸੂਬਾ ਪ੍ਰਧਾਨ ਸਚਿਨ ਪਾਇਲਟ ਦੀ ਬਗਾਵਤ ਨੂੰ ਬੇਅਸਰ ਕਰਦਿਆਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਆਪਣੀ ਸਰਕਾਰ ਬਚਾਉਣ ਵਿੱਚ ਸਫ਼ਲ ਹੋ ਗਏ ਹਨ। ਮੱਧ ਪ੍ਰਦੇਸ਼ ਵਿੱਚ ਜਿਓਤਿਰਦਿਤਿਆ ਸਿੰਧੀਆ ਦੀ ਮਦਦ ਨਾਲ ਮੱਧ ਪ੍ਰਦੇਸ਼ ਵਿਚਲੀ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਡੇਗਣ ਵਿੱਚ ਸਫ਼ਲ ਰਹੀ ਭਾਜਪਾ ਰਾਜਸਥਾਨ ਵਿੱਚ ਮਾਰ ਖਾ ਗਈ ਹੈ। ਗਹਿਲੋਤ ਨੇ ਉਤੋੜਿੱਤੀ ਵਿਧਾਇਕਾਂ ਦੀਆਂ ਦੋ ਮੀਟਿੰਗਾਂ ਕਰਨ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਉਸ ਨੂੰ 115 ਵਿਧਾਇਕਾਂ ਦਾ ਸਮੱਰਥਨ ਹਾਸਲ ਹੈ, ਪ੍ਰੰਤੂ ਵੱਖ-ਵੱਖ ਮੀਡੀਆ ਰਿਪੋਰਟਾਂ ਮੁਤਾਬਕ ਇਹ ਗਿਣਤੀ 107 ਹੈ। ਇਸ ਤੋਂ ਸਪੱਸ਼ਟ ਹੈ ਕਿ ਅਸ਼ੋਕ ਗਹਿਲੋਤ ਨੇ ਬਹੁਮਤ ਲਈ ਲੋੜੀਂਦਾ ਅੰਕੜਾ 101 ਪਾਰ ਕਰਕੇ ਸੁੱਖ ਦਾ ਸਾਹ ਲਿਆ ਹੈ। ਇਸ ਤੋਂ ਉਤਸ਼ਾਹਤ ਹੋ ਕੇ ਕਾਂਗਰਸ ਨੇ ਸਚਿਨ ਪਾਇਲਟ ਤੇ ਉਸ ਦੇ ਦੋ ਸਮਰੱਥਕਾਂ ਤੋਂ ਵਜ਼ਾਰਤੀ ਅਹੁਦੇ ਖੋਹ ਲਏ ਹਨ ਤੇ ਨਾਲ ਹੀ ਸੂਬਾ ਪ੍ਰਧਾਨਗੀ ਤੋਂ ਵੀ ਪਾਇਲਟ ਦੀ ਛੁੱਟੀ ਕਰ ਦਿੱਤੀ ਹੈ। ਭਾਜਪਾ ਆਗੂਆਂ ਨੇ ਤਾਂ ਲੋਕ ਸਭਾ ਚੋਣਾਂ ਵਿੱਚ ਹੂੰਝਾ ਫੇਰੂ ਜਿੱਤ ਤੋਂ ਬਾਅਦ ਹੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਜਦੋਂ ਚਾਹੁੰਣਗੇ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਕਾਂਗਰਸ ਸਰਕਾਰਾਂ ਡੇਗ ਦੇਣਗੇ। ਚਾਰ ਮਹੀਨੇ ਪਹਿਲਾਂ ਉਨ੍ਹਾਂ ਸਿੰਧੀਆ ਦੀ ਮਦਦ ਨਾਲ ਮੱਧ ਪ੍ਰਦੇਸ਼ ਦੀ ਸਰਕਾਰ ਡੇਗ ਦਿੱਤੀ ਸੀ ਤੇ ਫਿਰ ਮੂੰਹ ਰਾਜਸਥਾਨ ਵੱਲ ਕਰ ਲਿਆ ਸੀ। ਪਿਛਲੇ ਮਹੀਨੇ ਹੋਈਆਂ ਰਾਜ ਸਭਾ ਦੀਆਂ ਚੋਣਾਂ ਮੌਕੇ ਵੀ ਭਾਜਪਾ ਨੇ ਕਾਂਗਰਸੀ ਵਿਧਾਇਕਾਂ ਨੂੰ ਤੋੜਨ ਲਈ ਪੂਰਾ ਜ਼ੋਰ ਲਾਇਆ, ਪਰ ਉਹ ਕਾਮਯਾਬ ਨਾ ਹੋ ਸਕੀ। ਇਸ ਤੋਂ ਬਾਅਦ ਵੀ ਭਾਜਪਾ ਨੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਤੇ ਸਚਿਨ ਪਾਇਲਟ ਖੇਮੇ ਦੇ ਵਿਧਾਇਕਾਂ ਨੂੰ ਪ੍ਰਭਾਵਤ ਕਰਨ ਲਈ ਸਿੰਧੀਆ ਖੇਮੇ ਦੇ 20 ਵਿਧਾਇਕਾਂ ਵਿੱਚੋਂ 14 ਨੂੰ ਮੰਤਰੀ ਬਣਾ ਦਿੱਤਾ। ਇਹੋ ਨਹੀਂ, ਸਚਿਨ ਪਾਇਲਟ ਦੀ ਬਗਾਵਤ ਦੌਰਾਨ ਹੀ ਇਨ੍ਹਾਂ ਮੰਤਰੀਆਂ ਨੂੰ ਮਲਾਈਦਾਰ ਵਿਭਾਗ ਦੇ ਕੇ ਰਾਜਸਥਾਨ ਦੇ ਵਿਧਾਇਕਾਂ ਨੂੰ ਇਹ ਸੰਦੇਸ਼ ਦੇ ਦਿੱਤਾ ਕਿ ਬਗਾਵਤ ਕਰਕੇ ਆਓ ਤੁਹਾਡੇ ਲਾਲਚ ਦੀ ਪੂਰਤੀ ਅਸੀਂ ਕਰਾਂਗੇ। ਭਾਜਪਾ ਵੱਲੋਂ ਆਖਰੀ ਦਾਅ ਵਜੋਂ ਕਾਂਗਰਸੀ ਵਿਧਾਇਕਾਂ ਨੂੰ ਡਰਾਉਣ ਲਈ ਉਨ੍ਹਾਂ ਦੇ ਦਫ਼ਤਰਾਂ ਤੇ ਘਰਾਂ ਉੱਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ ਵੀ ਮਰਵਾਏ ਗਏ, ਪਰ ਇਸ ਸਾਰੀ ਕਸਰਤ ਦੇ ਬਾਵਜੂਦ ਭਾਜਪਾ ਨੂੰ ਸਫ਼ਲਤਾ ਹਾਸਲ ਨਾ ਹੋ ਸਕੀ। ਪਰ ਬੱਕਰੇ ਦੀ ਮਾਂ ਕਿੰਨਾ ਚਿਰ ਖੈਰ ਮਨਾਵੇਗੀ, ਇਹ ਪਹਿਲਾ ਮੌਕਾ ਤਾਂ ਹੈ ਨਹੀਂ, ਜਦੋਂ ਕਾਂਗਰਸੀਆਂ ਨੇ ਹੀ ਆਪਣੀ ਸਰਕਾਰ ਨੂੰ ਨਾ ਤੋੜਿਆ ਹੋਵੇ। ਅਸਲ ਵਿੱਚ ਇਨ੍ਹਾਂ ਸਿਆਸੀ ਤਿਗੜਮਬਾਜ਼ੀਆਂ ਦੀ ਜੜ੍ਹ ਕਾਂਗਰਸ ਦੇ ਆਪਣੇ ਢਾਂਚੇ ਅੰਦਰ ਹੈ। ਕਾਂਗਰਸ ਦੇ ਸੰਕਟ ਦਾ ਮੁੱਖ ਕਾਰਨ ਇਹ ਹੈ ਕਿ ਅੱਜ ਇਸ ਕੋਲ ਕੋਈ ਵਿਚਾਰਧਾਰਾ ਨਹੀਂ। ਹਰ ਕਾਂਗਰਸੀ ਦੀ ਆਪਣੀ ਵਿਚਾਰਧਾਰਾ ਹੈ। ਕੋਈ ਰਿਜ਼ਰਵੇਸ਼ਨ ਦੇ ਹੱਕ ਵਿੱਚ ਹੈ ਤੇ ਕੋਈ ਵਿਰੋਧੀ, ਕੋਈ ਨਿੱਜੀਕਰਨ ਹਮਾਇਤੀ ਹੈ ਤੇ ਕੋਈ ਇਸ ਦਾ ਅਲੋਚਕ, ਕੋਈ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਖੜ੍ਹਾ ਹੈ ਤੇ ਕੋਈ ਇਸ ਦੇ ਵਿਰੁੱਧ। ਧਰਮ ਨਿਰਪੱਖਤਾ ਵੀ ਇਸ ਲਈ ਸਿਰਫ਼ ਚੋਣ ਮਨੋਰਥ ਪੱਤਰਾਂ ਵਿੱਚ ਲਿਖਣ ਲਈ ਇੱਕ ਸ਼ਬਦ ਰਹਿ ਗਿਆ ਹੈ, ਅਮਲ ਵਿੱਚ ਕਾਂਗਰਸ ਅੰਦਰ ਹਮੇਸ਼ਾ ਇੱਕ ਅਦਿੱਖ ਭਾਜਪਾ ਦੀ ਹੋਂਦ ਕਾਇਮ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਕੋਲ ਜਮਹੂਰੀ ਢਾਂਚੇ ਨੂੰ ਅਗਵਾਈ ਦੇਣ ਵਾਲਾ ਕੋਈ ਠੋਸ ਆਗੂ ਨਹੀਂ। ਹੇਠਾਂ ਤੋਂ ਲੈ ਕੇ ਉਪਰ ਤੱਕ ਵਿਰਾਸਤੀ ਰਾਜ ਕੁਮਾਰਾਂ ਦਾ ਬੋਲਬਾਲਾ ਹੈ। ਸੱਤਾ ਲਈ ਯੁੱਧ ਹੀ ਕਾਂਗਰਸ ਦੀ ਵਿਚਾਰਧਾਰਾ ਹੈ। ਇਸ ਲਈ ਇਸ ਦੇ ਵੱਡੇ-ਵੱਡੇ ਆਗੂ ਰਾਤੋ-ਰਾਤ ਭਾਜਪਾਈ ਹੋ ਜਾਂਦੇ ਹਨ। ਮੁੱਖ ਮੰਤਰੀ, ਕੇਂਦਰੀ ਮੰਤਰੀ ਤੋਂ ਲੈ ਕੇ ਸੂਬਿਆਂ ਦੇ ਪ੍ਰਧਾਨ ਛਾਲਾਂ ਮਾਰ ਚੁੱਕੇ ਹਨ। ਯੂ ਪੀ ਦੇ ਚੋਟੀ ਦੇ ਆਗੂ ਰਹੇ ਹੇਮਵਤੀ ਨੰਦਨ ਬਹੁਗੁਣਾ ਦੇ ਪੁੱਤਰ ਵਿਜੇ ਬਹੁਗੁਣਾ ਨੂੰ ਕਾਂਗਰਸ ਨੇ ਉਤਰਾਖੰਡ ਦਾ ਮੁੱਖ ਮੰਤਰੀ ਬਣਾਇਆ, ਪਰ ਅੱਜਕੱਲ੍ਹ ਉਹ ਭਾਜਪਾ 'ਚ ਹੈ। ਉਸ ਦੀ ਭੈਣ ਰੀਤਾ ਬਹੁਗਣਾ ਉੱਤਰ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਸੀ, ਅੱਜ ਉਹ ਭਾਜਪਾ ਦੀ ਸੂਬਾ ਸਰਕਾਰ 'ਚ ਮੰਤਰੀ ਹੈ। ਅਸਾਮ, ਬਿਹਾਰ, ਮੱਧ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ ਤੇ ਪੱਛਮੀ ਬੰਗਾਲ ਸਮੇਤ ਸ਼ਾਇਦ ਹੀ ਕੋਈ ਸੂਬਾ ਹੋਵੇ, ਜਿਥੋਂ ਦੇ ਉੱਘੇ ਕਾਂਗਰਸੀ ਆਗੂਆਂ ਨੇ ਭਾਜਪਾ ਦਾ ਪੱਲਾ ਨਾ ਫੜਿਆ ਹੋਵੇ। ਕੋਈ ਵੀ ਪਾਰਟੀ ਠੋਸ ਵਿਚਾਰਧਾਰਾ ਤੇ ਗਤੀਸ਼ੀਲ ਅਗਵਾਈ ਤੋਂ ਬਿਨਾਂ ਲੰਮੇ ਸਮੇਂ ਤੱਕ ਜ਼ਿੰਦਾ ਨਹੀਂ ਰਹਿ ਸਕਦੀ। ਇਸ ਸਮੇਂ ਕਾਂਗਰਸ ਸੱਤਾ ਮੋਹ ਦੇ ਲਾਲਚੀ ਲੋਕਾਂ ਦੀ ਭੀੜ ਬਣ ਚੁੱਕੀ ਹੈ। ਕਾਂਗਰਸ ਪਾਰਟੀ ਅਜੋਕੇ ਸੰਕਟ ਵਿੱਚੋਂ ਓਨਾ ਚਿਰ ਬਾਹਰ ਨਹੀਂ ਨਿਕਲ ਸਕਦੀ, ਜਿੰਨਾ ਚਿਰ ਇਹ ਆਪਣੀ ਧਰਮ ਨਿਰਪੱਖਤਾ ਤੇ ਜਮਹੂਰੀ ਵਿਚਾਰਧਾਰਾ ਵਾਲੀ ਵਿਰਾਸਤ ਨੂੰ ਨਹੀਂ ਅਪਣਾਉਂਦੀ ਤੇ ਆਪਣੇ ਜਥੇਬੰਦਕ ਢਾਂਚੇ ਨੂੰ ਜ਼ਮੀਨ ਨਾਲ ਜੁੜੇ ਕਾਰਕੁਨਾਂ ਉੱਤੇ ਅਧਾਰਤ ਅੰਦੋਲਨ-ਮੁਖੀ ਨਹੀਂ ਬਣਾਉਂਦੀ। -ਚੰਦ ਫਤਿਹਪੁਰੀ

652 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper