Latest News
ਮੁੱਖ ਮੰਤਰੀ ਦਾ ਪਿੰਡ

Published on 16 Jul, 2020 09:24 AM.

ਗਲੀਆਂ, ਸੜਕਾਂ, ਨਾਲੀਆਂ ਤੇ ਸੀਵਰੇਜ ਦੀ ਮਾੜੀ ਹਾਲਤ ਦੀਆਂ ਖਬਰਾਂ ਤਾਂ ਸਾਰਾ ਸਾਲ ਆਉਂਦੀਆਂ ਰਹਿੰਦੀਆਂ ਹਨ, ਪਰ ਬਰਸਾਤਾਂ ਵਿਚ ਇਨ੍ਹਾਂ ਦੀ ਗਿਣਤੀ ਕਾਫੀ ਵਧ ਜਾਂਦੀ ਹੈ, ਜਦੋਂ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜਨ ਲੱਗ ਜਾਂਦਾ ਹੈ ਅਤੇ ਗਲੀਆਂ ਵਿੱਚੋਂ ਪੈਦਲ ਲੰਘਣਾ ਤੇ ਸੜਕਾਂ ਉਤੋਂ ਮੋਟਰਸਾਈਕਲਾਂ-ਸਕੂਟਰਾਂ 'ਤੇ ਜਾਣਾ ਔਖਾ ਹੋ ਜਾਂਦਾ ਹੈ। ਵੱਡੀਆਂ ਗੱਡੀਆਂ ਵਾਲਿਆਂ ਦਾ ਆਪਣਾ ਤਾਂ ਬਚਾਅ ਰਹਿੰਦਾ ਹੈ, ਪਰ ਉਹ ਕੋਲੋਂ ਲੰਘਣ ਵਾਲਿਆਂ 'ਤੇ ਮਾਡਰਨ ਆਰਟ ਦੇ ਬੁਰਸ਼ ਫੇਰ ਜਾਂਦੇ ਹਨ। ਹਾਕਮ ਤੇ ਅਧਿਕਾਰੀ ਹਰ ਸਾਲ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਗਲੀਆਂ-ਨਾਲੀਆਂ ਤੇ ਸੜਕਾਂ ਦੀ ਮੁਰੰਮਤ ਦੇ ਬਿਆਨ ਦਿੰਦੇ ਹਨ, ਪਰ ਅਖਬਾਰਾਂ ਵਿਚ ਛਪਦੀਆਂ ਤਸਵੀਰਾਂ ਉਨ੍ਹਾਂ ਦੇ ਪੋਲ ਖੋਲ੍ਹਦੀਆਂ ਰਹਿੰਦੀਆਂ ਹਨ। ਹਾਲਤ ਇੱਥੋਂ ਤੱਕ ਪੁੱਜ ਗਈ ਹੈ ਕਿ ਚੋਣਾਂ ਦੇ ਆਖਰੀ ਸਾਲ ਵਿਚ ਹੀ ਇਨ੍ਹਾਂ ਦੀ ਮੁਰੰਮਤ ਹੁੰਦੀ ਹੈ, ਬਾਕੀ ਚਾਰ ਸਾਲ ਤਾਂ ਲਾਰਿਆਂ ਵਿਚ ਹੀ ਲੰਘਾ ਦਿੱਤੇ ਜਾਂਦੇ ਹਨ। ਆਮ ਲੋਕ ਕੋਸ-ਕੋਸ ਕੇ ਥੱਕ ਜਾਂਦੇ ਹਨ, ਪਰ ਹਾਕਮਾਂ 'ਤੇ ਕੋਈ ਅਸਰ ਨਹੀਂ ਹੁੰਦਾ। ਹੋਰਨਾਂ ਪਿੰਡਾਂ ਦੀ ਤਾਂ ਗੱਲ ਕੀ ਕਰਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਡੇਰਿਆਂ ਦੇ ਪਿੰਡ ਦੀ ਹਾਲਤ ਬੁਰੀ ਹੈ। ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਬਲਾਕ ਵਿਚ ਪੈਂਦੇ ਪਿੰਡ ਮਹਿਰਾਜ ਵਿਚ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿਚ ਮਚਲ ਰਿਹਾ ਹੈ ਤੇ ਲੋਕ ਉਹਦੇ ਵਿੱਚੋਂ ਹੀ ਲੰਘਣ ਲਈ ਮਜਬੂਰ ਹਨ। ਪਿੰਡ ਦੇ ਸੀਵਰੇਜ ਦਾ ਨੀਂਹ ਪੱਥਰ ਕੈਪਟਨ ਅਮਰਿੰਦਰ ਸਿੰਘ ਨੇ ਹੀ 2002 ਵਿਚ ਰੱਖਿਆ ਸੀ, ਜਦੋਂ ਉਹ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ। ਨਿਰਮਾਣ ਵਿਚ ਜਿਸ ਤਰ੍ਹਾਂ ਦਾ ਮਟੀਰੀਅਲ ਵਰਤਿਆ ਜਾਂਦਾ ਹੈ, ਉਸ ਤੋਂ ਸਭ ਵਾਕਫ ਹਨ। ਇਹ ਸੀਵਰੇਜ ਵੀ ਕੁਝ ਸਾਲਾਂ ਬਾਅਦ ਹੀ ਜਵਾਬ ਦੇਣ ਲੱਗ ਪਿਆ ਸੀ। ਬਰਸਾਤਾਂ ਵਿਚ ਤਾਂ ਹਾਲਤ ਬਹੁਤ ਹੀ ਮਾੜੀ ਹੋਣ ਲੱਗ ਪਈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਅਕਾਲੀ ਸਰਕਾਰ ਦੌਰਾਨ ਬਦਲੇ ਗਏ ਪਾਈਪਾਂ ਕਾਰਨ ਹਾਲਤ ਹੋਰ ਖਰਾਬ ਹੋ ਗਈ। ਉਨ੍ਹਾਂ ਨੂੰ ਇਹ ਵੀ ਗਿਲਾ ਹੈ ਕਿ ਕੈਪਟਨ ਸਰਕਾਰ ਬਣੀ ਨੂੰ ਤਿੰਨ ਤੋਂ ਵੱਧ ਸਾਲ ਹੋ ਗਏ ਹਨ, ਪਰ ਸਥਿਤੀ ਵਿਚ ਸੁਧਾਰ ਨਹੀਂ ਹੋਇਆ, ਸਗੋਂ ਹੁਣ ਤਾਂ ਗੋਡੇ-ਗੋਡੇ ਗੰਦੇ ਪਾਣੀ ਵਿਚੋਂ ਲੰਘਣਾ ਪੈ ਰਿਹਾ ਹੈ। ਪਿੰਡ ਵਿਚ ਕੈਪਟਨ ਦੇ ਪਿਤਾ ਯਾਦਵਿੰਦਰ ਸਿੰਘ ਦੇ ਨਾਂਅ 'ਤੇ ਸਟੇਡੀਅਮ ਵੀ ਹੈ ਤੇ ਉਸ ਵਿਚ ਵੀ ਪਾਣੀ ਭਰਿਆ ਹੋਇਆ ਹੈ। ਪਿੰਡ ਦੀ ਇਹ ਸਥਿਤੀ ਯੋਜਨਾਬੰਦੀ ਦੀ ਕਮਜ਼ੋਰੀ ਦਾ ਵੀ ਨਤੀਜਾ ਹੈ। ਸੀਵਰੇਜ ਪਾਉਣ ਵੇਲੇ ਬਰਸਾਤੀ ਪਾਣੀ ਦੇ ਨਿਕਾਸ ਦਾ ਵੱਖਰਾ ਪ੍ਰਬੰਧ ਹੀ ਨਹੀਂ ਕੀਤਾ ਗਿਆ। ਹੁਣ ਅਧਿਕਾਰੀ ਪਾਈਪਾਂ ਸਾਫ ਕਰਨ ਲਈ ਫੰਡ ਉਡੀਕ ਰਹੇ ਹਨ।
ਮੁੱਖ ਮੰਤਰੀ ਦੇ ਪਿੰਡ ਦੀ ਹੀ ਨਹੀਂ, ਬਹੁਤੇ ਪਿੰਡਾਂ ਦੀ ਸਥਿਤੀ ਇਹੀ ਹੈ। ਹਰ ਕੰਮ ਬਿਨਾਂ ਯੋਜਨਾਬੰਦੀ ਦੇ ਕੀਤੇ ਜਾਂਦੇ ਹਨ, ਸਿਵਾਏ ਹਿੱਸਾ-ਪੱਤੀ ਦੀ ਯੋਜਨਾ ਦੇ। ਗਲੀ ਤੇ ਸੜਕ ਬਣਦੀ ਹੈ ਤਾਂ ਕੁਝ ਦਿਨਾਂ ਬਾਅਦ ਹੀ ਕੋਈ ਪੁੱਟ ਕੇ ਆਪਣੀ ਪਾਈਪ ਲੰਘਾ ਲੈਂਦਾ ਹੈ, ਪੁੱਛਣ ਵਾਲਾ ਕੋਈ ਨਹੀਂ। ਜੇ ਕੋਈ ਅਫਸਰ ਟੋਕਦਾ ਹੈ ਤਾਂ ਉਹ ਵਿਧਾਇਕ ਜਾਂ ਮੰਤਰੀ ਦੀ ਸਿਫਾਰਸ਼ ਪੁਆ ਲੈਂਦਾ ਹੈ। ਲੋਕਾਂ ਵਿੱਚੋਂ ਹੀ ਕੁਝ ਲੋਕ ਗਲੀਆਂ, ਸੜਕਾਂ ਨੂੰ ਬਦਸੂਰਤ ਬਣਾਉਣ ਵਿਚ ਯੋਗਦਾਨ ਪਾਉਂਦੇ ਰਹਿੰਦੇ ਹਨ। ਪਾਰਟੀਬਾਜ਼ੀ ਵੀ ਨੁਕਸਾਨ ਕਰਦੀ ਹੈ। ਇਹ ਅਜਿਹੀ ਸਮੱਸਿਆ ਹੈ, ਜਿਹੜੀ ਸਾਰਾ ਪਿੰਡ ਇਕਮੁੱਠ ਹੋ ਕੇ ਹੱਲ ਕਰਵਾ ਸਕਦਾ ਹੈ। ਚੋਣਾਂ ਦੇ ਬਾਈਕਾਟ ਕਰਨ ਵਾਲੇ ਬਿਆਨ ਦੇਣ ਨਾਲ ਇਹ ਹੱਲ ਨਹੀਂ ਹੋਣੀ। ਪਿੰਡ ਵਾਸੀਆਂ ਨੂੰ ਏਕਾ ਕਰਕੇ ਉਨ੍ਹਾਂ ਵਿਧਾਇਕ ਜਾਂ ਮੰਤਰੀਆਂ ਨੂੰ ਚੋਣਾਂ ਵਿਚ ਸਬਕ ਸਿਖਾਉਣਾ ਚਾਹੀਦਾ ਹੈ, ਜਿਨ੍ਹਾਂ ਪਿੰਡ ਨੂੰ ਪੈਰਿਸ ਬਣਾਉਣ ਦੇ ਵਾਅਦੇ ਕੀਤੇ ਸਨ। ਲੋਕਾਂ ਦਾ ਏਕਾ ਨਾ ਹੋਣ ਦਾ ਹੀ ਨਤੀਜਾ ਹੈ ਕਿ ਮੰਤਰੀਆਂ ਤੇ ਵਿਧਾਇਕਾਂ ਦੀ ਇਹ ਸੋਚ ਬਣ ਗਈ ਹੈ ਕਿ ਇਹ ਮੌਸਮੀ ਸਮੱਸਿਆ ਹੈ, ਜਿਹੜੀ ਉਨ੍ਹਾਂ ਦੀ ਜਿੱਤ ਦੀਆਂ ਸੰਭਾਵਨਾਵਾਂ 'ਤੇ ਮਾੜਾ ਅਸਰ ਨਹੀਂ ਪਾਵੇਗੀ। ਅਜਿਹੇ ਸਿਆਸਤਦਾਨਾਂ ਦਾ ਆਪਣੇ ਹਲਕੇ ਤੋਂ ਦੁਬਾਰਾ ਜਿੱਤਣਾ ਇਸ ਦਾ ਸਬੂਤ ਹੈ।

681 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper