Latest News
ਇੱਕ ਮਸਜਿਦ ਦੇ ਵਿਹੜੇ 'ਚ ਲੋਕਤੰਤਰ ਦਫ਼ਨ

Published on 19 Jul, 2020 08:18 AM.


ਬੀਤੀ 8 ਜੁਲਾਈ ਨੂੰ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤਾਇਪ ਐਰਦੋਗਨ ਨੇ ਆਪਣੇ ਇੱਕ ਹੁਕਮ ਰਾਹੀਂ 'ਹਾਗਿਆ ਸੋਫੀਆ' ਅਜਾਇਬਘਰ ਨੂੰ ਮਸਜਿਦ ਵਿੱਚ ਬਦਲਣ ਦਾ ਐਲਾਨ ਕਰ ਦਿੱਤਾ ਸੀ। ਇਸ ਉਪਰੰਤ 10 ਜੁਲਾਈ ਨੂੰ ਤੁਰਕੀ ਦੀ ਸੁਪਰੀਮ ਕੋਰਟ ਨੇ ਐਰਦੋਗਨ ਦੇ ਫੈਸਲੇ ਉੱਤੇ ਮੋਹਰ ਲਾ ਦਿੱਤੀ। ਸੰਸਾਰ ਪ੍ਰਸਿੱਧ ਹਾਗਿਆ ਸੋਫੀਆ, ਜਿਸ ਨੂੰ ਹਾਇਆ ਸੋਫੀਆ ਤੇ ਸੇਂਟ ਸੋਫੀਆ ਵੀ ਕਿਹਾ ਜਾਂਦਾ ਹੈ, ਨੂੰ 86 ਸਾਲਾਂ ਬਾਅਦ ਮੁੜ ਮਸਜਿਦ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਦੁਨੀਆ ਭਰ ਦੇ ਜਮਹੂਰੀਅਤਪਸੰਦ ਲੋਕਾਂ ਲਈ ਇੱਕ ਚੇਤਾਵਨੀ ਹੈ ਕਿ ਮੂਲਵਾਦੀ ਸ਼ਕਤੀਆਂ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਲਈ ਸਫ਼ਲਤਾਪੂਰਵਕ ਅੱਗੇ ਵਧ ਰਹੀਆਂ ਹਨ।
ਹਾਗਿਆ ਸੋਫੀਆ ਇੱਕ ਸ਼ਾਨਦਾਰ ਇਮਾਰਤ ਹੀ ਨਹੀਂ, ਮਨੁੱਖੀ ਸਮਾਜ ਦੇ ਰਾਜਨੀਤਕ ਵਿਕਾਸ ਦੀ ਇੱਕ ਗਾਥਾ ਵੀ ਹੈ। ਤੁਰਕੀ ਦੇ ਰੋਮਨ ਸਮਰਾਟ ਜਸਟੀਨੀਅਨ ਨੇ ਹਾਗਿਆ ਸੋਫੀਆ ਨੂੰ ਰਾਜਧਾਨੀ ਕੋਸਤੁੰਤੁਨੀਆ ਵਿੱਚ ਇੱਕ ਚਰਚ ਦੇ ਰੂਪ ਵਿੱਚ ਬਣਾਇਆ ਸੀ। ਸਮਰਾਟ ਦੀ ਇੱਛਾ ਸੀ ਕਿ ਇੱਕ ਅਜਿਹੀ ਵਿਸ਼ਾਲ ਸ਼ਾਨਦਾਰ ਇਮਾਰਤ ਉਸਾਰੀ ਜਾਵੇ, ਜਿਹੜੀ ਦੁਨੀਆ ਭਰ ਵਿੱਚ ਆਪਣੀ ਅਨੂਠੀ ਸ਼ਾਨ ਰੱਖਦੀ ਹੋਵੇ। ਇਸ ਨੂੰ ਬਣਾਉਣ ਲਈ ਉੱਤਮ ਸਮਗਰੀ ਤੇ ਬਿਹਤਰੀਨ ਕਾਰੀਗਰਾਂ ਦੀ ਵਰਤੋਂ ਕੀਤੀ ਗਈ। ਪੰਜ ਸਾਲਾਂ ਵਿੱਚ 537 ਈਸਵੀ ਨੂੰ ਮੁਕੰਮਲ ਹੋਈ ਇਹ ਇਮਾਰਤ ਭਵਨ ਕਲਾ ਦਾ ਬੇਮਿਸਾਲ ਨਮੂਨਾ ਤੇ ਰਾਜਨੀਤਕ ਸੱਤਾ ਦੀ ਪ੍ਰਤੀਕ ਬਣ ਗਈ। ਇਹ 900 ਸਾਲ ਤੱਕ ਈਸਟਰਨ ਅਰਥੋਡੌਕਸ ਚਰਚ ਦਾ ਕੇਂਦਰ ਬਣੀ ਰਹੀ। ਸੰਨ 1453 ਵਿੱਚ ਇਸਲਾਮ ਧਰਮ ਦੇ ਪੈਰੋਕਾਰ ਉਸਮਾਨੀ ਵੰਸ਼ ਦੇ ਸੁਲਤਾਨ ਮੁਹੰਮਦ (ਦੂਜੇ) ਨੇ ਕੋਸਤੁੰਤੁਨੀਆ 'ਤੇ ਕਬਜ਼ਾ ਕਰਕੇ ਇਸ ਦਾ ਨਾਂਅ ਇਸਤਾਂਬੁਲ ਕਰ ਦਿੱਤਾ ਤੇ ਹਾਗਿਆ ਸੋਫੀਆ ਚਰਚ ਨੂੰ ਮਸਜਿਦ ਵਿੱਚ ਤਬਦੀਲ ਕਰ ਦਿੱਤਾ। ਇਸਲਾਮੀ ਮਾਨਤਾ ਅਨੁਸਾਰ ਇਸ ਨੂੰ ਮਸਜਿਦ ਦਾ ਰੂਪ ਦੇਣ ਲਈ ਇਸ ਦੀ ਇਮਾਰਤ ਵਿੱਚ ਕੁਝ ਬਦਲਾਅ ਕੀਤੇ ਗਏ। ਸੰਨ 1937 ਤੱਕ ਲੱਗਭੱਗ 500 ਸਾਲ ਤੱਕ ਹਾਗਿਆ ਸੋਫੀਆ ਇੱਕ ਮਸਜਿਦ ਬਣੀ ਰਹੀ।
ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਤੁਰਕੀ ਦੀ ਰਾਜਨੀਤੀ ਵਿੱਚ ਮੁਹੰਮਦ ਕਮਾਲ ਅਤਾਤੁਰਕ ਦਾ ਆਗਮਨ ਹੋਇਆ। ਉਨ੍ਹਾ ਇਸਲਾਮੀ ਰਾਜਸ਼ਾਹੀ ਦਾ ਖਾਤਮਾ ਕਰਕੇ ਤੁਰਕੀ ਵਿੱਚ ਇੱਕ ਧਰਮ ਨਿਰਪੱਖ ਲੋਕਤੰਤਰੀ ਵਿਵਸਥਾ ਦੀ ਨੀਂਹ ਰੱਖੀ। ਮੁਹੰਮਦ ਕਮਾਲ ਅਤਾਤੁਰਕ, ਜਿਸ ਨੂੰ ਕਮਾਲ ਪਾਸ਼ਾ ਵੀ ਕਿਹਾ ਜਾਂਦਾ ਸੀ, ਦੇ ਸੱਤਾ ਸਾਂਭਣ ਦੇ ਨਾਲ ਇੱਕ ਆਧੁਨਿਕ ਤੁਰਕੀ ਦਾ ਜਨਮ ਹੋਇਆ। ਰਾਜਸ਼ਾਹੀ ਦੀਆਂ ਧਾਰਮਿਕ ਯੁੱਧਾਂ ਦੀਆਂ ਕੌੜੀਆ ਯਾਦਾਂ ਨੂੰ ਭੁਲਾਉਣ ਲਈ ਉਸ ਨੇ ਕੁਸਤੁੰਤੁਨੀਆ ਦੀ ਥਾਂ ਅੰਕਾਰਾ ਨੂੰ ਨਵੀਂ ਰਾਜਧਾਨੀ ਬਣਾਇਆ। ਧਾਰਮਿਕ ਯੁਧਾਂ ਦਾ ਅਖਾੜਾ ਬਣੀ ਰਹੀ ਹਾਗਿਆ ਸੋਫੀਆ ਨੂੰ ਕੈਬਨਿਟ ਦੇ ਫੈਸਲੇ ਰਾਹੀਂ 1935 ਵਿੱਚ ਧਰਮ ਨਿਰਪੱਖਤਾ ਦੇ ਪ੍ਰਤੀਕ ਵਜੋਂ ਅਜਾਇਬਘਰ ਵਿੱਚ ਤਬਦੀਲ ਕਰਕੇ ਸਭ ਧਰਮਾਂ ਤੇ ਸਾਰੀ ਦੁਨੀਆ ਦੇ ਨਾਗਰਿਕਾਂ ਲਈ ਖੋਲ੍ਹ ਦਿੱਤਾ ਗਿਆ। ਯੂਨੈਸਕੋ ਵੱਲੋਂ ਇਸ ਨੂੰ ਵਿਰਾਸਤੀ ਯਾਦਗਾਰ ਦਾ ਦਰਜਾ ਹਾਸਲ ਹੈ। ਕਮਾਲ ਪਾਸ਼ਾ ਨੇ ਜਮਹੂਰੀਅਤ ਤੇ ਧਰਮ-ਨਿਰਪੱਖਤਾ ਨੂੰ ਮਜ਼ਬੂਤ ਕਰਨ ਲਈ ਕੱਟੜ ਧਾਰਮਿਕ ਪਾਬੰਦੀਆਂ ਨੂੰ ਖਤਮ ਕਰ ਦਿੱਤਾ। ਔਰਤਾਂ ਨੂੰ ਪਰਦੇ ਤੋਂ ਮੁਕਤੀ ਤੇ ਵੋਟ ਦਾ ਅਧਿਕਾਰ ਦੇ ਕੇ ਸਮਾਜ ਵਿੱਚ ਬਰਾਬਰਤਾ ਦਾ ਰੁਤਬਾ ਦਿੱਤਾ। ਕਮਾਲ ਪਾਸ਼ਾ ਦੀ ਸਮਾਜ ਨੂੰ ਦੇਣ ਕਾਰਨ ਹੀ ਯੂਨਾਈਟਿਡ ਨੇਸ਼ਨ ਤੇ ਯੂਨੈਸਕੋ ਵੱਲੋਂ 1981 ਦੇ ਵਰ੍ਹੇ ਨੂੰ ਅਤਾਤੁਰਕ ਵਰ੍ਹੇ ਵਜੋਂ ਮਨਾਇਆ ਗਿਆ ਸੀ।
ਪਰ 21ਵੀਂ ਸਦੀ ਦੇ ਸ਼ੁਰੂ ਤੋਂ ਹੀ ਦੁਨੀਆ ਭਰ ਵਿੱਚ ਮੂਲਵਾਦੀ ਪਿਛਾਂਹਖਿੱਚੂ ਤਾਕਤਾਂ ਨੇ ਮੁੜ ਤੋਂ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਸੀ। ਇੱਕ ਤੋਂ ਬਾਅਦ ਇੱਕ ਵੱਖ-ਵੱਖ ਦੇਸ਼ਾਂ ਵਿੱਚ ਫਾਸ਼ੀਵਾਦੀ ਤਾਕਤਾਂ ਸੱਤਾ ਹਥਿਆਉਣ ਵਿੱਚ ਕਾਮਯਾਬ ਹੋ ਗਈਆਂ ਹਨ। ਸੰਨ 2002 ਵਿੱਚ ਤੁਰਕੀ ਵਿੱਚ ਐਰਦੋਗਨ ਦੀ ਜਸਟਿਸ ਐਂਡ ਡਿਵੈੱਲਮੈਂਟ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਸ ਨੇ ਇਤਿਹਾਸ ਨੂੰ ਪੁੱਠਾ ਗੇੜਾ ਦੇਣਾ ਸ਼ੁਰੂ ਕਰ ਦਿੱਤਾ ਸੀ। ਐਰਦੋਗਨ ਵੱਲੋਂ ਕਮਾਲ ਪਾਸ਼ਾ ਵੱਲੋਂ ਸਥਾਪਤ ਧਰਮ-ਨਿਰਪੱਖ ਢਾਂਚੇ ਨੂੰ ਖ਼ਤਮ ਕਰਨ ਤੇ ਧਰਮ ਨੂੰ ਸਿਆਸਤ ਦਾ ਕੇਂਦਰੀ ਧੁਰਾ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਔਰਤਾਂ ਨੂੰ ਹੁਕਮ ਹੈ ਕਿ ਉਹ ਸਿਰ ਢੱਕ ਕੇ ਬਾਹਰ ਨਿਕਲਣ। ਸਕੂਲਾਂ ਵਿੱਚ ਧਾਰਮਿਕ ਵਿਦਿਆ ਸ਼ੁਰੂ ਕਰ ਦਿੱਤੀ ਗਈ ਹੈ। ਐਰਦੋਗਨ ਵੱਲੋਂ 2018 ਵਿੱਚ ਦੋਬਾਰਾ ਚੁਣੇ ਜਾਣ ਤੋਂ ਬਾਅਦ ਦੇਸ਼ ਵਿੱਚ ਸੰਸਦੀ ਪ੍ਰਣਾਲੀ ਦਾ ਭੋਗ ਪਾ ਕੇ ਰਾਸ਼ਟਰਪਤੀ ਪ੍ਰਣਾਲੀ ਲਾਗੂ ਕਰ ਦਿੱਤੀ ਗਈ। ਸੱਤਾ ਵਿੱਚ ਬਣੇ ਰਹਿਣ ਲਈ ਸੰਪਰਦਾਇਕ ਤਣਾਅ ਵਧਾਉਣ ਵਾਲੇ ਫੈਸਲੇ ਕੀਤੇ ਜਾ ਰਹੇ ਹਨ। ਹੁਣ ਹਾਗਿਆ ਸੋਫੀਆ ਨੂੰ ਮਸਜਿਦ ਬਣਾ ਕੇ ਆਪਸੀ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਹਾਗਿਆ ਸੋਫੀਆ ਅਜਾਇਬਘਰ ਬਣਨ ਤੋਂ ਬਾਅਦ ਇਸਾਈ ਤੇ ਮੁਸਲਿਮ ਦੋਹਾਂ ਫਿਰਕਿਆਂ ਦੀ ਆਸਥਾ ਦਾ ਕੇਂਦਰ ਸੀ। ਇਸ ਦੀਆਂ ਦੀਵਾਰਾਂ 'ਤੇ ਈਸਾ ਮਸੀਹ ਤੇ ਮਦਰ ਮੈਰੀ ਦੀਆਂ ਵੀ ਤਸਵੀਰਾਂ ਹਨ ਤੇ ਕੁਰਾਨ ਦੀਆਂ ਆਇਤਾਂ ਵੀ ਲਿਖੀਆਂ ਹੋਈਆਂ ਹਨ। ਹਰ ਸਾਲ ਦੁਨੀਆ ਭਰ ਦੇ 30 ਲੱਖ ਤੋਂ ਵੱਧ ਲੋਕ ਇਸ ਦੇ ਦਰਸ਼ਨਾਂ ਨੂੰ ਪੁੱਜਦੇ ਹਨ। ਹਾਗਿਆ ਸੋਫੀਆ ਇੱਕ ਇਮਾਰਤ ਹੀ ਨਹੀਂ, ਦੋ ਧਾਰਮਿਕ ਵਿਸ਼ਵਾਸਾਂ ਵਿਚਾਲੇ ਇੱਕ ਪੁਲ ਸੀ, ਜੋ ਦੋ ਧਰਮਾਂ ਦੇ ਆਪਸੀ ਸਹਿਹੋਂਦ ਵਿੱਚ ਵਧਣ-ਫੁਲਣ ਦਾ ਪ੍ਰਤੀਕ ਸੀ। ਹਾਗਿਆ ਸੋਫੀਆ ਮਨੁੱਖਤਾ ਦੀ ਸਾਂਝੀ ਵਿਰਾਸਤ ਸੀ, ਜਿਸ ਨੂੰ ਰਾਜਨੀਤਕ ਲਾਭ ਲਈ ਇੱਕ ਮਸਜਿਦ ਵਿੱਚ ਦਫ਼ਨ ਕਰਕੇ ਭਾਈਚਾਰਿਆਂ ਵਿੱਚ ਟਕਰਾਅ ਤੇ ਦੁਸ਼ਮਣੀ ਨੂੰ ਮੁੜ ਜੀਵਤ ਕਰ ਦਿੱਤਾ ਗਿਆ ਹੈ।
ਇਹੋ ਕਹਾਣੀ ਭਾਰਤ ਸਮੇਤ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਵੀ ਦੁਹਰਾਈ ਜਾ ਰਹੀ ਹੈ। ਹਰ ਥਾਂ ਸੱਤਾ ਹਾਸਲ ਕਰਨ ਲਈ ਗੱਡੇ ਮੁਰਦੇ ਉਖਾੜੇ ਜਾ ਰਹੇ ਹਨ। ਧਾਰਮਿਕ ਅੰਧ-ਰਾਸ਼ਟਰਵਾਦ ਤੇ ਜੰਗੀ ਭੜਕਾਹਟਾਂ ਸੱਤਾ ਹਾਸਲ ਕਰਨ ਦਾ ਸਭ ਤੋਂ ਸੁਖਾਲਾ ਰਸਤਾ ਬਣ ਗਿਆ ਹੈ। ਲੋਕਾਂ ਨੂੰ ਅਤੀਤ ਦੇ ਦੁਖਦਾਈ ਕਿੱਸੇ ਸੁਣਾ-ਸੁਣਾ ਕੇ ਵਰਤਮਾਨ ਸਮੱਸਿਆਵਾਂ ਤੋਂ ਦੂਰ ਕਰਕੇ ਪਿਛਲਖੁਰੀ ਮੋੜਿਆ ਜਾ ਰਿਹਾ ਹੈ। ਸਾਡੇ ਆਪਣੇ ਦੇਸ਼ ਵਿੱਚ ਇਸ ਸਮੇਂ ਸੱਤਾਧਾਰੀ ਜਿਸ ਰਾਹ 'ਤੇ ਅੱਗੇ ਵਧ ਰਹੇ ਹਨ, ਉਹ ਤੁਰਕੀ ਤੋਂ ਵੱਖਰਾ ਨਹੀਂ ਹੈ। ਸ਼ਹਿਰਾਂ, ਸਟੇਸ਼ਨਾਂ ਤੇ ਸੜਕਾਂ ਦੇ ਨਾਂਅ ਬਦਲ ਕੇ ਲੋਕਾਂ ਨੂੰ ਅਤੀਤ ਦੇ ਮੋਹ ਦਾ ਅੰਧ-ਰਾਸ਼ਟਰਵਾਦੀ ਟੀਕਾ ਲਾ ਕੇ ਮੂਰਛਤ ਕੀਤਾ ਜਾ ਰਿਹਾ ਹੈ। ਧਾਰਮਿਕ ਅਸਥਾਨਾਂ ਦੀਆਂ ਨੀਹਾਂ ਵਿੱਚ ਫਿਰਕੂ ਇਕਸੁਰਤਾ ਨੂੰ ਚਿਣ ਕੇ ਸੱਤਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਸਥਿਤੀ ਜਮਹੂਰੀਅਤਪਸੰਦ ਲੋਕਾਂ ਲਈ ਚੁਣੌਤੀ ਹੈ। ਜੇਕਰ ਹਾਲੇ ਵੀ ਨਾ ਜਾਗੇ ਤਾਂ ਲੋਕਤੰਤਰੀ ਵਿਵਸਥਾ ਮੰਦਰਾਂ, ਮਸਜਿਦਾਂ ਦੇ ਵਿਹੜਿਆਂ ਅੰਦਰ ਦਫਨ ਹੋ ਕੇ ਰਹਿ ਜਾਵੇਗੀ।
-ਚੰਦ ਫਤਿਹਪੁਰੀ

714 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper