Latest News
ਪੁਲਸ ਅਫਸਰਾਂ ਦੇ ਨਾਂਅ ਰਿਬੈਰੋ ਦਾ ਖੁੱਲ੍ਹਾ ਪੱਤਰ

Published on 22 Jul, 2020 09:30 AM.


ਦਹਿਸ਼ਤਗਰਦੀ ਦੇ ਦੌਰ ਵਿਚ ਪੰਜਾਬ ਪੁਲਸ ਦੇ ਮੁਖੀ ਦੇ ਨਾਤੇ ਸ਼ਾਨਦਾਰ ਕੰਮ ਕਰਨ ਵਾਲੇ ਜੂਲੀਅਸ ਰਿਬੈਰੋ 91 ਸਾਲ ਤੋਂ ਵੱਧ ਦੀ ਉਮਰ ਵਿਚ ਵੀ ਵਿਭਿੰਨ ਮੁੱਦਿਆਂ ਉਤੇ ਆਪਣੇ ਵਿਚਾਰ ਲਿਖਤੀ ਰੂਪ ਵਿਚ ਪ੍ਰਗਟ ਕਰਦੇ ਰਹਿੰਦੇ ਹਨ, ਖਾਸ ਤੌਰ 'ਤੇ ਪੁਲਸ ਢਾਂਚੇ ਦੇ ਵਿਗਾੜ ਬਾਰੇ। ਹਾਲ ਹੀ ਵਿਚ ਤਾਮਿਲਨਾਡੂ ਵਿਚ ਪਿਤਾ-ਪੁੱਤਰ ਦੇ ਪੁਲਸ ਹਿਰਾਸਤ 'ਚ ਵਹਿਸ਼ੀਆਨਾ ਕਤਲ ਤੇ ਯੂ ਪੀ ਦੇ ਗੈਂਗਸਟਰ ਵਿਕਾਸ ਦੂਬੇ ਦੇ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਉਨ੍ਹਾ ਅਖਬਾਰ ਵਿਚ ਲਿਖਣ ਦੇ ਨਾਲ-ਨਾਲ ਪੁਲਸ ਅਫਸਰਾਂ ਦੇ ਨਾਂਅ ਇਕ ਖੁੱਲ੍ਹਾ ਪੱਤਰ ਵੀ ਲਿਖਿਆ ਹੈ। ਇਸ ਪੱਤਰ ਵਿਚ ਲਿਖੀਆਂ ਗੱਲਾਂ 'ਤੇ ਪੁਲਸ ਅਫਸਰ ਅਮਲ ਕਰ ਲੈਣ ਤਾਂ ਪੁਲਸ ਢਾਂਚੇ ਵਿਚ ਕਾਫੀ ਸੁਧਾਰ ਹੋ ਸਕਦਾ ਹੈ। ਰਿਬੈਰੋ ਨੇ ਪੁਲਸ ਅਫਸਰਾਂ ਨੂੰ ਕਿਹਾ ਹੈ ਕਿ ਜ਼ਮਾਨਾ ਬਦਲ ਗਿਆ ਹੈ, ਅੱਜਕੱਲ੍ਹ ਦੇ ਸਿਆਸਤਦਾਨ ਆਜ਼ਾਦੀ ਘੁਲਾਟੀਆਂ ਨਾਲੋਂ ਵੱਖਰੀ ਨਸਲ ਦੇ ਹਨ, ਜਿਹੜੇ ਲੋਕਾਂ ਦੇ ਭਲੇ ਵਿਚ ਸੋਚਦੇ ਸਨ, ਪਰ ਜਦੋਂ ਤੁਸੀਂ ਸੋਚਦੇ, ਫੈਸਲਾ ਕਰਦੇ ਤੇ ਅੰਤ ਨੂੰ ਐਕਸ਼ਨ ਕਰਦੇ ਹੋ, ਉਸ ਵੇਲੇ ਇਮਾਨਦਾਰੀ, ਸੱਚਾਈ ਅਤੇ ਕਾਨੂੰਨ ਤੇ ਸੰਵਿਧਾਨ ਪ੍ਰਤੀ ਵਚਨਬੱਧਤਾ ਤੁਹਾਡੇ ਦਿਮਾਗ ਵਿਚ ਪਹਿਲੀ ਥਾਂ 'ਤੇ ਹੋਣੀ ਚਾਹੀਦੀ ਹੈ। ਨਾਰਮਲ ਵੇਲਿਆਂ ਵਿਚ ਅਪਰਾਧ ਤੇ ਅਪਰਾਧੀਆਂ ਨਾਲ ਦਹਿਸ਼ਤਗਰਦੀ ਨਾਲ ਨਜਿੱਠਣ ਵਰਗੇ ਢੰਗਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਗੈਂਗਸਟਰ ਤੇ ਵੱਡੇ ਅਪਰਾਧੀ ਗਰੋਹ ਪੁਲਸ ਅਫਸਰਾਂ ਤੇ ਆਪਣੇ ਸਿਆਸੀ ਅਕਾਵਾਂ ਨੂੰ ਧਨ ਦੇ ਕੇ ਵਿਚਰਦੇ ਹਨ। ਇਹ ਅਪਰਾਧੀਆਂ, ਪੁਲਸ ਤੇ ਸਿਆਸਤਦਾਨ ਦਾ ਗਠਜੋੜ ਹੈ, ਜਿਹੜਾ ਜਿੰਨ ਪੈਦਾ ਕਰਦਾ ਹੈ। ਇਸ ਦਾ ਤੁਹਾਨੂੰ ਵੀ ਪਤਾ ਹੈ ਤੇ ਆਮ ਸਿਪਾਹੀ ਨੂੰ ਵੀ। ਤੁਸੀਂ ਸਿਆਸਤਦਾਨ ਨੂੰ ਪ੍ਰਭਾਵਤ ਨਹੀਂ ਕਰ ਸਕਦੇ, ਪਰ ਆਪਣੇ ਬੰਦਿਆਂ ਨੂੰ ਮਜਬੂਰ ਕਰ ਸਕਦੇ ਹੋ ਕਿ ਉਹ ਅਪਰਾਧੀਆਂ ਦੀ ਹਮਾਇਤ ਨਾ ਕਰਨ। ਇਸ ਤਰ੍ਹਾਂ ਤੁਸੀਂ ਸਿਆਸਤਦਾਨ-ਪੁਲਸ-ਅਪਰਾਧੀ ਗਠਜੋੜ ਦੇ ਇਕ ਪਾਵੇ ਨੂੰ ਹਿਲਾ ਸਕਦੇ ਹੋ। ਸਿਆਸਤਦਾਨ ਤੁਹਾਨੂੰ ਅਪਰਾਧੀਆਂ ਨੂੰ ਖੁੱਲ੍ਹ ਖੇਡਣ ਦੀ ਛੋਟ ਦੇਣ ਲਈ ਨਹੀਂ ਕਹਿਣਗੇ। ਉਹ ਤੁਹਾਨੂੰ ਤੁਹਾਡੀ ਪੁਜ਼ੀਸ਼ਨ ਤੋਂ ਲਾਂਭੇ ਕਰਨ ਨੂੰ ਤਰਜੀਹ ਦੇਣਗੇ, ਪਰ ਇਹ ਤੁਹਾਡੇ ਲਈ ਸਭ ਤੋਂ ਚੰਗਾ ਬਦਲ ਹੋਵੇਗਾ, ਵਿਕਾਸ ਦੂਬੇ ਵਰਗੇ ਪੈਦਾ ਕਰਨ ਵਿਚ ਸਹਾਇਕ ਬਣਨ ਦੀ ਥਾਂ। ਵਿਕਾਸ ਦੂਬੇ ਨੂੰ ਖਤਮ ਕਰਕੇ ਜੁਡੀਸ਼ਰੀ ਦੇ ਰੋਲ ਨੂੰ ਹੜੱਪਣ ਵਾਲੀ ਗੱਲ ਕੀਤੀ ਗਈ ਹੈ। ਪੜਤਾਲਕਾਰਾਂ ਨੂੰ ਮੁਕੱਦਮਾ ਚਲਾਉਣ ਵਾਲਿਆਂ ਤੇ ਫੈਸਲਾ ਦੇਣ ਵਾਲਿਆਂ ਦੀਆਂ ਸ਼ਕਤੀਆਂ ਨਾਲ ਲੈਸ ਨਹੀਂ ਕੀਤਾ ਜਾਣਾ ਚਾਹੀਦਾ, ਜਿਵੇਂ ਕਿ ਦੇਸ਼ ਵਿਚ ਹੁਣ ਹੋ ਰਿਹਾ ਹੈ। ਕੀ ਤੁਸੀਂ ਇਸ ਨੂੰ ਵਾਜਬ ਤੇ ਸਭਿਆ ਸਮਝਦੇ ਹੋ? ਕੀ ਤੁਸੀਂ ਭਾਰਤ ਵਿਚ ਪੁਲਸ ਰਾਜ ਦੀ ਲੋੜ ਮਹਿਸੂਸ ਕਰਦੇ ਹੋ? ਇਸ ਲਈ ਤੁਹਾਨੂੰ ਝੂਠੇ ਮੁਕਾਬਲੇ ਤੇ ਪੜਤਾਲ ਦੇ ਵਹਿਸ਼ੀ ਤਰੀਕੇ ਤੱਜਣੇ ਚਾਹੀਦੇ ਹਨ। ਅਹੁਦਿਆਂ ਲਈ ਸਿਆਸਤਦਾਨਾਂ ਮਗਰ ਭੱਜਣਾ ਛੱਡੋ। ਇਸ ਨਾਲ ਤੁਸੀਂ ਆਪਣੀ ਆਜ਼ਾਦੀ ਸਿਆਸੀ ਬੌਸਾਂ ਨੂੰ ਵੇਚ ਦਿੰਦੇ ਹੋ, ਜਿਹੜੇ ਤੁਹਾਥੋਂ ਅਜਿਹੇ ਕੰਮ ਲੈਂਦੇ ਹਨ, ਜਿਸ ਨਾਲ ਤੁਸੀਂ ਆਪਣੇ ਮਾਤਹਿਤਾਂ 'ਤੇ ਕਮਾਂਡ ਕਰਨ ਵਾਲੀ ਅਥਾਰਿਟੀ ਨੂੰ ਕਮਜ਼ੋਰ ਕਰ ਬੈਠਦੇ ਹੋ।

564 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper