Latest News
ਟੁੱਟਦੇ ਸੁਫ਼ਨੇ

Published on 20 Jul, 2020 10:13 AM.


2017 ਦੀ ਏਸ਼ੀਅਨ ਯੂਥ ਮੀਟ ਵਿਚ 1500 ਮੀਟਰ ਦੀ ਰੇਸ 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ 19 ਸਾਲ ਦੇ ਮੇਰਾਜ ਅਲੀ ਨੂੰ ਲਗਦਾ ਹੈ ਕਿ ਉਸ ਦੇ ਖੇਡਣ ਦੇ ਦਿਨ ਲੱਦਣ ਵਾਲੇ ਹੀ ਹਨ। ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਦਾ ਅਲੀ ਦੋ ਨਾਬਾਲਗ ਭੈਣਾਂ, ਵੱਡੇ ਭਰਾ ਤੇ ਮਾਤਾ-ਪਿਤਾ ਨਾਲ ਕਿਰਾਏ ਦੇ ਇਕ ਕਮਰੇ ਵਿਚ ਰਹਿੰਦਾ ਹੈ। ਕੋਰੋਨਾ ਸੰਕਟ ਕਾਰਨ ਅੱਜਕੱਲ੍ਹ ਉਸ ਦਾ ਪਰਵਾਰ ਬਹੁਤ ਹੀ ਔਖੀ ਹਾਲਤ ਵਿਚੋਂ ਲੰਘ ਰਿਹਾ ਹੈ। ਭਰਾ ਕੈਬ ਅਪ੍ਰੇਟਰ ਸੀ ਤੇ ਪਿਛਲੇ ਮਹੀਨੇ ਉਸ ਦੀ ਕੰਪਨੀ ਨੇ ਛੁੱਟੀ ਕਰਾ ਦਿੱਤੀ। ਪਿਤਾ ਨੇ ਦਸੰਬਰ ਵਿਚ ਕਿਡਨੀ ਕਢਵਾਈ ਸੀ ਤੇ ਉਸ ਨੂੰ ਆਰਾਮ ਦੀ ਲੋੜ ਹੈ, ਪਰ ਪਰਵਾਰ ਨੂੰ ਖੁਆਉਣ ਲਈ ਉਹ ਕੰਮ ਕਰਨ ਨੂੰ ਮਜਬੂਰ ਹੈ। ਅਲੀ ਦਾ ਕਹਿਣਾ ਹੈ ਕਿ ਜੇ ਹਾਲਤਾਂ ਨਹੀਂ ਸੁਧਰੀਆਂ ਤਾਂ ਸਾਨੂੰ ਸਭ ਨੂੰ ਕੰਮ ਕਰਨਾ ਪੈਣਾ, ਜਿਸ ਦਾ ਮਤਲਬ ਹੋਵੇਗਾ ਉਸ ਦੇ ਐਥਲੈਟਿਕ ਸੁਫਨੇ ਦਾ ਅੰਤ। ਪਰਵਾਰ ਨੇ ਚਾਹ ਪੀਣੀ ਵੀ ਛੱਡ ਦਿੱਤੀ ਹੈ, ਕਿਉਂਕਿ ਦੁੱਧ ਲੈਣ ਜੋਗੇ ਪੈਸੇ ਨਹੀਂ ਹੁੰਦੇ। ਅਜਿਹੀ ਹੀ ਸਥਿਤੀ ਚੇਨਈ ਦੇ ਲਾਂਗ ਜੰਪਰ ਤਬੀਥਾ ਫਿਲਿਪ ਮਹੇਸ਼ਵਰਨ ਦੀ ਹੈ। ਬੈਂਕਾਕ ਵਿਚ 2019 ਦੀ ਏਸ਼ੀਅਨ ਯੂਥ ਐਥਲੈਟਿਕਸ ਚੈਂਪੀਅਨਸ਼ਿਪ 'ਚ ਸੋਨੇ ਦਾ ਤਮਗਾ ਜਿੱਤਣ ਵਾਲੇ ਮਹੇਸ਼ਵਰਨ ਨੂੰ ਵੀ ਪਰਵਾਰ ਖਾਤਰ ਕੰਮ ਕਰਨਾ ਪੈ ਸਕਦਾ ਹੈ। ਪਿਤਾ ਆਟੋਰਿਕਸ਼ਾ ਚਲਾਉਂਦੇ ਹਨ, ਪਰ ਲਾਕਡਾਊਨ 'ਚ ਉਨ੍ਹਾ ਨੂੰ ਘਰ ਬੈਠਣਾ ਪਿਆ। ਹੁਣ ਤਿੰਨ ਵਕਤ ਦੀ ਰੋਟੀ ਦਾ ਪ੍ਰਬੰਧ ਔਖਾ ਹੋ ਗਿਆ ਹੈ। ਇਕ ਐੱਨ ਜੀ ਓ ਉਸ ਦੀ ਮਦਦ ਕਰਦੀ ਸੀ, ਪਰ ਫੰਡ ਦੀ ਕਮੀ ਕਾਰਨ ਉਸ ਨੇ ਵੀ ਮਦਦ 'ਚ ਕਾਫੀ ਕਟੌਤੀ ਕਰ ਦਿੱਤੀ ਹੈ। ਲੋਕੇਸ਼ ਕੁਮਾਰ, ਜਿਸ ਨੇ 2019 ਵਿਚ ਦਿੱਲੀ ਦੀ ਅੰਡਰ-14 ਦੀ ਦਰਮਿਆਨੀ ਦੂਰੀ ਦੀ ਦੌੜ ਜਿੱਤੀ ਸੀ, ਦੇ ਪਿਤਾ ਰਿਕਸ਼ਾ ਚਾਲਕ ਤੇ ਮਾਂ ਘਰੇਲੂ ਨੌਕਰ ਹੈ। ਉਸ ਨੂੰ ਗਰਾਉਂਡ ਤਕ ਪੁੱਜਣ ਲਈ ਤਿੰਨ ਬੱਸਾਂ ਬਦਲਣੀਆਂ ਪੈਂਦੀਆਂ ਸਨ, ਪਰ ਕੋਰੋਨਾ ਕਾਲ ਵਿਚ ਭੋਜਨ ਨਸੀਬ ਨਾ ਹੋਣ ਕਾਰਨ ਪਰਵਾਰ ਕੋਸਾ ਪਾਣੀ ਪੀ ਕੇ ਸੌਂਦਾ ਰਿਹਾ। 2019 ਵਿਚ ਏਸ਼ੀਅਨ ਯੂਥ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਜਿੱਤਣ ਵਾਲਾ ਅਲੀ ਅਨਸਾਰੀ ਅੱਜਕੱਲ੍ਹ ਮਹੀਪਾਲਪੁਰ ਵਿਚ ਪਿਤਾ ਦੀ ਫਲਾਂ ਦੀ ਰੇਹੜੀ 'ਤੇ ਖੜ੍ਹਾ ਹੁੰਦਾ ਹੈ। 19 ਸਾਲਾ ਦੇ ਅਨਸਾਰੀ ਨੇ ਕਿਹਾ ਕਿ ਲਾਕਡਾਊਨ ਵਿਚ ਕੰਮ ਬਹੁਤ ਘੱਟ ਰਿਹਾ ਅਤੇ ਵੱਡਾ ਬੇਟਾ ਹੋਣ ਦੇ ਨਾਤੇ ਉਸ ਨੂੰ ਲੱਗਦਾ ਹੈ ਕਿ ਉਹ ਐਥਲੈਟਿਕ ਵਿਚ ਨਾਮਣਾ ਖੱਟਣ ਦੀ ਥਾਂ 'ਕੇਲੇ ਵਾਲਾ' ਦਾ ਖਿਤਾਬ ਹੀ ਹਾਸਲ ਕਰੇਗਾ। ਇਨ੍ਹਾਂ ਸਾਰਿਆਂ ਨਾਲੋਂ ਮੰਦਾ ਹਾਲ ਲੱਗਦਾ ਮੇਰਾਜ ਅਲੀ ਦੇ ਸਾਥੀ ਰਾਹੁਲ ਦਾ ਹੈ। ਰਾਹੁਲ ਨੇ 2018 ਵਿਚ ਦਿੱਲੀ 'ਚ 10 ਹਜ਼ਾਰ ਮੀਟਰ ਦੌੜ ਦਾ ਚਾਂਦੀ ਤਮਗਾ ਜਿੱਤਿਆ ਸੀ। ਚਾਰ ਸਾਲ ਦੀ ਉਮਰ ਵਿਚ ਪਿਤਾ ਗੁਆਉਣ ਵਾਲਾ 22 ਸਾਲ ਦਾ ਰਾਹੁਲ ਦਿੱਲੀ ਮਿਲਕ ਸਕੀਮ ਵਿਚ ਰਾਤ 11 ਵਜੇ ਤੋਂ ਸਵੇਰੇ 4 ਵਜੇ ਤੱਕ ਫਰੀਜਿੰਗ ਕੋਲਡ ਸਟੋਰੇਜ ਰੂਮ ਵਿਚੋਂ ਦੁੱਧ ਦੇ ਪੈਕਟਾਂ ਦੇ 1100 ਕਰੇਟ ਭਰਦਾ ਹੈ। ਉਹ ਦਿਨ ਨੂੰ ਕੰਮ ਨਹੀਂ ਕਰ ਸਕਦਾ, ਕਿਉਂਕਿ ਉਸ ਨੇ ਕਾਲਜ ਜਾਣਾ ਹੁੰਦਾ ਹੈ ਤੇ ਗਰਾਉਂਡ 'ਚ ਟਰੇਨਿੰਗ ਕਰਨੀ ਹੁੰਦੀ ਹੈ। ਰਾਤ ਨੂੰ ਕੰਮ ਕਰਕੇ ਉਸ ਦਾ ਸਰੀਰ ਜਵਾਬ ਦੇ ਜਾਂਦਾ ਹੈ, ਪਰ ਖੇਡਣ ਦੇ ਜਨੂੰਨ ਵਿਚ ਉਹ ਦੋ ਘੰਟੇ ਦੀ ਨੀਂਦ ਲੈ ਕੇ ਫਿਰ ਜ਼ਿੰਦਗੀ ਦੀ ਲੜਾਈ ਸ਼ੁਰੂ ਕਰ ਦਿੰਦਾ ਹੈ। ਜੇ ਉਹ ਕੰਮ ਨਾ ਕਰੇ ਤਾਂ ਕਮਰੇ ਦਾ ਕਿਰਾਇਆ ਤੇ ਗਰਾਉਂਡ ਤੱਕ ਪੁੱਜਣ ਲਈ ਬੱਸ ਦਾ ਕਿਰਾਇਆ ਨਹੀਂ ਦੇ ਸਕੇਗਾ। ਕੋਰੋਨਾ ਕਾਲ ਵਿਚ ਉਸ ਦੇ ਕੰਮ ਦੀਆਂ ਦਿਹਾੜੀਆਂ ਅੱਧੀਆਂ ਹੋ ਗਈਆਂ ਹਨ ਤੇ ਤਨਖਾਹ ਵੀ ਅੱਧੀ। ਇਸੇ ਤਨਖਾਹ ਨਾਲ ਹੀ ਉਹ ਢਿੱਡ ਭਰਦਾ ਹੈ ਤੇ ਗਰਾਉਂਡ 'ਚ ਪੁੱਜਦਾ ਹੈ। ਜੇ ਗਰਾਉਂਡ ਨਾ ਪੁੱਜਾ ਤਾਂ ਟਰੇਨਿੰਗ ਨਹੀਂ ਹੋਣੀ। ਕੋਰੋਨਾ ਕਾਲ ਨੇ ਗਰੀਬ ਖਿਡਾਰੀਆਂ 'ਤੇ ਮਾਰੂ ਅਸਰ ਕੀਤਾ ਹੈ। ਤਮਗਾ ਜਿੱਤਣ 'ਤੇ ਸਨਮਾਨਤ ਕਰਨ ਦੀ ਥਾਂ ਸਰਕਾਰਾਂ ਨੂੰ ਇਨ੍ਹਾਂ ਦੀ ਹਾਲਤ ਵੱਲ ਹੁਣ ਧਿਆਨ ਦੇਣ ਦੀ ਲੋੜ ਹੈ। ਬੇਫਿਕਰ ਹੋ ਕੇ ਟਰੇਨਿੰਗ ਕਰਨਗੇ ਤਾਂ ਹੀ ਚੰਗੇ ਨਤੀਜੇ ਦੇ ਸਕਣਗੇ। ਮਾਪਿਆਂ ਦਾ ਹੱਥ ਵਟਾਉਣਾ ਮਾੜੀ ਗੱਲ ਨਹੀਂ, ਪਰ ਜੇ ਇਨ੍ਹਾਂ ਕੋਲ ਗਰਾਉਂਡ ਤੱਕ ਜਾਣ ਦਾ ਸਮਾਂ ਹੀ ਨਹੀਂ ਬਚੇਗਾ ਤਾਂ ਤਮਗੇ ਕਿਥੋਂ ਲਿਆਉਣਗੇ।

603 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper