Latest News
ਮੋਦੀ ਵਿਦੇਸ਼ ਨੀਤੀ 'ਚ ਵੀ ਫੇਲ੍ਹ

Published on 23 Jul, 2020 10:40 AM.


ਕੋਰੋਨਾ ਮਹਾਂਮਾਰੀ ਦੀ ਮਾਰੋਮਾਰੀ ਦੌਰਾਨ ਹਕੂਮਤ ਦੇ ਗਲਤ ਫੈਸਲਿਆਂ ਨੇ ਜਿੱਥੇ ਸਾਡੀ ਆਰਥਿਕਤਾ ਨੂੰ ਆਈ ਸੀ ਯੂ ਵਿੱਚ ਪੁਚਾ ਦਿੱਤਾ ਹੈ, ਉੱਥੇ ਸਾਡੀ ਵਿਦੇਸ਼ ਨੀਤੀ ਵੀ ਇਸ ਸਮੇਂ ਵੈਂਟੀਲੇਟਰ ਉੱਤੇ ਹੈ। 2014 ਵਿੱਚ ਹਕੂਮਤ ਦੀ ਵਾਗਡੋਰ ਸੰਭਾਲਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ ਨੀਤੀ ਦਾ ਸਾਰਾ ਜ਼ਿੰਮਾ ਆਪਣੇ ਸਿਰ ਲੈ ਲਿਆ ਸੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਿਰਫ਼ ਨਾਂਅ ਦੀ ਹੀ ਵਿਦੇਸ਼ ਮੰਤਰੀ ਸੀ। ਪ੍ਰਧਾਨ ਮੰਤਰੀ ਦਾ ਅਹੁਦਾ ਹਾਸਲ ਕਰਦਿਆਂ ਹੀ ਨਰਿੰਦਰ ਮੋਦੀ ਨੇ ਤਾਬੜਤੋੜ ਵਿਦੇਸ਼ੀ ਦੌਰੇ ਸ਼ੁਰੂ ਕਰ ਦਿੱਤੇ ਸਨ। ਆਰ ਐੱਸ ਐੱਸ ਦੇ ਪਿਛਲੱਗਾਂ ਦੀ ਮਦਦ ਨਾਲ ਭੀੜ ਇਕੱਠੀ ਕਰਕੇ ਮੋਦੀ-ਮੋਦੀ ਦੇ ਨਾਅਰੇ ਲਵਾਏ ਗਏ ਤੇ ਮੀਡੀਆ ਰਾਹੀਂ ਇਹ ਪ੍ਰਚਾਰ ਕੀਤਾ ਗਿਆ ਕਿ ਗੋਦੀ ਜੀ ਨੇ ਸੰਸਾਰ ਪੱਧਰ ਉੱਤੇ ਭਾਰਤ ਦੀ ਪਛਾਣ ਬਣਾ ਦਿੱਤੀ ਹੈ। ਮੋਦੀ ਮੀਡੀਆ ਨੇ ਕਦੇ ਇਹ ਸਵਾਲ ਕਰਨ ਦੀ ਹਿੰਮਤ ਨਾ ਕੀਤੀ ਕਿ ਇੱਕ ਗਰੀਬ ਦੇਸ਼ ਦੀ ਜਨਤਾ ਤੋਂ ਇਕੱਠੇ ਕੀਤੇ ਪੈਸਿਆਂ ਨੂੰ ਪਾਣੀ ਵਾਂਗ ਵਹਾਅ ਕੇ ਭਾਰਤ ਨੂੰ ਹਾਸਲ ਕੀ ਹੋਇਆ? ਅਸਲ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਦੀ ਵਿਦੇਸ਼ ਨੀਤੀ ਦੀ ਵਰਤੋਂ ਆਪਣੇ ਚਿਹਰੇ ਤੋਂ ਗੁਜਰਾਤ ਦੰਗਿਆਂ ਦੀ ਕਾਲਖ ਧੋ ਕੇ ਆਪਣੀ ਛਵੀ ਨੂੰ ਨਿਖਾਰਨ ਲਈ ਕੀਤੀ।
ਭਾਰਤ ਨੇ ਹਮੇਸ਼ਾ ਆਪਣੀ ਵਿਦੇਸ਼ ਨੀਤੀ ਨਿਰਪੱਖ ਬਣਾਈ ਰੱਖਿਆ ਸੀ। ਠੰਢੀ ਜੰਗ ਦੌਰਾਨ ਵੀ ਭਾਰਤ ਕਿਸੇ ਗੁੱਟ ਵਿੱਚ ਸ਼ਾਮਲ ਨਹੀਂ ਸੀ ਹੋਇਆ ਅਤੇ ਦੋ ਸੁਪਰ ਪਾਵਰਾਂ ਦੇ ਆਪਸੀ ਝਗੜਿਆਂ ਤੋਂ ਹਮੇਸ਼ਾ ਦੂਰੀ ਬਣਾਈ ਰੱਖੀ। ਨਰਸਿਮ੍ਹਾ ਰਾਓ ਤੇ ਵਾਜਪਈ ਦੇ ਦੌਰ ਵਿੱਚ ਕੁਝ ਉਲਾਰ ਜਰੂਰ ਆਇਆ, ਪਰ ਮੋਦੀ ਦੇ ਆਉਂਦਿਆਂ ਹੀ ਸਾਡੀ ਵਿਦੇਸ਼ ਨੀਤੀ ਅਮਰੀਕਾ ਦੀ ਪਿਛਲੱਗ ਬਣਨ ਦੇ ਰਾਹ ਪੈ ਗਈ। ਭਾਰਤ ਨੇ ਹਮੇਸ਼ਾ ਸੰਸਾਰ ਅਮਨ ਦੇ ਹੱਕ ਵਿੱਚ ਅਵਾਜ਼ ਉਠਾਈ ਹੈ। ਜਦੋਂ ਵੀ ਕਿਸੇ ਦੇਸ਼ ਵੱਲੋਂ ਜਮਹੂਰੀਅਤ ਵਿਰੋਧ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਂ ਕਿਸੇ ਦੂਜੇ ਦੇਸ਼ ਨਾਲ ਵਧੀਕੀ ਦਾ ਮਾਮਲਾ ਆਇਆ, ਭਾਰਤ ਨੇ ਸਦਾ ਉਸ ਦਾ ਵਿਰੋਧ ਕੀਤਾ ਹੈ।
ਮੋਦੀ ਰਾਜ ਦੌਰਾਨ ਅਸੀਂ ਆਪਣੀ ਇਸ ਨੀਤੀ ਨੂੰ ਪਿੱਠ ਦੇ ਚੁੱਕੇ ਹਾਂ। ਇਸ ਸਮੇਂ ਅਸੀਂ ਅਮਰੀਕਾ ਦੇ ਪਿੱਛੇ ਲੱਗ ਕੇ ਲੋੜੋਂ ਵੱਧ ਇਜ਼ਰਾਈਲ ਦਾ ਪੱਖ ਪੂਰਨ ਲੱਗ ਪਏ ਹਾਂ, ਜਿਸ ਨੇ ਸਾਨੂੰ ਆਪਣੇ ਪੁਰਾਣੇ ਮਿੱਤਰ ਫਲਸਤੀਨ ਤੋਂ ਦੂਰ ਕਰ ਦਿੱਤਾ ਹੈ। ਇਸ ਨੀਤੀ ਨੇ ਅਰਬ ਦੇਸਾਂ ਨਾਲ ਸਾਡੇ ਸੰਬੰਧ ਖਰਾਬ ਕਰ ਦਿੱਤੇ ਹਨ। ਇਨ੍ਹਾਂ ਦੇਸ਼ਾਂ ਵਿੱਚ ਸਾਡੇ ਕਰੋੜਾਂ ਭਾਰਤੀ ਕੰਮ ਕਰਦੇ ਤੇ ਅਰਬਾਂ ਡਾਲਰ ਦੇਸ਼ ਵਿੱਚ ਭੇਜਦੇ ਹਨ। ਘਰੇਲੂ ਨੀਤੀ ਤੇ ਕੌਮਾਂਤਰੀ ਨੀਤੀ ਵਿੱਚ ਕੋਈ ਪੱਕੀ ਕੰਧ ਨਹੀਂ ਹੁੰਦੀ। ਇਸ ਲਈ ਘਰੇਲੂ ਨੀਤੀ ਦਾ ਅਸਰ ਵੀ ਵਿਦੇਸ਼ੀ ਸੰਬੰਧਾਂ ਉੱਤੇ ਪੈਂਦਾ ਹੈ। ਪਿਛਲੇ ਛੇ ਸਾਲਾਂ ਤੋਂ ਦੇਸ਼ ਵਿੱਚ ਮੁਸਲਿਮ ਘੱਟ ਗਿਣਤੀਆਂ ਵਿਰੁੱਧ ਜਿਸ ਤਰ੍ਹਾਂ ਨਫ਼ਰਤ ਫੈਲਾਈ ਗਈ ਤੇ ਹਮਲੇ ਹੋ ਰਹੇ ਹਨ, ਉਸ ਨਾਲ ਮੁਸਲਿਮ ਦੇਸ਼ਾਂ ਵਿੱਚ ਸਾਡਾ ਅਕਸ ਖਰਾਬ ਹੋਇਆ ਹੈ। ਉਪਰੋਂ ਮੁਸਲਿਮ ਵਿਰੋਧੀ ਨਵੇਂ ਨਾਗਰਿਕ ਕਾਨੂੰਨਾਂ ਨੇ ਬਲਦੀ ਉੱਤੇ ਤੇਲ ਦਾ ਕੰਮ ਕੀਤਾ ਹੈ।
ਸਾਡੇ ਦੇਸ਼ ਵਿੱਚ ਅਸਹਿਣਸ਼ੀਲਤਾ ਦੀਆਂ ਘਟਨਾਵਾਂ ਤੋਂ ਸਿਰਫ਼ ਮੁਸਲਿਮ ਦੇਸ਼ ਹੀ ਨਹੀਂ, ਪੱਛਮੀ ਦੇਸ਼ਾਂ ਵਿੱਚ ਵੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਇਸੇ ਅਮਰੀਕਾ ਪੱਖੀ ਨੀਤੀ ਦਾ ਸਿੱਟਾ ਹੈ ਕਿ ਅੱਜ ਅਸੀਂ ਆਪਣੇ ਸਭ ਗੁਆਂਢੀਆਂ ਤੋਂ ਨਿਖੜ ਚੁੱਕੇ ਹਾਂ। ਪਾਕਿਸਤਾਨ ਨਾਲ ਸਾਡਾ ਝਗੜਾ ਪੁਰਾਣਾ ਹੈ। ਪਾਕਿਸਤਾਨ ਦੀਆਂ ਸਾਜ਼ਿਸ਼ਾਂ ਤੇ ਦਹਿਸ਼ਤਗਰਦਾਂ ਦੀ ਘੁਸਪੈਠ ਦਾ ਮਸਲਾ ਹੈ, ਪਰ ਇਸ ਨੂੰ ਹੱਲ ਕਰਨ ਦੀ ਥਾਂ ਚੋਣਾਂ ਵਿੱਚ 'ਪਾਕਿਸਤਾਨ ਕਾਰਡ' ਦੀ ਵਰਤੋਂ ਕਰਨ ਨੂੰ ਕਿਸੇ ਤਰ੍ਹਾਂ ਵੀ ਠੀਕ ਨਹੀਂ ਕਿਹਾ ਜਾ ਸਕਦਾ। ਇਸ ਸਮੇਂ ਚੀਨ ਤੇ ਨੇਪਾਲ ਨਾਲ ਸਰਹੱਦੀ ਝਗੜੇ ਉੱਠ ਖੜੇ ਹੋਏ ਹਨ, ਵਿਦੇਸ਼ ਨੀਤੀ ਦੀ ਇਹ ਸਭ ਤੋਂ ਵੱਡੀ ਅਸਫਲਤਾ ਹੈ। ਬੰਗਲਾਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਸਾਡੇ ਜਵਾਨਾਂ ਨੇ ਸ਼ਹਾਦਤਾਂ ਦਿੱਤੀਆਂ, ਪਰ ਅੱਜ ਉਹ ਸਾਥੋਂ ਲਗਾਤਾਰ ਦੂਰ ਜਾ ਰਿਹਾ ਹੈ।
ਪਿਛਲੇ ਹਫ਼ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਲੰਮੀਂ ਗੱਲਬਾਤ ਹੋਈ। ਦੋਹਾਂ ਦੇਸਾਂ ਦੇ ਰਿਸ਼ਤਿਆਂ ਵਿੱਚ 50 ਸਾਲਾਂ ਤੋਂ ਜੰਮੀ ਬਰਫ਼ ਨੂੰ ਪਿਘਲਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੀ ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਨੂੰ ਸੁਦ੍ਰਿੜ੍ਹ ਬਣਾਉਣ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਮਸਲੇ ਬਾਰੇ ਵੀ ਵਿਚਾਰ ਹੋਈ। ਪਾਕਿਸਤਾਨ ਵੱਲੋਂ ਆਪਸੀ ਰਿਸ਼ਤਿਆਂ ਨੂੰ ਮਜ਼੍ਹਬੀ ਰੰਗ ਦੇਣ ਦੀ ਵੀ ਕੋਸ਼ਿਸ਼ ਹੋ ਰਹੀ ਹੈ। ਢਾਕਾ ਵਿੱਚ ਪਾਕਿਸਤਾਨੀ ਹਾਈ ਕਮਿਸ਼ਨਰ ਇਮਰਾਨ ਸਦੀਕੀ ਦਾ ਇਹ ਬਿਆਨ, 'ਅਸੀਂ ਆਪਣੇ ਭਰਾ ਬੰਗਲਾਦੇਸ਼ ਨਾਲ ਸਭ ਖੇਤਰਾਂ ਵਿੱਚ ਨਜ਼ਦੀਕੀ ਰਿਸ਼ਤੇ ਚਾਹੁੰਦੇ ਹਾਂ। ਸਾਡਾ ਇਤਿਹਾਸ, ਮਜ਼ਹਬ ਤੇ ਸੰਸਕ੍ਰਿਤੀ ਇੱਕ ਹੈ। ਇਸੇ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ। ਇਨ੍ਹਾਂ ਦਿਨਾਂ ਦੌਰਾਨ ਹੀ ਚੀਨ ਨੇ ਬੰਗਲਾਦੇਸ਼ ਨੂੰ ਅਰਬਾਂ ਡਾਲਰਾਂ ਦੇ ਪ੍ਰੋਜੈਕਟਸ ਦਿੱਤੇ ਹਨ ਤੇ ਕਰਾਂ ਵਿੱਚ ਛੋਟ ਦੇ ਕੇ ਦੋਹਾਂ ਦੇਸ਼ਾਂ ਵਿੱਚ ਵਪਾਰ ਵਿੱਚ ਵਾਧਾ ਕੀਤਾ ਹੈ।
ਭਾਰਤ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਨ ਤੋਂ ਬਾਅਦ ਬੰਗਲਾਦੇਸੀ ਲੋਕ ਭਾਰਤ ਤੋਂ ਦੂਰ ਹੋ ਚੁੱਕੇ ਹਨ। ਬੰਗਲਾਦੇਸ਼ ਦੇ ਬਣਨ ਦੇ ਸਮੇਂ ਤੋਂ ਹੀ ਉੱਥੇ ਇੱਕ ਤਕੜਾ ਧੜਾ ਹੈ, ਜੋ ਹਮੇਸ਼ਾ ਪਾਕਿਸਤਾਨ ਨਾਲ ਨਜ਼ਦੀਕੀ ਰਿਸ਼ਤੇ ਚਾਹੁੰਦਾ ਰਿਹਾ ਹੈ। ਇਹ ਤਬਕਾ ਕਟੜ ਧਾਰਮਿਕ ਮੂਲਵਾਦੀਆਂ ਦਾ ਹੈ, ਜਿਹੜਾ ਸਾਡੀ ਇਸ ਪਾਸੇ ਦੀ ਸਰਹੱਦ ਲਈ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ। ਇਸ ਲਈ ਸਾਡੇ ਨੀਤੀ ਘਾੜਿਆਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਸਾਡੀ ਵਿਦੇਸ਼ ਨੀਤੀ ਜਿਸ ਦਿਸ਼ਾ ਵੱਲ ਵਧ ਰਹੀ ਹੈ, ਉਹ ਸਾਡੇ ਦੇਸ਼ ਲਈ ਲੰਮੇ ਸਮੇਂ ਤੱਕ ਨਾਸੂਰ ਬਣੀ ਰਹੇਗੀ, ਇਸ ਨੂੰ ਲੀਹ ਉੱਤੇ ਲਿਆਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
-ਚੰਦ ਫਤਿਹਪੁਰੀ

548 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper